
ਦੁਨੀਆਂ ਦੇ ਸਭ ਤੋਂ ਖ਼ਤਰਨਾਕ ਅਤਿਵਾਦੀ ਸੰਗਠਨ ਆਈ.ਐਸ.ਆਈ.ਐਸ. ਦੇ ਇਕ ਅਤਿਵਾਦੀ ਨੇ ਸੋਸ਼ਲ ਮੀਡੀਆ ਰਾਹੀਂ ਅਪਣੇ ਇਕ ਵੀਡੀਉ ਵਿਚ ਲੋਕਾਂ ਨੂੰ ਉਨ੍ਹਾਂ ਦੇ ਘਰ ਅੰਦਰ ਦਾਖ਼ਲ...
ਵਾਸ਼ਿੰਗਟਨ, 2 ਅਗੱਸਤ : ਦੁਨੀਆਂ ਦੇ ਸਭ ਤੋਂ ਖ਼ਤਰਨਾਕ ਅਤਿਵਾਦੀ ਸੰਗਠਨ ਆਈ.ਐਸ.ਆਈ.ਐਸ. ਦੇ ਇਕ ਅਤਿਵਾਦੀ ਨੇ ਸੋਸ਼ਲ ਮੀਡੀਆ ਰਾਹੀਂ ਅਪਣੇ ਇਕ ਵੀਡੀਉ ਵਿਚ ਲੋਕਾਂ ਨੂੰ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋ ਕੇ ਮਾਰਨ ਦੀ ਧਮਕੀ ਦਿਤੀ ਹੈ।
ਵੀਡੀਉ ਵਿਚ ਧਮਕੀ ਭਰੇ ਲਹਿਜੇ ਵਿਚ ਇਸ ਅਤਿਵਾਦੀ ਨੇ ਕਿਹਾ ਹੈ ਕਿ ਉਸ ਦਾ ਸੰਗਠਨ ਪਛਮੀ ਦੇਸ਼ਾਂ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਸ ਨੇ ਤੁਰਕੀ ਅਤੇ ਇਟਲੀ ਵਿਚ ਹਮਲਾ ਕਰਨ ਦੀ ਧਮਕੀ ਦਿਤੀ ਅਤੇ ਕਿਹਾ ਕਿ ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਦਾ ਕਤਲੇਆਮ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋ ਕੇ ਕੀਤਾ ਜਾਵੇਗਾ।
ਮੰਨਿਆ ਜਾ ਰਿਹਾ ਹੈ ਕਿ ਇਹ ਵੀਡੀਉ ਸੀਰੀਆ ਦੇ ਰੱਕਾ ਸ਼ਹਿਰ ਵਿਚ ਬਣਾਇਆ ਗਿਆ ਹੈ, ਜਿਸ ਨੂੰ ਆਈ.ਐਸ.ਆਈ.ਐਸ. ਅਪਣੀ ਰਾਜਧਾਨੀ ਮੰਨਦਾ ਹੈ। ਮੌਜੂਦਾ ਸਮੇਂ ਵਿਚ ਆਈ.ਐਸ.ਆਈ.ਐਸ. ਅਤੇ ਸੀਰੀਅਨ ਡੈਮੋਕ੍ਰੇਟਿਕ ਫੋਰਸਿਜ਼ (ਐਸ.ਡੀ.ਐਫ.) ਵਿਚ ਇਸੇ ਸ਼ਹਿਰ ਵਿਚ ਲੜਾਈ ਚੱਲ ਰਹੀ ਹੈ। ਐਸ.ਡੀ.ਐਫ. ਨੂੰ ਅਮਰੀਕਾ ਵੀ ਅਪਣੇ ਆਰਥਿਕ ਅਤੇ ਫੌਜੀ ਬਲਾਂ ਦੁਆਰਾ ਸਹਿਯੋਗ ਦੇ ਰਿਹਾ ਹੈ।
ਇਸ ਵੀਡੀਉ ਵਿਚ ਅਤਿਵਾਦੀ ਮਸ਼ੀਨ ਗਨ ਨੇੜੇ ਖੜਾ ਹੋ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅੱਜ ਦੇ ਸਮੇਂ ਦਾ ਫਿਰੌਨ ਕਹਿੰਦੇ ਹੋਏ ਸਿੱਧਾ ਚੁਣੌਤੀ ਦੇ ਰਿਹਾ ਹੈ। ਟਰੰਪ ਨੂੰ ਉਸ ਦੇ ਘਰ ਅੰਦਰ ਦਾਖਲ ਹੋ ਕੇ ਮਾਰਨ ਦੀ ਧਮਕੀ ਦਿੰਦੇ ਹੋਏ ਅਤਿਵਾਦੀ ਨੇ ਕਿਹਾ ਕਿ ਭਾਵੇਂ ਟਰੰਪ ਦੀ ਨਜ਼ਰ ਮੋਸੁਲ ਅਤੇ ਰੱਕਾ 'ਤੇ ਹੋਵੇਗੀ ਪਰ ਆਈ.ਐਸ.ਆਈ.ਐਸ. ਦੀਆਂ ਨਜ਼ਰਾਂ ਇਸਤਾਂਬੁਲ ਅਤੇ ਰੋਮ 'ਤੇ ਹਨ।
ਇਸਲਾਮਿਕ ਸਟੇਟ ਵਿਰੁਧ ਰੱਕਾ ਵਿਚ ਲੜਾਈ ਲੜ ਰਹੀ ਫੋਰਸਿਜ਼ ਦੇ ਬੁਲਾਰੇ ਨੇ ਕਿਹਾ ਕਿ ਆਈ.ਐਸ.ਆਈ.ਐਸ. ਨੂੰ ਲਗਾਤਾਰ ਇਸ ਲੜਾਈ ਵਿਚ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਸ ਦੇ ਸਾਥੀ ਘਬਰਾ ਕੇ ਉਲਟੀਆਂ-ਸਿੱਧੀਆਂ ਹਰਕਤਾਂ ਕਰ ਰਹੇ ਹਨ। ਉਸੇ ਘਬਰਾਹਟ ਦਾ ਨਤੀਜਾ ਇਹ ਵੀਡੀਉ ਵੀ ਹੈ। (ਪੀਟੀਆਈ)