
ਗੁਰਦਵਾਰਾ ਰਾਮਸਰ ਸਾਹਿਬ ਤੋਂ 328 ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਦੀ ਚਰਚਾ ਹਾਲੇ..........
ਅੰਮ੍ਰਿਤਸਰ: ਗੁਰਦਵਾਰਾ ਰਾਮਸਰ ਸਾਹਿਬ ਤੋਂ 328 ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਦੀ ਚਰਚਾ ਹਾਲੇ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਹੀ ਹਨ ਕਿ ਹੁਣ ਕੈਨੇਡਾ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ 450 ਸਰੂਪ ਸਮੁੰਦਰੀ ਨਮੀ ਕਾਰਨ ਸਲ੍ਹਾਬੇ ਗਏ।
Shiromani Gurdwara Parbandhak Committee
ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਦਬਾਅ ਕੇ ਰੱਖਣ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਇਹ ਮਾਮਲਾ ਜਨਤਕ ਹੋ ਹੀ ਗਿਆ। ਇਸ ਨੇ ਸਾਬਤ ਕਰ ਦਿਤਾ ਕਿ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ, ਅਧਿਕਾਰੀਆਂ ਤੇ ਕਰਮਚਾਰੀਆਂ ਦੇ ਮਨ ਵਿਚ ਗੁਰੂ ਗ੍ਰੰਥ ਸਾਹਿਬ ਪ੍ਰਤੀ ਕਿੰਨਾ ਕੁ ਸਤਿਕਾਰ ਹੈ।
Shiromani Gurdwara Parbandhak Committee
ਕੈਨੇਡਾ ਦੇ ਇਕ ਟਰੱਸਟ ਨੇ ਸ਼੍ਰੋਮਣੀ ਕਮੇਟੀ ਕੋਲੋਂ 450 ਸਰੂਪਾਂ ਦੀ ਮੰਗ ਕੀਤੀ। ਸ਼੍ਰੋਮਣੀ ਕਮੇਟੀ ਦੀ ਅਤ੍ਰਿੰਗ ਕਮੇਟੀ ਨੇ 17 ਦਸਬੰਰ 2014 ਨੂੰ ਮਤਾ ਨੰਬਰ 1931 ਰਾਹੀਂ ਮੰਗ ਕਰਨ ਵਾਲੇ ਰਿਪੁਦਮਨ ਸਿੰਘ ਮਲਿਕ ਦੀ ਮੰਗ 'ਤੇ 450 ਸਰੂਪ ਭੇਜਣ ਦਾ ਫ਼ੈਸਲਾ ਲਿਆ। ਇਨ੍ਹਾਂ 450 ਸਰੂਪਾਂ ਨੂੰ ਇਕ ਬੱਸ ਨੰਬਰ ਪੀ ਬੀ 02 ਏ ਜੇ 9903 ਰਾਹੀਂ ਕੈਨੇਡਾ ਇਕ ਸਮੁੰਦਰੀ ਜਹਾਜ਼ ਰਾਹੀਂ ਬੱਸ ਸਮੇਤ ਭੇਜ ਦਿਤੇ। ਉਸ ਸਮੇਂ ਇਹ ਫ਼ੈਸਲਾ ਹੋਇਆ ਸੀ ਕਿ ਕੈਨੇਡਾ ਵਿਚ ਇਕ ਨਗਰ ਕੀਰਤਨ ਸਜਾਇਆ ਜਾਵੇਗਾ ਤੇ ਉਸ ਵਿਚ ਸ਼੍ਰੋਮਣੀ ਕਮੇਟੀ, ਅਕਾਲੀ ਦਲ, ਦਿੱਲੀ ਕਮੇਟੀ ਆਦਿ ਦੇ ਆਗੂ ਸ਼ਾਮਲ ਹੋਣਗੇ।
Canada
ਇਕ ਵਿਸ਼ਾਲ ਨਗਰ ਕੀਰਤਨ ਰਾਹੀਂ ਇਨ੍ਹਾਂ ਸਰੂਪਾਂ ਨੂੰ ਕੈਨੇਡਾ ਦੇ ਇਕ ਗੁਰੂ ਘਰ ਵਿਚ ਸੁਸ਼ੋਭਿਤ ਕੀਤਾ ਜਾਵੇਗਾ। ਸਮੇਂ ਮੁਤਾਬਕ ਨਗਰ ਕੀਰਤਨ ਲਈ ਅਕਾਲੀ ਆਗੂਆਂ ਦੇ ਪ੍ਰੋਗਰਾਮਾਂ ਦੀਆਂ ਤਰੀਕਾਂ ਵਿਚ ਤਾਲਮੇਲ ਨਹੀਂ ਸੀ ਬੈਠ ਰਿਹਾ ਜਿਸ ਕਾਰਨ 450 ਸਰੂਪ ਲੈ ਕੇ ਗਈ ਬੱਸ ਕੈਨੇਡਾ ਦੀ ਵੈਨਕੂਵਰ ਪੋਰਟ ਵਿਚ ਖੜੀ ਰਹੀ। ਸਮੁੰਦਰ ਦੇ ਕਿਨਾਰੇ ਤੇ ਪੋਰਟ ਵਿਚ ਰੋਕੀ ਬੱਸ ਨੂੰ ਪੋਰਟ ਤੇ ਪਾਣੀ ਦੀ ਬਹੁਤ ਜ਼ਿਆਦਾ ਨਮੀ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਖ਼ਰਾਬ ਹੋਣੇ ਸ਼ੁਰੂ ਹੋ ਗਏ। ਵੈਨਕੂਵਰ ਪੋਰਟ 'ਤੇ ਤੈਨਾਤ ਅਧਿਕਾਰੀ ਵੀ ਹੁਣ ਚਾਹੁਣ ਲੱਗੇ ਕਿ ਇਹ ਬੱਸ ਜਲਦ ਹੀ ਇਥੋਂ ਲੈ ਜਾਈ ਜਾਵੇ।
ਸੂਤਰ ਦਸਦੇ ਹਨ ਕਿ ਇਕ ਦਿਨ ਇਕ ਸਿੱਖ ਅਧਿਕਾਰੀ ਨੇ ਇਸ ਬੱਸ ਨੂੰ ਦੇਖਿਆ ਤੇ ਉਸ ਨੇ ਸ਼ੀਸ਼ੇ ਰਾਹੀਂ ਝਾਕਣ ਦੀ ਕੋਸ਼ਿਸ਼ ਕੀਤੀ ਕਿ ਆਖ਼ਰ ਇਸ ਬੱਸ ਵਿਚ ਹੈ ਕੀ? ਉਕਤ ਅਧਿਕਾਰੀ ਨੂੰ ਪਤਾ ਲੱਗਾ ਕਿ ਇਸ ਬੱਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹਨ ਤਾਂ ਉਸ ਨੇ ਸਥਾਨਕ ਸਿੱਖ ਸੰਗਤਾਂ ਨੂੰ ਇਸ ਦੀ ਜਾਣਕਾਰੀ ਦਿਤੀ ਕਿ ਪੋਰਟ ਤੇ ਖੜੀ ਇਕ ਬੱਸ ਵਿਚ ਵੱਡੀ ਗਿਣਤੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹਨ। ਰੌਲਾ ਪੈਣ 'ਤੇ ਰਿਪੁਦਮਨ ਸਿੰਘ ਮਲਿਕ ਇਹ ਬੱਸ ਪੋਰਟ ਤੋਂ ਲੈ ਗਏ।
ਮਲਿਕ ਨੇ ਅਪਣੀ ਮਰਜ਼ੀ ਨਾਲ ਇਹ ਸਰੂਪ ਵੱਖ-ਵੱਖ ਗੁਰੂ ਘਰਾਂ ਤੇ ਸਿੱਖ ਸੰਗਤਾਂ ਵਿਚ ਵੰਡ ਦਿਤੇ। ਕਮੇਟੀ ਦੇ ਖਾਤਿਆਂ ਵਿਚ ਇਹ ਬੱਸ ਅੰਮ੍ਰਿਤਸਰ ਵਿਚ ਖੜੀ ਦਿਖਾਈ ਜਾਂਦੀ ਰਹੀ ਜਦਕਿ ਇਸ ਬੱਸ ਦੇ ਪੈਸੇ ਵੀ ਕਮੇਟੀ ਦੇ ਖਾਤਿਆਂ ਵਿਚ ਆ ਚੁੱਕੇ ਸਨ। ਆਖ਼ਰ 25 ਜੂਨ 2016 ਨੂੰ ਸ਼੍ਰੋਮਣੀ ਕਮੇਟੀ ਦੇ ਟਰਾਂਸਪੋਰਟ ਵਿਭਾਗ ਨੇ ਅਪਣੇ ਗਲੋਂ ਗਲਾਵਾਂ ਲਾਹੁਣ ਲਈ ਇਸ ਬੱਸ ਨੂੰ ਕਾਗ਼ਜ਼ਾਂ ਵਿਚ ਦਿਖਾਇਆ ਗਿਆ ਕਿ ਬੱਸ ਹਾਦਸਾਗ੍ਰਸਤ ਹੋ ਗਈ ਹੈ।