
ਧਾਰਾ 370 ਨੇ ਕਸ਼ਮੀਰ ਨੂੰ ਸਿਰਫ਼ ਅਤਿਵਾਦ ਦਿਤਾ
ਕੇਵੜੀਆ : ਕੌਮੀ ਏਕਤਾ ਦਿਵਸ ਮੌਕੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਧਾਰਾ 370 ਨੇ ਜੰਮੂ ਕਸ਼ਮੀਰ ਨੂੰ ਸਿਰਫ਼ ਵੱਖਵਾਦ ਅਤੇ ਅਤਿਵਾਦ ਹੀ ਨਹੀਂ ਦਿਤੇ ਸਗੋਂ ਦੇਸ਼ ਦੀ ਏਕਤਾ ਦਾ ਸੁਪਨਾ ਵੇਖਣ ਵਾਲੇ ਪਟੇਲ ਤੋਂ ਹੀ ਇਸ ਧਾਰਾ ਨੂੰ ਖ਼ਤਮ ਕਰਨ ਦੀ ਪ੍ਰੇਰਨਾ ਮਿਲੀ।
Article 370
ਪਟੇਲ ਦੇ 144ਵੇਂ ਜਨਮ ਦਿਵਸ ਮੌਕੇ ਗੁਜਰਾਤ ਵਿਚ ਸਥਾਪਤ 'ਸਟੈਚੂ ਆਫ਼ ਯੂਨਿਟੀ' 'ਤੇ ਹੋਏ ਸਮਾਗਮ ਵਿਚ ਮੋਦੀ ਦੀ ਅਗਵਾਈ ਵਿਚ ਲੋਕਾਂ ਨੇ 'ਕੌਮੀ ਏਕਤਾ' ਦੀ ਸਹੁੰ ਚੁੱਕੀ। ਮੋਦੀ ਨੇ ਕਿਹਾ, 'ਜੰਮੂ ਕਸ਼ਮੀਰ ਅਤੇ ਲਦਾਖ ਵਿਚ ਨਵਾਂ ਪ੍ਰਬੰਧ ਕਾਇਮ ਕਰਨ ਦਾ ਮਤਲਬ ਜ਼ਮੀਨ 'ਤੇ ਲਕੀਰ ਖਿੱਚਣਾ ਨਹੀਂ ਸਗੋਂ ਵਿਸ਼ਵਾਸ ਦੀ ਮਜ਼ਬੂਤ ਕੜੀ ਬਣਾਉਣਾ ਹੈ। ਮੋਦੀ ਨੇ ਕਿਹਾ ਕਿ ਪਟੇਲ ਨੇ 550 ਤੋਂ ਵੱਧ ਰਿਆਸਤਾਂ ਨੂੰ ਇਕ ਕਰਕੇ ਦੇਸ਼ ਨੂੰ ਅਖੰਡ ਬਣਾਇਆ ਪਰ ਇਕ ਕਸਰ ਰਹਿ ਗਈ ਸੀ-ਜੰਮੂ ਕਸ਼ਮੀਰ। ਜੰਮੂ ਕਸ਼ਮੀਰ ਦਾ ਭਾਰਤ ਵਿਚ ਰਲੇਵਾਂ ਹੋਇਆ ਪਰ ਧਾਰਾ 370 ਅਤੇ 35 ਏ ਕਾਰਨ ਜੰਮੂ ਅਤੇ ਕਸ਼ਮੀਰ ਸਾਡੇ ਲਈ ਸਮੱਸਿਆ ਬਣ ਕੇ ਰਹਿ ਗਿਆ।
Sardar Patel
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਦਾਰ ਪਟੇਲ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਦੀ ਸਰਕਾਰ ਭਾਵਨਾਤਮਕ, ਆਰਥਕ ਅਤੇ ਸੰਵਿਧਾਨਕ ਏਕਤਾ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਿਨਾਂ 21ਵੀਂ ਸਦੀ ਵਿਚ ਸ਼ਕਤੀਸ਼ਾਲੀ ਭਾਰਤ ਦੀ ਕਲਪਨਾ ਕਰਨਾ ਮੁਸ਼ਕਲ ਹੋਵੇਗਾ।
Narendra Modi
ਪਾਕਿਸਤਾਨ 'ਤੇ ਵਿਅੰਗ ਕਸਦਿਆਂ ਮੋਦੀ ਨੇ ਕਿਹਾ ਕਿ ਜਿਹੜੇ ਲੋਕ ਸਾਡੇ ਵਿਰੁਧ ਜੰਗ ਨਹੀਂ ਜਿੱਤ ਸਕਦੇ, ਉਹ ਸਾਡੀ ਏਕਤਾ ਨੂੰ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕਰ ਰਹੇ ਹਨ। ਸਦੀਆਂ ਦੀਆਂ ਅਜਿਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਾਨੂੰ ਕੋਈ ਨਹੀਂ ਮਿਟਾ ਸਕਿਆ। ਜਦ ਸਾਡੀ ਵੰਨ-ਸੁਵੰਨਤਾ ਵਿਚਾਲੇ ਏਕਤਾ 'ਤੇ ਜ਼ੋਰ ਦੇਣ ਵਾਲੀਆਂ ਗੱਲਾਂ ਹੁੰਦੀਆਂ ਹਨ ਤਾਂ ਇਨ੍ਹਾਂ ਤਾਕਤਾਂ ਨੂੰ ਮੂੰਹ-ਤੋੜ ਜਵਾਬ ਮਿਲਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਧਾਰਾ 370 ਖ਼ਤਮ ਕਰਨ ਦਾ ਫ਼ੈਸਲਾ ਕੀਤਾ ਜਿਸ ਨੇ ਜੰਮੂ ਕਸ਼ਮੀਰ ਨੂੰ ਸਿਰਫ਼ ਵੱਖਵਾਦ ਅਤੇ ਅਤਿਵਾਦ ਦਿਤਾ। ਮੋਦੀ ਨੇ ਕਿਹਾ ਕਿ ਸਰਦਾਰ ਪਟੇਲ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਇਹ ਧਾਰਾ ਹਟਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਇਹ ਫ਼ੈਸਲਾ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਦੇ 'ਚਰਨਾਂ ਵਿਚ ਸਮਰਪਿਤ ਕੀਤਾ।'