
ਦੋਵੇਂ ਦੇਸ਼ ਦੁਨੀਆਂ ਦੇ ਭੁੱਖਿਆਂ ਦੀ ਸੱਭ ਤੋਂ ਵੱਧ ਆਬਾਦੀ ਵਾਲੇ ਦੇਸ਼ ਹਨ। 119 ਦੇਸ਼ਾਂ ਵਿਚੋਂ ਭਾਰਤ ਅਤੇ ਪਾਕਿਸਤਾਨ ਉਨ੍ਹਾਂ ਦੇਸ਼ਾਂ ਵਿਚੋਂ ਹਨ ਜਿੱਥੇ ਭੁਖਮਰੀ...
ਦੋਵੇਂ ਦੇਸ਼ ਦੁਨੀਆਂ ਦੇ ਭੁੱਖਿਆਂ ਦੀ ਸੱਭ ਤੋਂ ਵੱਧ ਆਬਾਦੀ ਵਾਲੇ ਦੇਸ਼ ਹਨ। 119 ਦੇਸ਼ਾਂ ਵਿਚੋਂ ਭਾਰਤ ਅਤੇ ਪਾਕਿਸਤਾਨ ਉਨ੍ਹਾਂ ਦੇਸ਼ਾਂ ਵਿਚੋਂ ਹਨ ਜਿੱਥੇ ਭੁਖਮਰੀ ਚਿੰਤਾਜਨਕ ਪੱਧਰ ਤੇ ਹੈ। ਭਾਰਤ 103 ਤੇ ਅਤੇ ਪਾਕਿਸਤਾਨ 106 ਨੰਬਰ ਤੇ ਹੈ। ਜੇ ਹੁਣ ਇਨ੍ਹਾਂ ਦੋਹਾਂ ਦੇਸ਼ਾਂ ਵਿਚ ਜੰਗ ਹੋਈ ਤਾਂ ਸ਼ਾਇਦ ਅੰਬਾਨੀ/ਅਡਾਨੀ ਦੀ ਦੌਲਤ ਵਿਚ ਕੁੱਝ ਵਾਧਾ-ਘਾਟਾ ਹੋ ਸਕਦਾ ਹੈ ਪਰ ਕਦੇ ਸੋਚਿਆ ਹੈ ਕਿ ਗ਼ਰੀਬਾਂ ਦਾ ਹਾਲ ਕੀ ਹੋਵੇਗਾ? ਦੋਹਾਂ ਦੇਸ਼ਾਂ ਨੂੰ ਸ਼ਾਂਤ ਕਰਨ ਵਿਚ ਇਨ੍ਹਾਂ ਦੀ ਅਪਣੀ ਸਮਝ-ਬੂਝ ਤੋਂ ਜ਼ਿਆਦਾ ਕੌਮਾਂਤਰੀ ਨਸੀਹਤ ਸਫ਼ਲ ਰਹੀ ਹੈ।
ਭਾਰਤ ਅਤੇ ਪਾਕਿਸਤਾਨ, ਜੰਗ ਦੇ ਖ਼ਤਰੇ ਦੇ ਰੂਬਰੂ ਹੋ ਚੁਕਣ ਮਗਰੋਂ ਹੁਣ ਮੁੜ ਤੋਂ ਗੱਲਬਾਤ ਅਤੇ ਪੁਛ ਪੜਤਾਲ ਦੇ ਪੁਰਾਣੇ ਰਾਹਾਂ ਤੇ ਚਲਣ ਲਈ ਮਜਬੂਰ ਹੋ ਗਏ ਲਗਦੇ ਹਨ। ਜੰਗੀ ਨਗਾਰਿਆਂ ਉਤੇ ਧੌਂਸਾ ਮਾਰਨ ਅਤੇ ਉੱਚੀ ਆਵਾਜ਼ ਵਿਚ ਅਪਣੀ ਬਹਾਦਰੀ ਦੇ ਗੀਤ ਗਾ ਰਹੇ ਦੇਸ਼ਾਂ ਨੂੰ ਅੱਜ ਸਮਝਣ ਦੀ ਜ਼ਰੂਰਤ ਹੈ ਕਿ ਉਨ੍ਹਾਂ ਨੇ ਦੁਨੀਆਂ ਦੀ ਵੱਡੀ ਤਾਕਤ ਬਣਨ ਦਾ ਮੌਕਾ ਮਿਲਿਆ ਹੈ, ਪਰ ਅਜੇ ਉਹ ਬਣੇ ਨਹੀਂ ਹਨ। ਆਰ.ਬੀ.ਆਈ. ਵਲੋਂ 2018-19 ਦੇ ਆਖ਼ਰੀ ਮਹੀਨੇ ਦੇ ਜੀ.ਡੀ.ਪੀ. ਅੰਕੜੇ ਦਸਦੇ ਹਨ ਕਿ ਦੇਸ਼ ਦੇ ਆਰਥਕ ਵਿਕਾਸ ਵਿਚ 3% ਕਮੀ ਆਈ ਹੈ ਜਿਸ ਨਾਲ 2018-19 ਦੇ ਅੰਦਾਜ਼ਨ ਵਿਕਾਸ ਦੇ ਅੰਕੜੇ ਵੀ ਘਟਾ ਦਿਤੇ ਗਏ ਹਨ। ਉਦਯੋਗਿਕ ਉਤਪਾਦਨ ਤੇ ਕਿਸਾਨੀ ਖੇਤਰਾਂ ਵਿਚ ਗਿਰਾਵਟ ਆਈ ਹੈ ਅਤੇ ਪਿਛਲੇ ਸਵਾ ਸਾਲ ਦੇ ਇਹ ਸੱਭ ਤੋਂ ਕਮਜ਼ੋਰ ਮਹੀਨੇ ਰਹੇ ਹਨ।
Modiਦੂਜੇ ਪਾਸੇ ਖ਼ੁਸ਼ੀ ਵਾਲੀ ਖ਼ਬਰ ਵੀ ਆਈ ਹੈ ਕਿ ਮੁਕੇਸ਼ ਅੰਬਾਨੀ ਦੀ ਨਿਜੀ ਦੌਲਤ ਵਿਚ ਤਕਰੀਬਨ 14 ਅਰਬ ਡਾਲਰ ਦਾ ਵਾਧਾ ਹੋਇਆ ਹੈ ਜਿਸ ਨਾਲ ਹੁਣ ਉਹ ਦੁਨੀਆਂ ਦੇ 10ਵੇਂ ਸੱਭ ਤੋਂ ਅਮੀਰ ਇਨਸਾਨ ਬਣ ਗਏ ਹਨ। ਅੰਬਾਨੀ ਦੇ ਵਿਕਾਸ ਵਿਚ ਜੀਉ ਦੀ ਸਫ਼ਲਤਾ ਇਕ ਵੱਡਾ ਕਾਰਨ ਰਿਹਾ ਹੈ। ਏਅਰਟੈੱਲ ਅਤੇ ਵੋਡਾਫ਼ੋਨ ਦੇ ਮੁਖੀਆਂ ਨੇ ਜੀਉ ਦੀ ਚੜ੍ਹਤ ਪਿੱਛੇ ਟਰਾਈ ਵਲੋਂ ਬਣਾਏ ਉਨ੍ਹਾਂ ਨਿਯਮਾਂ ਨੂੰ ਜ਼ਿੰਮੇਵਾਰ ਦਸਿਆ ਹੈ ਜਿਨ੍ਹਾਂ ਦਾ ਅਸਰ ਇਹ ਹੋਇਆ ਕਿ ਸਿਰਫ਼ ਇਕ ਕੰਪਨੀ ਨੂੰ ਹੀ ਉਨ੍ਹਾਂ ਦਾ ਸਾਰਾ ਫ਼ਾਇਦਾ ਮਿਲ ਗਿਆ। ਭਾਰਤੀ ਏਅਰਟੈਲ ਅਤੇ ਵੋਡਾਫ਼ੋਨ ਵਲੋਂ ਉਦਯੋਗ ਲਈ ਇਕ ਬਰਾਬਰ ਦਾ ਮੈਦਾਨ ਮੰਗਿਆ ਗਿਆ ਹੈ।
Imran Khanਅੰਬਾਨੀ ਵਾਂਗ ਅਡਾਨੀ ਵੀ ਜਗਤ ਦੇ ਵੱਡਿਆਂ ਵਿਚ ਗਿਣੇ ਜਾਣ ਦੀ ਤਿਆਰੀ ਵਿਚ ਹਨ। ਉਨ੍ਹਾਂ ਨੂੰ ਭਾਰਤ ਦੇ 10 ਕੌਮਾਂਤਰੀ ਹਵਾਈ ਅੱਡਿਆਂ ਦੀ ਸੰਭਾਲ ਅਗਲੇ 50 ਸਾਲਾਂ ਲਈ ਦਿਤੀ ਗਈ ਹੈ। ਸੋ ਜੀ.ਡੀ.ਪੀ. ਵਿਚ ਅਜੇ ਵੀ ਜੋ ਵਾਧਾ ਹੋਇਆ ਹੈ, ਉਹ ਬਰਾਬਰੀ ਵਾਲਾ ਨਹੀਂ। ਉਹ ਕੇਵਲ ਕੁੱਝ ਲੋਕਾਂ ਤਕ ਹੀ ਸੀਮਿਤ ਰਿਹਾ ਹੈ। ਭਾਰਤ ਹੀ ਨਹੀਂ ਪਾਕਿਸਤਾਨ ਦੇ ਕੁੱਝ ਹੋਰ ਅੰਕੜੇ ਵੀ ਸੱਚ ਪੇਸ਼ ਕਰਦੇ ਹਨ। ਦੋਵੇਂ ਦੇਸ਼ ਦੁਨੀਆਂ ਦੇ ਭੁੱਖਿਆਂ ਦੀ ਸੱਭ ਤੋਂ ਵੱਧ ਆਬਾਦੀ ਵਾਲੇ ਦੇਸ਼ ਹਨ। 119 ਦੇਸ਼ਾਂ ਵਿਚੋਂ ਭਾਰਤ ਅਤੇ ਪਾਕਿਸਤਾਨ ਉਨ੍ਹਾਂ ਦੇਸ਼ਾਂ ਵਿਚੋਂ ਹਨ ਜਿੱਥੇ ਭੁਖਮਰੀ ਚਿੰਤਾਜਨਕ ਪੱਧਰ ਤੇ ਹੈ। ਭਾਰਤ 103 ਤੇ ਅਤੇ ਪਾਕਿਸਤਾਨ 106 ਨੰਬਰ ਤੇ ਹੈ।
ਜੇ ਹੁਣ ਇਨ੍ਹਾਂ ਦੋਹਾਂ ਦੇਸ਼ਾਂ ਵਿਚ ਜੰਗ ਹੋਈ ਤਾਂ ਸ਼ਾਇਦ ਅੰਬਾਨੀ/ਅਡਾਨੀ ਦੀ ਦੌਲਤ ਵਿਚ ਕੁੱਝ ਵਾਧਾ-ਘਾਟਾ ਹੋ ਸਕਦਾ ਹੈ ਪਰ ਕਦੇ ਸੋਚਿਆ ਹੈ ਕਿ ਗ਼ਰੀਬਾਂ ਦਾ ਹਾਲ ਕੀ ਹੋਵੇਗਾ? ਦੋਹਾਂ ਦੇਸ਼ਾਂ ਨੂੰ ਸ਼ਾਂਤ ਕਰਨ ਵਿਚ ਇਨ੍ਹਾਂ ਦੀ ਅਪਣੀ ਸਮਝ-ਬੂਝ ਤੋਂ ਜ਼ਿਆਦਾ ਕੌਮਾਂਤਰੀ ਨਸੀਹਤ ਸਫ਼ਲ ਰਹੀ ਹੈ ਜਿਸ ਨੇ ਯਾਦ ਕਰਵਾਇਆ ਕਿ ਤੁਹਾਡੀ ਅਸਲ ਔਕਾਤ ਕੀ ਹੈ।
ਇਮਰਾਨ ਖ਼ਾਨ, ਸ਼ਾਇਦ ਅਪਣੀ ਫ਼ੌਜ ਦੇ ਅਧੀਨ ਹੋਣ ਪਰ ਉਨ੍ਹਾਂ ਦੀ ਪਿਛਲੀ ਦ੍ਰਿੜਤਾ ਅਤੇ ਕਥਨੀ ਵਲ ਵੇਖਦੇ ਹੋਏ ਉਨ੍ਹਾਂ ਸੋਚ ਨੂੰ ਇਕ ਮੌਕਾ ਦੇਣਾ ਤਾਂ ਬਣਦਾ ਹੈ। ਜਦ ਦਾ ਉਨ੍ਹਾਂ ਨੇ ਅਹੁਦਾ ਸੰਭਾਲਿਆ ਹੈ, ਉਨ੍ਹਾਂ ਅਪਣੀ ਸਰਕਾਰ ਵਲੋਂ ਕੀਤੇ ਵਾਅਦੇ ਪੂਰੇ ਕਰਨ ਵਿਚ ਕੋਈ ਕਮੀ ਨਹੀਂ ਛੱਡੀ। ਉਨ੍ਹਾਂ ਵਲੋਂ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੇ ਵਾਅਦੇ ਨੂੰ ਲੈ ਕੇ ਪੂਰੀ ਨਿਸ਼ਠਾ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਤਣਾਅ ਦੌਰਾਨ ਇਕ ਪਲ ਵਾਸਤੇ ਵੀ ਕੰਮ ਨੂੰ ਰੋਕਿਆ ਨਹੀਂ ਗਿਆ।
ਅੱਜ ਉਹ ਦੋਸਤੀ ਦਾ ਹੱਥ ਅੱਗੇ ਕਰ ਰਹੇ ਹਨ ਅਤੇ ਇਸ ਕਰ ਕੇ ਉਨ੍ਹਾਂ ਨੇ ਅਜਿਹਾ ਕਰਨ ਦਾ ਕਾਰਨ ਵੀ ਦੱਸਣ ਵਿਚ ਸ਼ਰਮ ਨਹੀਂ ਕੀਤੀ ਕਿ ਉਹ ਅਪਣੇ ਦੇਸ਼ ਦਾ ਵਿਕਾਸ ਚਾਹੁੰਦੇ ਹਨ ਜੋ ਅਮਨ ਦੇ ਮਾਹੌਲ ਵਿਚ ਹੀ ਹੋ ਸਕਦਾ ਹੈ ਅਤੇ ਜਿਸ ਵਿਚ ਵੱਡਾ ਕਦਮ ਭਾਰਤ ਨਾਲ ਦੋਸਤੀ ਹੈ। ਅੱਜ ਭਾਰਤ ਅਪਣੀ ਸੱਭ ਤੋਂ ਤੇਜ਼ੀ ਨਾਲ ਵਧਦੇ ਅਰਥਚਾਰੇ ਦੀ ਸੱਚੀ ਤਸਵੀਰ ਵੀ ਕਬੂਲਣ ਦੀ ਹਿੰਮਤ ਰੱਖੇ ਅਤੇ ਮੰਨ ਲਿਆ ਜਾਏ ਕਿ ਇਥੇ, ਹਕੀਕੀ ਵਿਕਾਸ ਲਈ ਹੋਰ ਕਿਸੇ ਚੀਜ਼ ਨਾਲੋਂ ਜ਼ਿਆਦਾ ਸਥਾਈ ਅਮਨ ਦੀ ਸੱਭ ਤੋਂ ਜ਼ਿਆਦਾ ਲੋੜ ਹੈ।
ਅੱਜ ਅਸਲ ਜੰਗ ਭ੍ਰਿਸ਼ਟਾਚਾਰ, ਗ਼ਰੀਬੀ, ਭੁੱਖਮਰੀ ਵਿਰੁਧ ਸ਼ੁਰੂ ਕਰਨ ਦੀ ਜ਼ਰੂਰਤ ਹੈ ਜਿਸ ਦਾ ਸੱਭ ਤੋਂ ਵੱਡਾ ਦੁਸ਼ਮਣ ਕੁੱਝ ਤਾਕਤਵਰਾਂ ਦੇ ਹਿਤਾਂ ਦੀ ਰਾਖੀ ਅਤੇ ਗ਼ਰੀਬ ਭਾਰਤ ਦੀ ਅਣਦੇਖੀ ਹੈ। ਪਰ ਅੱਜ ਭਾਰਤ ਵਿਚ ਕੁੱਝ ਤਾਕਤਵਰ ਲੋਕ ਹੀ ਦੇਸ਼ ਉਤੇ ਰਾਜ ਕਰ ਰਹੇ ਹਨ। 2019 ਵਿਚ ਕਿਹੜੀ ਪਾਰਟੀ ਇਸ ਜੰਗ ਦਾ ਜ਼ਿੰਮਾ ਅਪਣੇ ਉਪਰ ਲੈਣ ਦੀ ਹਿੰਮਤ ਰਖਦੀ ਹੈ? ਕੌਣ ਹਨ ਜੋ ਧਰਮ ਦੀ ਨਹੀਂ, ਦੇਸ਼ ਦੇ ਅਸਲ ਵਿਕਾਸ ਦੀ ਸਿਆਸਤ ਕਰਨ ਦੀ ਤਾਕਤ ਰਖਦੇ ਹਨ? ਭਾਰਤ ਵਾਸਤੇ ਏਨਾ ਪਾਇਲਟ ਪ੍ਰਾਜੈਕਟ ਹੀ ਕਾਫ਼ੀ ਹੈ। ਅਸਲੀ ਉੱਤਰ ਅਸਲੀਅਤ ਉਤੇ ਆਧਾਰਤ ਹੋਣਾ ਚਾਹੀਦਾ ਹੈ। -ਨਿਮਰਤ ਕੌਰ