
ਸਿਹਤ ਸਹੂਲਤਾਂ ਦੀ ਕਮੀ ਨੂੰ ਸਾਡੇ ਸਾਹਮਣੇ ਹੀ ਨਹੀਂ ਬਲਕਿ ਦੁਨੀਆਂ ਸਾਹਮਣੇ ਵੀ ਨੰਗਾ ਕਰ ਦਿਤਾ ਹੈ।
ਭਾਰਤ ਸਰਕਾਰ ਵਲੋਂ ਇਕ ਟੀਚਾ ਮਿਥਿਆ ਗਿਆ ਹੈ ਕਿ ਦਸੰਬਰ 2021 ਤਕ ਭਾਰਤ ਵਿਚ ਕੋਵਿਡ ਟੀਕਾਕਰਨ ਦੀ ਤਿਆਰੀ ਸੰਪੂਰਨ ਕਰ ਲਈ ਜਾਵੇਗੀ। ਪਰ ਨਵੀਂ ਅੜਚਨ ਭਾਰਤ ਸਰਕਾਰ ਦੇ ਇਕ ਵੱਡੇ ਸਮਰਥਕ ਯੋਗੀ ਰਾਮਦੇਵ ਵਲੋਂ ਖੜੀ ਕੀਤੀ ਜਾ ਰਹੀ ਹੈ। ਬਾਬਾ ਰਾਮਦੇਵ ਨੇ ਟੀਕਾਕਰਨ ਤੇ ਸਵਾਲ ਖੜਾ ਕਰ ਕੇ ਆਖਿਆ ਹੈ ਕਿ ਜਿਸ ਕੋਲ ਯੋਗਾ ਤੇ ਆਯੂਰਵੈਦ ਹੈ, ਉਸ ਨੂੰ ਟੀਕਾਕਰਨ ਦੀ ਲੋੜ ਨਹੀਂ। ਯੋਗੀ ਰਾਮਦੇਵ ਤੇ ਡਾਕਟਰਾਂ ਵਿਚਕਾਰ ਇਹ ਲੜਾਈ ਕੁੱਝ ਦਿਨਾਂ ਤੋਂ ਲਗਾਤਾਰ ਚਲ ਰਹੀ ਹੈ।
Baba Ramdev
ਬਾਬਾ ਰਾਮਦੇਵ ਅਨੁਸਾਰ, ਜਦ ਵਾਤਾਵਰਣ ਵਿਚ ਆਕਸੀਜਨ ਦੀ ਮੁਫ਼ਤ ਉਪਲਭਧੀ ਹੈ ਤਾਂ ਲੋਕ ਉਸ ਨੂੰ ਉਥੋਂ ਕਿਉਂ ਨਹੀਂ ਲੈ ਰਹੇ? ਦੇਸ਼ ਵਿਚ ਆਕਸੀਜਨ ਦੀ ਕਮੀ ਬਾਰੇ ਬੜੀ ਨਾਸਮਝ ਟਿਪਣੀ ਕਰਦੇ ਹੋਏ ਰਾਮੇਦਵ ਨੇ ਉਨ੍ਹਾਂ ਲੋਕਾਂ ਨੂੰ ਮੂਰਖ ਆਖਿਆ ਜੋ ਸਾਹ ਲੈਣ ਵਾਸਤੇ ਆਕਸੀਜਨ ਦੇ ਸਿਲੰਡਰ ਮੰਗ ਰਹੇ ਹਨ। ਉਨ੍ਹਾਂ ਅਜਿਹੇ ਲੋਕਾਂ ਤੇ ਵੀ ਸਵਾਲ ਚੁਕਿਆ ਜੋ ਆਕਸੀਜਨ ਤੇ ਸ਼ਮਸ਼ਾਨ ਘਾਟਾਂ ਦੀ ਕਮੀ ਬਾਰੇ ਸ਼ਿਕਾਇਤ ਕਰ ਰਹੇ ਹਨ।
Kangana Ranaut
ਇਸ ਤਰ੍ਹਾਂ ਦੇ ਬਿਆਨ ਕੰਗਨਾ ਰਣੌਤ ਨੇ ਵੀ ਦਿਤੇ ਹਨ ਤੇ ਇਹ ਦੋਵੇਂ ਨਾ ਸਿਰਫ਼ ਅੰਨ੍ਹੀ ਸ਼ਰਧਾ ਦਾ ਨਮੂਨਾ ਹਨ ਸਗੋਂ ਗ਼ੈਰ-ਵਿਗਿਆਨਕ ਸੋਚ ਦੀ ਵੀ ਜ਼ਿੰਦਾ ਉਦਾਹਰਣ ਹਨ। ਇਨ੍ਹਾਂ ਲੋਕਾਂ ਨੂੰ ਵਾਤਾਵਰਣ ਵਿਚੋਂ ਮਿਲਦੀ ਆਕਸੀਜਨ ਬਾਰੇ ਤਾਂ ਪਤਾ ਹੈ ਪਰ ਉਨ੍ਹਾਂ ਨੂੰ ਇਸ ਵਿਗਿਆਨਕ ਸੋਚ ਦੀ ਸੋਝੀ ਨਹੀਂ ਕਿ ਕੋਵਿਡ ਦੌਰਾਨ ਫੇਫੜਿਆਂ ਵਿਚ ਬੀਮਾਰੀ ਦੇ ਪਹੁੰਚ ਜਾਣ ਮਗਰੋਂ ਉਹ ਵਾਤਾਵਰਣ ਤੋਂ ਆਕਸੀਜਨ ਨਹੀਂ ਲੈ ਸਕਦੇ।
Ramdev
ਸੋ ਉਨ੍ਹਾਂ ਦੇ ਫੇਫੜਿਆਂ ਨੂੰ ਕੰਮ ਕਰਦੇ ਰਹਿਣ ਯੋਗ ਬਣਾਉਣ ਲਈ ਆਕਸੀਜਨ ਦੀ ਸਿੱਧੀ ਤੇ ਤੇਜ਼ ਰਫ਼ਤਾਰ ਮਸ਼ੀਨਾਂ ਰਾਹੀਂ ਸਪਲਾਈ ਦੇਣੀ ਪੈ ਰਹੀ ਹੈ। ਯੋਗੀ ਨੇ ਸ਼ਮਸ਼ਾਨ ਘਾਟ ਦੇ ਬਾਹਰ ਜਾ ਕੇ ਜੇ ਕਤਾਰਾਂ ਵੇਖੀਆਂ ਹੁੰਦੀਆਂ ਤਾਂ ਸ਼ਾਇਦ ਉਹ ਇਸ ਤਰ੍ਹਾਂ ਦੀ ਟਿਪਣੀ ਨਾ ਕਰਦੇ। ਸ਼ਾਇਦ ਉਤਰ ਪ੍ਰਦੇਸ਼, ਬਿਹਾਰ ਵਿਚ ਯੋਗੀ ਦੀ ਖ਼ਾਸ ਚਲਦੀ ਹੈ ਜਿਸ ਕਾਰਨ ਲੋਕਾਂ ਨੇ ਸ਼ਾਇਦ ਕੁਦਰਤ ਦਾ ਇਸਤੇਮਾਲ ਕਰਦਿਆਂ, ਅਪਣੇ ਪ੍ਰਵਾਰਕ ਜੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਦਰਿਆਵਾਂ ਵਿਚ ਸੁਟਣਾ ਸ਼ੁਰੂ ਕਰ ਦਿਤਾ ਹੈ।
oxygen cylinder
ਅੱਜ ਸਾਡਾ ਦੇਸ਼ ਦੂਜੀ ਕੋਵਿਡ ਲਹਿਰ ਹੇਠੋਂ ਨਿਕਲਣ ਦੇ ਯਤਨ ਕਰ ਰਿਹਾ ਹੈ ਅਤੇ ਇਸ ਨੇ ਸਾਡੀਆਂ ਸਿਹਤ ਸਹੂਲਤਾਂ ਦੀ ਕਮੀ ਨੂੰ ਸਾਡੇ ਸਾਹਮਣੇ ਹੀ ਨਹੀਂ ਬਲਕਿ ਦੁਨੀਆਂ ਸਾਹਮਣੇ ਵੀ ਨੰਗਾ ਕਰ ਦਿਤਾ ਹੈ। ਇਕ ਸੱਚਾਈ ਇਹ ਵੀ ਹੈ ਕਿ ਕੋਵਿਡ ਤੋਂ 80 ਫ਼ੀ ਸਦੀ ਲੋਕ ਅਰਾਮ ਨਾਲ ਠੀਕ ਹੋ ਜਾਂਦੇ ਹਨ ਤੇ ਸਿਰਫ਼ 20 ਫ਼ੀ ਸਦੀ ਹਸਪਤਾਲਾਂ ਵਿਚ ਪਹੁੰਚਦੇ ਹਨ। ਭਾਰਤ ਉਨ੍ਹਾਂ 20 ਫ਼ੀ ਸਦੀ ਮਰੀਜ਼ਾਂ ਨੂੰ ਪੂਰੀਆਂ ਸਹੂਲਤਾਂ ਨਹੀਂ ਦੇ ਰਿਹਾ। ਘੱਟ ਸਹੂਲਤਾਂ ਦਾ ਇਕ ਤੋੜ ਮੈਡੀਕਲ ਸਟਾਫ਼ ਦੀ ਅਣਡਿੱਠ ਮਿਹਨਤ ਰਹੀ ਜਿਨ੍ਹਾਂ ਨੇ ਅਪਣੀਆਂ ਜਾਨਾਂ ਗੁਆ ਕੇ ਕੰਮ ਕੀਤਾ। ਸੈਂਕੜੇ ਡਾਕਟਰਾਂ, ਨਰਸਾਂ ਅਤੇ ਸੇਵਾਦਾਰਾਂ ਨੇ ਅਪਣੀ ਜਾਨ ਗੁਆਈ ਹੈ। ਇਨ੍ਹਾਂ ਦੀ ਮਿਹਨਤ ਸਦਕਾ ਕਈਆਂ ਦੀ ਜਾਨ ਬਚੀ ਵੀ ਹੈ।
yoga
ਕੀ ਆਯੂਰਵੇਦ ਤੇ ਯੋਗਾ ਦਾ ਵੀ ਕੋਈ ਯੋਗਦਾਨ ਇਸ ਲੜਾਈ ਵਿਚ ਹੈ? ਜ਼ਰੂਰ ਹੈ ਤੇ ਹਰਦਮ ਰਹੇਗਾ। ਪਰ ਉਹ ਵੀ ਇਕ ਹੱਦ ਤਕ ਹੀ ਕੰਮ ਕਰ ਸਕਦੇ ਹਨ ਜਿਸ ਤੋਂ ਬਾਅਦ ਐਲੋਪੈਥੀ ਆਉਂਦੀ ਹੈ। ਪਰ ਕੀ ਇਸ ਦਾ ਮਤਲਬ ਇਹ ਹੈ ਕਿ ਐਲੋਪੈਥੀ ਜ਼ਿਆਦਾ ਵੱਡੀ ਹੈ? ਗੱਲ ਸਿਰਫ਼ ਐਨੀ ਹੈ ਕਿ ਯੋਗੀ ਰਾਮਦੇਵ ਇਸ ਸਮੇਂ ਇਹ ਲੜਾਈ ਸ਼ੁਰੂ ਕਰ ਹੀ ਕਿਉਂ ਰਹੇ ਹਨ? ਜੇ ਇਕ ਇਨਸਾਨ ਜ਼ਿੰਦਗੀ ਭਰ ਯੋਗਾ ਕਰੇ ਤਾਂ ਉਹ ਸਿਹਤਮੰਦ ਤਾਂ ਰਹੇਗਾ ਪਰ ਜੇ ਉਸ ਦਾ ਪੈਰ ਗੱਡੀ ਹੇਠ ਆ ਜਾਵੇ ਤਾਂ ਉਸ ਨੂੰ ਹੱਡੀਆਂ ਦੇ ਡਾਕਟਰ ਕੋਲ ਜਾਣਾ ਹੀ ਪਵੇਗਾ, ਯੋਗਾ ਤੇ ਨਿਰਭਰ ਨਹੀਂ ਕੀਤਾ ਜਾ ਸਕਦਾ।
Ramdev
ਸੋ ਲੜਾਈ ਦੀ ਲੋੜ ਹੀ ਕੋਈ ਨਹੀਂ। ਚੀਨ ਵਿਚ ਵੀ ਮਾਰਸ਼ਲ ਆਰਟ ਦਾ ਇਸਤੇਮਾਲ ਤੇ ਜੜ੍ਹੀ ਬੂਟੀਆਂ ਦਾ ਇਸਤੇਮਾਲ ਹੁੰਦਾ ਹੈ ਪਰ ਉਨ੍ਹਾਂ ਨੇ ਵੈਕਸੀਨ ਦੇ ਇਲਾਜ ਤੇ ਸਵਾਲ ਨਹੀਂ ਚੁੱਕੇ। ਉਸ ਦੇਸ਼ ਵਿਚ ਵਾਇਰਸ ਦੇ ਖ਼ਾਤਮੇ ਤੇ ਜ਼ੋਰ ਸੀ ਜਦਕਿ ਸਾਡੇ ਦੇਸ਼ ਵਿਚ ਪੈਸੇ ਉਤੇ ਜ਼ਿਆਦਾ ਜ਼ੋਰ ਹੈ। ਯੋਗੀ ਰਾਮਦੇਵ ਅਸਲ ਵਿਚ ਇਕ ਉਦਯੋਗਪਤੀ ਹਨ ਜਿਨ੍ਹਾਂ ਨੇ ਕਦੇ ਕੋਵਿਡ ਦੇ ਇਲਾਜ ਦੀ ਸ਼ਰਤੀਆ ਦਵਾਈ ਬਣਾਉਣ ਦਾ ਦਾਅਵਾ ਕੀਤਾ ਸੀ। ਇਨ੍ਹਾਂ ਦੀ ਦਵਾਈ ਮਰੀਜ਼ਾਂ ਨੂੰ ਵੰਡੀ ਵੀ ਗਈ। ਅੱਜ ਵੀ ਇਹ ਵੈਕਸੀਨ ਵਿਰੁਧ ਅਪਣੇ ਮੁਨਾਫ਼ੇ ਨੂੰ ਘਟਦਾ ਵੇਖ ਤਫੜ ਰਹੇ ਹਨ।
corona vaccine
ਰਾਮਦੇਵ ਨੂੰ ਅਸਲ ਵਿਚ ਵਿਗਿਆਨਕ ਲੋਕਾਂ ਦੀ ਮਿਹਨਤ ਬਾਰੇ ਜ਼ਰੂਰੀ ਜਾਣਕਾਰੀ ਨਹੀਂ ਹੈ ਅਤੇ ਨਾ ਕੋਈ ਹਮਦਰਦੀ ਹੀ ਜਾਪਦੀ ਹੈ। ਜੇ ਹਮਦਰਦੀ ਮਰੀਜ਼ ਨਾਲ ਨਹੀਂ ਤਾਂ ਬੀਮਾਰੀਆਂ ਨਾਲ ਲੜਨ ਵਾਲੇ ਡਾਕਟਰਾਂ ਨਾਲ ਕਿਥੇ ਹੋਣੀ ਹੈ? ਸਰਕਾਰ ਅਗਰ ਇਕ ‘ਆਯੁਰਵੈਦਿਕ ਉਦਯੋਗਪਤੀ’ ਅਤੇ ਵਪਾਰੀ ਦੇ ਮੁਨਾਫ਼ੇ ਨੂੰ ਹੇਠਾਂ ਜਾਣੋਂ ਰੋਕਣ ਵਾਸਤੇ ਉਸ ਵਲੋਂ ਕੀਤੀ ਜਾ ਰਹੀ ਗ਼ਲਤ ਬਿਆਨਬਾਜ਼ੀ ਤੇ ਚੁੱਪ ਰਹੀ ਤਾਂ ਇਸ ਉਤੇ ਦੇਸ਼ਵਾਸੀਆਂ ਦੀ ਸਿਹਤ ਨੂੰ ਖ਼ਤਰੇ ਵਿਚ ਪਾਉਣ ਦਾ ਦੋਸ਼ ਲੱਗ ਕੇ ਰਹੇਗਾ। -ਨਿਮਰਤ ਕੌਰ