
ਰਾਫ਼ੇਲ ਸੌਦੇ ਰਾਹੀਂ ਡੁਬਦੇ ਹੋਏ ਅਨਿਲ ਅੰਬਾਨੀ ਨੂੰ ਬਚਾਇਆ ਗਿਆ। ਮੁਕੇਸ਼ ਅੰਬਾਨੀ ਨੇ ਅਜੇ 'ਵਰਸਟੀ ਦੀ ਜ਼ਮੀਨ ਹੀ ਖ਼ਰੀਦੀ ਸੀ................
ਰਾਫ਼ੇਲ ਸੌਦੇ ਰਾਹੀਂ ਡੁਬਦੇ ਹੋਏ ਅਨਿਲ ਅੰਬਾਨੀ ਨੂੰ ਬਚਾਇਆ ਗਿਆ। ਮੁਕੇਸ਼ ਅੰਬਾਨੀ ਨੇ ਅਜੇ 'ਵਰਸਟੀ ਦੀ ਜ਼ਮੀਨ ਹੀ ਖ਼ਰੀਦੀ ਸੀ ਅਤੇ ਉਸ ਨੂੰ ਇਕ ਖ਼ਾਸ 'ਵਰਸਟੀ ਦਾ ਖ਼ਿਤਾਬ ਦੇ ਕੇ ਉਹ ਸਹੂਲਤਾਂ ਦਿਤੀਆਂ ਗਈਆਂ ਹਨ ਜੋ ਦਹਾਕਿਆਂ ਤੋਂ ਸਿਖਿਆ ਦਾ ਪ੍ਰਸ਼ਾਦ ਵੰਡ ਰਹੀਆਂ 'ਵਰਸਟੀਆਂ ਨੂੰ ਨਹੀਂ ਦਿਤੀਆਂ ਗਈਆਂ। ਜਿਹੜੇ ਅਡਾਨੀ ਨੇ ਉਦੋਂ ਦੇ ਮੁੱਖ ਮੰਤਰੀ ਮੋਦੀ ਵਾਸਤੇ 2014 ਦੀਆਂ ਚੋਣਾਂ ਵਿਚ ਇਕ ਜਹਾਜ਼ ਖ਼ਰੀਦਿਆ ਸੀ ਤਾਕਿ ਉਹ ਦੇਸ਼ ਭਰ ਵਿਚ ਪ੍ਰਚਾਰ ਕਰ ਕੇ ਰਾਤ ਘਰ ਆ ਜਾਣ, ਉਹ ਇਕ ਸੂਬੇ ਦੇ ਅਮੀਰ ਉਦਯੋਗਪਤੀ ਤੋਂ ਉਠ ਕੇ ਅੱਜ ਦੁਨੀਆਂ ਦੇ ਅਮੀਰ ਉਦਯੋਗਪਤੀਆਂ ਦੀ ਕਤਾਰ ਵਿਚ ਜਾ ਖੜੇ ਹੋਏ ਹਨ।
Narendra Modi
ਪ੍ਰਧਾਨ ਮੰਤਰੀ ਨੇ ਲਖਨਊ ਵਿਚ ਉਦਯੋਗਪਤੀਆਂ ਨਾਲ ਖੁਲ੍ਹ ਕੇ ਖੜੇ ਹੋਣ ਨੂੰ ਫ਼ਖ਼ਰ ਵਾਲੀ ਗੱਲ ਦਸਦੇ ਹੋਏ ਕਿਹਾ ਕਿ ਉਹ ਮਹਾਤਮਾ ਗਾਂਧੀ ਤੋਂ ਪ੍ਰੇਰਿਤ ਹਨ ਜਿਨ੍ਹਾਂ ਦੀ ਜੀ.ਡੀ. ਬਿਰਲਾ ਨਾਲ ਦੋਸਤੀ ਸੀ ਅਤੇ ਉਹ ਇਸ ਯਾਰੀ ਨੂੰ ਲੁਕਾ-ਛੁਪਾ ਕੇ ਨਹੀਂ ਸਨ ਰਖਦੇ, ਸ਼ਰੇਆਮ ਪ੍ਰਵਾਨ ਕਰਦੇ ਸਨ। ਉਹ ਠੀਕ ਵੀ ਹਨ ਇਹ ਕਹਿਣ ਵਿਚ ਕਿ ਉਦਯੋਗਪਤੀ ਵੀ ਦੇਸ਼ ਦੀ ਸ਼ਾਨ ਹਨ ਅਤੇ ਵਿਕਾਸ ਵਾਸਤੇ ਜ਼ਰੂਰੀ ਹਨ। ਪ੍ਰਧਾਨ ਮੰਤਰੀ ਨੇ ਇਹ ਐਲਾਨ ਅਪਣੇ ਅਤੇ ਰਾਫ਼ੇਲ ਲੜਾਕੂ ਜਹਾਜ਼ਾਂ ਵਿਚ ਅਨਿਲ ਅੰਬਾਨੀ ਨੂੰ ਦਿਤੇ ਵੱਡੇ ਠੇਕੇ ਬਾਰੇ ਲੱਗੇ ਦੋਸ਼ਾਂ ਦੇ ਜਵਾਬ ਵਿਚ ਦਿਤਾ।
Mukesh Ambani
ਪਰ ਇਹ ਇਲਜ਼ਾਮ ਸੰਸਦ ਵਿਚ ਲੱਗਾ ਸੀ ਅਤੇ ਜਵਾਬ ਵੀ ਸੰਸਦ ਵਿਚ ਦੇਣਾ ਚਾਹੀਦਾ ਸੀ ਜਿਥੇ ਵਿਰੋਧੀ ਧਿਰ ਸਵਾਲ ਕਰ ਸਕਦੀ। ਮੰਚ ਉਤੇ ਖੜੇ ਹੋ ਕੇ ਤੇ ਆਮ ਜਨਤਾ ਨੂੰ ਮਹਾਤਮਾ ਗਾਂਧੀ ਦਾ ਨਾਂ ਲੈ ਕੇ ਭਾਵੁਕ ਬਣਾਉਣਾ ਸਿਆਸੀ ਦਾਅ-ਪੇਚ ਹੈ, ਵਧੀਆ ਦਲੀਲ ਨਹੀਂ। ਇਸ ਵਾਰ ਅਪਣੀ ਅਤੇ ਅੰਬਾਨੀ ਭਰਾਵਾਂ ਦੀ ਤੁਲਨਾ ਗਾਂਧੀ-ਬਿਰਲਾ ਨਾਲ ਕਰ ਕੇ ਪ੍ਰਧਾਨ ਮੰਤਰੀ ਕੁੱਝ ਜ਼ਿਆਦਾ ਹੀ ਲੰਮੀ ਛਾਲ ਲਗਾ ਗਏ ਲਗਦੇ ਹਨ। ਬਿਰਲਾ, ਉਸ ਸਮੇਂ ਦੇ ਕਰੋੜਾਂ ਲੋਕਾਂ ਵਾਂਗ ਪਹਿਲਾਂ ਆਜ਼ਾਦੀ ਅੰਦੋਲਨ ਦੇ ਯਾਤਰੀ ਬਣੇ ਤੇ ਫਿਰ ਇਸ ਅੰਦੋਲਨ ਦੇ ਅੱਗੇ ਲੱਗੇ ਮਹਾਤਮਾ ਗਾਂਧੀ ਦੇ ਸਾਥੀ ਬਣ ਗਏ ਸਨ
ਜਿਸ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਯੋਗਦਾਨ ਵੀ ਪਾਇਆ। ਇਹ ਯਾਰੀ ਕੁੱਝ ਲੈਣ ਲਈ ਨਹੀਂ, ਦੇਣ ਲਈ ਪਈ ਸੀ। ਉਨ੍ਹਾਂ ਗਾਂਧੀ ਦੇ ਕਹਿਣ ਤੇ ਭਾਰਤ ਵਿਚ ਉੱਚ ਸਿਖਿਆ ਸੰਸਥਾਵਾਂ ਦੀ ਸਥਾਪਨਾ ਕੀਤੀ। ਗਾਂਧੀ ਦੀ ਬਰਾਬਰੀ ਦੀ ਸੋਚ, ਨਿਜੀ ਜ਼ਿੰਦਗੀ ਅਤੇ ਇਤਿਹਾਸ ਨੂੰ ਫਰੋਲਿਆ ਜਾ ਰਿਹਾ ਹੈ। ਪਰ ਗਾਂਧੀ ਵਲੋਂ ਭਾਰਤ ਨੂੰ ਕਿਸੇ ਉਦਯੋਗਪਤੀ ਦੇ ਹਵਾਲੇ ਨਹੀਂ ਸੀ ਕੀਤਾ ਗਿਆ ਸਗੋਂ ਉਦਯੋਗਪਤੀਆਂ ਨੂੰ ਨਵੇਂ ਭਾਰਤ ਦੇ ਵਿਕਾਸ ਵਿਚ 'ਹਿੱਸੇਦਾਰੀ' ਦਿਤੀ ਗਈ ਸੀ।
ਅੱਜ ਜਿਸ 'ਹਿੱਸੇਦਾਰੀ' ਦੀ ਗੱਲ ਹੋ ਰਹੀ ਹੈ, ਉਹ ਹੋਰ ਤਰ੍ਹਾਂ ਦੀ ਹੈ।
Anil Ambani
ਅੱਜ ਦੇ ਉਪਯੋਗਪਤੀਆਂ ਅਤੇ ਸਿਆਸਤਦਾਨਾਂ ਦੇ ਰਿਸ਼ਤੇ ਵਿਚ ਭਾਰਤ ਦਾ ਨਹੀਂ, ਬਲਕਿ ਉਨ੍ਹਾਂ ਦੀਆਂ ਕੰਪਨੀਆਂ ਦਾ ਨਿਜੀ ਫ਼ਾਇਦਾ ਲੁਕਿਆ ਹੁੰਦਾ ਹੈ। ਰਾਫ਼ੇਲ ਸੌਦੇ ਰਾਹੀਂ ਡੁਬਦੇ ਹੋਏ ਅਨਿਲ ਅੰਬਾਨੀ ਨੂੰ ਬਚਾਇਆ ਗਿਆ। ਮੁਕੇਸ਼ ਅੰਬਾਨੀ ਨੇ ਅਜੇ 'ਵਰਸਟੀ ਦੀ ਜ਼ਮੀਨ ਹੀ ਖ਼ਰੀਦੀ ਸੀ ਅਤੇ ਉਸ ਨੂੰ ਇਕ ਖ਼ਾਸ 'ਵਰਸਟੀ ਦਾ ਖ਼ਿਤਾਬ ਦੇ ਕੇ ਉਹ ਸਹੂਲਤਾਂ ਦਿਤੀਆਂ ਗਈਆਂ ਹਨ ਜੋ ਦਹਾਕਿਆਂ ਤੋਂ ਸਿਖਿਆ ਦਾ ਪ੍ਰਸ਼ਾਦ ਵੰਡ ਰਹੀਆਂ 'ਵਰਸਟੀਆਂ ਨੂੰ ਨਹੀਂ ਦਿਤੀਆਂ ਗਈਆਂ। ਜਿਹੜੇ ਅਡਾਨੀ ਨੇ ਉਦੋਂ ਦੇ ਮੁੱਖ ਮੰਤਰੀ ਮੋਦੀ ਵਾਸਤੇ 2014 ਦੀਆਂ ਚੋਣਾਂ ਵਿਚ ਇਕ ਜਹਾਜ਼ ਖ਼ਰੀਦਿਆ ਸੀ
ਤਾਕਿ ਉਹ ਦੇਸ਼ ਭਰ ਵਿਚ ਪ੍ਰਚਾਰ ਕਰ ਕੇ ਰਾਤ ਘਰ ਆ ਜਾਣ, ਉਹ ਇਕ ਸੂਬੇ ਦੇ ਅਮੀਰ ਉਦਯੋਗਪਤੀ ਤੋਂ ਉਠ ਕੇ ਅੱਜ ਦੁਨੀਆਂ ਦੇ ਅਮੀਰ ਉਦਯੋਗਪਤੀਆਂ ਦੀ ਕਤਾਰ ਵਿਚ ਜਾ ਖੜੇ ਹੋਏ ਹਨ। ਪ੍ਰਧਾਨ ਮੰਤਰੀ ਇਹ ਤਾਂ ਆਖਦੇ ਹਨ ਕਿ ਉਹ ਕਿਸੇ ਉਦਯੋਗਪਤੀ ਨੂੰ ਲੁਕ ਕੇ ਨਹੀਂ ਮਿਲਦੇ ਪਰ ਫਿਰ ਪ੍ਰਧਾਨ ਮੰਤਰੀ ਦਫ਼ਤਰ ਉਨ੍ਹਾਂ ਦੀਆਂ ਵਿਦੇਸ਼ ਯਾਤਰਾਵਾਂ ਤੇ ਨਾਲ ਜਾਣ ਵਾਲੇ ਉਦਯੋਗਪਤੀਆਂ ਦੀ ਸੂਚਨਾ ਦੇਸ਼ ਨਾਲ ਸਾਂਝੀ ਕਰਨ ਤੋਂ ਇਨਕਾਰ ਕਿਉਂ ਕਰਦਾ ਹੈ? ਭਾਰਤ ਦੀ ਅਮੀਰੀ-ਗ਼ਰੀਬੀ ਵਿਚ ਦਾ ਫ਼ਾਸਲਾ ਪਿਛਲੇ ਚਾਰ ਸਾਲਾਂ ਵਿਚ ਵੱਧ ਗਿਆ ਹੈ।
Gautam Adani
ਜਿੰਨਾ ਜ਼ਰੂਰੀ ਇਸ ਦੇਸ਼ ਵਾਸਤੇ ਉਦਯੋਗ ਹੈ, ਉਸ ਤੋਂ ਕਿਤੇ ਵੱਧ ਜ਼ਰੂਰੀ ਭਾਰਤ ਵਾਸਤੇ ਉਸ ਦੇ ਨੌਜਵਾਨ ਅਤੇ ਕਿਸਾਨ ਹਨ। ਕਿਸਾਨਾਂ ਨਾਲ ਪ੍ਰਧਾਨ ਮੰਤਰੀ ਨੇ ਵਾਅਦੇ ਕਰ ਕੇ ਉਨ੍ਹਾਂ ਤੋਂ ਮੂੰਹ ਮੋੜ ਲਿਆ ਹੈ। ਅੰਕੜਿਆਂ ਦੇ ਹੇਰਫੇਰ ਨਾਲ ਕਿਸਾਨ ਦੇ ਖਾਤੇ ਨਹੀਂ ਭਰਨ ਵਾਲੇ ਅਤੇ ਇਸੇ ਕਰ ਕੇ ਅੱਜ ਕਿਸਾਨ ਕਿਸੇ ਜੁਮਲੇ ਨੂੰ ਨਹੀਂ ਮੰਨਣ ਵਾਲਾ। ਸਾਡੇ ਨੌਜਵਾਨਾਂ ਨੂੰ ਕਦੇ ਪਕੌੜੇ ਅਤੇ ਚਾਹ ਵੇਚਣ ਤੇ ਲਾਇਆ ਜਾਂਦਾ ਹੈ ਅਤੇ ਕਦੇ ਆਟੋ-ਰਿਕਸ਼ਾ ਚਲਾਉਣ ਵਾਲੇ ਨੂੰ ਵਧੀਆ ਰੁਜ਼ਗਾਰ ਆਖਿਆ ਜਾਂਦਾ ਹੈ। ਜਦ ਇਹ ਏਨਾ ਵਧੀਆ ਸੁਪਨਾ ਹੈ ਤਾਂ ਅਨਿਲ ਅੰਬਾਨੀ ਨੂੰ ਕਿਉਂ ਇਸੇ ਕੰਮ ਤੇ ਨਾ ਲਾਇਆ ਗਿਆ?
ਉਸ ਦਾ 3400 ਕਰੋੜ ਦਾ ਕਰਜ਼ਾ ਉਤਾਰਨ ਲਈ ਉਸ ਨੂੰ ਰਾਫ਼ੇਲ ਦਾ ਠੇਕਾ ਕਿਉਂ ਸੌਂਪਿਆ ਗਿਆ? ਪ੍ਰਧਾਨ ਮੰਤਰੀ ਉਤੇ ਇਲਜ਼ਾਮ ਇਹ ਨਹੀਂ ਕਿ ਇਕ ਨੀਤੀ ਵਜੋਂ ਜਾਂ ਵਪਾਰ ਨੂੰ ਉਤਸ਼ਾਹਤ ਕਰਨ ਲਈ ਉਹ ਸਾਰੇ ਉਦਯੋਗਪਤੀਆਂ ਨੂੰ ਮੁਨਾਫ਼ਾ ਪਹੁੰਚਾ ਰਹੇ ਹਨ ਬਲਕਿ ਇਹ ਹੈ ਕਿ ਕੁੱਝ ਗਿਣੇ-ਚੁਣੇ ਉਦਯੋਗਪਤੀਆਂ ਦੀ ਹੱਦ ਤੋਂ ਜ਼ਿਆਦਾ ਮਦਦ ਹੋ ਰਹੀ ਹੈ। ਪ੍ਰਧਾਨ ਮੰਤਰੀ ਜੇ ਕਿਸੇ ਫ਼ਖ਼ਰ ਅਤੇ ਮਿਹਨਤ ਨਾਲ ਭਾਰਤ ਦੇ ਕਿਸਾਨਾਂ ਅਤੇ ਨੌਜਵਾਨਾਂ ਬਾਰੇ ਵੀ ਸੋਚਦੇ ਤੇ ਉਨ੍ਹਾਂ ਨੂੰ ਵੀ ਅਪਣੇ ਨਾਲ ਰਖਦੇ ਤਾਂ ਵਿਰੋਧੀ ਧਿਰ ਕੋਲ ਇਹ ਇਲਜ਼ਾਮ ਨਾ ਹੁੰਦੇ। -ਨਿਮਰਤ ਕੌਰ