
ਜੇ ਇਸ ਤਰ੍ਹਾਂ ਹੀ ਪੰਚਾਇਤੀ ਰਾਜ ਚਲਦਾ ਰਿਹਾ ਤਾਂ ਉਮੀਦ ਹੈ ਕਿ ਇਸ ਵਾਰ ਵਾਗਡੋਰ ਉਨ੍ਹਾਂ ਆਜ਼ਾਦ, ਪੜ੍ਹੇ-ਲਿਖੇ ਉਮੀਦਵਾਰਾਂ ਦੇ ਹੱਥਾਂ ਵਿਚ ਰਹੇਗੀ........
ਜੇ ਇਸ ਤਰ੍ਹਾਂ ਹੀ ਪੰਚਾਇਤੀ ਰਾਜ ਚਲਦਾ ਰਿਹਾ ਤਾਂ ਉਮੀਦ ਹੈ ਕਿ ਇਸ ਵਾਰ ਵਾਗਡੋਰ ਉਨ੍ਹਾਂ ਆਜ਼ਾਦ, ਪੜ੍ਹੇ-ਲਿਖੇ ਉਮੀਦਵਾਰਾਂ ਦੇ ਹੱਥਾਂ ਵਿਚ ਰਹੇਗੀ ਜਿਨ੍ਹਾਂ ਨੇ ਪੰਚਾਇਤੀ ਚੋਣਾਂ ਰਾਹੀਂ, ਸਿਆਸੀ ਮੈਦਾਨ ਵਿਚ ਪਹਿਲੀ ਵਾਰ ਕਦਮ ਰਖਿਆ ਹੈ। ਇਸ ਵੇਲੇ ਕਾਂਗਰਸ ਕੋਲ ਰਵਾਇਤੀ ਸਿਆਸਤ ਛੱਡ, ਨਵਾਂ ਦੌਰ ਸ਼ੁਰੂ ਕਰਨ ਦਾ ਮੌਕਾ ਹੈ, ਸਮਰਥਨ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਇਹ ਸਮਰਥਨ ਕਿਸੇ ਤਾਕਤਵਰ ਵਿਰੋਧੀ ਧਿਰ ਦੀ ਗ਼ੈਰਹਾਜ਼ਰੀ ਵਿਚ, ਬਰਕਰਾਰ ਰਹਿੰਦਾ ਜਾਪਦਾ ਹੈ।
ਜਿਥੇ ਦੇਸ਼ ਦੀ ਹਰ ਚੋਣ ਦੇ ਨਤੀਜਿਆਂ 'ਚੋਂ 2019 ਦੀਆਂ ਆਮ ਚੋਣਾਂ ਬਾਰੇ ਸਪੱਸ਼ਟ ਸੰਕੇਤ ਮਿਲਦੇ ਦੱਸੇ ਜਾਂਦੇ ਹਨ, ਪੰਜਾਬ ਦੀਆਂ ਪੰਚਾਇਤ ਚੋਣਾਂ ਤੋਂ ਵੀ ਪੰਜਾਬ ਦੇ ਵੋਟਰਾਂ ਦੇ ਮਨ ਦੀ ਗੱਲ ਸਮਝ ਵਿਚ ਆਉਂਦੀ ਲਗਦੀ ਹੈ। 80% ਪੇਂਡੂ ਵੋਟਰ ਅਪਣੀ ਵੋਟ ਦੀ ਵਰਤੋਂ ਕਰਨ ਲਈ ਘਰੋਂ ਬਾਹਰ ਨਿਕਲਿਆ ਸੀ। ਇਹ ਦਸਦਾ ਹੈ ਕਿ ਪੰਜਾਬ ਦੀਆਂ ਜੜ੍ਹਾਂ ਵਿਚ ਡੈਮੋਕਰੇਸੀ ਚੰਗੀ ਤਰ੍ਹਾਂ ਰਚਮਿਚ ਗਈ ਹੈ। ਇਸ ਵਾਰ ਦੇ ਮੁਕਾਬਲੇ ਪਿਛਲੀ ਵਾਰ 70% ਵੋਟਰ ਹੀ ਬਾਹਰ ਆਇਆ ਸੀ। ਮਈ 2013 ਦੀ ਗਰਮੀ ਵਿਚ ਲੋਕ ਠੰਢੇ ਪੈ ਗਏ ਸਨ ਪਰ ਇਸ ਵਾਰ ਸਰਦ ਦਸੰਬਰ ਵਿਚ ਵੀ ਲੋਕ ਅਪਣੀ ਵੋਟ ਪਾਉਣ ਲਈ ਬਾਹਰ ਨਿਕਲ ਆਏ।
Manpreet Singh Badal
ਪਿਛਲੀ ਵਾਰੀ ਅਕਾਲੀ ਦਲ-ਭਾਜਪਾ ਗਠਜੋੜ ਦੀ ਜਿੱਤ ਹੋਈ ਸੀ ਪਰ ਉਹ 2014 ਦੀਆਂ ਚੋਣਾਂ ਵਿਚ ਅਕਾਲੀ ਦਲ ਵਾਸਤੇ ਲੋਕ ਲਹਿਰ ਨਾ ਬਣਾ ਸਕੇ। 2014 ਵਿਚ ਆਮ ਆਦਮੀ ਪਾਰਟੀ (ਆਪ) ਪੰਜਾਬ ਤੋਂ ਚਾਰ ਸੀਟਾਂ ਲੈ ਗਈ ਸੀ। ਕੀ ਪੰਚਾਇਤ ਚੋਣਾਂ ਦੇ ਨਤੀਜਿਆਂ ਦਾ ਮਤਲਬ ਇਹ ਹੈ ਕਿ ਹੁਣ ਕਾਂਗਰਸ ਵਾਸਤੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਗਭਗ ਪੱਕੀਆਂ ਹੋ ਗਈਆਂ ਹਨ? 'ਆਪ' ਦੀ ਹਾਜ਼ਰੀ ਮੁੜ ਤੋਂ ਕਮਜ਼ੋਰ ਰਹੀ ਅਤੇ ਹੈਰਾਨੀਜਨਕ ਨਤੀਜਾ ਸੁਖਪਾਲ ਸਿੰਘ ਖਹਿਰਾ ਦੇ ਵਿਹੜੇ 'ਚੋਂ ਆਇਆ ਜਿਥੇ ਉਨ੍ਹਾਂ ਦੇ ਪ੍ਰਚਾਰ ਦੇ ਬਾਵਜੂਦ ਉਨ੍ਹਾਂ ਦੀ ਭਰਜਾਈ ਸਰਪੰਚੀ ਦੀ ਚੋਣ ਹਾਰ ਗਈ।
ਜਿੰਨੀ ਭੀੜ ਅੱਜ ਖਹਿਰਾ ਦੀਆਂ ਰੈਲੀਆਂ ਵਿਚ ਉਮਡ ਰਹੀ ਹੈ, ਉਸ ਨੂੰ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਉਨ੍ਹਾਂ ਨੂੰ ਅਪਣੇ ਹਲਕੇ ਵਿਚ ਵੀ ਪੰਚਾਇਤੀ ਚੋਣ ਵਿਚ ਜਿੱਤ ਕਿਉਂ ਨਹੀਂ ਮਿਲ ਸਕੀ। ਪਹਿਲਾਂ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿਚ ਵੀ ਖਹਿਰਾ ਅਪਣੇ ਹਲਕੇ ਦੀ ਸੀਟ ਅਕਾਲੀ ਦਲ ਦੀ ਬੀਬੀ ਜਗੀਰ ਕੌਰ ਦੀ ਬੇਟੀ ਕੋਲ ਹਾਰ ਗਏ ਸਨ। ਯਾਨੀ ਕਿ ਖਹਿਰਾ ਦੀਆਂ ਪੰਜਾਬ ਪੱਧਰ ਦੀਆਂ ਰੈਲੀਆਂ ਵਿਚ ਜੋ ਭੀੜ ਦਿਸ ਰਹੀ ਹੈ, ਉਹ ਬਰਗਾੜੀ ਦਾ ਰੋਸ ਹੈ ਜਾਂ ਬੈਂਸ ਭਰਾਵਾਂ ਦਾ ਜਲਵਾ ਹੈ। ਕੀ ਖਹਿਰਾ ਪੰਜਾਬ ਪੱਧਰ ਤੇ ਲੀਡਰਸ਼ਿਪ ਨੂੰ ਸਥਾਪਤ ਕਰਨ ਵਿਚ ਅਪਣੇ ਹੀ ਹਲਕੇ ਦਾ ਵਿਸ਼ਵਾਸ ਵੀ ਗੁਆ ਚੁੱਕੇ ਹਨ?
Sukhpal Singh Khaira
ਦੂਜਾ ਸੰਕੇਤ ਅਕਾਲੀ ਦਲ ਵਾਸਤੇ ਸਾਹਮਣੇ ਆ ਰਿਹਾ ਹੈ। ਅੱਜ ਤਕ ਲੰਬੀ ਦੇ ਲੋਕਾਂ ਨੂੰ ਜਿੰਨਾ ਪੈਸਾ ਬਾਦਲ ਪ੍ਰਵਾਰ ਤੋਂ ਮਿਲਿਆ ਹੈ, ਓਨਾ ਸ਼ਾਇਦ ਹੀ ਕਿਸੇ ਸਿਆਸਤਦਾਨ ਨੇ ਅਪਣੇ ਹਲਕੇ ਵਿਚ ਵੰਡਿਆ ਹੋਵੇਗਾ। ਪਰ ਇਸ ਦੇ ਬਾਵਜੂਦ ਅੱਜ ਮੁੜ ਤੋਂ ਲੰਬੀ ਨੇ ਬਾਦਲ ਪ੍ਰਵਾਰ ਤੋਂ ਮੂੰਹ ਮੋੜ ਲਿਆ ਹੈ। 86% ਲੋਕ ਵੋਟਾਂ ਪਾਉਣ ਆਏ ਅਤੇ 85% ਸੀਟਾਂ ਉਤੇ ਜਿੱਤ ਕਾਂਗਰਸ ਦੀ ਹੋਈ। ਇਸ ਦਾ ਮਤਲਬ ਇਹ ਹੈ ਕਿ ਬਠਿੰਡੇ ਵਿਚ ਹੁਣ ਮਨਪ੍ਰੀਤ ਬਾਦਲ ਦਾ ਦਬਦਬਾ ਪੂਰੀ ਤਰ੍ਹਾਂ ਸਥਾਪਤ ਹੋ ਗਿਆ ਹੈ। ਬਾਦਲ ਪ੍ਰਵਾਰ ਦੇ ਤਿੰਨੇ ਜੀਅ ਵਾਰ ਵਾਰ ਅਪਣੀ ਹਾਜ਼ਰੀ ਲਾਉਣ ਲਈ ਲੋਕਾਂ ਵਿਚ ਖੜੇ ਨਜ਼ਰ ਆਏ।
ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਅਪਣੇ ਚਾਚੇ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਦੇ ਗੋਡੀਂ ਹੱਥ ਲਾਉਂਦੇ, ਤਸਵੀਰਾਂ ਵੀ ਖਿਚਵਾਉਂਦੇ ਰਹੇ ਪਰ ਲੋਕਾਂ ਉਤੇ ਇਸ ਦਾ ਕੋਈ ਅਸਰ ਨਾ ਹੋਇਆ। ਅਕਾਲੀ ਦਲ (ਬਾਦਲ) ਵਲੋਂ ਹਾਲ ਵਿਚ ਹੀ ਦਰਬਾਰ ਸਾਹਿਬ ਵਿਖੇ ਜਾ ਕੇ ਮਾਫ਼ੀ ਮੰਗੀ ਗਈ ਸੀ ਜਿਸ ਬਾਰੇ ਕਿਹਾ ਜਾ ਰਿਹਾ ਸੀ ਕਿ ਵੋਟਰਾਂ ਦੇ ਮਨ ਵਿਚ ਇਨ੍ਹਾਂ ਪ੍ਰਤੀ ਨਰਮੀ ਪੈਦਾ ਕਰੇਗੀ। ਪਰ ਵੋਟਰਾਂ ਨੇ ਇਸ ਫ਼ਿਲਮੀ ਤਰਜ਼ ਦੀ ਮਾਫ਼ੀ ਨੂੰ ਠੁਕਰਾਉਂਦੇ ਹੋਏ ਪਾਰਟੀ ਨੂੰ ਪੂਰੀ ਤਰ੍ਹਾਂ ਨਕਾਰ ਦਿਤਾ।
Harsimrat Kaur Badal
ਬੀਬੀ ਬਾਦਲ ਵਾਸਤੇ ਬਠਿੰਡਾ ਵਿਚ ਜਿਤਣਾ ਆਸਾਨ ਤਾਂ ਪਿਛਲੀ ਵਾਰ ਵੀ ਨਹੀਂ ਸੀ ਪਰ ਇਸ ਵਾਰ ਮੁਸ਼ਕਲ ਜ਼ਿਆਦਾ ਵੱਡੀ ਸਾਬਤ ਹੋਵੇਗੀ। ਲੋਕਾਂ ਨੇ ਹੁਣ ਦੀ ਘੜੀ, ਪੰਜਾਬ ਦੀ ਵਾਗਡੋਰ ਪੂਰੀ ਤਰ੍ਹਾਂ ਕਾਂਗਰਸ ਦੇ ਹੱਥ ਫੜਾ ਦਿਤੀ ਹੈ। ਹੁਣ ਸਰਪੰਚ ਤੋਂ ਲੈ ਕੇ ਮੁੱਖ ਮੰਤਰੀ ਤਕ ਕਾਂਗਰਸੀ ਹੀ ਹੈ। ਇਸ ਤੋਂ ਬਾਅਦ ਹੁਣ ਕਾਂਗਰਸੀ ਆਗੂ ਅਪਣੀਆਂ ਆਪਸੀ ਲੜਾਈਆਂ ਨੂੰ ਛੱਡ ਕੇ ਜੇ ਲੋਕਾਂ ਵਲੋਂ ਦਿਤੀ ਹਮਾਇਤ ਉਤੇ ਖਰੇ ਨਾ ਉਤਰ ਸਕੇ ਤਾਂ ਗ਼ਲਤੀ ਕਿਸੇ ਹੋਰ ਦੀ ਨਹੀਂ, ਸਿਰਫ਼ ਉਨ੍ਹਾਂ ਦੀ ਅਪਣੀ ਹੀ ਹੋਵੇਗੀ। ਹੁਣ ਕਾਂਗਰਸ ਚਾਹੇ ਤਾਂ ਪੰਜਾਬ ਨੂੰ ਮੁੜ ਤੋਂ ਬਿਨਾਂ ਰੋਕ ਟੋਕ, ਉਹ ਨੀਤੀਆਂ ਲਾਗੂ ਕਰ ਸਕਦੀ ਹੈ
ਜਿਨ੍ਹਾਂ ਸਦਕਾ ਪੰਜਾਬ ਮੁੜ ਤੋਂ ਅੱਵਲ ਨੰਬਰ ਦਾ ਸੂਬਾ ਬਣ ਸਕਦਾ ਹੈ। ਪਰ ਜਿਸ ਤਰ੍ਹਾਂ ਚੋਣਾਂ ਵਿਚ ਮਾਰਕੁੱਟ ਤੇ ਆਪਸੀ ਲੜਾਈਆਂ ਭਾਰੂ ਰਹੀਆਂ ਹਨ, ਜਾਪਦਾ ਹੈ ਕਿ ਕਾਂਗਰਸ ਵੀ ਅਕਾਲੀ ਦਲ (ਬਾਦਲ) ਦੇ ਰਾਹ ਉਤੇ ਹੀ ਚਲਣਾ ਚਾਹ ਰਹੀ ਹੈ। ਜੇ ਇਸ ਤਰ੍ਹਾਂ ਹੀ ਪੰਚਾਇਤੀ ਰਾਜ ਚਲਦਾ ਰਿਹਾ ਤਾਂ ਉਮੀਦ ਹੈ ਕਿ ਇਸ ਵਾਰ ਵਾਗਡੋਰ ਉਨ੍ਹਾਂ ਆਜ਼ਾਦ, ਪੜ੍ਹੇ-ਲਿਖੇ ਉਮੀਦਵਾਰਾਂ ਦੇ ਹੱਥਾਂ ਵਿਚ ਰਹੇਗੀ
ਜਿਨ੍ਹਾਂ ਨੇ ਪੰਚਾਇਤੀ ਚੋਣਾਂ ਰਾਹੀਂ, ਸਿਆਸੀ ਮੈਦਾਨ ਵਿਚ ਪਹਿਲੀ ਵਾਰ ਕਦਮ ਰਖਿਆ ਹੈ। ਇਸ ਵੇਲੇ ਕਾਂਗਰਸ ਕੋਲ ਰਵਾਇਤੀ ਸਿਆਸਤ ਛੱਡ ਨਵਾਂ ਦੌਰ ਸ਼ੁਰੂ ਕਰਨ ਦਾ ਮੌਕਾ ਹੈ, ਸਮਰਥਨ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਇਹ ਸਮਰਥਨ ਕਿਸੇ ਤਾਕਤਵਰ ਵਿਰੋਧੀ ਧਿਰ ਦੀ ਗ਼ੈਰਹਾਜ਼ਰੀ ਵਿਚ, ਬਰਕਰਾਰ ਰਹਿੰਦਾ ਜਾਪਦਾ ਹੈ। -ਨਿਮਰਤ ਕੌਰ