ਈਸਾਈ-ਸਿੱਖ ਖਿੱਚੋਤਾਣ ਨੂੰ ਵਧਣੋਂ ਰੋਕਣਾ ਦੋਹਾਂ ਧਰਮਾਂ ਦੇ ਆਗੂਆਂ ਦਾ ਫ਼ਰਜ਼
Published : Sep 2, 2022, 7:26 am IST
Updated : Sep 2, 2022, 7:49 am IST
SHARE ARTICLE
It is the duty of leaders of both religions to prevent the Christian-Sikh tension
It is the duty of leaders of both religions to prevent the Christian-Sikh tension

ਈਸਾਈ ਸਾਰੇ ਗ਼ਰੀਬ, ਲਾਚਾਰ, ਛੋਟੀਆਂ ਜਾਤਾਂ ਵਾਲਿਆਂ ਨੂੰ ਖੁਲ੍ਹਾ ਸੱਦਾ ਦੇਂਦੇ ਹਨ ਕਿ ਜੇ ਉਹ ਉਨ੍ਹਾਂ ਵਿਚ ਸ਼ਾਮਲ ਹੋ ਜਾਣ ਤਾਂ ਉਹ ਹਰ ਮਦਦ ਕਰਨ ਨੂੰ ਤਿਆਰ ਹਨ।

 

ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬਿਆਨ ਜਾਰੀ ਕੀਤਾ ਕਿ ਪੰਜਾਬ ਵਿਚ ਧਰਮ ਪਰਿਵਰਤਨ ਚਲ ਰਿਹਾ ਹੈ ਤੇ ਇਸ ਵਿਰੁਧ ਕਾਨੂੰਨ ਬਣਾਉਣ ਦੀ ਲੋੜ ਹੈ। ਉਨ੍ਹਾਂ ਈਸਾਈ ਪ੍ਰਚਾਰਕਾਂ ਵਲੋਂ ਗ਼ਲਤ ਤਰੀਕੇ ਅਪਣਾ ਕੇ ਸਿੱਖਾਂ ਤੇ ਹਿੰਦੂਆਂ ਨੂੰ ਈਸਾਈ ਬਣਾਉਣ ਦਾ ਇਲਜ਼ਾਮ ਲਗਾਇਆ ਤੇ ਉਨ੍ਹਾਂ ਦੇ ਸ਼ਬਦਾਂ ਦਾ ਅਸਰ ਅਸੀ ਵੇਖ ਹੀ ਰਹੇ ਹਾਂ। ਜਿਹੜੇ ਪੰਜਾਬ ਵਿਚ ਹਰ ਧਰਮ ਨੂੰ ਸੁਰੱਖਿਅਤ ਰੱਖਣ ਵਾਲੇ ਮਹਾਰਾਜਾ ਰਣਜੀਤ ਸਿੰਘ ਦੀ ਮਿਸਾਲ ਦੁਨੀਆਂ ਭਰ ਵਿਚ ਦਿਤੀ ਜਾਂਦੀ ਹੈ, ਉਥੇ ਹੀ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਤੋਂ ਬਾਅਦ ਇਕ ਚਰਚ ਤੇ ਈਸਾ ਦੇ ਬੁੱਤ ’ਤੇ ਹਮਲਾ ਕਰ ਦਿਤਾ ਗਿਆ ਤੇ ਇਕ ਪਾਦਰੀ ਦੀ ਕਾਰ ਨੂੰ ਅੱਗ ਲਗਾ ਦਿਤੀ ਗਈ।

ਇਸ ਸਾਰੀ ਪ੍ਰਕਿਰਿਆ ਨੂੰ ਵੇਖ ਕੇ ਪਹਿਲਾਂ ਤਾਂ ਇਹ ਸਵਾਲ ਉਠਦਾ ਹੈ ਕਿ ਸਿੱਖ ਬਤੌਰ ਘੱਟ ਗਿਣਤੀ ਅਪਣੇ ਵਾਸਤੇ ਕਿਸ ਤਰ੍ਹਾਂ ਵਿਸ਼ੇਸ਼ ਹੱਕਾਂ ਦੀ ਮੰਗ ਕਰ ਸਕਦੇ ਹਨ ਜਦ ਉਹ ਅਪਣੇ ਹੀ ਖੇਤਰ ਵਿਚ ਇਕ ਦੂਜੀ ਧਾਰਮਕ ਘੱਟ ਗਿਣਤੀ ਦੇ ਧਰਮ ਅਸਥਾਨ ਦੀ ਸੁਰੱਖਿਆ ਨੂੰ ਵੀ ਯਕੀਨੀ ਨਹੀਂ ਬਣਾ ਸਕਦੇ? ਈਸਾਈ ਤਾਂ ਦੁਨੀਆਂ ਦੇ ਹਰ ਦੇਸ਼ ਵਿਚ ਹਨ ਤੇ ਸਿੱਖ ਵੀ ਗੁਰਦਵਾਰੇ ਉਸਾਰ ਕੇ ਉਨ੍ਹਾਂ ਦੇਸ਼ਾਂ ਵਿਚ ਰਹਿੰਦੇ ਹਨ। ਕੀ ਕਿਸੇ ਗੁਰਦਵਾਰੇ ਉਤੇ ਈਸਾਈ ਭੀੜ ਨੇ ਹਮਲਾ ਕੀਤਾ? ਕੀ ਹਜ਼ਾਰਾਂ ਅਮਰੀਕੀ ਈਸਾਈ, ਯੋਗੀ ਭਜਨ ਦੇ ਯਤਨਾਂ ਸਦਕਾ, ਸਿੱਖ ਨਹੀਂ ਸਨ ਬਣੇ? ਇਕ ਦੋ ਮਾਮਲਿਆਂ ਵਿਚ ਕਿਸੇ ਸਿਰਫਿਰੇ ਨੇ ਗੋਲੀਆਂ ਚਲਾਈਆਂ ਤਾਂ ਰਾਸ਼ਟਰਪਤੀ ਤਕ ਨੇ ਇਸ ਦੀ ਨਿਖੇਧੀ ਕੀਤੀ ਤੇ ਗੁਰਦਵਾਰੇ ਵਿਚ ਜਾ ਕੇ ਸਿੱਖਾਂ ਨਾਲ ਹਮਦਰਦੀ ਪ੍ਰਗਟ ਕੀਤੀ।

ਅੱਜ ਪੰਜਾਬ ਵਿਚ ਸਾਰੇ ਈਸਾਈ ਸਕੂਲਾਂ ਦੇ ਬੱਚੇ ਘਰ ਬੈਠੇ ਹਨ ਤੇ ਚਰਚਾਂ ਦੇ ਬਾਹਰ ਪੁਲਿਸ ਬੈਠੀ ਹੈ। ਕੀ ਦੂਜਿਆਂ ਅੰਦਰ ਡਰ ਪੈਦਾ ਕਰਨ ਵਾਲੀ ਸੋਚ ਨਾਲ ਬਾਬੇ ਨਾਨਕ ਨੇ ਸਿੱਖ ਫ਼ਲਸਫ਼ੇ ਦੀ ਸ਼ੁਰੂਆਤ ਕੀਤੀ ਸੀ? ਕੀ ਮਿਸਲਾਂ ਦੇ ਰਾਜ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਕਦੇ ਕਿਸੇ ਧਰਮ ਨੂੰ ਅਜਿਹੀ ਸ਼ਿਕਾਇਤ ਹੋਈ ਸੀ? ਸਿੱਖ ਇਤਿਹਾਸ ਵਿਚ ਕੁਰਬਾਨੀ ਦੀਆਂ ਅਨੇਕਾਂ ਮਿਸਾਲਾਂ ਹਨ ਜੋ ਅਪਣੇ ਨਿਜੀ ਸਵਾਰਥ ਵਾਸਤੇ ਨਹੀਂ ਬਲਕਿ ਹੋਰ ਧਰਮਾਂ ਦੀ ਧਾਰਮਕ ਆਜ਼ਾਦੀ ਵਾਸਤੇ ਕੁਰਬਾਨੀ ਦੀਆਂ ਗਾਥਾਵਾਂ ਬਿਆਨ ਕਰਦੀਆਂ ਹਨ।

ਪਰ ਕੁੱਝ ਸਿੱਖਾਂ ਨੂੰ ਲਾਲਚ ਦੇ ਕੇ ਜਾਂ ਹੋਰ ਗ਼ਲਤ ਢੰਗਾਂ ਨਾਲ ਈਸਾਈ ਬਣਾ ਲੈਣ ਦੀਆਂ ਖ਼ਬਰਾਂ ਕਾਰਨ ਪੈਦਾ ਹੋਈ ਘਬਰਾਹਟ ਦਰਸਾਉਂਦੀ ਹੈ ਕਿ ਅਸੀ ਖ਼ਰਾਬੀ ਦਾ ਸਹੀ ਹੱਲ ਲੱਭਣ ਵਿਚ ਫਿਰ ਨਾਕਾਮ ਹੋ ਗਏ ਹਾਂ ਕਿਉਂਕਿ ਬਾਬਾ ਨਾਨਕ ਨਾਲ ਜੋੜਨ ਵਾਲੀ ਸਾਡੀ ਡੋਰ ਟੁਟ ਚੁੱਕੀ ਹੈ। ਜੇ ਧਾਰਮਕ ਆਗੂ ਫ਼ਿਕਰਮੰਦ ਹਨ ਕਿ ਕਿਉਂ ਕੁੱਝ ਲੋਕ ਸਿੱਖ ਧਰਮ ਨੂੰ ਛੱਡ ਰਹੇ ਹਨ ਤਾਂ ਜਵਾਬ ਉਨ੍ਹਾਂ ਦੇ ਅਪਣੇ ਗ਼ਰੀਬਾਨ ਵਿਚ ਹੈ। ਅੰਦਰ ਝਾਤੀ ਮਾਰ ਕੇ ਵੇਖਣ। ਜਦ ਬਾਬਾ ਨਾਨਕ ਨੇ ਬਰਾਬਰੀ ਦਿਤੀ, ਭਾਈ ਲਾਲੋ ਦੀ ਕੁਟੀਆ ਨੂੰ ਅਪਣਾ ਘਰ ਤੇ ਚੌਕਾ ਬਣਾਇਆ, ਜਾਤ-ਪਾਤ ਨੂੰ ਮਿਟਾਇਆ, ਗ਼ਰੀਬਾਂ ਤੇ ਦਬੇ ਕੁਚਲਿਆਂ ਦੀ ਮਦਦ ਵਾਸਤੇ ਖੜੇ ਹੋਏ ਤਾਂ ਅੱਜ ਸਾਡੇ ਗੁਰੂ-ਘਰਾਂ ਵਿਚ ਕੀ ਉਹੀ ਹੋ ਰਿਹਾ ਹੈ?

ਗ਼ਰੀਬ-ਅਮੀਰ ਵਿਚ ਅੰਤਰ ਤੁਹਾਡੇ ਪ੍ਰਸ਼ਾਦ ਦੇ ਚੜ੍ਹਾਵੇ ਤੋਂ ਹੀ ਪ੍ਰਤੱਖ ਹੋ ਆਉਂਦਾ ਹੈ, ਤਾਕਤਵਰ ਵਾਸਤੇ ਵੀਆਈਪੀ ਰਸਤਾ ਹੁੰਦਾ ਹੈ, ਗ਼ਰੀਬ ਵਾਸਤੇ ਡਾਂਗ ਵਾਲੇ ਖੜੇ ਹੁੰਦੇ ਹਨ। ਆਧੁਨਿਕ ਤਰੀਕੇ ਨਾਲ ਸੱਚੇ ਧਰਮ ਦਾ ਪ੍ਰਚਾਰ ਕਰਨ ਦੇ ਚਾਹਵਾਨਾਂ ਦੇ ਰਸਤੇ ਵਿਚ ਇਹ ਵਿਤਕਰੇ ਵੱਡੀ ਰੁਕਾਵਟ ਬਣ ਜਾਂਦੇ ਹਨ। ਜੇ ਧਾਰਮਕ ਆਗੂਆਂ ਨੇ ਸਿਰਫ਼ ਇਕ ਟੀਚਾ ਲੈ ਕੇ ਹੀ ਚਲਣਾ ਹੈ ਕਿ ਅਪਣੇ ਸਿਆਸੀ ਮਾਲਕਾਂ ਦੀ ਸੇਵਾ ਕਿਵੇਂ ਕਰਨੀ ਹੈ ਤਾਂ ਫਿਰ ਗੁਰੂ ਅਤੇ ਗ਼ਰੀਬ ਦੀ ਸੇਵਾ ਤਾਂ ਹੋ ਨਹੀਂ ਸਕੇਗੀ। ਅੱਜ ਸਾਡੇ ਨੌਜੁਆਨਾਂ ਨੂੰ ਸਿੱਖੀ ਦਾ ਸਹੀ ਫ਼ਲਸਫ਼ਾ ਸਾਡੇ ਧਾਰਮਕ ਆਗੂਆਂ ਤੋਂ ਨਹੀਂ ਮਿਲ ਰਿਹਾ। ਪੰਥਕ ਪਾਰਟੀ ਦੇ ਆਗੂ ਨਸ਼ੇ, ਭ੍ਰਿਸ਼ਟਾਚਾਰ, ਲਾਲਚ ਦੇ ਇਲਜ਼ਾਮਾਂ ਵਿਚ ਲਿਪਟੇ ਹੋਏ ਹਨ, ਫਿਰ ਉਨ੍ਹਾਂ ਦਾ ਸਿੱਖੀ ਬਾਣਾ ਵੇਖ ਕੇ ਨੌਜੁਆਨ ਤਾਂ ਨਿਰਾਸ਼ ਹੀ ਹੋਣਗੇ।

ਸਿੱਧੂ ਮੂਸੇਵਾਲੇ ਵਰਗੇ ਨੌਜੁਆਨ ਪੱਗ ਦੀ ਲਾਜ ਰਖਦੇ ਨੇ, ਅਪਣੀ ਧਰਤੀ ਵਿਚ ਇਮਾਨਦਾਰੀ ਨਾਲ ਕੰਮ ਕਰਦੇ ਹਨ ਤੇ ਉਨ੍ਹਾਂ ਨੂੰ ਖ਼ਤਮ ਹੀ ਕਰ ਦਿਤਾ ਜਾਂਦਾ ਹੈ। ਫਿਰ ਕਿਉਂ ਧਰਮ ਪਰਿਵਰਤਨ ਦਾ ਇਲਜ਼ਾਮ ਕਿਸੇ ਹੋਰ ਧਰਮ ’ਤੇ ਲਾਉਂਦੇ ਹੋ ਜਦ ਕਮਜ਼ੋਰੀ ਦਾ ਕਾਰਨ ਸਿੱਖ ਧਾਰਮਕ ਆਗੂਆਂ ਦੀਆਂ ਅਪਣੀਆਂ ਗ਼ਲਤੀਆਂ ਹਨ ਤੇ ਸਿੱਖ ਸਮਾਜ ਦਾ ਭਾਈ ਲਾਲੋਆਂ ਤੇ ਭਾਈ ਮਰਦਾਨਿਆਂ ਨੂੰ ਅਪਣਾ ਅੰਗ ਮੰਨਣ ਤੋਂ ਇਨਕਾਰੀ ਹੋਣਾ ਹੈ? ਉਨ੍ਹਾਂ ਦੇ ਮੁਰਦਿਆਂ ਨੂੰ ਅਪਣੀਆਂ ਸ਼ਮਸ਼ਾਨ ਭੂਮੀਆਂ ਵਿਚ ਸਾੜਨ ਦੀ ਆਗਿਆ ਵੀ ਨਹੀਂ ਦੇਂਦਾ ਤੇ ਲੰਗਰ ਵਿਚ ਗ਼ਰੀਬ ਨੂੰ ਨੇੜੇ ਵੀ ਨਹੀਂ ਬਹਿਣ ਦੇਂਦਾ। ਔਖ ਵੇਲੇ ਕਿਸੇ ਦੀ ਮਦਦ ਵੀ ਨਹੀਂ ਕਰਦਾ। ਫਿਰ ਉਹ ਦੁਖੀ ਲੋਕ ਦੂਜਿਆਂ ਵਲ ਕਿਉਂ ਨਾ ਝਾਕਣਗੇ ਤੇ ਸਾਡੀ ਬੇਰੁਖ਼ੀ ਤੇ ਮਾਇਆਵਾਦੀ ਸੋਚ ਦਾ ਲਾਭ ਦੂਜੇ ਕਿਉਂ ਨਹੀਂ ਉਠਾਉਣਗੇ?

ਈਸਾਈ ਸਾਰੇ ਗ਼ਰੀਬ, ਲਾਚਾਰ, ਛੋਟੀਆਂ ਜਾਤਾਂ ਵਾਲਿਆਂ ਨੂੰ ਖੁਲ੍ਹਾ ਸੱਦਾ ਦੇਂਦੇ ਹਨ ਕਿ ਜੇ ਉਹ ਉਨ੍ਹਾਂ ਵਿਚ ਸ਼ਾਮਲ ਹੋ ਜਾਣ ਤਾਂ ਉਹ ਹਰ ਮਦਦ ਕਰਨ ਨੂੰ ਤਿਆਰ ਹਨ। ਉਹ ਈਸਾਈ ਧਰਮ ਦੀ ਫ਼ਿਲਾਸਫ਼ੀ ਸਮਝਾਏ ਬਿਨਾਂ ਅਤੇ ‘ਚਮਤਕਾਰੀ’ ਦੇ ਝੂਠੇ ਪ੍ਰਚਾਰ ਦੇ ਸਹਾਰੇ, ਗ਼ਰੀਬ ਦੀ ਦੁਖਦੀ ਰੱਗ ਤੇ ਹੱਥ ਰੱਖ ਕੇ ਧਰਮ ਤਬਦੀਲੀ ਦੇ ‘ਫ਼ਾਇਦੇ’ ਦੱਸਣ ਨੂੰ ‘ਧਰਮ ਪ੍ਰਚਾਰ’ ਕਹਿਣ ਲਗਦੇ ਹਨ। ਇਹ ਢੰਗ ਵਰਤ ਕੇ ਧਰਮ ਬਦਲਣਾ ਗ਼ਲਤ ਹੀ ਸਹੀ ਪਰ ਇਸ ਦਾ ਜਵਾਬ ਕੀ ਇਹ ਹੈ ਕਿ ਉਨ੍ਹਾਂ ਦੀ ਧਾਰਮਕ ਆਜ਼ਾਦੀ ਖੋਹ ਲਈ ਜਾਏ ਜਾਂ ਫਿਰ ਨਾਨਕ ਬਾਣੀ ਨੂੰ ਅਤੇ ਅਪਣੇ ਇਤਿਹਾਸ ਨੂੰ ਸਾਹਮਣੇ ਰੱਖ ਕੇ ਹੋਰ ਕੋਈ ਸਾਰਥਕ ਹੱਲ ਕਢਿਆ ਜਾਏ? ਸਿੱਖ ਵਿਦਵਾਨ ਨਿਰਪੱਖ ਹੋ ਕੇ, ਬਾਬੇ ਨਾਨਕ ਦੇ ਚਰਨ ਫੜ ਕੇ, ਇਸ ਪ੍ਰਸ਼ਨ ਦਾ ਹੱਲ ਲੱਭਣਗੇ ਤਾਂ ਜ਼ਰੂਰ ਮਿਲ ਜਾਏਗਾ। ਹਾਲ ਦੀ ਘੜੀ, ਦੋਹਾਂ ਧਿਰਾਂ ਦੇ ਆਗੂ, ਇਕ ਦੂਜੇ ਨੂੰ ਚੁੱਭਣ ਵਾਲੀਆਂ ਗ਼ਲਤੀਆਂ ਇਕਦਮ ਬੰਦ ਕਰ ਦੇਣ ਤੇ ਦਸ ਦੇਣ ਕਿ ਦੋ ਘੱਟ ਗਿਣਤੀਆਂ ਆਪਸੀ ਮਤਭੇਦ ਕਿਵੇਂ ਦੂਰ ਕਰਦੀਆਂ ਹਨ।
- ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement