
ਇਕ 16 ਸਾਲਾਂ ਦੀ ਬੱਚੀ, ਗਰੇਟਾ ਥੁਨਬਰਗ ਨੇ ਵਾਤਾਵਰਣ ਦੇ ਵਿਸ਼ੇ ਨੂੰ ਲੈ ਕੇ ਵੱਡੇ ਵੱਡੇ ਆਗੂਆਂ ਉਤੇ ਹਮਲਾ ਕਰ ਕੇ ਅੱਜ ਨਾ ਸਿਰਫ਼ ਵਾਤਾਵਰਣ ਦੀ ਨਿਘਰਦੀ ਹਾਲਤ ਉਤੇ....
ਇਕ 16 ਸਾਲਾਂ ਦੀ ਬੱਚੀ, ਗਰੇਟਾ ਥੁਨਬਰਗ ਨੇ ਵਾਤਾਵਰਣ ਦੇ ਵਿਸ਼ੇ ਨੂੰ ਲੈ ਕੇ ਵੱਡੇ ਵੱਡੇ ਆਗੂਆਂ ਉਤੇ ਹਮਲਾ ਕਰ ਕੇ ਅੱਜ ਨਾ ਸਿਰਫ਼ ਵਾਤਾਵਰਣ ਦੀ ਨਿਘਰਦੀ ਹਾਲਤ ਉਤੇ ਰੌਸ਼ਨੀ ਪਾ ਦਿਤੀ ਹੈ ਬਲਕਿ ਹੁਣ ਪੀੜ੍ਹੀਆਂ ਵਿਚਕਾਰ ਜੰਗ ਵੀ ਸ਼ੁਰੂ ਹੋ ਰਹੀ ਹੈ। ਗਰੇਟਾ ਇਕ 16 ਸਾਲਾਂ ਦੀ ਬੱਚੀ ਹੈ ਜਿਸ ਨੂੰ ਧਰਤੀ ਦੇ ਵਾਤਾਵਰਣ ਦੀ ਚਿੰਤਾ ਸਤਾ ਰਹੀ ਸੀ, ਇਸ ਲਈ ਦੋ ਸਾਲ ਪਹਿਲਾਂ ਉਹ ਹਰ ਸ਼ੁਕਰਵਾਰ ਨੂੰ ਛੁੱਟੀ ਕਰ ਕੇ ਸਵੀਡਨ ਦੀ ਸੰਸਦ ਦੇ ਬਾਹਰ ਬੈਠ ਜਾਂਦੀ ਸੀ। ਇਕ ਬੱਚੀ ਦੀ ਬਗ਼ਾਵਤ ਦੋ ਸਾਲਾਂ ਵਿਚ ਲਹਿਰ ਬਣ ਗਈ ਅਤੇ ਪਿਛਲੇ ਹਫ਼ਤੇ ਉਹ ਇਕ ਸੇਲ ਬੋਟ ਉਤੇ ਸਵਾਰ ਹੋ ਕੇ ਸੰਯੁਕਤ ਰਾਸ਼ਟਰ ਵਿਚ ਭਾਸ਼ਣ ਕਰਨ ਲਈ ਪਹੁੰਚ ਗਈ। ਉਸ ਦੀਆਂ ਅੱਖਾਂ ਡੋਨਾਲਡ ਟਰੰਪ ਉਤੇ ਇਕ ਮਸ਼ੀਨ ਗੰਨ ਵਾਂਗ ਤਣੀਆਂ ਹੋਈਆਂ ਸਨ।
Swedish teen Greta Thunberg inspiring climate strikes
ਉਸ ਦਾ ਭਾਸ਼ਣ ਸਾਰੇ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ/ਰਾਸ਼ਟਰਪਤੀਆਂ ਨੂੰ ਸ਼ਰਮਸਾਰ ਕਰਨ ਵਾਲਾ ਸੀ। ਜਿਥੇ ਉਸ ਦੀ ਇਸ ਲਹਿਰ ਨੂੰ ਵੇਖ ਕੇ, ਦੁਨੀਆਂ ਦੇ ਕੋਨੋ ਕੋਨੇ ਵਿਚ ਬੈਠੇ ਲੋਕ, ਹਰ ਸ਼ੁਕਰਵਾਰ ਨੂੰ ਵਾਤਾਵਰਣ ਵਾਸਤੇ ਆਵਾਜ਼ ਚੁੱਕਣ ਵਾਲੇ ਖੜੇ ਹੋ ਗਏ ਹਨ, ਉਥੇ ਇਕ ਯੋਜਨਾਬੱਧ ਤਰੀਕੇ ਨਾਲ ਇਸ ਬੱਚੀ ਉਤੇ ਵਾਰ ਵੀ ਕੀਤੇ ਜਾ ਰਹੇ ਹਨ। ਇਸ ਬੱਚੀ ਦਾ ਅਸਰ ਸਾਡੇ ਬਠਿੰਡੇ ਵਿਚ ਵੀ ਵੇਖਣ ਨੂੰ ਮਿਲਿਆ ਜਿਥੇ ਪਿਛਲੇ ਸ਼ੁਕਰਵਾਰ ਸੈਂਕੜੇ ਸਕੂਲੀ ਬੱਚੇ ਵਾਤਾਵਰਣ ਦੀ ਚਿੰਤਾ ਲੈ ਕੇ ਸੜਕਾਂ ਉਤੇ ਉਤਰ ਆਏ। ਸ਼ਾਇਦ ਇਸ ਨੌਜੁਆਨ ਪੀੜ੍ਹੀ ਦੇ ਵਿਰੋਧ ਤੋਂ ਘਬਰਾ ਕੇ ਪਹਿਲਾਂ ਤਾਂ ਗਰੇਟਾ ਦੇ ਨਿਜੀ ਚਰਿੱਤਰ ਉਤੇ ਹਮਲਾ ਕੀਤਾ ਗਿਆ। ਚਰਿੱਤਰ ਵੀ ਨਹੀਂ ਬਲਕਿ ਉਸ ਦੀ ਕਮਜ਼ੋਰੀ ਉਤੇ ਵਾਰ ਕੀਤਾ ਗਿਆ ਕਿਉਂਕਿ ਗਰੇਟਾ ਨੂੰ ਐਸਪਰਜਰ ਸਿੰਡਰੋਮ ਨਾਮਕ ਬਿਮਾਰੀ ਹੈ ਜਿਸ ਕਾਰਨ ਉਹ ਸਮਾਜਕ ਸੰਪਰਕ ਅਤੇ ਵਤੀਰੇ 'ਚ ਕਮਜ਼ੋਰ ਹੈ। ਸੋ ਵਾਤਾਵਰਣ ਦੀ ਕੀਮਤ ਤੇ ਮੁਨਾਫ਼ਾ ਕਮਾਉਣ ਵਾਲੇ ਵਪਾਰੀਆਂ ਨੇ ਇਸ ਬੱਚੀ ਦੀ ਇਸ ਕਮਜ਼ੋਰੀ ਉਤੇ ਵਾਰ ਕੀਤਾ ਅਤੇ ਕਿਹਾ ਕਿ ਇਕ ਖੱਬੀ ਸੋਚ ਉਸ ਦੇ ਘੂਰਦੇ ਚਿਹਰੇ ਨੂੰ ਇਸਤੇਮਾਲ ਕਰ ਕੇ ਵਪਾਰ ਉਤੇ ਹਮਲਾ ਕਰ ਰਹੀ ਹੈ।
Swedish teen Greta Thunberg inspiring climate strikes
ਹੁਣ ਇਟਲੀ ਦੇ ਇਕ ਪੱਤਰਕਾਰ ਦੇ ਨਾਂ ਤੇ ਗਰੇਟਾ ਅਤੇ ਨੌਜੁਆਨਾਂ ਉਤੇ ਹਮਲਾ ਕਰ ਕੇ ਪੀੜ੍ਹੀਆਂ ਦਰਮਿਆਨ ਵੰਡ ਦੀ ਦੀਵਾਰ ਖਿੱਚੀ ਜਾ ਰਹੀ ਹੈ। ਕਿਹਾ ਗਿਆ ਹੈ ਕਿ ਅੱਜ ਦੀ ਪੀੜ੍ਹੀ ਏ.ਸੀ. ਕਮਰਿਆਂ ਵਿਚ ਬੈਠਦੀ ਹੈ, ਗਰਮੀ ਬਰਦਾਸ਼ਤ ਨਹੀਂ ਕਰਦੀ, ਗੱਡੀਆਂ ਚਲਾਉਂਦੀ ਹੈ, ਸਾਈਕਲ ਨਹੀਂ ਚਲਾਉਂਦੀ ਅਤੇ ਵਾਤਾਵਰਣ ਨੂੰ ਇਸ ਛੋਟੀ ਪੀੜ੍ਹੀ ਨੇ ਖ਼ਰਾਬ ਕੀਤਾ ਹੈ। ਹੁਣ ਜਵਾਬ ਤਾਂ ਇਹੀ ਹੈ ਕਿ ਨੌਜੁਆਨਾਂ ਕੋਲ ਤਾਂ ਏ.ਸੀ. ਖ਼ਰੀਦਣ ਜੋਗੇ ਪੈਸੇ ਹੀ ਨਹੀਂ ਹੁੰਦੇ, ਅਤੇ ਖ਼ਰੀਦਦੇ ਤਾਂ ਮਾਂ-ਬਾਪ ਹੀ ਹਨ। ਸੜਕਾਂ ਉਤੇ ਗੱਡੀਆਂ ਮਾਂ-ਬਾਪ ਦੀ ਪੀੜ੍ਹੀ ਨੇ ਤੇਜ਼ ਚਲਾ ਕੇ ਬੱਚਿਆਂ ਦਾ ਸਾਈਕਲਾਂ ਚਲਾਉਣਾ ਨਾਮੁਮਕਿਨ ਬਣਾ ਦਿਤਾ ਹੈ। ਅੱਜ ਵੀ ਜੰਗਲਾਂ ਨੂੰ ਉਜਾੜ ਕੇ ਉਦਯੋਗ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਵੱਡੇ ਬਜ਼ੁਰਗ ਹੀ ਕਰ ਰਹੇ ਹਨ।
Greta Thunberg
ਅਸਲ ਵਿਚ ਗ਼ਲਤੀ ਸਾਰਿਆਂ ਦੀ ਹੈ। ਵੱਡੇ, ਛੋਟੇ ਸਾਰਿਆਂ ਨੇ ਬਰਾਬਰ ਹੀ ਉਦਯੋਗ ਦੀ ਇਸ ਦੁਨੀਆਂ ਵਿਚ ਵੱਧ ਤੋਂ ਵੱਧ ਸੁੱਖ, ਅਰਾਮ ਦੀਆਂ ਚੀਜ਼ਾਂ ਖ਼ਰੀਦਣ ਲਈ ਵਾਤਾਵਰਣ ਤਿਆਰ ਕਰ ਕੇ, ਮਰਦਾਂ, ਇਸਤਰੀਆਂ, ਬੱਚਿਆਂ, ਦਫ਼ਤਰਾਂ, ਘਰਾਂ ਸਕੂਲਾਂ, ਸੱਭ ਨੂੰ ਨਵੀਆਂ ਤੋਂ ਨਵੀਆਂ ਤਕਨੀਕਾਂ ਦੇ ਪਹਿਲਾਂ ਸ਼ੈਦਾਈ ਤੇ ਫਿਰ ਗ਼ੁਲਾਮ ਬਣਾ ਦਿਤਾ ਹੈ। ਗਰਮੀ ਸਹਿਣ ਦੀ ਸ਼ਕਤੀ ਹੁਣ ਰਹੀ ਹੀ ਨਹੀਂ। ਪਾਣੀ ਬੋਤਲ ਵਿਚੋਂ ਪੀਣਾ ਸਾਰੇ ਸ਼ਾਨ ਦੀ ਗੱਲ ਸਮਝਦੇ ਹਨ। ਇਕ ਕਪੜਾ ਦੂਜੀ ਵਾਰ ਪਾਉਣ ਵਿਚ ਸ਼ਰਮਾਉਣ ਵਾਲੇ ਹਰ ਪੀੜ੍ਹੀ ਵਿਚ ਹੁੰਦੇ ਹਨ।
Swedish teen Greta Thunberg inspiring climate strikes
ਅਸਲ ਵਿਚ ਵਾਤਾਵਰਣ ਨੂੰ ਪਲੀਤ ਕਰ ਕੇ ਤੇ ਕੁਦਰਤ ਨੂੰ ਨੰਗੀ ਕਰ ਕੇ ਉਦਯੋਗ ਅਤੇ ਵਪਾਰ ਦੇ ਮੁਨਾਫ਼ੇ ਵਧਦੇ ਹਨ ਅਤੇ ਜੇ ਉਦਯੋਗ ਨੂੰ ਅਪਣੀ ਇਹ ਲੁੱਟ ਮਾਰ ਕਰਨ ਦੀ ਇਜਾਜ਼ਤ ਨਾ ਦਿਤੀ ਜਾਵੇ ਤਾਂ ਉਨ੍ਹਾਂ ਦਾ ਮੁਨਾਫ਼ਾ ਖ਼ਤਮ ਤਾਂ ਨਹੀਂ ਹੋਵੇਗਾ ਪਰ ਘੱਟ ਜ਼ਰੂਰ ਜਾਵੇਗਾ। ਅਤੇ ਹੁਣ ਗਰੇਟਾ ਅਤੇ ਨੌਜੁਆਨ ਪੀੜ੍ਹੀ ਦੀ ਮੁਹਿੰਮ ਨੂੰ ਨਾਕਾਮ ਕਰਨ ਲਈ ਨਵੀਆਂ ਨਵੀਆਂ ਮੁਹਿੰਮਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਅੱਜ ਨੌਜੁਆਨਾਂ ਨੂੰ ਵੇਖ ਕੇ ਫ਼ਖ਼ਰ ਹੁੰਦਾ ਹੈ ਕਿ ਉਨ੍ਹਾਂ ਵਿਚ ਹਿੰਮਤ ਅਤੇ ਜਜ਼ਬਾ ਹੈ ਜਿਸ ਦੇ ਸਹਾਰੇ ਉਹ ਏਨੀ ਵੱਡੀ ਲੜਾਈ ਸ਼ੁਰੂ ਕਰ ਰਹੇ ਹਨ ਅਤੇ ਜਿਹੜੀ ਪੀੜ੍ਹੀ ਨੇ ਅਪਣੀ ਖ਼ਾਮੋਸ਼ੀ ਸਦਕਾ ਵਪਾਰੀਆਂ ਨੂੰ ਇਸ ਕਦਰ ਲਾਲਚੀ ਬਣਨ ਦਿਤਾ, ਹੁਣ ਉਹ ਚੌਕਸ ਰਹੇ ਅਤੇ ਅਪਣੇ ਬੱਚਿਆਂ ਉਤੇ ਕਿਸੇ ਨੂੰ ਵੀ ਵਾਰ ਨਾ ਕਰਨ ਦੇਵੇ। -ਨਿਮਰਤ ਕੌਰ