Editorial: ਤਕਰੀਬਨ ਸਾਰੇ ਚੋਣ ਸਰਵੇਖਣਾਂ ਮੁਤਾਬਿਕ ਕਮਲਾ ਹੈਰਿਸ ਅਪਣੇ ਵਿਰੋਧੀ ਟਰੰਪ ਤੋਂ ਸਿਰਫ਼ ਪੋਟਾ ਕੁ ਅੱਗੇ ਹੈ।
Editorial: ਨਵੇਂ ਅਮਰੀਕੀ ਰਾਸ਼ਟਰਪਤੀ ਬਾਰੇ ਫ਼ੈਸਲੇ ਦੀ ਘੜੀ ਨੇੜੇ ਆ ਗਈ ਹੈ। ਨਾ ਸਿਰਫ਼ ਅਮਰੀਕਾ, ਬਲਕਿ ਦੁਨੀਆਂ ਭਰ ਲਈ ਮਹੱਤਵਪੂਰਨ ਹੈ ਇਹ ਫ਼ੈਸਲਾ। ਪੰਜ ਨਵੰਬਰ ਦੀ ਸ਼ਾਮ ਤਕ ਵੋਟਾਂ ਪੈਣੀਆਂ ਹਨ, ਉਸ ਤੋਂ ਬਾਅਦ ਇਨ੍ਹਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਰਾਸ਼ਟਰਪਤੀ ਲਈ ਚੋਣ ਪਿੜ ਵਿਚ ਉਮੀਦਵਾਰ ਛੇ ਮੌਜੂਦ ਹਨ, ਪਰ ਮੁਕਾਬਲਾ ਰਿਪਬਲਿਕਨ ਪਾਰਟੀ ਦੇ ਡੋਨਲਡ ਟਰੰਪ ਅਤੇ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਤੇ ਮੌਜੂਦਾ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦਰਮਿਆਨ ਹੀ ਹੈ। ਇਹ ਮੁਕਾਬਲਾ ਬਹੁਤ ਫਸਵਾਂ ਮੰਨਿਆ ਜਾ ਰਿਹਾ ਹੈ।
ਤਕਰੀਬਨ ਸਾਰੇ ਚੋਣ ਸਰਵੇਖਣਾਂ ਮੁਤਾਬਿਕ ਕਮਲਾ ਹੈਰਿਸ ਅਪਣੇ ਵਿਰੋਧੀ ਟਰੰਪ ਤੋਂ ਸਿਰਫ਼ ਪੋਟਾ ਕੁ ਅੱਗੇ ਹੈ। ਉਸ ਨੂੰ 49 ਫ਼ੀਸਦੀ ਵੋਟਾਂ ਮਿਲਣ ਦੇ ਅਨੁਮਾਨ ਹਨ ਜਦਕਿ ਟਰੰਪ ਦੇ ਹਮਾਇਤੀ ਵੋਟਰਾਂ ਦੀ ਫ਼ੀਸਦ 48 ਦੱਸੀ ਜਾ ਰਹੀ ਹੈ। ਵੋਟਾਂ ਪੈਣ ਦਾ ਅਮਲ ਅਮਰੀਕਾ ਦੇ ਬਹੁਤੇ ਰਾਜਾਂ ਵਿਚ ਵੀਹ ਦਿਨ ਪਹਿਲਾਂ ਸ਼ੁਰੂ ਹੋ ਗਿਆ ਸੀ। ਜਦੋ ਜਿਸ ਵੋਟਰ ਨੂੰ ਸਮਾਂ ਮਿਲਦਾ ਹੈ, ਉਹ ਵੋਟ ਪਾ ਆਉਂਦਾ ਹੈ। ਇਸੇ ਲਈ ਬਹੁਗਿਣਤੀ ਵੋਟਾਂ 5 ਨਵੰਬਰ ਤੋਂ ਪਹਿਲਾਂ ਹੀ ਭੁਗਤ ਜਾਣੀਆਂ ਯਕੀਨੀ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਨੇ ਪਸੰਦੀਦਾ ਉਮੀਦਵਾਰ ਬਾਰੇ ਮਨ ਬਣਾਇਆ ਹੋਇਆ ਸੀ, ਉਹ ਤਾਂ ਆਪੋ ਅਪਣੀ ਵੋਟ ਪਹਿਲਾਂ ਹੀ ਭੁਗਤਾ ਚੁੱਕੇ ਹਨ।
ਹੁਣ ਤਾਂ ਬਹੁਤੇ ਵੋਟਰ ਉਹ ਬਚੇ ਹਨ ਜਿਨ੍ਹਾਂ ਨੇ ਅਜੇ ਵੀ ਪੂਰਾ ਮਨ ਨਹੀਂ ਬਣਾਇਆ। ਕਿਉਂਕਿ ਮੁਕਾਬਲਾ ਬਹੁਤ ਫਸਵਾਂ ਹੈ, ਇਸੇ ਲਈ ਟਰੰਪ ਤੇ ਹੈਰਿਸ ਵਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਕਿ ਉਹ ਅਜਿਹੇ ਵੋਟਰਾਂ ਨੂੰ ਪ੍ਰਭਾਵਿਤ ਕਰ ਕੇ ਪੋÇਲੰਗ ਸਟੇਸ਼ਨਾਂ ਵਲ ਖਿੱਚ ਸਕਣ। ਪਰ ਅਜਿਹੀ ਰਣਨੀਤੀ ਦੇ ਤਹਿਤ ਪ੍ਰਚਾਰ ਲਈ ਜੋ ਸ਼ਬਦਾਵਲੀ ਵਰਤੀ ਜਾ ਰਹੀ ਹੈ, ਉਹ ਨਾ ਸਿਰਫ਼ ਅਸਭਿਆ ਹੈ ਬਲਕਿ ਕੂੜ-ਪ੍ਰਚਾਰ ਤੋਂ ਵੀ ਵੱਧ ਮਲੀਨ ਹੈ।
ਅਮਰੀਕੀ ਰਾਸ਼ਟਰਪਤੀ ਤੇ ਉਪ-ਰਾਸ਼ਟਰਪਤੀ ਦੀ ਚੋਣ ਦੀ ਵਿਧੀ ਨਿਰਾਲੀ ਹੈ। ਪਾਰਲੀਮੈਂਟ ਦੋ-ਸਦਨੀ ਹੈ : ਸੈਨੇਟ ਤੇ ਪ੍ਰਤੀਨਿਧੀ ਸਭਾ। ਸੂਬਾਈ ਅਸੈਂਬਲੀਆਂ ਦਾ ਰੂਪ ਵੀ ਅਜਿਹਾ ਹੈ। ਦੋਵਾਂ ਸਦਨਾਂ ਦੇ ਮੈਂਬਰਾਂ ਦੀ ਚੋਣ ਲੋਕਾਂ ਵਲੋਂ ਸਿੱਧੇ ਤੌਰ ’ਤੇ ਬਹੁਮੱਤ ਦੇ ਸਿਧਾਂਤ ਮੁਤਾਬਿਕ ਕੀਤੀ ਜਾਂਦੀ ਹੈ। ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਵੀ ਇਸੇ ਢੰਗ ਨਾਲ ਹੀ ਪੈਂਦੀਆਂ ਹਨ, ਪਰ ਚੋਣ ਸਿੱਧੇ ਤੌਰ ’ਤੇ ਨਹੀਂ ਹੁੰਦੀ। ਇਹ ਚੋਣ, ਚੋਣ ਮੰਡਲ (ਇਲੈਕਟਰੋਲ ਕੌਲੇਜ) ਕਰਦਾ ਹੈ। ਇਸ ਮੰਡਲ ਦੇ ਮੈਂਬਰਾਂ ਦੀ ਗਿਣਤੀ ਦਾ ਫ਼ਾਰਮੂਲਾ 18ਵੀਂ ਸਦੀ ਤੋਂ ਤੈਅਸ਼ੁਦਾ ਹੈ। ਇਸ ਵੇਲੇ ਇਹ ਗਿਣਤੀ 538 ਹੈ।
ਮੁਲਕ ਦੇ 48 ਰਾਜਾਂ ਤੇ ਕੌਮੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਚ ‘ਸਭ ਕੁਝ ਜੇਤੂ ਦਾ’ ਵਾਲਾ ਸਿਧਾਂਤ ਲਾਗੂ ਹੈ ਭਾਵ ਜਿਸ ਉਮੀਦਵਾਰ ਨੇ ਬਹੁਮੱਤ ਹਾਸਿਲ ਕਰ ਲਿਆ ਉਥੋਂ ਦੇ ਚੋਣ ਮੰਡਲ ਦੇ ਸਾਰੇ ਮੈਂਬਰ (ਇਲੈਕਟਰਜ਼) ਉਸ ਦੇ ਹੋਣਗੇ। ਸਿਰਫ਼ ਦੋ ਰਾਜ-ਮੇਨ ਤੇ ਨੈਬਰਾਸਕਾ ਅਜਿਹੇ ਹਨ ਜਿਹੜੇ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਦੇ ਅਨੁਪਾਤ ਨਾਲ ਚੋਣ ਮੰਡਲ ਦੇ ਮੈਂਬਰ ਨਿਸ਼ਚਿਤ ਕਰਦੇ ਹਨ। ਚੋਣ ਮੰਡਲ ਦੇ ਇਨ੍ਹਾਂ ਸੂਬਾਈ ਮੈਂਬਰਾਂ ਦੀ ਗਿਣਤੀ, ਰਾਜਾਂ ਦੀ ਵਸੋਂ ਦੇ ਆਧਾਰ ’ਤੇ ਤੈਅ ਕੀਤੀ ਗਈ ਸੀ, ਭੂਗੌਲਿਕ ਰਕਬੇ ਦੇ ਆਧਾਰ ’ਤੇ ਨਹੀਂ।
ਮਸਲਨ, ਕੈਲੇਫੋਰਨੀਆ ਦੇ ਇਲੈਕਟਰਜ਼ ਦੀ ਗਿਣਤੀ 54 ਹੈ ਅਤੇ ਸਭ ਤੋਂ ਵੱਡੇ ਰਾਜ ਟੈਕਸਸ ਦੀ 40। ਫਲੋਰਿਡਾ ਤੇ ਨਿਊਯਾਰਕ ਵਰਗੇ ਛੋਟੇ ਛੋਟੇ ਰਕਬਾਈ ਰਾਜਾਂ ਦੇ ਇਲੈਕਟਰਜ਼ ਦੀ ਗਿਣਤੀ ਕ੍ਰਮਵਾਰ 30 ਤੇ 28 ਹੈ ਜਦਕਿ ਉੱਤਰੀ ਡਕੋਟਾ, ਦੱਖਣੀ ਡਕੋਟਾ, ਵਰਮੌਂਟ ਤੇ ਵਯੋਮਿੰਗ ਵਰਗੇ ਰਾਜ ਵੱਡੇ ਭੂਗੋਲਿਕ ਰਕਬੇ ਦੇ ਬਾਵਜੂਦ ਮਹਿਜ਼ ਤਿੰਨ ਤਿੰਨ ਇਲੈਕਟਰਜ਼ ਹੀ ਚੋਣ ਮੰਡਲ ਵਿਚ ਭੇਜ ਸਕਦੇ ਹਨ।
ਇਸ ਪ੍ਰਣਾਲੀ ਦਾ ਮੁੱਖ ਨੁਕਸ ਇਹ ਹੈ ਕਿ ਲੋਕਾਂ ਦੀਆਂ ਵੋਟਾਂ ਦੀ ਗਿਣਤੀ ਪੱਖੋਂ ਬਹੁਮੱਤ ਪ੍ਰਾਪਤ ਕਰਨ ਵਾਲਾ ਉਮੀਦਵਾਰ ਵੀ ਚੋਣ ਮੰਡਲ ਵਿਚ ਘੱਟ ਵੋਟਾਂ ਹੋਣ ਕਾਰਨ ਹਾਰਿਆ ਹੋਇਆ ਮੰਨਿਆ ਜਾਂਦਾ ਹੈ। ਇਸ ਸਦੀ ਦੌਰਾਨ ਪਹਿਲਾਂ 2000 ਵਿਚ ਡੈਮੋਕਰੈਟ ਉਮੀਦਵਾਰ ਅਲ (ਐਲਬਰਟ) ਗੋਰ ਨਾਲ ਇਹ ਭਾਣਾ ਵਰਤਿਆ ਤੇ ਫਿਰ 2016 ਵਿਚ ਮੁੜ ਇਸੇ ਪਾਰਟੀ ਦੀ ਹਿਲੈਰੀ ਕਲਿੰਟਨ ਨਾਲ। ਇਸ ਤੋਂ ਪਹਿਲਾਂ 1800ਵਿਆਂ ਵਿਚ ਤਿੰਨ ਵਾਰ ਅਜਿਹਾ ਕੁਝ ਵਾਪਰਿਆ। ਇਸੇ ਕਰ ਕੇ ਉਮੀਦਵਾਰ ਚੋਣ ਪ੍ਰਚਾਰ ਦੌਰਾਨ ਅਪਣਾ ਧਿਆਨ ਮੁੱਖ ਤੌਰ ’ਤੇ ਉਨ੍ਹਾਂ ਰਾਜਾਂ ਉੱਤੇ ਕੇਂਦ੍ਰਿਤ ਕਰਦੇ ਹਨ ਜਿਨ੍ਹਾਂ ਦੀ ਚੋਣ ਮੰਡਲ ਅੰਦਰ ਪ੍ਰਤੀਨਿਧਤਾ ਵਡੇਰੀ ਹੁੰਦੀ ਹੈ।
ਰਵਾਇਤੀ ਰੁਝਾਨਾਂ ਮੁਤਾਬਿਕ ਮਹਾਂਨਗਰਾਂ ਤੇ ਸ਼ਹਿਰੀ ਕੇਂਦਰਾਂ ਵਿਚ ਡੈਮੋਕਰੈਟਾਂ ਦੀ ਚੜ੍ਹਤ ਰਹਿੰਦੀ ਹੈ ਅਤੇ ਕਸਬਿਆਂ ਤੇ ਪੇਂਡੂ ਖੇਤਰਾਂ ਵਿਚ ਰਿਪਬਲਿਕਨਾਂ ਦੀ। ਇਸ ਦੀ ਵਜ੍ਹਾ ਹੈ ਕਿ ਸ਼ਹਿਰੀ ਵਸੋਂ ਵੱਖ ਵੱਖ ਧਰਮਾਂ, ਕੌਮਾਂ, ਜਾਤੀਆਂ ਤੇ ਨਸਲਾਂ ਦਾ ਮਿਸ਼ਰਣ ਹੁੰਦੀ ਹੈ ਜਦਕਿ ਪੇਂਡੂ ਖੇਤਰਾਂ ਵਿਚ ਗੋਰੇ ਨਸਲਪ੍ਰਸਤਾਂ ਦੀ ਸਰਦਾਰੀ ਹੈ। ਇਹ ਵੀ ਇਕ ਵਿਡੰਬਨਾ ਹੈ ਕਿ ਜਿਸ ਰਿਪਬਲਿਕਨ ਪਾਰਟੀ ਦੇ ਨੇਤਾ ਅਬਰਾਹਮ ਲਿੰਕਨ ਨੇ 1860 ਵਿਚ ਸਿਆਹਫਾਮਾਂ ਦੀ ਗੁਲਾਮੀ ਦੀ ਪ੍ਰਥਾ ਖ਼ਤਮ ਕੀਤੀ ਸੀ, ਉਸ ਪਾਰਟੀ ਨੂੰ ਹੀ ਹੁਣ ਗੋਰਿਆਂ ਦੀ ਸਰਪ੍ਰਸਤ ਮੰਨਿਆ ਜਾਂਦਾ ਹੈ।
ਬਹਰਹਾਲ ਜਿਸ ਨੀਵੀਂ ਕਿਸਮ ਦਾ ਪ੍ਰਚਾਰ ਇਸ ਵੇਲੇ ਜਾਰੀ ਹੈ, ਉਹ ਸਮਾਜਿਕ ਵੰਡੀਆਂ ਵਧਾਉਣ ਵਾਲਾ ਹੈ। ਇਸ ਦੇ ਨਤੀਜੇ ਕੀ ਨਿਕਲਦੇ ਹਨ ਅਤੇ ਇਹ ਨਤੀਜੇ ਆਲਮੀ ਰਾਜਨੀਤੀ ਉੱਤੇ ਕੀ ਅਸਰ ਪਾਉਂਦੇ ਹਨ, ਇਹ ਤਾਂ ਸਮਾਂ ਹੀ ਦੱਸੇਗਾ।