Editorial: ਇੰਡੀਆ ਗਠਜੋੜ ਵਾਲੇ ਭਾਜਪਾ ਸਰਕਾਰ ਨੂੰ ਕੀ ਹਰਾਉਣਗੇ, ਸਾਥੀ ਪਾਰਟੀਆਂ ਨੂੰ ਨੀਵਾਂ ਵਿਖਾਉਣ ਤੋਂ ਹੀ ਵਿਹਲੇ ਨਹੀਂ ਹੋ ਰਹੇ!

By : NIMRAT

Published : Jan 3, 2024, 7:20 am IST
Updated : Jan 3, 2024, 7:23 am IST
SHARE ARTICLE
India alliance
India alliance

ਇਸ ਵਕਤ ‘ਇੰਡੀਆ’ ਦੀ ਭਾਈਵਾਲੀ ਨਾਲੋਂ ਇਸ ਗਠਜੋੜ ਨੂੰ ਭਾਜਪਾ ਜ਼ਿਆਦਾ ਸੰਜੀਦਗੀ ਨਾਲ ਲੈ ਰਹੀ ਹੈ ਤੇ ਇਸ ਵਿਰੁਧ ਅਪਣੇ ਤ੍ਰਿਸ਼ੂਲ ਤਿੱਖੇ ਕਰ ਰਹੀ ਹੈ।

Editorial: ਇੰਡੀਆ (INDIA) ਗਠਬੰਧਨ ਜਿਸ ਤਰ੍ਹਾਂ ਅਪਣਾ ਨਵਾਂ ਗਠਜੋੜ ਬਣਾ ਰਿਹਾ ਹੈ ਉਹ ਕਿਸੇ ਪ੍ਰਵਾਰਕ ਲੜੀਵਾਰ ਤੋਂ ਘੱਟ ਦਿਲਚਸਪ ਨਹੀਂ। ਇਕ ਪਾਸੇ ਵੱਡੀ ਜੰਗ  ਦੀ ਤਿਆਰੀ ਹੈ ਜਿਥੇ ਭਾਜਪਾ ਉਸ ਦੇ ਵਿਰੋਧ ਵਿਚ ਅਪਣੇ ਤ੍ਰਿਸ਼ੂਲ ਤਿੱਖੇ ਕਰੀ ਜਾ ਰਹੀ ਹੈ ਤੇ ਉਸ ਦੇ ਗਦਾਧਾਰੀ, ਅਪਣੀ ਤਾਕਤ ਦਾ ਵਿਖਾਵਾ ਵੱਖ ਕਰ ਰਹੇ ਹਨ। ਪਰ ਦੂਜੇ ਪਾਸੇ ਇਕ ਅਜਿਹਾ ਗਠਜੋੜ ਬਣ ਰਿਹਾ ਹੈ ਜਿਥੋਂ ਅਜੇ ਵੀ ਮੈਂ-ਮੈਂ ਦੀਆਂ ਅਵਾਜ਼ਾਂ ਗੂੰਜ ਰਹੀਆਂ ਹਨ।

ਕੁਰਸੀਆਂ ਦੇ ਸੌਦੇ ਕਰਨ ਵਾਲੇ ਇਕੱਠੇ ਬੈਠੇ ਤਾਂ ਹਨ ਪਰ ਉਨ੍ਹਾਂ ਦੇ ਅਪਣੇ ਘਰੋਂ ਅਜਿਹੀਆਂ ਅਵਾਜ਼ਾਂ ਆ ਰਹੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਲਗਦਾ ਹੈ ਕਿ ਉਥੇ ਅਨੁਸ਼ਾਸਨ ਦੀ ਵੱਡੀ ਘਾਟ ਹੈ ਤੇ ਜਾਂ ਫਿਰ ਅੰਦਰ ਬਹਿ ਕੇ ਕੋੋਈ ਖਿਚੜੀ ਪਕਾਈ ਜਾ ਰਹੀ ਹੈ ਜਿਸ ਦਾ ਸਵਾਦ ਖਾ ਕੇ ਹੀ ਪਤਾ ਲੱਗੇਗਾ। ਇਹੀ ਲਗਦਾ ਹੈ ਕਿ ‘ਇੰਡੀਆ’ ਗਰੁਪ ਦੀਆਂ ਸਾਰੀਆਂ ਪਾਰਟੀਆਂ ਅਪਣੀ ਨਿਜੀ ਤਾਕਤ ਵਧਾ ਕੇ ਅਤੇ ਦੂਜੀਆਂ ਸਾਥੀ ਪਾਰਟੀਆਂ ਦੀ ਤਾਕਤ ਘੱਟ ਕਰ ਕੇ ਵੇਖਣ ਵਿਚ ਹੀ ਮਸਤ ਹਨ ਤੇ ਬੀਜੇਪੀ ਨੂੰ ਹਰਾਉਣ ਦੀ ਗੱਲ ਸੋਚਣ ਦੀ ਥਾਂ,ਉਹ ਅਪਣੀਆਂ ਸਹਿਯੋਗੀ ਪਾਰਟੀਆਂ ਦੀ ਤਾਕਤ ਘੱਟ ਹੁੰਦੀ ਵੇਖ ਕੇ ਜ਼ਿਆਦਾ ਖ਼ੁਸ਼ ਹੋਣਗੀਆਂ ਬਸ਼ਰਤੇ ਕਿ ਉਨ੍ਹਾਂ ਦੀ ਅਪਣੀ ਪਾਰਟੀ ਦੀ ਤਾਕਤ ਵੱਧ ਹੋਈ ਨਜ਼ਰ ਆ ਸਕੇ।

ਇਕ ਪਾਸੇ ਸ਼ਿਵ ਸੈਨਾ ਇਸ ਗਠਬੰਧਨ ਦਾ ਹਿੱਸਾ ਹੈ ਪਰ ਨਾਲ-ਨਾਲ ਸੂਬਾ ਪੱਧਰ ’ਤੇ ਕਾਂਗਰਸ ਤੇ ਸ਼ਿਵ ਸੈਨਾ ਦੀ ਖਹਿਬਾਜ਼ੀ ਵੇਖ ਕੇ ਸਵਾਲ ਉਠਣ ਲਗਦੇ ਹਨ ਕਿ ਆਖ਼ਰ ਇਹ ਸਮਝੌਤਾ ਕਰਨ ਬੈਠੇ ਹਨ ਜਾਂ ਇਕ-ਦੂਜੇ ਨੂੰ ਤਬਾਹ ਕਰਨ ਵਾਸਤੇ ਭਾਜਪਾ ਦੇ ਟ੍ਰੋਜਨ ਘੋੜੇ (Trojan Horse) ਬਣ ਕੇ ਗਠਜੋੜ ਵਿਚ ਸ਼ਾਮਲ ਹੋਏ ਹਨ। ਮਹਾਰਾਸ਼ਟਰਾ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਦਾ ਦਾਅਵਾ ਹੈ ਕਿ ਮਹਾਰਾਸ਼ਟਰ ਵਿਚ ਅਗਵਾਈ ਕਾਂਗਰਸ ਵਾਲੇ ਕਰਨਗੇ ਤੇ ਸ਼ਿਵ ਸੈਨਾ ਦਾ ਜਵਾਬ ਹੈ ਕਿ ਜਿਹੜੀ ਕਾਂਗਰਸ ਮਹਾਰਾਸ਼ਟਰ ਵਿਚ ਇਕ ਸੀਟ ਉਤੇ ਸਿਮਟ ਕੇ ਰਹਿ ਗਈ ਹੈ, ਉਹ ਉਸ ਪਿੱਛੇ ਕਿਵੇਂ ਚਲ ਸਕਦੇ ਹਨ?

ਇਹੀ ਸੁਰ ਪਛਮੀ ਬੰਗਾਲ ਵਿਚ ਵੀ ਸੁਣਾਈ ਦੇ ਰਹੀ ਹੈ ਜਿਥੇ ਟੀਐਮਸੀ ਦਾ ਮੰਨਣਾ ਹੈ ਕਿ ਬੰਗਾਲ ਵਿਚ ਗਠਬੰਧਨ ਦਾ ਚਿਹਰਾ ਟੀਐਮਸੀ ਹੀ ਹੋਵੇਗਾ ਨਾ ਕਿ ਕਾਂਗਰਸ। ਪੰਜਾਬ ਦੇ ਮੁੱਖ ਮੰਤਰੀ ਨੇ ਵੀ ਪੰਜਾਬ ਵਿਚ ਕਾਂਗਰਸ ਬਾਰੇ ਬੀਤ ਗਏ ਸਮੇਂ ਦੀ ਕਹਾਣੀ ਹੋਣ ਦਾ ਦਾਅਵਾ ਕਰ ਦਿਤਾ ਹੈ ਤੇ ਆਖ ਦਿਤਾ ਹੈ ਕਿ ਇਥੇ ਤਾਂ ‘ਇਕ ਹੁੰਦੀ ਸੀ ਕਾਂਗਰਸ’ ਦਸਦੀ ਕਥਾ ਸ਼ੁਰੂ ਹੋ ਚੁਕੀ ਹੈ। ਇਨ੍ਹਾਂ ਸੂਬਾ ਪਧਰੀ ਆਗੂਆਂ ਦਾ ਕਹਿਣਾ ਵੀ ਸਹੀ ਹੈ ਕਿਉਂਕਿ ਇਨ੍ਹਾਂ ਸਾਰੇ ਸਿਆਸਤਦਾਨਾਂ ਨੇ ਅਪਣੀ ਹੋਂਦ ਹੀ ਕਾਂਗਰਸ ਨੂੰ ਖ਼ਤਮ ਕਰ ਕੇ ਬਣਾਈ ਹੈ। ਜੇ ਅੱਜ ਉਹ ਰਾਸ਼ਟਰੀ ਪੱਧਰ ਦੀ ਜਿੱਤ ਵਾਸਤੇ ਇਕ ਮੰਚ ’ਤੇ ਖੜੇ ਹੋ ਗਏ ਤਾਂ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੀ ਹੋਂਦ ਦਾ ਕੀ ਬਣੇਗਾ?

ਦੂਜੇ ਪਾਸੇ ਇਨ੍ਹਾਂ ਦੇ ਵੱਡੇ ਆਗੂ ਹਰ ਤਰ੍ਹਾਂ ਦਾ ਸਮਝੌਤਾ ਕਰਨ ਵਾਸਤੇ ਤਿਆਰ ਹਨ। ਆਖ਼ਰਕਾਰ ਇਕ ਪਾਸੇ ਊਧਵ ਠਾਕਰੇ ਤੇ ਦੂਜੇ ਪਾਸੇ ਓਵੈਸੀ ਜੇ ਇਕ ਮੰਚ ’ਤੇ ਖੜੇ ਹਨ ਤਾਂ ਇਹ ਦੋਵੇਂ ਹੀ ਵੱਡੇ ਸਮਝੌਤੇ ਕਰ ਕੇ ਖੜੇ ਹਨ। ਅਕਸਰ ਮੰਨਿਆ ਜਾਂਦਾ ਹੈ ਕਿ ਕਾਂਗਰਸ ਅਪਣੀ ਪਾਰਟੀ ਅੰਦਰ ਅਨੁਸ਼ਾਸਨ ਬਣਾਈ ਰਖਣ ਵਿਚ ਅਸਫ਼ਲ ਹੈ ਜਿਸ ਕਾਰਨ ਇਹ ਅੱਜ ਗਠਬੰਧਨ ਕਰਨ ਲਈ ਮਜਬੂਰ ਹੈ, ਪਰ ਸਾਰੀਆਂ ਸੂਬਾ ਪਧਰੀ ਪਾਟਰੀਆਂ ਦਾ ਹਾਲ ਵੀ ਕਾਂਗਰਸ ਹਾਈਕਮਾਂਡ ਵਰਗਾ ਹੀ ਹੈ ਕਿਉਂਕਿ ਕੋਈ ਵੀ ਅਪਣੀ ਅਪਣੀ ਪਾਰਟੀ ਦੇ ਵਰਕਰਾਂ ਨੂੰ ਇਸ ਗਠਜੋੜ ਵਿਚ ਕੁਰਬਾਨੀ ਦੀ ਭਾਵਨਾ ਨਾਲ ਜੁੜਨ ਵਾਸਤੇ ਮਨਾ ਨਹੀਂ ਪਾ ਰਹੀ ਜਾਂ ਸ਼ਾਇਦ ਇਹ ਲੋਕ ਅਜੇ ਵੀ ਕਾਂਗਰਸ ਨੂੰ ਨੀਵਾਂ ਵਿਖਾਉਣਾ ਚਾਹੁੰਦੇ ਹਨ ਤਾਕਿ ਉਨ੍ਹਾਂ ਦੇ ਹਿੱਸੇ ਜ਼ਿਆਦਾ ਸੀਟਾਂ ਆ ਸਕਣ। ਪਰ ਇਹ ਤਾਂ ਸਾਫ਼ ਹੈ ਕਿ ਇਸ ਗਠਜੋੜ ਵਿਚ ਅਜੇ ਅਪਣੇ ਟੀਚੇ ਪ੍ਰਤੀ ਸੰਜੀਦਗੀ ਬਿਲਕੁਲ ਵੀ ਨਹੀਂ।

ਇਕ ਪਾਸੇ ਜਿਥੇ ਪ੍ਰਧਾਨ ਮੰਤਰੀ ਮੋਦੀ ਵਰਗੇ ਆਗੂ ਦਾ ਰਾਮ ਮੰਦਰ ਦੇ ਉਦਘਾਟਨ ਦੀ ਸਫ਼ਲਤਾ ਦੇ ਮਾਹੌਲ ਵਿਚ ਵਿਰੋਧ ਕਰਨਾ ਮਿਥਿਆ ਗਿਆ ਹੋਵੇ, ਉਥੇ ਇਸ ਤਰ੍ਹਾਂ ਦਾ ਵਿਵਹਾਰ ਇਸ ਗਠਜੋੜ ਵਿਚ ਵਿਸ਼ਵਾਸ ਪੈਦਾ ਨਹੀਂ ਹੋਣ ਦੇਂਦਾ। ਜੇ ਅਸਲ ਵਿਚ ਇਹ ਲੋਕ ਇਹ ਮੰਨ ਕੇ ਚਲਦੇ ਕਿ 2024 ਦੀਆਂ ਚੋਣਾਂ ਲੋਕਤੰਤਰ ਤੇ ਸੰਵਿਧਾਨ ਨੂੰ ਬਚਾਉਣ ਦਾ ਆਖ਼ਰੀ ਮੌਕਾ ਹੈ ਤਾਂ ਫਿਰ ਗੱਲ ਕੁੱਝ ਹੋਰ ਹੀ ਹੁੰਦੀ। ਇਸ ਵਕਤ ‘ਇੰਡੀਆ’ ਦੀ ਭਾਈਵਾਲੀ ਨਾਲੋਂ ਇਸ ਗਠਜੋੜ ਨੂੰ ਭਾਜਪਾ ਜ਼ਿਆਦਾ ਸੰਜੀਦਗੀ ਨਾਲ ਲੈ ਰਹੀ ਹੈ ਤੇ ਇਸ ਵਿਰੁਧ ਅਪਣੇ ਤ੍ਰਿਸ਼ੂਲ ਤਿੱਖੇ ਕਰ ਰਹੀ ਹੈ। ਪਰ ਇਹ ਵੀ ‘ਇੰਡੀਆ’ ਦੀ ਨਹੀਂ ਭਾਜਪਾ ਦੀ ਖ਼ਾਸੀਅਤ ਹੈ ਕਿ ਉਹ ਕਿਸੇ ਵੀ ਲੜਾਈ ਵਿਚ ਭਾਗ ਲੈਣ ਲਗਿਆਂ ਕਿਸੇ ਵੀ ਵਿਰੋਧੀ ਨੂੰ ਛੋਟਾ ਜਾਂ ਕਮਜ਼ੋਰ ਨਹੀਂ ਸਮਝਦੀ।
- ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement