Advertisement
  ਵਿਚਾਰ   ਸੰਪਾਦਕੀ  03 Apr 2020  ਕੋਰੋਨਾ: ਉਪਰੋਂ ਐਲਾਨ ਕਰਨ ਤੋਂ ਪਹਿਲਾਂ ਹੇਠਾਂ ਵੇਖੋ ਕਿ ਤਿਆਰੀ ਕਿੰਨੀ ਹੈ

ਕੋਰੋਨਾ: ਉਪਰੋਂ ਐਲਾਨ ਕਰਨ ਤੋਂ ਪਹਿਲਾਂ ਹੇਠਾਂ ਵੇਖੋ ਕਿ ਤਿਆਰੀ ਕਿੰਨੀ ਹੈ

ਸਪੋਕਸਮੈਨ ਸਮਾਚਾਰ ਸੇਵਾ | ਨਿਮਰਤ ਕੌਰ
Published Apr 3, 2020, 5:11 pm IST
Updated Apr 9, 2020, 7:06 pm IST
ਦੁਨੀਆਂ ਦੇ ਸੱਭ ਤੋਂ ਅਮੀਰ ਅਤੇ ਤਾਕਤਵਰ ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪਣੇ
Photo
 Photo
ਦੁਨੀਆਂ ਦੇ ਸੱਭ ਤੋਂ ਅਮੀਰ ਅਤੇ ਤਾਕਤਵਰ ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪਣੇ ਦੇਸ਼ ਵਾਸਤੇ ਚੇਤਾਵਨੀ ਦਿਤੀ ਹੈ ਕਿ ਉਥੇ 1-2 ਲੱਖ ਲੋਕ ਮਰ ਸਕਦੇ ਹਨ। ਪਰ ਨਾਲ ਹੀ ਇਹ ਵੀ ਆਖ ਗਏ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਸੂਬੇ ਕੈਲੀਫ਼ੋਰਨੀਆ ਅਤੇ ਵਾਸ਼ਿੰਗਟਨ ਨੇ ਏਕਾਂਤਵਾਸ ਕਰ ਕੇ ਕੋਰੋਨਾ ਵਾਇਰਸ ਉਤੇ ਕਾਬੂ ਪਾਇਆ ਹੈ, ਬਾਕੀ ਸੂਬੇ ਵੀ ਕਰ ਸਕਦੇ ਹਨ। ਇਕ ਪਾਸੇ ਉਨ੍ਹਾਂ ਨੇ ਆਖ ਦਿਤਾ ਕਿ ਉਨ੍ਹਾਂ ਕੋਲ ਵੈਂਟੀਲੇਟਰਾਂ ਦੀ ਕੋਈ ਕਮੀ ਨਹੀਂ, ਜੋ ਉਹ ਸੂਬਿਆਂ ਵਿਚ ਭੇਜ ਸਕਦੇ ਹਨ ਅਤੇ ਦੂਜੇ ਪਾਸੇ ਨਿਊਯਾਰਕ ਵਿਚ ਰੋਜ਼ ਮੌਤਾਂ ਹੋ ਰਹੀਆਂ ਹਨ।  

 

ਇਸ ਭੰਬਲਭੂਸੇ ਵਾਲੇ ਬਿਆਨ ਨਾਲ ਡੋਨਾਲਡ ਟਰੰਪ ਕੀ ਕਹਿਣਾ ਚਾਹ ਰਹੇ ਸਨ ਤੇ ਕੀ ਉਹ ਘਬਰਾਹਟ ਵਾਲਾ ਮਾਹੌਲ ਬਣਾ ਕੇ ਅਮਰੀਕਾ ਦੇ ਉਦਯੋਗਪਤੀਆਂ ਨੂੰ ਵੱਡਾ ਪੈਸਾ ਦੇਣਾ ਚਾਹ ਰਹੇ ਸਨ, ਉਸ ਬਾਰੇ ਛੇਤੀ ਹੀ ਪਤਾ ਲੱਗ ਜਾਵੇਗਾ। ਪਰ ਸਾਡੇ ਵਰਗੇ ਗ਼ਰੀਬ ਦੇਸ਼ਾਂ ਵਿਚ ਆਉਣ ਵਾਲੇ ਕੁੱਝ ਹਫ਼ਤਿਆਂ ਵਿਚ ਸਿਹਤ ਸੰਸਥਾਵਾਂ ਅੱਗੇ ਇਕ ਵੱਡੀ ਚੁਨੌਤੀ ਖੜੀ ਹੋਣ ਜਾ ਰਹੀ ਹੈ। ਜਿਸ ਤਰ੍ਹਾਂ ਬਾਕੀ ਦੁਨੀਆਂ ਵਲ ਵੇਖ ਕੇ ਦੇਸ਼ ਵਿਚ ਤਾਲਾਬੰਦੀ ਕੀਤੀ ਗਈ ਸੀ, ਉਸ ਦਾ ਬਦਲ ਵੀ ਸ਼ਾਇਦ ਕੋਈ ਨਹੀਂ ਸੀ ਪਰ ਪਿਛਲੇ ਹਫ਼ਤੇ ਹੀ ਇਹ ਗੱਲ ਸਾਫ਼ ਹੋ ਗਈ ਕਿ ਤਿਆਰੀ ਤਾਂ ਦੂਰ, ਤਾਲਾਬੰਦੀ ਦੇ ਸਮਾਜ ਉਤੇ ਪੈਣ ਵਾਲੇ ਅਸਰਾਂ ਬਾਰੇ ਵੀ ਕਿਸੇ ਨੂੰ ਕੁੱਝ ਨਹੀਂ ਸੀ ਪਤਾ।

 

ਸਰਕਾਰ ਅਪਣੇ ਹੀ ਦੇਸ਼ ਦੀ ਮਜ਼ਦੂਰ ਆਬਾਦੀ ਨੂੰ ਨਾ ਸਮਝ ਸਕੀ, ਅਪਣੇ ਹੀ ਦੇਸ਼ ਦੇ ਧਾਰਮਕ ਇਕੱਠਾਂ ਦੇ ਖ਼ਤਰੇ ਨੂੰ ਨਾ ਸਮਝ ਸਕੀ, ਅਪਣੇ ਹੀ ਦੇਸ਼ ਦੀਆਂ ਗੰਦੀਆਂ ਬਸਤੀਆਂ ਨੂੰ ਨਾ ਸਮਝ ਸਕੀ। ਅੱਜ ਚੰਡੀਗੜ੍ਹ ਦੇ ਜਗਤਪੁਰਾ ਤਾਂ ਨਵਾਂਗਰਾਉਂ 'ਚ ਵਾਇਰਸ ਪਹੁੰਚ ਚੁੱਕਾ ਹੈ। ਮੁੰਬਈ ਦੀ ਧਾਰਾਵੀ ਵਿਚ ਆ ਚੁੱਕਾ ਹੈ ਅਤੇ ਸਰਕਾਰਾਂ ਸੁੱਤੀਆਂ ਪਈਆਂ ਸਨ। ਬਸਤੀਆਂ ਵਿਚ, ਖ਼ਾਸ ਕਰ ਕੇ ਚੰਡੀਗੜ੍ਹ ਦੇ ਜਗਤਪੁਰਾ ਵਿਚੋਂ ਮਦਦ ਦੀਆਂ ਪੁਕਾਰਾਂ ਸੰਸਦ ਮੈਂਬਰ ਕਿਰਨ ਖੇਰ ਵਲ ਜਾ ਰਹੀਆਂ ਸਨ ਪਰ ਪਿਛਲੇ 10 ਦਿਨਾਂ ਵਿਚ ਇਕ ਵੀ ਰਾਸ਼ਨ ਦੀ ਥਾਲੀ ਉਥੇ ਨਹੀਂ ਪਹੁੰਚਾਈ ਜਾ ਸਕੀ।
ਗਿਆ ਤਾਂ ਸਿਰਫ਼ ਗੁਰਦਵਾਰਿਆਂ ਦਾ ਲੰਗਰ ਹੀ ਅਤੇ ਉਹ ਵੀ ਦੋ-ਤਿੰਨ ਦਿਨ ਛੱਡ ਕੇ। ਉਪਰੋਂ ਹੁਕਮ ਅੱਧੀ ਰਾਤ ਨੂੰ ਹੋ ਜਾਂਦੇ ਹਨ ਪਰ ਹੇਠਾਂ ਦੇ ਸੱਚ ਬਾਰੇ ਜਾਣਕਾਰੀ ਪਹਿਲਾਂ ਨਹੀਂ ਇਕੱਤਰ ਕੀਤੀ ਜਾਂਦੀ। ਨਤੀਜਾ ਇਹ ਨਿਕਲਦਾ ਹੈ ਕਿ ਨਤੀਜਾ ਹਰ ਵਾਰ, ਆਸ ਦੇ ਉਲਟ ਨਿਕਲਦਾ ਹੈ। ਦਿੱਲੀ ਵਿਚ ਗ਼ਰੀਬ ਮਰੀਜ਼ਾਂ ਦੇ ਪ੍ਰਵਾਰਾਂ ਵਲੋਂ ਡਾਕਟਰ ਉਤੇ ਹਮਲਾ ਕਰ ਦਿਤਾ ਗਿਆ। ਇਨ੍ਹਾਂ ਬਸਤੀਆਂ ਵਿਚੋਂ ਬਗ਼ਾਵਤ ਅਤੇ ਰੋਸ ਦੀਆਂ ਆਵਾਜ਼ਾਂ ਉਠਣੀਆਂ ਸ਼ੁਰੂ ਹੋ ਚੁਕੀਆਂ ਹਨ। ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਦੀ ਹਾਲਤ ਹਰ ਪਲ ਵਿਗੜਦੀ ਜਾ ਰਹੀ ਹੈ। 

 

ਦਿੱਲੀ ਵਿਚ ਡਾਕਟਰਾਂ ਨੂੰ ਹੁਣ ਕੋਰੋਨਾ ਨੇ ਜਕੜ ਵਿਚ ਲੈ ਲਿਆ ਹੈ ਅਤੇ ਕਾਰਨ ਇਹੀ ਹੈ ਕਿ ਡਾਕਟਰਾਂ ਨੂੰ ਸੁਰੱਖਿਆ ਵਾਸਤੇ ਕਵਚ ਹੀ ਨਹੀਂ ਦਿਤੇ ਗਏ। ਅੱਜ ਵੀ ਸਰਕਾਰ ਦਾ ਧਿਆਨ ਇਹ ਜਾਣਨ ਵਲ ਨਹੀਂ ਕਿ ਇਸ ਆਫ਼ਤ ਨਾਲ ਲੜਨ ਲਈ ਕੀ ਕੀ ਕਰਨ ਦੀ ਜ਼ਰੂਰਤ ਹੁੰਦੀ ਹੈ। ਸਾਡੇ ਦੇਸ਼ ਵਿਚ ਸਰਕਾਰਾਂ ਅਜੇ ਇਹੀ ਕੋਸ਼ਿਸ਼ਾਂ ਕਰ ਰਹੀਆਂ ਹਨ ਕਿ ਇਸ ਮਹਾਂਮਾਰੀ ਉਤੇ ਕਾਬੂ ਪਾ ਲਿਆ ਜਾਵੇ। ਉਹ ਸਹੀ ਵੀ ਹਨ ਪਰ ਦੁਨੀਆਂ ਵਲ ਵੇਖਦਿਆਂ ਇਹ ਵੀ ਸਮਝਣਾ ਪਵੇਗਾ ਕਿ ਅਸੀਂ ਕਾਮਯਾਬ ਇਸ ਤਕ ਹੀ ਹੋ ਸਕਦੇ ਹਾਂ ਕਿ ਇਸ ਦੀ ਰਫ਼ਤਾਰ ਘਟਾ ਦਈਏ, ਪੂਰੀ ਤਰ੍ਹਾਂ ਰੋਕ ਨਹੀਂ ਸਕਦੇ।

 

ਸਰਕਾਰ ਲਈ ਇਹ ਤਿਆਰੀ ਤੁਰਤ ਹੀ ਕਰਨ ਦੀ ਲੋੜ ਹੈ ਕਿ ਆਉਣ ਵਾਲੇ ਸਮੇਂ ਵਿਚ ਸਿਹਤ ਸਹੂਲਤਾਂ ਘੱਟ ਨਾ ਪੈ ਜਾਣ। ਇਹ ਕੋਰੋਨਾ ਦੇਸ਼ ਵਿਚ ਅਗਲੇ ਕੁੱਝ ਮਹੀਨਿਆਂ ਬਾਅਦ ਸ਼ਾਂਤ ਹੋਵੇਗਾ। ਜਦੋਂ ਦੇਸ਼ ਵਿਚ ਹਜ਼ਾਰਾਂ ਲੋਕ ਬਿਮਾਰ ਹੋਣਗੇ, ਉਸ ਸਮੇਂ ਸਰਕਾਰ ਦੀ ਕੀ ਤਿਆਰੀ ਹੋਵੇਗੀ? ਅੱਜ ਸਿਰਫ਼ 200 ਮਰੀਜ਼ ਹਨ ਅਤੇ ਸਾਡੇ ਡਾਕਟਰ, ਪੁਲਿਸ ਮੁਲਾਜ਼ਮ, ਸਫ਼ਾਈ ਮੁਲਾਜ਼ਮ, ਇਸ ਜੰਗ ਦੇ ਯੋਧੇ ਖ਼ਤਰੇ ਵਿਚ ਆ ਗਏ ਹਨ। ਜਦੋਂ ਅੰਕੜਾ ਵਧੇਗਾ, ਇਹ ਲੋਕ ਉਸ ਵੇਲੇ ਤਕ ਖੜੇ ਰਹਿਣਗੇ? ਨਿਜੀ ਹਸਪਤਾਲਾਂ 'ਚੋਂ ਵੱਡੇ ਹਸਪਤਾਲਾਂ ਨੂੰ ਬਾਕੀ ਸੇਵਾਵਾਂ ਬੰਦ ਕਰ ਕੇ ਸਰਕਾਰ ਵਲੋਂ ਕੋਰੋਨਾ ਕੋਰ ਸਿਸਟਮ ਬਣਾਉਣ ਦੀ ਤਿਆਰੀ ਹੋਣੀ ਚਾਹੀਦੀ ਹੈ।

 

10 ਦਿਨਾਂ ਵਿਚ ਸਰਕਾਰਾਂ ਵਲੋਂ ਵਾਅਦੇ ਅਨੁਸਾਰ ਰਾਸ਼ਨ ਹੀ ਨਹੀਂ ਵੰਡਿਆ ਜਾ ਸਕਿਆ ਤਾਂ ਸਿਹਤ ਵਰਕਰਾਂ ਦੀ ਸੁਰੱਖਿਆ ਦੀ ਵਾਰੀ ਕਦੋਂ ਆਵੇਗੀ?
ਭਾਰਤ ਕੋਰੋਨਾ ਦੀ ਸਟੇਜ 1 ਅਤੇ ਸਟੇਜ 3 ਦੀ ਪਰਿਭਾਸ਼ਾ 'ਚ ਅਪਣੀ ਗ਼ਰੀਬੀ, ਅਨਪੜ੍ਹਤਾ, ਅੰਧਵਿਸ਼ਵਾਸ ਦਾ ਸੱਚ ਵੀ ਜੋੜ ਲਵੇ ਅਤੇ ਸਮਝ ਲਵੇ ਕਿ ਖ਼ਤਰਾ ਸਿਰ ਤੇ ਆ ਪੁੱਜਾ ਹੈ। ਸਰਕਾਰ ਨੂੰ ਹੁਣ ਤਕ ਤਿਆਰ ਹੋਣਾ ਚਾਹੀਦਾ ਸੀ ਪਰ ਇਹ ਤਾਂ ਅਜੇ ਵੀ ਸਿਆਸਤ, ਸਵੈਪ੍ਰਚਾਰ ਅਤੇ ਮਨ ਦੀਆਂ ਗੱਲਾਂ ਟਟੋਲਣ ਵਿਚ ਜੁਟੀ ਹੈ।  -ਨਿਮਰਤ ਕੌਰ

Advertisement
Advertisement
Advertisement