
ਸੀ.ਬੀ.ਐਸ.ਈ. ਦੀ 12ਵੀਂ ਜਮਾਤ ਦੇ ਨਤੀਜਿਆਂ ਤੋਂ ਬਾਅਦ ਠੰਢੇ ਸਾਹ ਵੀ ਲਏ ਜਾ ਰਹੇ ਹਨ ਅਤੇ ਹਉਕੇ ਵੀ ਭਰੇ ਜਾ ਰਹੇ ਹਨ। 84.5% ਬੱਚਿਆਂ ਨੂੰ ਪਾਸ ਹੁੰਦਾ ਵੇਖ ਕੇ ਇਹ...
ਸੀ.ਬੀ.ਐਸ.ਈ. ਦੀ 12ਵੀਂ ਜਮਾਤ ਦੇ ਨਤੀਜਿਆਂ ਤੋਂ ਬਾਅਦ ਠੰਢੇ ਸਾਹ ਵੀ ਲਏ ਜਾ ਰਹੇ ਹਨ ਅਤੇ ਹਉਕੇ ਵੀ ਭਰੇ ਜਾ ਰਹੇ ਹਨ। 84.5% ਬੱਚਿਆਂ ਨੂੰ ਪਾਸ ਹੁੰਦਾ ਵੇਖ ਕੇ ਇਹ ਤਾਂ ਤਸੱਲੀ ਵਾਲੀ ਗੱਲ ਲਗਦੀ ਹੈ ਕਿ ਇਹ ਬੱਚੇ ਖ਼ੁਦਕੁਸ਼ੀ ਨਹੀਂ ਕਰਨਗੇ। ਪਿਛਲੇ ਹਫ਼ਤੇ ਤੇਲੰਗਾਨਾ ਬੋਰਡ ਦੇ ਨਤੀਜਿਆਂ ਤੋਂ ਬਾਅਦ 20 ਬੱਚਿਆਂ ਵਲੋਂ ਖ਼ੁਦਕੁਸ਼ੀ ਕਰ ਲਏ ਜਾਣ ਨੇ ਘਰ ਵੀ ਤਬਾਹ ਕੀਤੇ ਅਤੇ ਦਰਸਾਇਆ ਕਿ ਬੱਚਿਆਂ ਦੇ ਮਨਾਂ ਉਤੇ ਕਿੰਨਾ ਭਾਰ ਹੈ।
CBSE Class 12 Result
ਬੱਚਿਆਂ ਵਲੋਂ ਪ੍ਰਾਪਤ ਅੰਕਾਂ ਦੇ ਅੰਕੜੇ ਵੀ ਇਹ ਦਰਸਾਉਂਦੇ ਹਨ ਕਿ ਉਹ ਕਿੰਨੇ ਭਾਰ ਹੇਠ ਰਹਿ ਕੇ ਪੜ੍ਹਾਈ ਕਰਦੇ ਹੋਣਗੇ। 499/500 ਅੰਕ ਇਕ ਕੰਪਿਊਟਰ ਦੇ ਅੰਕੜੇ ਜਾਪਦੇ ਹਨ ਪਰ ਇਹ ਬੱਚੇ ਸ਼ਾਇਦ ਪੂਰਾ ਸਾਲ ਇਕ ਕੰਪਿਊਟਰ ਵਾਂਗ ਹੀ ਪੜ੍ਹੇ ਹੋਣਗੇ। ਕਿੰਨੇ ਬੱਚੇ ਹਨ ਜਿਨ੍ਹਾਂ ਦੇ ਅੰਕੜੇ 480-450 ਵਿਚਕਾਰ ਹੋਣਗੇ, ਜੋ ਅੱਜ ਹਉਕੇ ਹੀ ਭਰ ਰਹੇ ਹੋਣਗੇ। ਇਨ੍ਹਾਂ ਅੱਵਲ ਅੰਕੜਿਆਂ ਦੀ ਪ੍ਰਾਪਤੀ ਤੋਂ ਬਾਅਦ ਵੀ ਉਨ੍ਹਾਂ ਨੂੰ ਅੱਵਲ ਸਿਖਿਆ ਦੇਣ ਦਾ ਮੌਕਾ ਨਹੀਂ ਮਿਲਣਾ।
Students
ਮਾਪੇ ਨਰਸਰੀ ਤੋਂ ਸਕੂਲਾਂ ਦੀ ਭਾਲ, ਫ਼ੀਸਾਂ ਭਰਨ, ਟਿਊਸ਼ਨਾਂ ਦੀ ਭਾਲ ਵਿਚ ਆਪ ਵੀ ਪਿਸਦੇ ਹਨ ਅਤੇ ਬੱਚੇ ਦੇ ਬਚਪਨ ਨੂੰ ਵੀ ਪੀਸਦੇ ਹਨ ਅਤੇ ਅੱਜ ਜਦੋਂ ਉਹ ਕਾਲਜਾਂ ਦੀਆਂ ਕਤਾਰਾਂ ਵਿਚ ਅਪਣੇ ਸੁਪਨਿਆਂ ਨੂੰ ਟੁਟਦਾ ਵੇਖਦੇ ਹੋਣਗੇ ਤਾਂ ਉਨ੍ਹਾਂ ਉਤੇ ਕੀ ਬੀਤੇਗੀ? ਸਿਖਿਆ ਅੱਜ ਇਨਸਾਨਾਂ ਦੀ ਨਹੀਂ ਹੋ ਰਹੀ, ਸਿਖਿਆ ਅੱਜ ਸਿਖਣ ਵਾਸਤੇ ਨਹੀਂ ਹੋ ਰਹੀ ਬਲਕਿ ਇਹ ਇਕ ਦੌੜ ਦਾ ਨਾਂ ਬਣ ਗਿਆ ਹੈ ਜਿਸ ਦੇ ਅੰਤ ਤੇ ਪਤਾ ਲੱਗੇਗਾ ਕਿ ਕਿਹੜਾ ਬੱਚਾ ਇਕ ਕੰਪਿਊਟਰ ਵਾਂਗ 100% ਅੰਕ ਲਿਆ ਸਕੇਗਾ। - ਨਿਮਰਤ ਕੌਰ