
ਅਮਰੀਕਾ ਵਿਚ ਅੱਜ ਅੱਗ ਲੱਗੀ ਹੋਈ ਹੈ। 40 ਸ਼ਹਿਰਾਂ 'ਚ ਕਰਫ਼ੀਊ ਲਾ ਦਿਤਾ ਗਿਆ ਹੈ ਅਤੇ ਅਮਰੀਕਾ ਦੇ ਬੜਬੋਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫ਼ੌਜ ਬੁਲਾਉਣ ਦੀ ਧਮਕੀ ਦੇ ਦਿਤੀ
ਅਮਰੀਕਾ ਵਿਚ ਅੱਜ ਅੱਗ ਲੱਗੀ ਹੋਈ ਹੈ। 40 ਸ਼ਹਿਰਾਂ 'ਚ ਕਰਫ਼ੀਊ ਲਾ ਦਿਤਾ ਗਿਆ ਹੈ ਅਤੇ ਅਮਰੀਕਾ ਦੇ ਬੜਬੋਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫ਼ੌਜ ਬੁਲਾਉਣ ਦੀ ਧਮਕੀ ਦੇ ਦਿਤੀ ਹੈ। ਅਮਰੀਕਾ ਵਿਚ ਇਸ ਅੱਗ ਦਾ ਕਾਰਨ ਅਮਰੀਕੀ ਪੁਲਿਸ ਵਲੋਂ ਇਕ ਕਾਲੇ ਉਤੇ ਢਾਹਿਆ ਗਿਆ ਤਸ਼ੱਦਦ ਹੈ ਜਿਸ ਨਾਲ ਉਸ ਦੀ ਮੌਤ ਹੋ ਗਈ। ਉਸ ਤੋਂ ਬਾਅਦ ਵੀ ਪੁਲਿਸ ਵਲੋਂ ਅਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ ਲੋਕਾਂ ਕੋਲੋਂ ਬਰਦਾਸ਼ਤ ਨਾ ਹੋਇਆ। ਵਾਰਦਾਤ ਮਿਨੀਆਪੋਲਿਸ ਸੂਬੇ ਦੀ ਸੀ ਅਤੇ ਕਸੂਰਵਾਰ ਉਥੋਂ ਦੀ ਪੁਲਿਸ ਸੀ।
Donald Trump
ਪਰ ਇਕ ਇਨਸਾਨ ਦੀ ਮੌਤ ਦੀ ਕੀਮਤ ਏਨੀ ਜ਼ਿਆਦਾ ਸਮਝੀ ਗਈ ਕਿ ਸਾਰਾ ਅਮਰੀਕਾ ਜਾਗ ਪਿਆ। ਅੱਜ ਅਮਰੀਕਾ ਦੀਆਂ ਕਈ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਕਈ ਥਾਵਾਂ ਤੇ ਲੁੱਟਮਾਰ ਹੋ ਰਹੀ ਹੈ। ਕਈ ਲੋਕ ਇਸ ਮੌਕੇ ਦਾ ਫ਼ਾਇਦਾ ਉਠਾ ਕੇ ਵੱਡੀਆਂ ਵੱਡੀਆਂ ਦੁਕਾਨਾਂ 'ਚੋਂ ਸਮਾਨ ਲੁੱਟ ਰਹੇ ਹਨ। ਇਕ ਵੀਡੀਉ ਸਾਹਮਣੇ ਆਈ ਹੈ ਜਿਸ 'ਚ ਇਕ ਔਰਤ ਇਕ ਵਧੀਆ ਗੱਡੀ ਨੂੰ ਸੜਕ ਵਿਚ ਰੋਕ ਕੇ ਭੀੜ ਦਾ ਹਿੱਸਾ ਬਣਦੀ ਹੈ ਅਤੇ ਦੁਕਾਨ ਵਿਚ ਜਾ ਕੇ ਨਾਇਕੀ ਦੇ ਮਹਿੰਗੇ ਜੁੱਤੇ ਚੁਕ ਲਿਆਉਂਦੀ ਹੈ।
File photo
ਇਸੇ ਤਰ੍ਹਾਂ ਕਈ ਹੋਰ ਵੀਡੀਉ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿਚ ਵੱਡੇ ਬਰਾਂਡ ਜਿਵੇਂ ਲੂਈ ਵਿਟਨ, ਗੂਚੀ ਆਦਿ ਦੀਆਂ ਦੁਕਾਨਾਂ ਲੁੱਟੀਆਂ ਜਾ ਰਹੀਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਅਤੇ ਉੱਚ ਪੁਲਿਸ ਅਫ਼ਸਰਾਂ ਨੇ ਵੀ ਇਨ੍ਹਾਂ ਲੋਕਾਂ ਨੂੰ ਅੱਗ ਲਾ ਕੇ ਵਿਰੋਧ ਕਰਨ ਵਾਲਿਆਂ ਨੂੰ ਲੁਟੇਰੇ ਆਖਿਆ ਹੈ। ਪਰ ਇਹ ਸੱਭ ਝਲਕੀਆਂ ਅਤੇ ਇਹ ਸ਼ਬਦ ਦੁਨੀਆਂ ਕੋਲੋਂ ਅਮਰੀਕਾ ਦੀ ਅਸਲ ਸਚਾਈ ਲੁਕਾ ਨਹੀਂ ਸਕਦੇ। ਅਸਲ ਸਚਾਈ ਇਹ ਹੈ ਕਿ ਅੱਜ ਭਾਵੇਂ ਅਮਰੀਕੀ ਲੋਕਾਂ ਦਾ ਇਕ ਵਰਗ ਚਮੜੀ ਦੇ ਰੰਗ ਕਰ ਕੇ ਵਿਤਕਰਾ ਕਰਦਾ ਹੋਵੇ, ਜ਼ਿਆਦਾਤਰ ਅਮਰੀਕਾ ਇਸ ਵਿਤਕਰੇ ਦੇ ਵਿਰੁਧ ਹੈ।
File photo
ਜੇ ਭਾਰਤ ਵਰਗੇ ਦੇਸ਼ ਵਿਚ ਇਕ-ਇਕ ਦਲਿਤ ਦੀ ਮੌਤ ਦਾ ਹਿਸਾਬ ਮੰਗਣ ਵਾਸਤੇ ਕੁੱਝ ਮੁੱਠੀ ਭਰ ਲੋਕ ਹੀ ਸੜਕਾਂ ਤੇ ਆਉਣਾ ਸ਼ੁਰੂ ਕਰ ਦੇਣ ਤਾਂ ਸੜਕਾਂ ਕਦੇ ਭੀੜਾਂ ਤੋਂ ਖ਼ਾਲੀ ਨਹੀਂ ਹੋਣਗੀਆਂ। ਇਹੀ ਖ਼ਾਸੀਅਤ ਹੈ ਅਮਰੀਕਾ ਦੇ ਇਸ ਵਿਰੋਧ ਦੀ, ਜਿਥੇ ਇਕ ਜ਼ਿੰਦਗੀ ਦੀ ਵੀ ਕੀਮਤ ਸਮਝੀ ਜਾਂਦੀ ਹੈ। ਸਾਡੇ ਦੇਸ਼ ਵਿਚ ਲੱਖਾਂ ਮਰ ਜਾਂਦੇ ਹਨ, ਦਰਬਾਰ ਸਾਹਿਬ ਉਤੇ ਟੈਂਕ ਚੜ੍ਹਾ ਦਿਤੇ ਜਾਂਦੇ ਹਨ, ਸਰੋਵਰ ਖ਼ੂਨ ਨਾਲ ਭਰ ਜਾਂਦਾ ਹੈ ਅਤੇ ਅੱਜ 36 ਸਾਲਾਂ ਬਾਅਦ ਵੀ ਅਮਰੀਕਾ ਵਰਗਾ ਰੋਸ ਕਿਧਰੇ ਨਹੀਂ ਨਜ਼ਰ ਆਉਂਦਾ
File photo
ਕਿਉਂਕਿ ਉਥੇ ਜਾਨ ਦੀ ਕੀਮਤ ਹੈ ਤੇ ਇਥੇ ਘੱਟਗਿਣਤੀਆਂ ਤੇ ਦਲਿਤਾਂ ਦੀ ਜਾਨ ਦੀ ਤਾਂ ਕੀਮਤ ਹੀ ਕੋਈ ਨਹੀਂ¸ਮਾਰ ਦਿਉ ਤੇ ਭੁਲ ਜਾਉ। ਜਾਨ ਭਾਵੇਂ ਕਾਲੇ ਦੀ ਹੋਵੇ, ਭਾਵੇਂ ਸਿੱਖ ਦੀ, ਜਾਨ ਦੀ ਕੀਮਤ ਉਥੇ ਹੀ ਪੈਂਦੀ ਹੈ, ਸਾਡੇ ਦੇਸ਼ ਵਿਚ ਨਹੀਂ। ਕੁੱਝ ਲੋਕ ਲੁਟਮਾਰ ਜ਼ਰੂਰ ਕਰ ਰਹੇ ਹਨ ਪਰ ਸਨਸਨੀਖੇਜ਼ ਨਜ਼ਾਰੇ ਵੇਖ ਕੇ ਬਹਿਕ ਨਾ ਜਾਇਉ। ਅਮਰੀਕਾ ਦੀ ਅਸਲ ਝਲਕੀ ਵੇਖਣੀ ਹੈ ਤਾਂ ਉਸ ਗੋਰੀ ਪੁਲਿਸ ਟੋਲੀ ਦੀ ਵੇਖੋ ਜੋ ਗੋਡਿਆਂ ਭਾਰ ਹੋ ਕੇ, ਗੁੱਸੇ ਨਾਲ ਭਰੀ, ਭੀੜ ਸਾਹਮਣੇ ਸਿਰ ਝੁਕਾ ਕੇ ਬੈਠ ਜਾਂਦੀ ਹੈ ਅਤੇ ਇਸ ਤਰ੍ਹਾਂ ਕਰ ਕੇ ਮੰਨ ਲੈਂਦੀ ਹੈ ਕਿ ਸਾਡੀ ਵਰਦੀ ਦਾਗ਼ਦਾਰ ਹੈ ਅਤੇ ਅਸੀਂ ਸਾਰੇ ਸ਼ਰਮਿੰਦਾ ਹਾਂ।
File photo
ਤਸਵੀਰਾਂ ਫਿਰ ਉਸ ਭੀੜ ਦੀਆਂ ਵੇਖੋ ਜੋ ਪੁਲਿਸ ਦੀ ਸ਼ਰਮਿੰਦਗੀ ਸਾਹਮਣੇ ਠੰਢੀਆਂ ਪੈ ਜਾਂਦੀਆਂ ਹਨ। ਝਲਕੀਆਂ ਉਨ੍ਹਾਂ ਦ੍ਰਿਸ਼ਾਂ ਦੀਆਂ ਵੀ ਵੇਖੋ ਜਿਥੇ ਅਮੀਰ-ਗ਼ਰੀਬ, ਕਾਲੇ-ਗੋਰੇ ਇਕੱਠੇ ਹੋ ਕੇ ਇਕ ਕਾਲੇ ਵਿਅਕਤੀ ਦੀ ਮੌਤ ਤੇ ਰੋਸ ਪ੍ਰਗਟ ਕਰ ਰਹੇ ਨੇ ਜਿਵੇਂ ਮਰਨ ਵਾਲਾ, ਸਾਰੇ ਕਾਲੇ ਗੋਰਿਆਂ ਦਾ ਕੋਈ ਭਾਈਬੰਦ ਰਿਹਾ ਹੋਵੇ। ਕਾਲੇ-ਗੋਰੇ ਦੀ ਇਸ ਏਕਤਾ ਨੂੰ ਵੇਖ ਕੇ ਅੱਜ ਉਨ੍ਹਾਂ ਦਾ ਰਾਸ਼ਟਰਪਤੀ ਬੌਂਦਲ ਗਿਆ ਹੈ ਅਤੇ ਕਦੇ ਅਪਣੇ ਵਿਰੋਧੀਆਂ ਨੂੰ ਅਤੇ ਕਦੇ ਅਮਰੀਕੀ ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੇ ਸੰਗਠਨਾਂ ਨੂੰ ਅਤਿਵਾਦੀ ਐਲਾਨ ਦੇਣ ਦੀਆਂ ਧਮਕੀਆਂ ਦੇਣ ਲਗਦਾ ਹੈ,
File photo
ਸਿਰਫ਼ ਇਸ ਕਰ ਕੇ ਕਿ ਉਥੇ ਉਹ ਸੱਭ, ਮਨੁੱਖ ਦਾ ਰੰਗ ਰੂਪ, ਧਰਮ ਆਦਿ ਵੇਖੇ ਬਿਨਾਂ, ਉਸ ਦੀ ਜਾਨ ਦੀ ਕੀਮਤ ਪਾ ਰਹੇ ਹਨ। ਕੀ ਕਦੇ ਇਹ ਦਿਨ ਭਾਰਤ ਨੂੰ ਵੀ ਨਸੀਬ ਹੋਵੇਗਾ? ਇਸ ਕਰੋੜਾਂ ਦੀ ਆਬਾਦੀ ਵਿਚ ਕਦੇ ਇਕ ਆਮ ਇਨਸਾਨ ਦੀ ਕੀਮਤ ਪੈਣੀ ਮੁਮਕਿਨ ਵੀ ਹੈ? ਕੀ ਕਦੇ ਇਕ ਦਲਿਤ ਜਾਂ ਇਕ ਘੱਟ ਗਿਣਤੀ ਦੇ ਬੰਦੇ ਉਤੇ ਤਸ਼ੱਦਦ ਵਿਰੁਧ ਸਾਰੇ ਛੋਟੇ-ਵੱਡੇ ਧਰਮਾਂ, ਵੱਖ-ਵੱਖ ਗੋਤਾਂ ਵਾਲੇ ਲੋਕ, ਨਿਆਂ ਵਾਸਤੇ ਇਕੱਠੇ ਹੋ ਸਕਣਗੇ? -ਨਿਮਰਤ ਕੌਰ