
ਟਰੰਪ ਨੇ ਨਿਊ ਯਾਰਕ ਮਹਾਂਨਗਰ ਦੇ ਮੇਅਰ ਦੀ ਚੋੜ ਲੜ ਰਹੇ ਮਮਦਾਨੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੀ ਅਮਰੀਕੀ ਨਾਗਰਿਕਤਾ ‘ਖੋਹਣ’ ਦੀ ਧਮਕੀ ਦਿਤੀ
Trump's comments about Zohrab Mamdani are unfortunate: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਿਊ ਯਾਰਕ ਮਹਾਂਨਗਰ ਦੇ ਮੇਅਰ ਦੀ ਚੋੜ ਲੜ ਰਹੇ ਭਾਰਤੀ-ਅਮਰੀਕੀ ਜ਼ੋਹਰਾਨ ਮਮਦਾਨੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੀ ਅਮਰੀਕੀ ਨਾਗਰਿਕਤਾ ‘ਖੋਹਣ’ ਅਤੇ ਉਸ ਨੂੰ ਅਮਰੀਕਾ ਤੋਂ ਬੇਦਖ਼ਲ ਕਰਨ ਦੀ ਧਮਕੀ ਦਿਤੀ ਹੈ। ਜਵਾਬ ਵਿਚ ਮਮਦਾਨੀ ਨੇ ਕਿਹਾ ਹੈ ਕਿ ਉਹ ਟਰੰਪ ਦੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ; ਉਸ ਨੂੰ ਅਪਣੇ ਹੱਕਾਂ ਲਈ ਲੜਨਾ ਆਉਂਦਾ ਹੈ ਅਤੇ ਉਸ ਨੂੰ ਯਕੀਨ ਹੈ ਕਿ ਨਿਊ ਯਾਰਕ ਦੇ ਵੋਟਰ ਨਵੰਬਰ ਮਹੀਨੇ ਹੋਣ ਵਾਲੀ ਚੋਣ ਵਿਚ ਅਪਣੀਆਂ ਵੋਟਾਂ ਰਾਹੀਂ ਟਰੰਪ ਨੂੰ ਢੁਕਵਾਂ ਜਵਾਬ ਦੇਣਗੇ। 33 ਵਰਿ੍ਹਆਂ ਦਾ ਮਮਦਾਨੀ 2020 ਤੋਂ ਨਿਊ ਯਾਰਕ ਸੂਬੇ ਦਾ ਡੈਮੋਕਰੈਟਿਕ ਵਿਧਾਨਕਾਰ ਹੈ। ਹੁਣ ਵੀ ਉਸ ਨੇ ਮੇਅਰ ਦੀ ਚੋਣ ਲਈ ਡੈਮੋਕਰੈਟਿਕ ਪਾਰਟੀ ਦੀ ਨਾਮਜ਼ਦਗੀ, ਇਕ ਗੋਰੇ ਸਿਆਸਤਦਾਨ ਨੂੰ ਮਾਤ ਦੇ ਕੇ ਹਾਸਲ ਕੀਤੀ ਹੈ।
ਹਾਲਾਂਕਿ ਮੇਅਰ ਦੀ ਚੋਣ ਵਿਚ ਮੁਕਾਬਲਾ ਤਿੰਨ-ਧਿਰੀ ਹੈ, ਫਿਰ ਵੀ ਨਿਊ ਯਾਰਕ ਮਹਾਂਨਗਰ ਵਿਚ ਡੈਮੋਕਰੈਟਿਕ ਪਾਰਟੀ ਦਾ ਆਧਾਰ ਬਹੁਤ ਮਜ਼ਬੂਤ ਹੋਣ ਕਾਰਨ ਜ਼ੋਹਰਾਨ ਮਮਦਾਨੀ ਨੂੰ ਮਹਾਂਨਗਰ ਦਾ ਅਗਲਾ ਮੇਅਰ ਖੁਲ੍ਹੇ ਤੌਰ ’ਤੇ ਕਿਆਸਿਆ ਜਾ ਰਿਹਾ ਹੈ। ਉਸ ਦੇ ਦੋ ਵਿਰੋਧੀਆਂ ਵਿਚ ਮੌਜੂਦਾ ਮੇਅਰ ਤੇ ਸਾਬਕਾ ਡੈਮੋਕਰੈਟ ਐਰਿਕ ਐਡਮਜ਼ ਅਤੇ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਕਰਟਿਸ ਸਲੀਵਾ ਸ਼ਾਮਲ ਹਨ। ਐਡਮਜ਼ ਉਪਰ ਡੈਮੋਕਰੈਟਿਕ ਪਾਰਟੀ ਦੀਆਂ ਨੀਤੀਆਂ ਨਾਲ ਸਮਝੌਤਾ ਕਰਨ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ। ਇਸੇ ਲਈ ਉਸ ਨੂੰ ਪਾਰਟੀ ਨੇ ਅਪਣਾ ਉਮੀਦਵਾਰ ਨਹੀਂ ਬਣਾਇਆ। ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਹੈ। ਰਿਪਬਲਿਕਨ ਕਰਟਿਸ ਸਿਲਵਾ ਬਹੁਤੀ ਲੋਕਪ੍ਰਿਯ ਰਾਜਸੀ ਹਸਤੀ ਨਹੀਂ। ਉਂਜ ਵੀ, ਹੁਣ ਟਰੰਪ ਵਲੋਂ ਐਰਿਕ ਐਡਮਜ਼ ਦੀ ਪ੍ਰਸ਼ੰਸਾ ਕੀਤੇ ਜਾਣ ਮਗਰੋਂ ਇਹ ਚਰਚਾਵਾਂ ਚੱਲ ਪਈਆਂ ਹਨ ਕਿ ਰਿਪਬਲਿਕਨ ਵੋਟਾਂ, ਸਲੀਵਾ ਦੀ ਥਾਂ ਐਡਮਜ਼ ਨੂੰ ਵੱਧ ਪੈਣਗੀਆਂ।
ਟਰੰਪ ਨੇ ਮਮਦਾਨੀ ਨੂੰ ਅਪਣੀਆਂ ਧਮਕੀਆਂ ਦਾ ਨਿਸ਼ਾਨਾ ਇਸ ਕਰ ਕੇ ਬਣਾਇਆ ਹੈ ਕਿ ਉਸ (ਮਮਦਾਨੀ) ਨੇ ਅਪਣੀ ਪ੍ਰਚਾਰ ਮੁਹਿੰਮ ਦੌਰਾਨ ਇਸ ਵਾਅਦੇ ਨੂੰ ਵਾਰ-ਵਾਰ ਦੁਹਰਾਇਆ ਹੈ ਕਿ ਮੇਅਰ ਬਣਨ ਦੀ ਸੂਰਤ ਵਿਚ ਉਹ ਅਮਰੀਕੀ ਇਮੀਗ੍ਰੇਸ਼ਨ ਵਿਭਾਗ (ਆਈਸ) ਦੇ ਏਜੰਟਾਂ ਨੂੰ ਨਿਊ ਯਾਰਕ ਅੰਦਰ ਕੋਈ ਕਾਰਵਾਈ ਨਹੀਂ ਕਰਨ ਦੇਵੇਗਾ। ਅਮਰੀਕੀ ਸੰਵਿਧਾਨ ਮੇਅਰਾਂ ਨੂੰ ਇਹ ਹੱਕ ਦਿੰਦਾ ਹੈ ਕਿ ਉਹ ਆਪੋ ਅਪਣੇ ਅਧਿਕਾਰ ਖੇਤਰ ਵਿਚ ਫੈਡਰਲ ਏਜੰਸੀਆਂ ਦਾ ਦਖ਼ਲ ਰੋਕ ਸਕਦੇ ਹਨ। ਮਮਦਾਨੀ ਇਹ ਦੋਸ਼ ਕਈ ਵਾਰ ਲਾ ਚੁੱਕਾ ਹੈ ਕਿ ਐਰਿਕ ਐਡਮਜ਼ ਨੇ ਮੇਅਰ ਵਜੋਂ ਅਪਣੇ ਕਾਰਜਕਾਲ ਦੌਰਾਨ ਅਪਣੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਦਬਵਾਉਣ ਲਈ ਟਰੰਪ ਨਾਲ ਸੌਦੇਬਾਜ਼ੀ ਕਰ ਕੇ ਇਮੀਗ੍ਰੇਸ਼ਨ ਏਜੰਟਾਂ ਨੂੰ ਨਿਊ ਯਾਰਕ ਅੰਦਰ ਦਾਖ਼ਲਾ ਦਿਤਾ।
ਨਿਊ ਯਾਰਕ ਬਹੁਜਾਤੀ-ਬਹੁਧਰਮੀ-ਬਹੁਨਸਲੀ-ਬਹੁਰੰਗੀ-ਬਹੁਖ਼ਿਆਲੀ ਮਹਾਂਨਗਰ ਮੰਨਿਆ ਜਾਂਦਾ ਹੈ। ਇੱਥੇ 143 ਮੁਲਕਾਂ ਤੋਂ ਆਏ ਲੋਕ ਵਸੇ ਹੋਏ ਹਨ ਅਤੇ ਉਨ੍ਹਾਂ ਨੂੰ ਸਮਾਨ ਅਧਿਕਾਰ ਹਾਸਿਲ ਹਨ। ਅਮਰੀਕੀ ਗੋਰੇ ਨਸਲਵਾਦ ਨੂੰ ਇਸ ਮਹਾਂਨਗਰ ਵਿਚੋਂ ਕਦੇ ਹੁੰਗਾਰਾ ਨਹੀਂ ਮਿਲਿਆ। ਟਰੰਪ ਇਸ ਮਹਾਂਨਗਰ ਦੇ ਇਸੇ ਕਿਰਦਾਰ ਨੂੰ ਬਦਲਣਾ ਚਾਹੁੰਦਾ ਹੈ। ਜ਼ੋਹਰਾਨ ਮਮਦਾਨੀ, ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਹੈ, ਇਸਲਾਮ ਦਾ ਪੈਰੋਕਾਰ ਹੈ। ਉਸ ਦੇ ਪਿਤਾ ਪ੍ਰੋਫ਼ੈਸਰ ਮਹਿਮੂਦ ਮਮਦਾਨੀ ਗੁਜਰਾਤੀ ਮੂਲ ਦੇ ਸ਼ੀਆ ਮੁਸਲਿਮ ਹਨ ਜੋ ਕੰਪਾਲਾ (ਯੂਗਾਂਡਾ) ਵਿਚ ਜੰਮੇ-ਪਲੇ ਅਤੇ ਉਥੋਂ ਹਿਜਰਤ ਕਰ ਕੇ ਅਮਰੀਕਾ ਆਏ। ਜ਼ੋਹਰਾਨ ਦੀ ਮਾਂ ਉੱਘੀ ਫ਼ਿਲਮਸਾਜ਼ ਮੀਰਾ ਨਾਇਰ ਹੈ। ਨਾਇਰ ਉਪ-ਨਾਮ (ਜ਼ਾਤ) ਮਲਿਆਲੀਆਂ (ਭਾਵ ਕੇਰਲਾ ਵਾਸੀਆਂ) ਦਾ ਹੁੰਦਾ ਹੈ। ਪਰ ਮੀਰਾ, ਦਿੱਲੀ ਪਲੀ-ਪੜ੍ਹੀ ਪੰਜਾਬਣ ਹੈ। ਨਾਇਰ ਦੀ ਥਾਂ ਉਸ ਦਾ ਅਸਲ ਪੰਜਾਬੀ ਗੋਤ ‘ਨਈਅਰ’ ਹੈ। ਉਸ ਦੇ ਦਾਦਾ ਨੇ ‘ਨਈਅਰ’ ਦੇ ਅੰਗਰੇਜ਼ੀ ਲਫ਼ਜ਼ਾਂ ਨੂੰ ਬਦਲ ਕੇ ਨਾਇਰ (Nair) ਬਣਾ ਦਿਤਾ। ਮੀਰਾ ਦੇ ਪਿਤਾ ਅੰਮ੍ਰਿਤ ਲਾਲ ਸਿੰਘ ਨਾਇਰ ਬਿਹਾਰ ਕਾਡਰ ਦੇ ਆਈ.ਏ.ਐਸ. ਸਨ।
ਇਸੇ ਕਾਰਨ ਮੀਰਾ ਦਾ ਜਨਮ ਰਾਊਰਕੇਲਾ (ਹੁਣ ਝਾਰਖੰਡ) ਵਿਚ ਹੋਇਆ। ਮੀਰਾ ਭਾਰਤ ਸਰਕਾਰ ਵਲੋਂ ‘ਪਦਮਸ਼੍ਰੀ’ ਤੇ ‘ਪਦਮ ਭੂਸ਼ਨ’ ਵਰਗੇ ਰਾਸ਼ਟਰੀ ਸਨਮਾਨਾਂ ਨਾਲ ਨਵਾਜ਼ੀ ਜਾ ਚੁੱਕੀ ਹੈ। ਜ਼ੋਹਰਾਨ ਨੇ ਅਮਰੀਕੀ ਨਾਗਰਿਕਤਾ ਭਾਵੇਂ ਸੱਤ ਵਰ੍ਹੇ ਪਹਿਲਾਂ ਪ੍ਰਾਪਤ ਕੀਤੀ, ਪਰ ਉਹ ਖ਼ੁਦ ਨੂੰ ਹਮੇਸ਼ਾਂ ‘ਅਮਰੀਕੀ ਪਹਿਲਾਂ, ਕੋਈ ਹੋਰ ਬਾਅਦ ਵਿਚ’ ਦਸਦਾ ਆਇਆ ਹੈ। ਉਸ ਦੀ ਪਤਨੀ ਰਮਾ ਦੁਵਾਜੀ ਸੀਰੀਅਨ ਹੈ। ਗਾਜ਼ਾ ਵਿਚਲੀ ਨਸਲਕੁਸ਼ੀ ਦੇ ਖ਼ਿਲਾਫ਼ ਲਗਾਤਾਰ ਮੁਹਿੰਮਾਂ ਜਥੇਬੰਦ ਕਰਨ ਕਰ ਕੇ ਉਹ ਰਿਪਬਲਿਕਨਾਂ ਦੀਆਂ ਅੱਖਾਂ ਵਿਚ ਨਿਰੰਤਰ ਰੜਕਦਾ ਆਇਆ ਹੈ। ਉਸ ਦੇ ਖ਼ਿਲਾਫ਼ ਪ੍ਰਚਾਰ ਮੁਹਿੰਮਾਂ ਦੌਰਾਨ ਉਸ ਨੂੰ ‘ਕਮਿਊਨਿਸਟ’ ਦਸਣਾ ਇਕ ਫ਼ੈਸ਼ਨ ਹੀ ਬਣ ਗਿਆ ਹੈ। ਟਰੰਪ ਨੇ ਵੀ ਇਹੋ ਵਿਸ਼ੇਸ਼ਣ ਉਸ ਦੇ ਖ਼ਿਲਾਫ਼ ਵਰਤਿਆ ਹੈ। ਜੋ ਵੀ ਹੈ, ਅਮਰੀਕੀ ਰਾਸ਼ਟਰਪਤੀ ਦੀਆਂ ਮਮਦਾਨੀ ਪ੍ਰਤੀ ਟਿਪਣੀਆਂ ਤੇ ਧਮਕੀਆਂ ਅਸਭਿਅਕ ਤੇ ਅਸ਼ੋਭਨੀਕ ਹਨ ਜਿਨ੍ਹਾਂ ਦੀ ਸਾਰੀਆਂ ਜਮਹੂਰੀ ਤਾਕਤਾਂ ਵਲੋਂ ਨਿੰਦਾ ਹੋਣੀ ਚਾਹੀਦੀ ਹੈ।