ਸਰਕਾਰ ਦੱਸੇ ਤਾਂ ਸਹੀ ਕਿ ਕਸ਼ਮੀਰ ਦੇ ਸਿਰ ਕੁਹਾੜਾ ਮਾਰ ਕੇ ਇਹ ਹਾਸਲ ਕੀ ਕਰਨਾ ਚਾਹੁੰਦੀ ਸੀ?
Published : Sep 4, 2019, 1:30 am IST
Updated : Sep 4, 2019, 1:30 am IST
SHARE ARTICLE
Jammu and Kashmir
Jammu and Kashmir

ਅੱਜ ਜੰਮੂ-ਕਸ਼ਮੀਰ ਵਿਚ ਸਰਕਾਰ ਦੀਆਂ ਤਬਦੀਲੀਆਂ ਲਾਗੂ ਹੋਏ ਨੂੰ ਪੂਰਾ ਮਹੀਨਾ ਹੋ ਗਿਆ ਹੈ। ਇਨ੍ਹਾਂ 30 ਦਿਨਾਂ ਵਿਚ ਦੇਸ਼ ਅੰਦਰ ਬੜਾ ਕੁੱਝ ਆਖਿਆ ਗਿਆ ਹੈ ਪਰ....

ਅੱਜ ਜੰਮੂ-ਕਸ਼ਮੀਰ ਵਿਚ ਸਰਕਾਰ ਦੀਆਂ ਤਬਦੀਲੀਆਂ ਲਾਗੂ ਹੋਏ ਨੂੰ ਪੂਰਾ ਮਹੀਨਾ ਹੋ ਗਿਆ ਹੈ। ਇਨ੍ਹਾਂ 30 ਦਿਨਾਂ ਵਿਚ ਦੇਸ਼ ਅੰਦਰ ਬੜਾ ਕੁੱਝ ਆਖਿਆ ਗਿਆ ਹੈ ਪਰ ਅਫ਼ਸੋਸ ਇਨ੍ਹਾਂ ਸਾਰੀਆਂ ਆਵਾਜ਼ਾਂ ਵਿਚ ਕਸ਼ਮੀਰ ਦੀ ਆਵਾਜ਼ ਅਜੇ ਵੀ ਸੰਨਾਟੇ ਵਿਚ ਦੱਬੀ ਹੋਈ ਹੈ। ਸੋ ਅੱਜ ਵੀ ਅਸੀ ਅਪਣੀ ਹੀ ਸੋਚ, ਸਮਝ ਅਨੁਸਾਰ ਤੇ ਕਸ਼ਮੀਰੀਆਂ ਦੀ ਗੱਲ ਸੁਣੇ ਬਿਨਾਂ ਕਸ਼ਮੀਰ ਦੇ ਮੁੱਦੇ ਉਤੇ ਅਪਣਾ ਅਪਣਾ ਪੱਖ ਰੱਖ ਰਹੇ ਹਾਂ। ਧਾਰਾ 370 ਨੂੰ ਸੋਧਣ ਦਾ ਮਕਸਦ ਕੀ ਸੀ? ਉਸ ਨਾਲ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਸੀ? ਅੱਜ 30 ਦਿਨਾਂ ਬਾਅਦ ਵੀ ਸਪੱਸ਼ਟ ਨਹੀਂ ਹੋਇਆ। ਕਈ ਵਾਰ ਤਾਂ ਇੰਜ ਜਾਪਦਾ ਹੈ ਕਿ ਸਰਕਾਰ ਖ਼ੁਦ ਵੀ ਸਮਝ ਨਹੀਂ ਪਾ ਰਹੀ ਕਿ ਉਹ ਕੀ ਕਰਨਾ ਚਾਹੁੰਦੀ ਹੈ ਅਤੇ ਇਸ ਨਾਲ ਇਕ ਤਜਰਬੇ ਵਾਂਗ ਨਿਪਟ ਰਹੀ ਹੈ।

Clashes between youth and security forces in Jammu KashmirJammu Kashmir

ਜਿਹੜੀ ਸਰਕਾਰ ਹਰਦਮ ਐਮਰਜੈਂਸੀ ਵਿਚ ਜੇਲਾਂ ਕੱਟਣ ਦੀ ਦੁਹਾਈ ਦਿੰਦੀ ਰਹੀ, ਉਹ ਅੱਜ ਕਸ਼ਮੀਰੀ ਸਿਆਸਤਦਾਨਾਂ ਨੂੰ ਨਜ਼ਰਬੰਦ ਰੱਖ ਕੇ ਅਪਣੇ ਵਿਰੁਧ ਇਕ ਹੋਰ ਵਿਰੋਧੀ ਲਹਿਰ ਨੂੰ ਜਨਮ ਕਿਉਂ ਦੇ ਰਹੀ ਹੈ? ਅੱਜ ਭਾਰਤ ਨੂੰ ਕੌਮਾਂਤਰੀ ਪੱਧਰ ਉਤੇ ਇਹ ਗੱਲ ਕਹਿਣੀ ਹੀ ਕਿਉਂ ਪਈ ਕਿ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦਾ ਆਪਸੀ ਮਾਮਲਾ ਹੈ? ਜੇ ਸੱਚੀ ਗੱਲ ਕਰੀਏ ਤਾਂ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦਾ ਨਹੀਂ ਬਲਕਿ ਭਾਰਤ ਅਤੇ ਕਸ਼ਮੀਰ ਦੇ ਲੋਕਾਂ ਦਾ ਮਾਮਲਾ ਹੈ। ਜਦੋਂ ਤਕ ਕਸ਼ਮੀਰ ਅਤੇ ਭਾਰਤ ਵਿਚਕਾਰ ਸਮਝੌਤਾ ਕਾਇਮ ਹੈ, ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ ਅਤੇ ਰਹੇਗਾ। ਜੋ ਹਿੱਸਾ ਪਾਕਿਸਤਾਨ ਦੇ ਕਬਜ਼ੇ ਹੇਠ ਹੈ, ਉਹ ਦੋ ਦੇਸ਼ਾਂ ਦਾ ਮਾਮਲਾ ਹੋ ਸਕਦਾ ਹੈ ਕਿਉਂਕਿ ਕਾਨੂੰਨੀ ਤੌਰ ਤੇ ਪਾਕਿਸਤਾਨ ਦਾ ਕਬਜ਼ਾ ਸਹੀ ਨਹੀਂ।

Jammu and KashmirJammu and Kashmir

ਸੋ ਜਿਹੜੇ ਜੁਮਲੇ ਸਾਡੇ ਲੋਕ ਪਿਛਲੇ ਮਹੀਨੇ ਵਿਚ ਹਵਾ ਵਿਚ ਸੁਟਦੇ ਆ ਰਹੇ ਹਨ ਤੇ ਨਾਹਰੇ ਦਿੰਦੇ ਆ ਰਹੇ ਹਨ ਕਿ ‘ਅਬ ਕਸ਼ਮੀਰ ਹਮਾਰਾ ਹੈ’ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਸ਼ਮੀਰ ਸ਼ੁਰੂ ਤੋਂ ਹੀ ਭਾਰਤ ਦਾ ਸੀ। ਜੋ ਅਸਲ ਮੁੱਦਾ ਸੀ, ਉਹ ਕਸ਼ਮੀਰ ਦੀ ਧਰਤੀ ਨਾਲੋਂ ਵੱਧ, ਕਸ਼ਮੀਰ ਦੇ ਦਿਲ ਦਾ ਸੀ। ਕਸ਼ਮੀਰ ਦੇ ਅਵਾਮ ਦਾ ਦਿਲ ਭਾਰਤ ਨਾਲ ਜੋੜਨ ਦੀ ਕੋਸ਼ਿਸ਼ ਸਰਕਾਰਾਂ 1998 ਤੋਂ ਹਾਰਦੀਆਂ ਆ ਰਹੀਆਂ ਹਨ। ਧਾਰਾ 370 ਹਟਾ ਕੇ ਕਸ਼ਮੀਰ ਦੇ ਲੋਕਾਂ ਨੂੰ ਜਿੱਤਣ ਦੀ ਬਜਾਏ ਜੇ ਦੂਰੀਆਂ ਵੱਧ ਗਈਆਂ ਹਨ ਤਾਂ ਸਰਕਾਰ ਕੋਲ ਕੀ ਯੋਜਨਾ ਹੈ? ਅੱਜ ਦੀ ਘੜੀ ਸਰਕਾਰ ਨੇ ਸ਼ਾਂਤੀ ਬਣਾਉਣ ਲਈ ਕਸ਼ਮੀਰ ਦੇ ਅਵਾਮ ਦੇ ਨੁਮਾਇੰਦਿਆਂ ਨੂੰ ਵੱਖਵਾਦ ਦੇ ਇਲਜ਼ਾਮ ਵਿਚ ਨਜ਼ਰਬੰਦ ਕੀਤਾ ਹੋਇਆ ਹੈ। ਪਰ ਕਦੋਂ ਤਕ ਇਹ ਤਰਕੀਬ ਚਲੇਗੀ? ਕੀ ਲੋਕਾਂ ਦੇ ਨੁਮਾਇੰਦਿਆਂ ਨੂੰ ਲੋਕਾਂ ਤੋਂ ਦੂਰ ਕਰਨ ਨਾਲ ਲੋਕਾਂ ਦੇ ਦਿਲਾਂ ਦੇ ਸ਼ਿਕਵੇ ਦੂਰ ਹੋ ਜਾਣਗੇ?

Jammu and KashmirJammu and Kashmir

ਅੱਜ ਬਹੁਤ ਲੋਕ ਕਸ਼ਮੀਰੀ ਪੰਡਤਾਂ ਦੇ ਹੱਕਾਂ ਅਧਿਕਾਰਾਂ ਦੀ ਗੱਲ ਕਰਦੇ ਹਨ ਅਤੇ ਕਸ਼ਮੀਰੀ ਪੰਡਤਾਂ ਦਾ ਨਾਂ ਲੈ ਕੇ ਦੁਹਾਈ ਦਿੰਦੇ ਹਨ। ਕਸ਼ਮੀਰੀ ਪੰਡਤਾਂ ਨਾਲ ਜੋ ਹੋਇਆ, ਉਸ ਨੂੰ ਦੁਹਰਾਉਣ ਨਾਲ ਕੀ ਅੱਜ ਨਿਆਂ ਮਿਲ ਜਾਵੇਗਾ? ਜੇ ਇਹ ਨਿਆਂ ਹੈ ਤਾਂ ਦੁਨੀਆਂ ਵਿਚ ਜੋ ਯਹੂਦੀਆਂ ਨਾਲ ਹੋਇਆ, ਉਹ ਦੁਹਰਾਉਣਾ ਵੀ ਜ਼ਰੂਰੀ ਹੋਵਗਾ? ਸਿੱਖਾਂ ਦੇ ਕਤਲੇਆਮ ਦਾ ਬਦਲਾ ਦਿੱਲੀ ਨੂੰ ਫਿਰ ਜ਼ਿੰਦਾ ਸੜਦੇ ਸ੍ਰੀਰਾਂ ਦੀਆਂ ਚੀਕਾਂ ਨਾਲ ਭਰਿਆ ਜਾਵੇਗਾ ਅਤੇ ਦੁਨੀਆਂ ਦੀਆਂ ਸਾਰੀਆਂ ਖ਼ੂਨੀ ਗ਼ਲਤੀਆਂ, ਇਨਸਾਨੀਅਤ ਨੂੰ ਤਬਾਹੀ ਦੇ ਕੰਢੇ ਲੈ ਜਾਣਗੀਆਂ? ਕੀ ਇਸ ਤਰ੍ਹਾਂ ਦਾ ਭਾਰਤ ਵੇਖਣਾ ਚਾਹੁੰਦੀ ਹੈ ਸਾਡੀ ਨਵੀਂ ਪੀੜ੍ਹੀ?

kashmir Kashmir

ਅੱਜ ਕਸ਼ਮੀਰ ਬਾਰੇ ਜੋ ਵੀ ਸਾਹਮਣੇ ਆ ਰਿਹਾ ਹੈ, ਉਹ ਜਾਂ ਤਾਂ ਵਿਦੇਸ਼ੀ ਮੀਡੀਆ ਰਾਹੀਂ ਜਾਂ ਸਰਕਾਰੀ ਸ੍ਰੋਤਾਂ ਤੋਂ ਆ ਰਿਹਾ ਹੈ। ਦੋਹਾਂ ਦਾ ਪੱਖ ਬਹੁਤ ਵਖਰਾ ਹੈ। ਜੇ ਸੱਚ ਇਨ੍ਹਾਂ ਦੋਹਾਂ ਪੱਖਾਂ ਦੇ ਵਿਚਕਾਰ ਵੀ ਕਿਧਰੇ ਖੜਾ ਹੈ ਤਾਂ ਬਹੁਤ ਖ਼ੌਫ਼ਨਾਕ ਹੈ। ਆਖਿਆ ਜਾ ਰਿਹਾ ਹੈ ਕਿ 12-12 ਸਾਲ ਦੇ ਮੁੰਡੇ ਹਿਰਾਸਤ ਵਿਚ ਲਏ ਗਏ ਹਨ। ਸੈਂਕੜੇ ਨਹੀਂ, ਜੇ ਇਕ ਵੀ 12 ਸਾਲ ਦਾ ਬੱਚਾ ਹਿਰਾਸਤ ਵਿਚ ਹੈ ਤਾਂ ਸ਼ਰਮ ਵਾਲੀ ਗੱਲ ਹੈ। ਸਰਕਾਰ ਨੇ ਅਪਣੀ ਤਾਕਤ ਵਿਖਾ ਦਿਤੀ ਹੈ। 10 ਲੱਖ ਸੀ.ਆਰ.ਪੀ.ਐਫ਼. ਦੇ ਜਵਾਨ ਸੜਕਾਂ ਉਤੇ ਤੈਨਾਤ ਹੋ ਕੇ ਸ਼ਾਂਤੀ ਬਰਕਰਾਰ ਰੱਖ ਰਹੇ ਹਨ।

Article 370Article 370

ਕਿਉਂ ਨਹੀਂ ਇਹ 10 ਲੱਖ ਵਰਦੀਧਾਰੀ, ਸਰਹੱਦ ਉਤੇ ਤੈਨਾਤ ਕੀਤੇ ਜਾਂਦੇ ਤਾਕਿ ਪਾਕਿਸਤਾਨ ਤੋਂ ਆਉਣ ਵਾਲੇ ਅਤਿਵਾਦ ਦਾ ਰਸਤਾ ਪੰਜਾਬ ਅਤੇ ਕਸ਼ਮੀਰ ਵਿਚ ਬੰਦ ਹੋ ਜਾਵੇ? ਸਰਕਾਰਾਂ ਪਾਕਿਸਤਾਨ ਦੇ ਨਾਂ ਉਤੇ ਅਪਣੇ ਹੀ ਨਾਗਰਿਕਾਂ ਉਤੇ ਬੰਦੂਕਾਂ ਤਾਣਨ ਦੀ ਗੱਲ ਵਾਰ ਵਾਰ ਹਨ? ਅੱਜ ਸਰਕਾਰ ਨੂੰ ਅਪਣਾ ਦਿਲ ਵਿਖਾ ਕੇ ਕਸ਼ਮੀਰ ਵਿਚੋਂ ਸੰਨਾਟਾ ਖ਼ਤਮ ਕਰਨਾ ਚਾਹੀਦਾ ਹੈ। ਹੁਣ ਜੰਗ ਤੋਂ ਅੱਗੇ ਵੱਧ ਕੇ ਮੁਹੱਬਤ ਦੇ ਵਿਖਾਵੇ ਦੀ ਜ਼ਰੂਰਤ ਹੈ। ਵਿਦੇਸ਼ਾਂ ਵਿਚ ਹਰ ਇਕ ਨੂੰ ਜੱਫੀਆਂ ਨਾਲ ਜਿੱਤਣ ਵਾਲੇ ਪ੍ਰਧਾਨ ਮੰਤਰੀ ਹੁਣ ਕਸ਼ਮੀਰ ਨੂੰ ਵੀ ਜੱਫ਼ੀ ਵਿਚ ਲੈ ਲੈਣ।  -ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement