
ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਅਜੇ ਤਕ ਪ੍ਰਵਾਨ ਨਹੀਂ ਕੀਤਾ
Editorial: ਅਕਾਲੀ ਦਲ ਵਿਚਲਾ ਰੋਲ-ਘਚੋਲਾ ਅਜਬ ਰੰਗ ਦਿਖਾ ਰਿਹਾ ਹੈ। ਇਕ ਪਾਸੇ ਪਾਰਟੀ ਸ੍ਰੀ ਅਕਾਲ ਤਖ਼ਤ ਪ੍ਰਤੀ ਸਮਰਪਤ ਹੋਣ ਦੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਇਸੇ ਤਖ਼ਤ ਦੇ ਹੁਕਮਾਂ ਉੱਤੇ ਤਾਮੀਲ ਤੋਂ ਪਰਹੇਜ਼ ਕੀਤਾ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਦੀ ਫ਼ਸੀਲ ਤੋਂ 2 ਦਸੰਬਰ 2024 ਨੂੰ ਜਾਰੀ ਪੰਜ ਸਿੰਘ ਸਾਹਿਬਾਨ ਦੇ ਫ਼ਤਵੇ ਨੇ ਅਕਾਲੀ ਧਿਰਾਂ ਨੂੰ ‘‘ਆਪੋ ਅਪਣੇ ਚੁਲ੍ਹੇ ਸਮੇਟਣ’’, ਏਕਤਾ ਕਰਨ ਅਤੇ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨਗੀ ਤੋਂ ਅਸਤੀਫ਼ਾ ਪ੍ਰਵਾਨ ਕਰ ਕੇ ਛੇ ਮਹੀਨਿਆਂ ਦੇ ਅੰਦਰ ਪਾਰਟੀ ਅਹੁਦੇਦਾਰਾਂ ਦੀ ਨਵੀਂ ਚੋਣ ਕਰਵਾਉਣ ਦਾ ਸੱਦਾ ਦਿਤਾ ਸੀ।
ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਅਜੇ ਤਕ ਪ੍ਰਵਾਨ ਨਹੀਂ ਕੀਤਾ ਬਲਕਿ ਪਾਰਟੀ ਦੇ ਮੁੱਖ ਤਰਜਮਾਨ ਦਲਜੀਤ ਸਿੰਘ ਚੀਮਾ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਸਾਈਟ X ਤੋਂ ਨਸ਼ਰ ਸੁਨੇਹੇ ਰਾਹੀਂ ਇਹ ਦਸਿਆ ਕਿ ਪਾਰਟੀ 14 ਜਨਵਰੀ ਨੂੰ ਮਾਘੀ ਮੇਲੇ ਮੌਕੇ ਮੁਕਤਸਰ ਸਾਹਿਬ ਵਿਖੇ ਸਿਆਸੀ ਕਾਨਫ਼ਰੰਸ ਦੇ ਰੂਪ ਵਿਚ ਪਬਲਿਕ ਰੈਲੀ ਕਰਨ ਜਾ ਰਹੀ ਹੈ।
ਉਨ੍ਹਾਂ ਨੇ ਪ੍ਰਸਤਾਵਿਤ ਰੈਲੀ ਨੂੰ ‘ਮਹਾਂ ਰੈਲੀ’ ਦਸਿਆ ਅਤੇ ਇਹ ਵੀ ਲਿਖਿਆ ਕਿ ਇਸ ਨੂੰ ਪਾਰਟੀ ਨੇਤਾ ਸੁਖਬੀਰ ਸਿੰਘ ਬਾਦਲ ਸੰਬੋਧਨ ਕਰਨਗੇ। ਪਾਰਟੀ ਹਲਕਿਆਂ ਮੁਤਾਬਕ ਸ੍ਰੀ ਬਾਦਲ ਅਪਣੇ ਸੰਬੋਧਨ ਦੌਰਾਨ ਪਿਛਲੇ ਤਿੰਨ ਮਹੀਨਿਆਂ ਦੌਰਾਨ ਵਾਪਰੇ ਘਟਨਾਕ੍ਰਮ ਅਤੇ ਅਕਾਲ ਤਖ਼ਤ ਪ੍ਰਤੀ ਸਮਰਪਣ-ਭਾਵਨਾ ਨਾਲ ਜੁੜੇ ਮੁੱਦਿਆਂ ਬਾਰੇ ਅਪਣੇ ਵਿਚਾਰ ਵੀ ਸਾਂਝੇ ਕਰਨਗੇ।
ਇਸੇ ਸੁਨੇਹੇ ਵਾਲੇ ਦਿਨ ਹੀ ਅਕਾਲੀ ਦਲ ਦੇ ਹਵਾਲੇ ਨਾਲ ਨਸ਼ਰ ਮੀਡੀਆ ਰਿਪੋਰਟਾਂ ਵਿਚ ਦਸਿਆ ਗਿਆ ਕਿ ਪਾਰਟੀ ਵਰਕਿੰਗ ਕਮੇਟੀ ਦੀ ਮੀਟਿੰਗ ਅਗਲੇ ਕੁੱਝ ਦਿਨਾਂ ਦੇ ਅੰਦਰ ਹੋ ਰਹੀ ਹੈ ਜਿਸ ਵਿਚ ਸ੍ਰੀ ਬਾਦਲ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਜਾਵੇਗਾ।
ਇਨ੍ਹਾਂ ਰਿਪੋਰਟਾਂ ਵਿਚ ਇਹ ਵੀ ਕਿਹਾ ਗਿਆ ਕਿ ਪਾਰਟੀ ਅਕਾਲ ਤਖ਼ਤ ਦੇ ਨਿਰਦੇਸ਼ਾਂ ਨੂੰ ਉਸ ਹੱਦ ਤਕ ਤਾਂ ਪ੍ਰਵਾਨ ਕਰੇਗੀ ਪਰ ਪੰਥਕ ਏਕਤਾ ਜਾਂ ਛੇ ਮਹੀਨਿਆਂ ਦੇ ਅੰਦਰ-ਅੰਦਰ ਮੈਂਬਰਸ਼ਿਪ ਦੀ ਨਵੀਂ ਭਰਤੀ ਅਤੇ ਨਵੇਂ ਸਿਰਿਉਂ ਚੋਣਾਂ ਕਰਵਾਏ ਜਾਣ ਵਰਗੇ ਨਿਰਦੇਸ਼ਾਂ ’ਤੇ ਅਮਲ ਨਹੀਂ ਕਰ ਸਕੇਗੀ। ਪਾਰਟੀ ਦਾ ਪੱਖ ਹੈ ਕਿ ਇਹ ਸਾਰੇ ਨਿਰਦੇਸ਼ ਮੰਨਣ ਦੀ ਸੂਰਤ ਵਿਚ ਅਕਾਲੀ ਦਲ ਦੀ ਚੋਣ ਕਮਿਸ਼ਨ ਕੋਲ ਮਾਨਤਾ ਰੱਦ ਹੋਣ ਦਾ ਖ਼ਤਰਾ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਚੋਣ ਕਾਨੂੰਨਾਂ ਮੁਤਾਬਕ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਕਿਸੇ ਧਾਰਮਕ ਸੰਸਥਾ ਦੇ ਫ਼ਤਵਿਆਂ ਅਨੁਸਾਰ ਨਹੀਂ ਚੱਲ ਸਕਦੀਆਂ।
ਇਹ ਸਾਰੀ ਘਟਨਾਵਲੀ ਉਸ ਦਿਨ ਵਾਪਰੀ ਜਦੋਂ ਅਕਾਲੀ ਦਲ ਦੇ ਸੁਖਬੀਰ-ਵਿਰੋਧੀ ਧੜੇ, ਜਿਹੜਾ ਖ਼ੁਦ ਨੂੰ ਅਕਾਲੀ ਦਲ (ਸੁਧਾਰ ਲਹਿਰ) ਦੱਸਦਾ ਸੀ, ਦਾ ਵਫ਼ਦ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਿਲਿਆ ਅਤੇ ਇਕ ਮੈਮੋਰੰਡਮ ਦੇ ਕੇ ਸੁਖਬੀਰ ਬਾਦਲ ਤੇ ਉਸ ਦੇ ਸਹਿਯੋਗੀਆਂ ਵਿਰੁਧ ਅਕਾਲ ਤਖ਼ਤ ਦੇ ਆਦੇਸ਼ ਨਾ ਮੰਨਣ ਦੇ ਦੋਸ਼ਾਂ ਅਧੀਨ ਕਾਰਵਾਈ ਦੀ ਮੰਗ ਕੀਤੀ। ਮੈਮੋਰੰਡਮ ਵਿਚ ਕਿਹਾ ਗਿਆ ਕਿ ਸੁਧਾਰ ਲਹਿਰ ਵਾਲਿਆਂ ਨੇ ਤਾਂ ਅਪਣੇ ਜਥੇਬੰਦੀ, ਅਕਾਲ ਤਖ਼ਤ ਦੇ ਨਿਰਦੇਸ਼ਾਂ ਮੁਤਾਬਕ ਭੰਗ ਕਰ ਦਿਤੀ, ਪਰ ਸੁਖਬੀਰ ਧੜਾ ਅਜੇ ਵੀ ਅਜਿਹਾ ਨਹੀਂ ਕਰ ਰਿਹਾ ਅਤੇ ਏਕਤਾ ਲਈ ਕੋਈ ਕਦਮ ਨਹੀਂ ਚੁੱਕ ਰਿਹਾ।
ਇਹ ਵੀ ਸ਼ਿਕਵਾ ਕੀਤਾ ਗਿਆ ਕਿ ਏਕਤਾ ਸੰਭਵ ਬਣਾਉਣ ਅਤੇ ਨਵੀਂ ਭਰਤੀ ਤੇ ਨਵੇਂ ਸਿਰਿਉਂ ਚੋਣਾਂ ਦਾ ਅਮਲ ਆਰੰਭਣ ਵਾਸਤੇ ਬਣਾਈ ਸੱਤ-ਮੈਂਬਰੀ ਕਮੇਟੀ ਵੀ ਅਜੇ ਤਕ ਸਰਗਰਮ ਨਹੀਂ ਹੋਈ। ਜ਼ਿਕਰਯੋਗ ਕਿ ਅਕਾਲ ਤਖ਼ਤ ਨੇ ਅਪਣੇ ਨਿਰਦੇਸ਼ਾਂ ਉੱਤੇ ਅਮਲ ਤਿੰਨ ਦਿਨਾਂ ਦੇ ਅੰਦਰ ਸ਼ੁਰੂ ਕਰਨ ਲਈ ਕਿਹਾ ਸੀ। ਇਸ ਮਿਆਦ ਨੂੰ ਅਕਾਲੀ ਦਲ ਦੀ ਬੇਨਤੀ ’ਤੇ 20 ਦਿਨਾਂ ਦੀ ਕਰ ਦਿਤਾ ਗਿਆ। ਉਹ ਮਿਆਦ ਵੀ 22 ਦਸੰਬਰ ਨੂੰ ਸਮਾਪਤ ਹੋ ਗਈ, ਪਰ ਅਕਾਲੀ ਦਲ ਦਾ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ।
ਇਹ ਸਾਰਾ ਬਿਰਤਾਂਤ ਦਰਸਾਉਂਦਾ ਹੈ ਕਿ ਸੁਖਬੀਰ ਧੜਾ ਅਜੇ ਵੀ ਸਿਆਸੀ ਖੇਡਾਂ ਖੇਡ ਰਿਹਾ ਹੈ। ਉਹ ਸ੍ਰੀ ਅਕਾਲ ਤਖ਼ਤ ਦੀ ਫਸੀਲ ਤੋਂ ਜਾਰੀ ਨਿਰਦੇਸ਼ਾਂ ਨੂੰ ਅਪਣੀ ਮਰਜ਼ੀ ਮੁਤਾਬਿਕ ਵਰਤਣਾ ਚਾਹੁੰਦਾ ਹੈ। ਸਿਆਸੀ ਪਾਰਟੀ ਵਜੋਂ ਮਾਨਤਾ ਨੂੰ ਖ਼ਤਰੇ ਸਬੰਧੀ ਜੋ ਮੈਮੋਰੰਡਮ, ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ 22 ਦਸੰੰਬਰ ਨੂੰ ਮਾਛੀਵਾੜਾ ਵਿਥੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸੌਂਪਿਆ, ਉਹ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਅਸ਼ੋਕ ਅੱਗਰਵਾਲ ਦੀ ਕਾਨੂੰਨੀ ਰਾਇ ’ਤੇ ਆਧਾਰਤ ਹੈ।
ਦੂਜੇ ਪਾਸੇ, ਕੁੱਝ ਹੋਰ ਕਾਨੂੰਨਦਾਨਾਂ ਦਾ ਮੱਤ ਹੈ ਕਿ ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਦੇ ਸਨਮੁੱਖ ਹੋਣ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਚੁੱਕੇ ਸਨ। ਇਹ ਤੱਥ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ ਅਸਤੀਫ਼ੇ ਲਈ ਮਜਬੂਰ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਜੇ ਪਾਰਟੀ ਜਮਹੂਰੀ ਢੰਗ ਨਾਲ ਅਪਣੀਆਂ ਅੰਦਰੂਨੀ ਚੋਣਾਂ ਕਰਵਾਉਂਦੀ ਹੈ ਤਾਂ ਇਸ ਅਮਲ ਉੱਤੇ ਚੋਣ ਕਮਿਸ਼ਨ ਨੂੰ ਕਿਉਂ ਇਤਰਾਜ਼ ਹੋਵੇਗਾ? ਬਹਰਹਾਲ, ਹਕੀਕਤ ਤਾਂ ਇਹ ਹੈ ਕਿ ਜੋ ਕੁੱਝ ਵਾਪਰ ਰਿਹਾ ਹੈ, ਉਹ ਨੇਕਨੀਅਤੀ ਦੀ ਘਾਟ ਦਾ ਪ੍ਰਤੀਕ ਹੈ।
ਜੇ ਸਿਆਸੀ ਪਾਰਟੀ ਵਾਲੀ ਮਾਨਤਾ ਖੁੱਸਣ ਦਾ ਏਨਾ ਡਰ ਸੀ ਤਾਂ ਅਕਾਲ ਤਖ਼ਤ ਪ੍ਰਤੀ ਸਮਰਪਿਤ ਹੋਣ ਦਾ ਆਡੰਬਰ ਕਿਉਂ? ਗਰਮਖਿਆਲੀ ਅਨਸਰਾਂ ਦੇ ਉਭਾਰ ਨੂੰ ਰੋਕਣ ਅਤੇ ਪੰਥਕ ਹਿਤਾਂ ਦੀ ਸਹੀ ਢੰਗ ਨਾਲ ਨੁਮਾਇੰਦਗੀ ਕਰਨ ਲਈ ਅਕਾਲੀ ਦਲ ਨੂੰ ਸੁਹਿਰਦ ਹੋਣ ਦੀ ਲੋੜ ਹੈ। ਇਹ ਸੁਹਿਰਦਤਾ, ਪਾਰਟੀ ਦੇ ਮੌਜੂਦਾ ਚੌਧਰੀਆਂ ਦੀਆਂ ਹਰਕਤਾਂ ’ਚੋਂ ਨਜ਼ਰ ਨਹੀਂ ਆ ਰਹੀ।