
ਸਾਡੇ ਪਿੰਡ ਦੇ ਨੇੜੇ ਕਿਸੇ ਪਿੰਡ ਵਿਚ ਸੰਤਾਂ ਦੇ ਡੇਰੇ ਵਿਚ ਬਰਸੀ ਸਮਾਗਮ ਹੋ ਰਿਹਾ ਸੀ। ਮੈਨੂੰ ਮਾਤਾ ਜੀ ਕਹਿਣ ਲੱਗੇ ਕਿ ਸਵੇਰੇ-ਸਵੇਰੇ ਮੱਥਾ ਟੇਕ ਆਉ, ਬਾਅਦ ਵਿਚ...
ਸਾਡੇ ਪਿੰਡ ਦੇ ਨੇੜੇ ਕਿਸੇ ਪਿੰਡ ਵਿਚ ਸੰਤਾਂ ਦੇ ਡੇਰੇ ਵਿਚ ਬਰਸੀ ਸਮਾਗਮ ਹੋ ਰਿਹਾ ਸੀ। ਮੈਨੂੰ ਮਾਤਾ ਜੀ ਕਹਿਣ ਲੱਗੇ ਕਿ ਸਵੇਰੇ-ਸਵੇਰੇ ਮੱਥਾ ਟੇਕ ਆਉ, ਬਾਅਦ ਵਿਚ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਹੈ। ਕੋਲ ਖੜਾ 5 ਕੁ ਸਾਲ ਦਾ ਮੇਰਾ ਬੇਟਾ ਸਾਰਾ ਕੁੱਝ ਸੁਣ ਰਿਹਾ ਸੀ। ਅਚਾਨਕ ਕਹਿਣ ਲੱਗਾ 'ਬਰਸੀ ਥੋੜਾ ਬਰਸਾ ਵੇ ਬਰਸਾ।' ਇਹ ਸ਼ਬਦ ਮੇਰੇ ਦਿਮਾਗ਼ ਵਿਚ ਸਵਾਲ ਖੜਾ ਕਰ ਗਏ ਕਿ ਇਹ ਤਾਂ ਵਾਕਿਆ ਹੀ ਬਰਸਾ (ਬਰਛਾ) ਹੈ, ਜੋ ਸਾਡੇ ਮਾਣਮੱਤੇ ਇਤਿਹਾਸ ਦੀ ਪਿੱਠ ਉਤੇ ਵੱਜ ਰਿਹਾ ਹੈ ਤੇ ਇਤਿਹਾਸ ਦੀ ਮਲੀਆ ਮੇਟ ਕਰ ਰਿਹਾ ਹੈ।
ਇਨ੍ਹਾਂ ਪਾਖੰਡੀ ਬਾਬਿਆਂ ਨੇ ਬਰਸੀਆਂ ਦੇ ਚਕਰਾਂ ਵਿਚ ਲੋਕਾਂ ਨੂੰ ਇਤਿਹਾਸਕ ਦਿਨ ਹੀ ਭੁਲਾ ਦਿਤੇ। ਮਹੀਨਾ-ਮਹੀਨਾ ਪਹਿਲਾਂ ਹੀ ਬਰਸੀਆਂ ਦੇ ਸਮਾਗਮ ਚਲ ਪੈਂਦੇ ਹਨ। ਲੱਡੂ, ਪਕੌੜੇ ਖਵਾ-ਖਵਾ ਕੇ ਲੋਕਾਂ ਦੀ ਮੱਤ ਮਾਰ ਦਿਤੀ ਜਾਂਦੀ ਹੈ। ਬਾਬਿਆਂ ਨੇ ਕਦੇ ਵੀ ਗੁਰੂ ਸਾਹਿਬਾਨ, ਸ਼ਹੀਦਾਂ, ਪੰਥਕ ਵਿਦਵਾਨਾਂ ਦੇ ਦਿਨ ਵਿਸ਼ੇਸ਼ ਤੌਰ ਉਤੇ ਨਹੀਂ ਮਨਾਏ। ਰਹਿੰਦੀ ਕਸਰ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰ ਕੇ ਇਤਿਹਾਸਕ ਦਿਹਾੜਿਆਂ ਤੇ ਬਰਸਾ (ਬਰਛਾ) ਮਾਰ ਕੇ ਫਿਰ ਤੋਂ ਇਤਿਹਾਸਕ ਦਿਹਾੜੇ ਬੇਮੁਹਾਰੇ ਕਰ ਦਿਤੇ ਹਨ।
- ਮਨਮੋਹਨ ਸਿੰਘ ਘੋਲੀਆਂ, ਸੰਪਰਕ : 98140-26892