Editorial: IPL ਵਿਰਾਟ ਲਈ ਖ਼ੁਸ਼ੀ, ਪੰਜਾਬ ਕਿੰਗਜ਼ ਲਈ ਗ਼ਮ
Published : Jun 5, 2025, 6:45 am IST
Updated : Jun 5, 2025, 7:19 am IST
SHARE ARTICLE
IPL: Joy for Virat, sorrow for Punjab Kings Editorial
IPL: Joy for Virat, sorrow for Punjab Kings Editorial

ਮਾਯੂਸੀ ਇਸ ਕਰ ਕੇ ਕਿ ਪੰਜਾਬ ਕਿੰਗਜ਼ ਟੀਮ ਦਾ ਆਈ.ਪੀ.ਐਲ. ਜੇਤੂ ਬਣਨ ਦਾ ਸੁਪਨਾ ਸਾਕਾਰ ਨਹੀਂ ਹੋਇਆ।

IPL: Joy for Virat, sorrow for Punjab Kings Editorial: ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਫਾਈਨਲ ਦੇ ਨਤੀਜੇ ਤੋਂ ਪੰਜਾਬੀ ਖੇਡ ਪ੍ਰੇਮੀਆਂ ਨੂੰ ਮਾਯੂਸੀ ਵੀ ਹੋਈ ਹੈ ਅਤੇ ਤਸੱਲੀ ਵੀ। ਮਾਯੂਸੀ ਇਸ ਕਰ ਕੇ ਕਿ ਪੰਜਾਬ ਕਿੰਗਜ਼ ਟੀਮ ਦਾ ਆਈ.ਪੀ.ਐਲ. ਜੇਤੂ ਬਣਨ ਦਾ ਸੁਪਨਾ ਸਾਕਾਰ ਨਹੀਂ ਹੋਇਆ। ਤਸੱਲੀ ਇਸ ਗੱਲ ਦੀ ਕਿ ਜੇਤੂ ਟੀਮ ਰਾਇਲ ਚੈਲੇਂਜਰਜ਼, ਬੰਗਲੁਰੂ (ਆਰ.ਸੀ.ਬੀ.) ਦੇ ਸਿਤਾਰੇ ਵਿਰਾਟ ਕੋਹਲੀ ਦੀਆਂ ਆਈ.ਪੀ.ਐਲ. ਟਰਾਫੀ ਨੂੰ ਚੁੰਮਣ ਦੀਆਂ ਆਸਾਂ-ਉਮੀਦਾਂ ਨੂੰ 18ਵੇਂ ਵਰ੍ਹੇ ਬੂਰ ਪੈ ਹੀ ਗਿਆ। ਵਿਰਾਟ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਓਨਾ ਹੀ ਪਿਆਰਾ ਹੈ ਜਿੰਨੇ ਪੰਜਾਬ ਕਿੰਗਜ਼ ਦੇ ਪੰਜਾਬੀ ਸਿਤਾਰੇ। ਦਰਅਸਲ, ਖੇਡ ਜਗਤ ਵਿਚ ਉਸ ਨੂੰ ਪੰਜਾਬੀ ਸੁਭਾਅ ਤੇ ਜਜ਼ਬੇ ਦਾ ਸੱਚਾ-ਸੁੱਚਾ ਪ੍ਰਤੀਕ ਮੰਨਿਆ ਜਾਂਦਾ ਹੈ।

ਜੁਝਾਰੂ, ਅੱਖੜ, ਦਲੇਰ, ਜਾਂਬਾਜ਼, ਮੂੰਹ-ਫੱਟ, ਇੱਟ ਦਾ ਜਵਾਬ ਪੱਥਰ ਨਾਲ ਦੇਣ ਵਾਲਾ, ਦੋਸਤਾਂ ਦਾ ਦੋਸਤ-ਦੁਸ਼ਮਣਾਂ ਦਾ ਦੁਸ਼ਮਣ ਪਰ ਮੁਸੀਬਤਜ਼ਦਾ ਦੁਸ਼ਮਣ ਲਈ ਵੀ ਫ਼ਰਾਖ਼ਦਿਲ; ਇਹ ਸਾਰੇ ਵਿਸ਼ੇਸ਼ਣ ਉਸ ਉੱਤੇ ਐਨ ਫਿੱਟ ਬੈਠਦੇ ਹਨ। ਆਈ.ਪੀ.ਐਲ. ਵਰਗੀਆਂ ਪ੍ਰਤੀਯੋਗਤਾਵਾਂ ਵਿਚ ਪੈਸਾ ਪ੍ਰਧਾਨ ਰਹਿੰਦਾ ਆਇਆ ਹੈ। ਵਫ਼ਾਦਾਰੀ, ਕਾਰੋਬਾਰੀ ਕਮਜ਼ੋਰੀ ਸਮਝੀ ਜਾਂਦੀ ਹੈ। ਪਰ ਵਿਰਾਟ ਨੇ ਇਸ ਸਭ ਤੋਂ ਮਹਿੰਗੀ ਅਤੇ ਸਭ ਤੋਂ ਵੱਧ ਕਮਾਊ ਲੀਗ ਵਿਚ ਅਪਣੇ ਕਲੱਬ (ਆਰ.ਸੀ.ਬੀ.) ਪ੍ਰਤੀ ਵਫ਼ਾਦਾਰੀ ਕਦੇ ਨਹੀਂ ਬਦਲੀ। ਉਹ 18 ਵਰਿ੍ਹਆਂ ਤੋਂ ਇਸੇ ਟੀਮ ਦਾ ਮੈਂਬਰ ਰਿਹਾ ਹੈ। ਆਈ.ਪੀ.ਐਲ. ਵਿਚ ਉਸ ਵਰਗੀ ਦੂਜੀ ਮਿਸਾਲ ਸ਼ਾਇਦ ਮਹਿੰਦਰ ਸਿੰਘ ਧੋਨੀ ਹੈ। ਉਹ ਵੀ 18 ਵਰਿ੍ਹਆਂ ਤੋਂ ਚੇੱਨਈ ਸੁਪਰਕਿੰਗਜ਼ ਨਾਲ ਵਫ਼ਾਦਾਰੀ ਨਿਭਾਉਂਦਾ ਆਇਆ ਹੈ।

ਦੋਵਾਂ ਦਰਮਿਆਨ ਫ਼ਰਕ ਇਹ ਰਿਹਾ ਕਿ ਧੋਨੀ ਦੀ ਟੀਮ ਪੰਜ ਵਾਰ ਆਈ.ਪੀ.ਐਲ. ਚੈਂਪੀਅਨ ਬਣ ਚੁੱਕੀ ਹੈ। ਇਸੇ ਕਾਰਨ ਵਿਰਾਟ ਨੂੰ ਸੱਲ੍ਹ ਸੀ ਕਿ ਭਾਰਤੀ ਕ੍ਰਿਕਟ ਦਾ ਸੁਪਰਸਟਾਰ ਹੋਣ ਦੇ ਬਾਵਜੂਦ ਉਹ ਆਰ.ਸੀ.ਬੀ. ਨੂੰ ਇਕ ਵਾਰ ਵੀ ਆਈ.ਪੀ.ਐਲ. ਸਰਤਾਜ ਨਹੀਂ ਬਣਾ ਸਕਿਆ। ਹੁਣ ਇਹ ਮਿਸ਼ਨ ਪੂਰਾ ਹੋਣ ’ਤੇ (ਉਸ ਦੇ ਅਪਣੇ ਸ਼ਬਦਾਂ ਅਨੁਸਾਰ) ਉਹ ਨਿੱਕੇ ਬੱਚੇ ਵਾਂਗ ਬੇਫ਼ਿਕਰੀ ਦੀ ਨੀਂਦ ਸੌਂ ਸਕਦਾ ਹੈ। ਇਸ ਲਗਜ਼ਰੀ ਦਾ ਉਹ ਹੁਣ ਸੱਚਮੁੱਚ ਹੀ ਹੱਕਦਾਰ ਹੈ। ਪੰਜਾਬ ਕਿੰਗਜ਼ ਨੂੰ 11 ਵਰਿ੍ਹਆਂ ਬਾਅਦ ਆਈ.ਪੀ.ਐਲ. ਫ਼ਾਈਨਲ ਵਿਚ ਦਾਖ਼ਲਾ ਮਿਲਿਆ ਸੀ। ਕ੍ਰਿਕਟ ਦੇ ਬਹੁਤੇ ਮਾਹਿਰ ਇਸ ਫ਼ਾਈਨਲ ਵਿਚ ਆਰ.ਸੀ.ਬੀ. ਦੇ ਜੇਤੂ ਰਹਿਣ ਦੀਆਂ ਪੇਸ਼ੀਨਗੋਈਆਂ ਕਰ ਰਹੇ ਸਨ। ਪੰਜਾਬ ਕਿੰਗਜ਼ ਦੇ ਕਪਤਾਨ ਸ਼ੇ੍ਰਅਸ ਅਈਅਰ ਉਪਰ ਸੈਮੀ ਫਾਈਨਲ ਵਾਲੀ ਕਾਰਗੁਜ਼ਾਰੀ ਦਿਖਾਉਣ ਦਾ ਦਬਾਅ ਸੀ।

ਉਸ ਮੈਚ ਵਿਚ ਮੁੰਬਈ ਇੰਡੀਅਨਜ਼ ਵਰਗੀ ਸੁਪਰ ਸਟਾਰਾਂ ਨਾਲ ਲੈਸ ਟੀਮ ਨੂੰ ਹਰਾਉਣ ਵਿਚ ਮੁੱਖ ਯੋਗਦਾਨ ਅਈਅਰ ਦਾ ਹੀ ਸੀ। ਉਸ ਨੇ 81 ਦੌੜਾਂ ਦੀ ਨਾਬਾਦ ਪਾਰੀ ਰਾਹੀਂ ਮੁੰਬਈ ਦੇ ਗੇਂਦਬਾਜ਼ਾਂ ਦੇ ਸਾਰੇ ਦਾਅ-ਪੇਚਾਂ ਨੂੰ ਨਾਕਾਮ ਬਣਾ ਦਿਤਾ ਸੀ। ਪਰ ਕ੍ਰਿਕਟ ਵਿਚ ਹਰ ਵਾਰ ਜਾਦੂ ਸਿਰ ਚੜ੍ਹ ਕੇ ਨਹੀਂ ਬੋਲਦਾ। ਸ਼ੇ੍ਰਅਸ ਵਲੋਂ ਬੰਗਲੁਰੂ ਖ਼ਿਲਾਫ਼ ਜਾਦੂਗ਼ਰੀ ਦੁਹਰਾਈ ਨਹੀਂ ਜਾ ਸਕੀ। ਇਸ ਦੇ ਬਾਵਜੂਦ ਪੰਜਾਬ ਦੀ ਹਾਰ ਨਮੋਸ਼ੀਜਨਕ ਨਹੀਂ ਕਹੀ ਜਾ ਸਕਦੀ। ਇਹ ਹਾਰ ਸਿਰਫ਼ 6 ਦੌੜਾਂ ਤਕ ਸੀਮਤ ਰਹੀ। 15ਵੇਂ ਓਵਰ ਤਕ ਜਾਪਦਾ ਸੀ ਕਿ ਬੰਗਲੁਰੂ ਦੀ ਜਿੱਤ ਦਾ ਅੰਤਰ ਵੱਡਾ ਰਹੇਗਾ, ਪਰ ਸਸ਼ਾਂਕ ਸਿੰਘ ਦੇ ਛੱਕਿਆਂ ਨੇ ਇਸ ਅੰਤਰ ਨੂੰ ਬਹੁਤ ਛੋਟਾ ਬਣਾ ਦਿਤਾ। ਦੂਜੇ ਸ਼ਬਦਾਂ ਵਿਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਜੇਕਰ ਉਸ ਨੂੰ ਇਕ ਜਾਂ ਦੋ ਗੇਂਦਾਂ ਹੋਰ ਮਿਲ ਜਾਂਦੀਆਂ ਤਾਂ ਸ਼ਾਇਦ ਮੈਚ ਦਾ ਨਤੀਜਾ ਹੀ ਪੰਜਾਬ ਕਿੰਗਜ਼ ਦੇ ਪੱਖ ਵਿਚ ਚਲਾ ਜਾਣਾ ਸੀ।

ਫਾਈਨਲ ਵਾਲੀਆਂ ਦੋਵਾਂ ਟੀਮਾਂ ਦੀ ਖੇਡ ਸ਼ੈਲੀ ਦੀ ਖ਼ਾਸੀਅਤ ਇਹ ਰਹੀ ਕਿ ਦੋਵਾਂ ਨੇ ਕੌਮਾਂਤਰੀ ਸੁਪਰਸਟਾਰਾਂ ਦੀਆਂ ਭੀੜਾਂ ਜੁਟਾਉਣ ਦੀ ਥਾਂ ਭਾਰਤੀ ਖਿਡਾਰੀਆਂ, ਖ਼ਾਸ ਕਰ ਕੇ ਨਵਯੁਵਕਾਂ ਉੱਤੇ ਵੱਧ ਭਰੋਸਾ ਦਿਖਾਇਆ। ਇਸ ਭਰੋਸੇ ਨੂੰ ਬੂਰ ਪਿਆ। ਭਾਰਤੀ ਨਵਯੁਵਕਾਂ ਨੇ ਵਿਦੇਸ਼ੀ ਸਿਤਾਰਿਆਂ ਦੀ ਸਾਖ਼ ਦੀ ਪਰਵਾਹ ਨਾ ਕਰਦਿਆਂ ਅਪਣੀ ਪ੍ਰਤਿਭਾ ਦਰਸਾਉਣ ਦੇ ਮੌਕੇ ਅਜਾਈਂ ਨਾ ਜਾਣ ਦਿਤੇ। ਪ੍ਰਿਯੰਸ਼ ਆਰੀਆ, ਪ੍ਰਭਸਿਮਰਨ ਸਿੰਘ, ਨਿਹਾਲ ਵਡਹਿਰਾ, ਹਰਪ੍ਰੀਤ ਬਰਾੜ ਪੰਜਾਬ ਕਿੰਗਜ਼ ਦੇ ਉਹ ਖਿਡਾਰੀ ਹਨ ਜਿਨ੍ਹਾਂ ਦੀ ਪ੍ਰਤਿਭਾ ਦਾ 2026 ਦੀ ਆਈ.ਪੀ.ਐਲ. ਨਿਲਾਮੀ ਵੇਲੇ ਕਰੋੜਾਂ ਵਿਚ ਮੁੱਲ ਪਵੇਗਾ। ਅਰਸ਼ਦੀਪ ਪਹਿਲਾਂ ਹੀ ਜਸਪ੍ਰੀਤ ਬੁਮਰਾਹ ਵਰਗੀ ਪ੍ਰਸਿੱਧੀ ਦਾ ਤਲਬਗਾਰ ਮੰਨਿਆ ਜਾਣ ਲੱਗਾ ਹੈ।

ਲਿਹਾਜ਼ਾ, ਪੰਜਾਬ ਕਿੰਗਜ਼ ਦੇ ਮਾਲਕਾਂ ਦੀ ਕੋਸ਼ਿਸ਼ ਇਹੋ ਰਹਿਣੀ ਚਾਹੀਦੀ ਹੈ ਕਿ ਉਹ ਪੰਜਾਬ ਦੀ ਰੂਹ ਦੀ ਨੁਮਾਇੰਦਗੀ ਕਰਨ ਵਾਲੇ ਇਨ੍ਹਾਂ ਖਿਡਾਰੀਆਂ ਦੀਆਂ ਸੇਵਾਵਾਂ ਦੀ ਬਰਕਰਾਰੀ ਯਕੀਨੀ ਬਣਾਉਣ। ‘ਕਿੰਗਜ਼’ ਦੇ ਮਾਲਕ ਪਿਛਲੇ ਵਰਿ੍ਹਆਂ ਦੌਰਾਨ ਕੌਮਾਂਤਰੀ ਸੁਪਰਸਟਾਰਾਂ ਨੂੰ ਮੋਟੀਆਂ ਰਕਮਾਂ ਖ਼ਰਚ ਕੇ ਖ਼ਰੀਦਦੇ ਆਏ ਸਨ, ਪਰ 2025 ਵਾਲੇ ਤਜਰਬੇ ਨੇ ਦਰਸਾਇਆ ਹੈ ਕਿ ਸਥਾਨਕ ਖਿਡਾਰੀ ਭਾਰਤੀ ਮੌਸਮੀ ਹਾਲਾਤ ਤੇ ਪਿੱਚਾਂ ਵਾਸਤੇ ਵੱਧ ਉਪਯੋਗੀ ਅਸਾਸਾ ਸਾਬਤ ਹੋ ਸਕਦੇ ਹਨ। ਇਹ ਸਬਕ ਆਰ.ਸੀ.ਬੀ. ਲਈ ਵੀ ਢੁਕਵਾਂ ਹੈ। ਉਸ ਟੀਮ ਦੇ ਕਪਤਾਨ ਰਜਤ ਪਾਟੀਦਾਰ ਨੂੰ ਸਭ ਤੋਂ ‘ਲਾਈਟਵੇਟ’ ਕਪਤਾਨ ਮੰਨਿਆ ਜਾਂਦਾ ਸੀ। ਜਦੋਂ ਲਾਈਟਵੇਟ ਜਾਂ ਨੌਸਿਖੀਆ ਕਪਤਾਨ ਅਸੰਭਵ ਨੂੰ ਸੰਭਵ ਕਰ ਦਿਖਾਏ ਉਦੋਂ ਵਿਦੇਸ਼ੀ ਸੁਪਰਸਟਾਰਾਂ ’ਤੇ 25-25 ਕਰੋੜ ਰੁਪਏ ਖ਼ਰਚਣਾ ਬੇਤੁਕਾ ਨਹੀਂ ਤਾਂ ਹੋਰ ਕੀ ਹੈ?
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Police vs Kisan : ਪਟਿਆਲਾ 'ਚ ਅਕਵਾਇਰ ਕੀਤੀ ਜ਼ਮੀਨ ਨੂੰ ਲੈ ਕੇ ਕਿਸਾਨ ਤੇ ਪ੍ਰਸ਼ਾਸਨ ਹੋਏ ਆਹਮੋ ਸਾਹਮਣੇ

26 Jul 2025 5:49 PM

ਕਾਰਗਿਲ ਜੰਗ 'ਚ ਸ਼ਹੀਦ ਹੋਏ ਪੰਜਾਬ ਦੇ ਜਵਾਨ ਦਾ ਅੱਜ ਵੀ ਹੈ ਘਰ 'ਚ ਕਮਰਾ, ਹਰ ਵਕਤ ਕਮਰੇ 'ਚ ਚਲਦਾ ਹੈ ਪੱਖਾ ਅਤੇ ਲਾਈਟ

26 Jul 2025 5:48 PM

Bathinda Govt School Teachers Protest : ਮਹਿਲਾ ਅਧਿਆਪਕ ਤੋਂ ਦੁਖੀ ਹੋ ਕੇ ਸਕੂਲ ਸਟਾਫ਼ ਨੇ ਕੀਤੀ ਸੜਕ ਜਾਮ

23 Jul 2025 4:30 PM

Punjab Police Rescue People : ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਨਹਿਰ 'ਚ ਛਾਲ ਮਾਰ ਕੇ 9 ਲੋਕਾਂ ਦੀ ਬਚਾਈ ਜਾਨ

23 Jul 2025 4:29 PM

ਅੰਮ੍ਰਿਤਪਾਲ ਨੂੰ ਜੇਲ੍ਹ 'ਚ ਕੌਣ ਪਹੁੰਚਾਉਂਦਾ ਰਿਹਾ ਨਸ਼ਾ? ਸਾਥੀਆਂ ਦੇ ਖੁਲਾਸਿਆਂ 'ਚ ਕਿੰਨਾ ਸੱਚ?

22 Jul 2025 8:57 PM
Advertisement