ਦਿੱਲੀ ਵਿਚ ਕਾਰਪੋਰੇਟਾਂ ਦੇ ਰਾਖੇ ਬਨਾਮ ਇਨਸਾਨੀਅਤ ਦੇ ਰਾਖੇ
Published : Jan 6, 2021, 7:17 am IST
Updated : Jan 6, 2021, 7:17 am IST
SHARE ARTICLE
LANGER
LANGER

ਖੱਟੜ ਸਰਕਾਰ ਕਿਸਾਨਾਂ ਨੂੰ ਡਰਾਉਣਾ ਚਾਹੁੰਦੀ ਹੈ ਤਾਕਿ ਦਿੱਲੀ ਵਿਚ ਇਕੱਠ ਹੋਰ ਵੱਡਾ ਨਾ ਹੋ ਸਕੇ

ਨਵੀਂ ਦਿੱਲੀ: ਕਿਸਾਨਾਂ ਅਤੇ ਸਰਕਾਰ ਵਿਚਕਾਰ ਚਲ ਰਹੀ ਗੱਲਬਾਤ ਇਕ ਵਾਰ ਫਿਰ ਤੋਂ ਅੱਗੇ ਪੈ ਗਈ ਹੈ। ਜਦੋਂ ਐਤਵਾਰ ਵਾਲੇ ਦਿਨ ਰਿਵਾੜੀ ਵਿਚ ਕਿਸਾਨਾਂ ਉਤੇ ਗੈਸ ਦੇ ਗੋਲੇ ਸੁੱਟੇ ਗਏ ਤੇ ਕਿਸਾਨ ਹਰਿਆਣਾ ਵਿਚ ਫ਼ੌਜ ਦੇ ਆਹਮੋ ਸਾਹਮਣੇ ਕਰ ਦਿਤੇ ਗਏ ਸਨ ਤਾਂ ਅੰਦਾਜ਼ਾ ਹੋ ਗਿਆ ਸੀ ਕਿ ਅਜੇ ਸਰਕਾਰ ਨਰਮੀ ਦਾ ਦਿਖਾਵਾ ਭਾਵੇਂ ਕਰ ਰਹੀ ਹੈ ਪਰ ਉਸ ਦਾ ਦਿਲ ਅਜੇ ਵੀ ਕਿਸਾਨਾਂ ਪ੍ਰਤੀ ਬੜਾ ਸਖ਼ਤ ਹੈ। ਸਰਕਾਰ ਦਾ ਇਕ ਸੁਰ ਵਿਚ ਨਾ ਬੋਲਣਾ ਇਹੀ ਸੰਕੇਤ ਦੇ ਰਿਹਾ ਸੀ ਕਿ ਅਜੇ ਸਰਕਾਰ ਵਿਚ ਸਹਿਮਤੀ ਨਹੀਂ ਬਣੀ।  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਤਾਂ ਕਿਸਾਨਾਂ ਪ੍ਰਤੀ ਮਾੜੀ ਸੋਚ ਜ਼ਾਹਰ ਕਰਨ ਵਿਚ ਕੋਈ ਕਸਰ ਹੀ ਨਹੀਂ ਛੱਡੀ। ਰਿਵਾੜੀ ਵਿਚ ਕਿਸਾਨਾਂ ਉਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਜੋ ਜਾਨ ਲੇਵਾ ਵੀ ਸਾਬਤ ਹੋ ਸਕਦੇ ਸਨ ਤੇ ਸੁਰੱਖਿਆ ਬਲਾਂ ਵਲੋਂ ਗੈਸ ਦੇ ਗੋਲੇ ਭੀੜ ਵਿਚ ਨਹੀਂ ਬਲਕਿ ਟਰੈਕਟਰ ਟਰਾਲੀਆਂ ਉਤੇ ਸੁੱਟੇ ਗਏ ਤਾਕਿ ਟਰਾਲੀਆਂ ਵਿਚ ਬੈਠਿਆਂ ਦਾ ਹੀ ਨੁਕਸਾਨ ਹੋਵੇ ਤੇ ਸੜਕ ਨੂੰ ਕੋਈ ਨੁਕਸਾਨ ਨਾ ਪੁੱਜੇ।

Last day of the year at Singhu borderSinghu border

ਖੱਟੜ ਸਰਕਾਰ ਕਿਸਾਨਾਂ ਨੂੰ ਡਰਾਉਣਾ ਚਾਹੁੰਦੀ ਹੈ ਤਾਕਿ ਦਿੱਲੀ ਵਿਚ ਇਕੱਠ ਹੋਰ ਵੱਡਾ ਨਾ ਹੋ ਸਕੇ ਤੇ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਲੱਖਾਂ ਕਿਸਾਨਾਂ ਦਾ ਹੌਸਲਾ ਬੁਲੰਦ ਨਾ ਹੋ ਸਕੇ। ਖੇਤੀ ਮੰਤਰੀ ਨਰੇਂਦਰ ਤੋਮਰ ਵਲੋਂ ਮੀਟਿੰਗ ਵਿਚ ਕਿਸਾਨਾਂ ਨੂੰ ਇਹ ਜਤਾਉਣ ਦਾ ਯਤਨ ਕੀਤਾ ਗਿਆ ਕਿ ਉਨ੍ਹਾਂ ਲਈ ਇਕ ਰਸਤਾ ਕੱਢ ਲਿਆ ਗਿਆ ਹੈ ਕਿ ਪੰਜਾਬ ਸਰਕਾਰ ਇਹ ਕਾਨੂੰਨ ਲਾਗੂ ਨਾ ਕਰਨਾ ਚਾਹੇ ਤਾਂ ਨਾ ਕਰੇ। ਇਸ ਨਾਲ ਪੰਜਾਬ ਵਾਸਤੇ ਕੁੱਝ ਨਹੀਂ ਬਦਲੇਗਾ ਤਾਂ ਫਿਰ ਪੰਜਾਬ ਦੇ ਕਿਸਾਨ ਕਿਉਂ ਲੜਨਗੇ? ਬਿਹਾਰ ਦੇ ਕਿਸਾਨਾਂ ਨੂੰ ਤਾਂ ਇਸ ਮਾਮਲੇ ਬਾਰੇ ਜਾਣਕਾਰੀ ਹੀ ਨਹੀਂ ਸੀ। ਇਥੇ ਮੰਤਰੀਆਂ ਵਲੋਂ ਕਿਸਾਨਾਂ ਵਿਚ ਫੁਟ ਪਾ ਕੇ ਬਾਜ਼ੀ ਜਿੱਤਣ ਦਾ ਯਤਨ ਕੀਤਾ ਜਾ ਰਿਹਾ ਸੀ।

Narendra TomarNarendra Tomar

ਭਾਰਤ ਦੇ ਟੀ.ਵੀ. ਚੈਨਲਾਂ ਤੇ ਆਗੂ ਲੋਕ ਗੁੱਸੇ ਵਿਚ ਆ ਕੇ ਇਕ ਦੂਜੇ ਦੇ ਗਲ ਪੈ ਕੇ ਵਾਰ-ਵਾਰ ਇਹੀ ਦੁਹਰਾਉਂਦੇ ਹਨ ਕਿ ਇਹ ਕਾਨੂੰਨ ਕਿਸਾਨ ਹਿਤ ਵਿਚ ਬਣਾਏ ਗਏ ਹਨ। ਸਰਕਾਰ ਦਾ ਕੋਈ ਬੁਲਾਰਾ ਇਹ ਨਹੀਂ ਕਹਿੰਦਾ ਕਿ ਇਹ ਕਾਨੂੰਨ ਬੁਨਿਆਦੀ ਤੌਰ ’ਤੇ ਖ਼ਾਮੀਆਂ ਨਾਲ ਭਰੇ ਹਨ ਤੇ ਅਸੀ ਵੇਖ ਰਹੇ ਹਾਂ ਕਿ ਇਨ੍ਹਾਂ ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਲੋੜ ਹੈ ਜਾਂ ਇਨ੍ਹਾਂ ਵਿਚ ਕੁੱਝ ਸੋਧਾਂ ਕਰਨ ਵਾਲੇ ਕਿਸਾਨਾਂ ਦੀ ਸੰਤੁਸ਼ਟੀ ਸੰਭਵ ਹੈ? ਬੁਲਾਰੇ ਵਾਰ ਵਾਰ ਟੀ.ਵੀ. ਚੈਨਲਾਂ ਤੇ ਇਸ ਨੂੰ ਕਾਂਗਰਸ ਦਾ ਭੜਕਾਇਆ ਵਿਰੋਧ ਆਖਦੇ ਹਨ ਤਾਕਿ ਜੋ ਲੋਕ ਸੱਚ ਨੂੰ ਨਹੀਂ ਜਾਣਦੇ, ਉਹ ਇਸ ਨੂੰ ਸਿਆਸੀ ਲੜਾਈ ਸਮਝ ਕੇ ਮੂੰਹ ਮੋੜ ਲੈਣ। ਸੋ ਸਰਕਾਰ ਦੇ ਜਿਹੜੇ ਵੱਖ-ਵੱਖ ਰੂਪ ਨਜ਼ਰ ਆ ਰਹੇ ਹਨ, ਉਹ ਦਰਸਾਉਂਦੇ ਹਨ ਕਿ ਸਰਕਾਰ ਅਜੇ ਕਿਸਾਨਾਂ ਦੀ ਪ੍ਰੀਖਿਆ ਲੈ ਰਹੀ ਹੈ। ਉਹ ਉਨ੍ਹਾਂ ਤੇ ਹਰ ਤਰ੍ਹਾਂ ਦਾ ਤਸ਼ੱਦਦ ਢਾਹੁਣ ਦਾ ਯਤਨ ਕਰ ਰਹੀ ਹੈ ਤਾਕਿ ਇਹ ਅੰਦੋਲਨ ਮਾਂਦਾ ਪੈ ਜਾਵੇ। 

Farmer protestFarmer protest

ਅੱਜ ਦਿੱਲੀ ਵਿਚ ਅੱਤ ਦੀ ਠੰਢ ਅਤੇ ਲਗਾਤਾਰ ਬਾਰਸ਼ ਹੋ ਰਹੀ ਹੈ। ਬੱਦਲ ਇਸ ਤਰ੍ਹਾਂ ਗਰਜ ਰਹੇ ਹਨ ਜਿਵੇਂ ਉਹ ਸਰਕਾਰ ਦੇ ਦਿਲ ਦੇ ਅੰਦਰ ਦੀ ਕਠੋਰਤਾ ਗਰਜ-ਗਰਜ ਕੇ ਕਿਸਾਨਾਂ ਨੂੰ ਸੁਣਾ ਰਹੇ ਹੋਣ ਤੇ ਕੇਂਦਰ ਸਰਕਾਰ ਵਲੋਂ ਹਰਿਆਣਾ ਸਰਕਾਰ ਨੂੰ ਕਿਸਾਨਾਂ ਵਾਸਤੇ ਸੜਕਾਂ ਕੰਢੇ ਲਾਈਟਾਂ ਚਲਾਉਣ ਦਾ ਹੁਕਮ ਵੀ ਨਹੀਂ ਕੀਤਾ ਗਿਆ, ਤਾਂ ਫਿਰ ਮੀਟਿੰਗ ਵਿਚੋਂ ਕਿਸਾਨੀ ਲਈ ਹਮਦਰਦੀ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ? ਕੁੱਝ ਮਹੀਨਿਆਂ ਦੀ ਗੱਲ ਹੈ ਕਿ ਨਫ਼ਰਤ, ਕੜਵਾਹਟ ਤੇ ਝੂਠ ਦੀ ਰਾਣੀ ਕੰਗਣਾ ਰਣੌਤ ਨੂੰ ਹਲਕੀ ਜਿਹੀ ਤਕਲੀਫ਼ ਹੋਈ ਸੀ ਤੇ ਦੇਸ਼ ਦੇ ਗ੍ਰਹਿ ਮੰਤਰੀ ਨੇ ਝੱਟ ਉਸ ਵਾਸਤੇ ਜ਼ੈੱਡ ਸੁਰੱਖਿਆ ਭੇਜ ਦਿਤੀ ਸੀ। ਅੱਜ ਲੱਖਾਂ ਕਿਸਾਨ ਜਿਨ੍ਹਾਂ ਵਿਚੋਂ ਅੱਧੇ ਬਜ਼ੁਰਗ ਹਨ, ਠੰਢ ਵਿਚ ਕੰਬ ਰਹੇ ਹਨ ਤਾਂ ਸਰਕਾਰ ਨੇ ਇਕ ਉਂਗਲ ਨਹੀਂ ਹਿਲਾਈ। ਟਵਿਟਰ ਤੇ ਹਰ ਇਕ ਦਾ ਜਨਮ ਦਿਨ ਯਾਦ ਰਖਣ ਵਾਲੇ ਪ੍ਰਧਾਨ ਮੰਤਰੀ ਨੂੰ ਨਜ਼ਰ ਨਹੀਂ ਆਇਆ ਕਿ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਉਡੀਕ ਵਿਚ ਆਏ ਕਿਸਾਨਾਂ ਵਿਚੋਂ 56 ਦੀਆਂ ਮੌਤਾਂ ਹੋ ਚੁਕੀਆਂ ਹਨ ਤੇ ਉਸ 56 ਇੰਚ ਦੀ ਛਾਤੀ ਕੋਲੋਂ ਕਿਸਾਨਾਂ ਵਾਸਤੇ ਹਮਦਰਦੀ ਦਾ ਇਕ ਸ਼ਬਦ ਵੀ ਬੋਲਿਆ ਨਹੀਂ ਜਾ ਸਕਿਆ।

Farmer ProtestFarmer Protest

ਸੋ ਜਿਹੜੇ ਮੰਤਰੀ ਕਿਸਾਨਾਂ ਨਾਲ ਗੱਲ ਕਰਨ ਆਉਂਦੇ ਹਨ, ਜਾਂ ਤਾਂ ਇਨ੍ਹਾਂ ਦੇ ਹੱਥ ਵਿਚ ਫ਼ੈਸਲੇ ਲੈਣ ਦੀ ਤਾਕਤ ਹੀ ਕੋਈ ਨਹੀਂ ਜਾਂ ਉਹ ਅਪਣੇ ਸਾਹਮਣੇ ਬੈਠੇ ਕਿਸਾਨਾਂ ਦੀ ਦਲੀਲ ਸਾਹਮਣੇ ਅਪਣੀ ਜ਼ਿੱਦ ਛੱਡ ਦੇਣ ਲਈ ਰਾਜ਼ੀ ਨਹੀਂ ਜਾਂ ਫਿਰ ਉਹ ਕਿਸਾਨ ਪੱਖੀ ਹੈ ਹੀ ਨਹੀਂ ਬਲਕਿ ਕਾਰਪੋਰੇਟ ਪੱਖੀ ਕਾਨੂੰਨ ਹੀ ਚਾਹੁੰਦੇ ਹਨ। ਪਰ ਦੂਜੇ ਪਾਸੇ ਦਿੱਲੀ ਬੈਠੇ ਕਿਸਾਨਾਂ ’ਤੇ ਫ਼ਖ਼ਰ ਮਹਿਸੂਸ ਹੋਣ ਲਗਦਾ ਹੈ ਜਦੋਂ ਪਤਾ ਲਗਦਾ ਹੈ ਕਿ ਅੱਜ ਉਥੇ ਪੰਜਾਬ ਦੇ ਕਿਸਾਨ ਨਹੀਂ ਬੈਠੇ ਬਲਕਿ ਪੁਰਾਣੇ ਪੰਜਾਬ ਦੇ ਕਿਸਾਨ ਬੈਠੇ ਹਨ। ਅੱਜ ਉਥੇ ਉਹ ਕਿਸਾਨ ਬੈਠੇ ਹਨ ਜੋ ਇਹ ਨਹੀਂ ਸੋਚ ਰਹੇ ਕਿ ਮੇਰੀ ਜ਼ਮੀਨ ਤਾਂ ਬਚ ਗਈ, ਫਸੇ ਰਹਿਣ ਬਿਹਾਰ, ਯੂ.ਪੀ., ਗੁਜਰਾਤ ਦੇ ਕਿਸਾਨ, ਮੈਂ ਕੀ ਲੈਣੈ? ਇਹ ਉਹ ਕਿਸਾਨ ਹਨ ਜਿਨ੍ਹਾਂ ਨੂੰ ਅਪਣੀਆਂ ਸ਼ਹਾਦਤਾਂ ਦੇਣੀਆਂ ਮੰਜ਼ੂਰ ਹਨ ਪਰ ਲਾਲਚ ਵਿਚ ਆ ਕੇ ਅਪਣਿਆਂ ਨੂੰ ਧੋਖਾ ਦੇਣਾ ਮੰਜ਼ੂਰ ਨਹੀਂ। ਸਰਕਾਰਾਂ ਮੰਨਣਗੀਆਂ ਜਾਂ ਨਾ, ਖੇਤੀ ਕਾਨੂੰਨ ਕਦੋਂ ਰੱਦ ਹੋੋਣਗੇ, ਇਸ ਬਾਰੇ ਤਾਂ ਕੁੱਝ ਪੱਕਾ ਨਹੀਂ ਪਰ ਅੱਜ ਇਕ ਵਾਰ ਫਿਰ ਸਾਡੇ ਕਿਸਾਨਾਂ ਨੇ ਵਿਖਾ ਦਿਤਾ ਹੈ ਕਿ ਉਨ੍ਹਾਂ ਦੀ ਸੋਚ ਕਿੰਨੀ ਮਹਾਨ ਹੈ। ਪੈਸੇ ਦੀ ਦੌੜ ਵਿਚ ਭਾਵੇਂ ਉਹ ਪਿੱਛੇ ਰਹਿ ਗਏ ਹੋਣ ਪਰ ਇਨਸਾਨੀਅਤ ਦੀ ਦੌੜ ਵਿਚ ਉਹ ਸਾਰਿਆਂ ਤੋਂ ਕਿਤੇ ਅੱਗੇ ਹਨ।  ਅੱਜ ਜ਼ਰੂਰ ਮਾਲਕ ਨੂੰ ਬਾਬੇ ਨਾਨਕ ਦਾ ਸ਼ਬਦ ਸੁਣਾਉਣ ਦਾ ਦਿਲ ਕਰਦਾ ਹੈ,‘‘ਏਤੀ ਮਾਰ ਪਈ ਕੁਰਲਾਣੇ, ਤੈ ਕੀ ਦਰਦ ਨਾ ਆਇਆ॥’’ ਪਰ ਸਾਡੇ ਕਿਸਾਨ ਤਾਂ ਸ਼ਹਾਦਤਾਂ ਵੀ ਹਸਦੇ ਹਸਦੇ ਦੇ ਰਹੇ ਹਨ ਤੇ ਸ਼ਾਇਦ ਮਾਲਕ ਨੂੰ ਵੀ ਉਨ੍ਹਾਂ ਦੀ ਮੁਸਕਰਾਹਟ ਪਿਛੇ ਦਰਦ ਨਹੀਂ ਦਿਸ ਰਿਹਾ।                                                                                                                                                          -  ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement