
ਸਿਆਸੀ ਪਾਰਟੀਆਂ ਦੀ ਵਿਚਾਰਧਾਰਾ ਜਦ 'ਵਜ਼ੀਰੀ ਦੇਣ ਵਾਲੇ ਦੀ ਜੈ' ਹੀ ਰਹਿ ਗਈ ਹੋਵੇ ਤਾਂ ਫ਼ਾਇਦਾ ਬੀ.ਜੇ.ਪੀ. ਨੂੰ ਹੀ ਮਿਲੇਗਾ!
ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਜਿੱਤ ਇਕ ਸੁਨਾਮੀ ਵਾਂਗ ਸੀ ਜਿਸ ਨੇ ਅਪਣੇ ਪਿੱਛੇ ਤਕਰੀਬਨ ਬਾਕੀ ਸਾਰੀਆਂ ਪਾਰਟੀਆਂ ਨੂੰ ਤੂੰਬਾ ਤੂੰਬਾ ਕਰ ਕੇ ਰੱਖ ਦਿਤਾ। ਹੁਣ ਉਸ ਤਬਾਹੀ ਨਾਲ ਜੂਝਦੀਆਂ ਸਾਰੀਆਂ ਪਾਰਟੀਆਂ ਅਪਣੇ ਆਪ ਨੂੰ ਸੰਭਾਲਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਕਾਂਗਰਸ ਤਾਂ ਚੁਪਚਾਪ ਸਾਰੇ ਟੀ.ਵੀ. ਚੈਨਲਾਂ ਉਤੇ ਵਿਚਾਰ-ਵਟਾਂਦਰੇ ਵਿਚ ਭਾਗ ਲੈਣੋਂ ਪਿੱਛੇ ਹਟ ਕੇ, ਅਸਲ ਵਿਚ ਮੌਨ ਧਾਰ ਕੇ, ਅਪਣੀ ਨੀਤੀ ਘੜ ਰਹੀ ਹੈ। ਮੌਨ ਟੁੱਟੇਗਾ ਤਾਂ ਹੀ ਪਤਾ ਲੱਗੇਗਾ ਕਿ ਇਹ ਪਾਰਟੀ ਕਿਸ ਤਰ੍ਹਾਂ ਸਿਆਸਤ 'ਚ ਮੁੜ ਤੋਂ ਅਪਣੀ ਹੋਂਦ, ਨਵੀਂ ਸੋਚ, ਨਵਾਂ ਖ਼ੂਨ ਜਾਂ ਕੁੱਝ ਹੋਰ? ਕਾਂਗਰਸ ਤੋਂ ਸਿਵਾ ਸਾਰੀਆਂ ਪਾਰਟੀਆਂ ਸੂਬਾ ਪਧਰੀ ਹੀ ਹਨ, ਸਿਵਾਏ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਜਿਸ ਦਾ ਢਾਂਚਾ ਤਾਂ ਦੇਸ਼ ਭਰ 'ਚ ਮੌਜੂਦ ਹੈ ਪਰ ਉਹ ਹੁਣ ਉੱਤਰ ਪ੍ਰਦੇਸ਼ ਤਕ ਹੀ ਸੀਮਤ ਹੋ ਕੇ ਰਹਿ ਗਈ ਹੈ।
All party leaders
ਬਸਪਾ ਨੇ ਅਪਣਾ ਸਮਾਜਵਾਦੀ ਪਾਰਟੀ (ਸਪਾ) ਨਾਲ ਗਠਜੋੜ ਇਹ ਕਹਿ ਕੇ ਤੋੜ ਦਿਤਾ ਹੈ ਕਿ ਜੇ ਯਾਦਵ ਅਪਣੇ ਪਾਰਟੀ ਪ੍ਰਧਾਨ ਦੀ ਪਤਨੀ ਨੂੰ ਨਹੀਂ ਜਿਤਾ ਸਕਦੇ (ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਨੂੰ) ਤਾਂ ਉਹ ਹੋਰ ਕਿਸੇ ਨੂੰ ਕੀ ਫ਼ਾਇਦਾ ਪਹੁੰਚਾਉਣਗੇ? ਸਮਾਜਵਾਦੀ ਪਾਰਟੀ ਨੂੰ ਪਹਿਲਾਂ ਕਾਂਗਰਸ ਨੇ ਨਕਾਰਿਆ ਅਤੇ ਹੁਣ ਬਸਪਾ ਨੇ। ਮੁਲਾਇਮ ਯਾਦਵ ਦੋਹਾਂ ਗਠਜੋੜਾਂ ਦੇ ਹੱਕ ਵਿਚ ਨਹੀਂ ਸਨ, ਸੋ ਇਹ ਉਨ੍ਹਾਂ ਦੀ ਸੋਚ ਵਿਰੁਧ ਬਗ਼ਾਵਤ ਕਰਨ ਵਾਲੇ ਅਖਿਲੇਸ਼ ਦੀ ਹਾਰ ਹੋਈ।
JDU
ਦੂਜੇ ਪਾਸੇ ਜਿੱਤੇ ਹੋਏ ਗਠਜੋੜਾਂ 'ਚੋਂ ਬਿਹਾਰ ਦਾ ਸੱਤਾਧਾਰੀ ਗਠਜੋੜ ਵੀ ਖ਼ਤਰਿਆਂ ਵਿਚ ਘਿਰ ਗਿਆ ਲਗਦਾ ਹੈ। ਜਨਤਾ ਦਲ (ਯੂ) ਭਾਵੇਂ ਬਿਹਾਰ ਤਕ ਹੀ ਸੀਮਤ ਰਿਹਾ ਹੈ, ਉਨ੍ਹਾਂ ਦਾ ਬਿਹਾਰ ਦੀਆਂ ਵੋਟਾਂ 'ਚ ਹਿੱਸਾ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਵੱਧ ਸੀ ਅਤੇ ਉਹ ਕੇਂਦਰੀ ਮੰਤਰਾਲੇ ਵਿਚ ਇਕ ਵੱਡੀ ਕੁਰਸੀ ਮੰਗਦੇ ਸਨ। ਨਾ ਮਿਲਣ ਕਰ ਕੇ ਉਨ੍ਹਾਂ ਨੇ ਕੈਬਨਿਟ 'ਚ ਹਿੱਸਾ ਲੈਣ ਤੋਂ ਹੀ ਇਨਕਾਰ ਕਰ ਦਿਤਾ ਅਤੇ ਅਪਣੀ ਕੈਬਨਿਟ ਦੇ ਮੰਤਰੀਆਂ ਵਿਚ ਵਾਧਾ ਕਰਨ ਵੇਲੇ ਉਨ੍ਹਾਂ ਨੇ ਵੀ ਕਿਸੇ ਭਾਜਪਾਈ ਨੂੰ ਸ਼ਾਮਲ ਨਹੀਂ ਕੀਤਾ। ਦਿਮਾਗ਼ ਤਾਂ ਬਿਹਾਰ ਚੋਣਾਂ ਵਲ ਹੀ ਜਾਂਦਾ ਹੈ ਜਿਥੇ ਪਿਛਲੀ ਵਾਰੀ ਮਹਾਂਗਠਜੋੜ ਨੇ ਭਾਜਪਾ ਨੂੰ ਹਰਾ ਦਿਤਾ ਸੀ।
Shiromani Akali Dal
ਅਕਾਲੀ ਦਲ ਨੂੰ ਮੰਤਰੀ ਮੰਡਲ ਵਿਚ ਤਾਂ ਲੋੜ ਤੋਂ ਵੱਧ ਪ੍ਰਤੀਨਿਧਤਾ ਦਿਤੀ ਗਈ ਪਰ ਹੁਣ ਪੰਜਾਬ ਭਾਜਪਾ ਚੋਣਾਂ ਵਿਚ ਅਲੱਗ ਹੋਣ ਦੀਆਂ ਗੱਲਾਂ ਸ਼ੁਰੂ ਕਰ ਰਹੀ ਹੈ। ਅਲੱਗ ਤਾਂ ਨਹੀਂ ਹੋਣਗੇ, ਖ਼ਾਸ ਕਰ ਕੇ ਜਦ ਬੀਬੀ ਬਾਦਲ ਨੂੰ ਇਕ ਕੈਬਨਿਟ ਰੈਂਕ ਮਿਲਿਆ ਹੈ, ਪਰ ਹੁਣ 2022 'ਚ ਸੀਟਾਂ ਦੀ ਵੰਡ ਵਿਚ ਗੜਬੜ ਜ਼ਰੂਰ ਹੋਵੇਗੀ। ਇਸ ਵਾਰੀ ਭਾਜਪਾ, ਅਕਾਲੀ ਦਲ ਕੋਲੋਂ ਬਰਾਬਰ ਬਰਾਬਰ ਸੀਟਾਂ ਮੰਗ ਰਹੀ ਹੈ।
Shiv Sena
ਮਹਾਰਾਸ਼ਟਰ 'ਚ ਸ਼ਿਵ ਸੈਨਾ ਨੇ ਵੀ ਅਪਣੇ ਬਾਗ਼ੀ ਸੁਰ ਮੁੜ ਤੋਂ ਅਲਾਪਣੇ ਸ਼ੁਰੂ ਕਰ ਦਿਤੇ ਹਨ, ਪਰ ਹੁਣ ਉਨ੍ਹਾਂ ਦੀ ਗੱਲ ਨੂੰ ਵਲ ਧਿਆਨ ਕੋਈ ਨਹੀਂ ਦਿੰਦਾ। ਮੌਕਾ ਬਣਿਆ ਤਾਂ ਉਨ੍ਹਾਂ ਨੇ ਭਾਜਪਾ ਦਾ ਹੱਥ ਫੜ ਲੈਣਾ ਹੈ ਪਰ ਉਂਜ ਮੁੱਦਿਆਂ ਤੇ ਪੂਰੀ ਸਹਿਮਤੀ ਨਹੀਂ ਦਿੰਦੇ। ਜੰਮੂ-ਕਸ਼ਮੀਰ 'ਚ ਮਹਿਬੂਬਾ ਮੁਫ਼ਤੀ ਭਾਜਪਾ ਨਾਲ ਗਠਜੋੜ ਦੇ ਬੁਰੇ ਅਸਰਾਂ ਤੋਂ ਛੁਟਕਾਰਾ ਪਾਉਣ ਲਈ ਲੋਕਾਂ 'ਚ ਅਪਣਾ ਵਿਸ਼ਵਾਸ ਇਕ ਵਾਰ ਫਿਰ ਤੋਂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
Congress
ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਅੱਜ ਜੇ ਭਾਰਤ ਦੀ ਸਿਆਸਤ 'ਚੋਂ ਭਾਜਪਾ ਅਤੇ ਕਾਂਗਰਸ ਨੂੰ ਕੱਢ ਦਿਤਾ ਜਾਵੇ ਤਾਂ ਬਾਕੀ ਪਾਰਟੀਆਂ 'ਚ ਕੋਈ ਸਿਧਾਂਤਕ ਸੋਚ ਨਜ਼ਰ ਨਹੀਂ ਆਉਂਦੀ। 'ਆਪ' ਕਦੇ ਕਾਂਗਰਸ ਦੀ ਸੱਭ ਤੋਂ ਵੱਡੀ ਆਲੋਚਕ ਸੀ ਪਰ ਅੱਜ ਲੋੜ ਪੈਣ ਤੇ ਉਹ ਵੀ ਕਾਂਗਰਸ ਨਾਲ ਗਠਜੋੜ ਕਰਨ ਲਈ ਤਿਆਰ ਸੀ। ਬੰਗਾਲੀ ਸ਼ੇਰਨੀ ਮਮਤਾ ਬੈਨਰਜੀ ਹੁਣ ਸੋਚ ਤੋਂ ਜ਼ਿਆਦਾ ਤਾਕਤ ਉਤੇ ਵਿਸ਼ਵਾਸ ਕਰ ਰਹੀ ਹੈ। ਕਦੇ ਮਹਾਂਗਠਜੋੜ ਹੈ ਅਤੇ ਕਦੇ ਨਹੀਂ ਹੈ, ਦੇ ਚੱਕਰ ਵਿਚ ਅੱਜ ਸਾਰੀਆਂ ਸੂਬਾ ਪਧਰੀ ਪਾਰਟੀਆਂ ਇਕ ਗਠਜੋੜ ਦਾ ਛੋਟਾ ਹਿੱਸਾ ਬਣ ਕੇ ਤੇ ਕਿਸੇ ਵੀ ਧਿਰ ਵਿਚ ਸ਼ਾਮਲ ਹੋ ਕੇ ਉਸ ਦੀ ਵਿਚਾਰਧਾਰਾ ਨੂੰ ਅਪਣੀ ਵਿਚਾਰਧਾਰਾ ਬਣਾਉਣ ਲਈ ਯਤਨ ਕਰਦੀਆਂ ਰਹਿੰਦੀਆਂ ਹਨ। ਸੂਬਾ ਪਧਰੀ ਆਗੂਆਂ ਦੀਆਂ ਅਪਣੀਆਂ ਲਾਲਸਾਵਾਂ ਉਨ੍ਹਾਂ ਨੂੰ ਕਿਸੇ ਨਾਲ ਵੀ ਗਠਜੋੜ ਕਰਨ ਲਈ ਤਿਆਰ ਕਰ ਦੇਂਦੀਆਂ ਹਨ।
BSP-SP
ਜਿਸ ਤਰ੍ਹਾਂ ਉੱਤਰ ਪ੍ਰਦੇਸ਼ ਵਿਚ ਬਸਪਾ ਅਤੇ ਸਪਾ ਤਕਰੀਬਨ ਖ਼ਤਮ ਹੋ ਗਏ ਹਨ, ਅਕਾਲੀ ਦਲ ਪੰਜਾਬ ਵਿਚ, 'ਆਪ' ਦਿੱਲੀ 'ਚ ਤੇ ਆਰ.ਜੇ.ਡੀ. ਬਿਹਾਰ 'ਚ ਖ਼ਾਤਮੇ ਦੇ ਦਰ ਤੇ ਖੜੇ ਹਨ। ਇਨ੍ਹਾਂ ਪਾਰਟੀਆਂ ਨੂੰ ਅਪਣੀ ਸੋਚ ਬਦਲਣੀ ਪਵੇਗੀ। ਜੇ ਇਹ ਲੋਕ ਸਿਰਫ਼ ਭਾਜਪਾ ਜਾਂ ਕਾਂਗਰਸ ਦੇ ਏਜੰਟ ਬਣ ਕੇ ਹੀ ਖ਼ੁਸ਼ ਹਨ ਤਾਂ ਫਿਰ ਲੋਕ ਸਿੱਧਾ ਭਾਜਪਾ ਜਾਂ ਕਾਂਗਰਸ ਨੂੰ ਹੀ ਵੋਟ ਕਿਉਂ ਨਾ ਪਾ ਦੇਣ? ਭਾਜਪਾ ਅਤੇ ਕਾਂਗਰਸ ਨੂੰ ਕੀ ਲੋੜ ਹੈ ਕਿ ਉਹ ਸੂਬਾ ਪਧਰੀ ਪਾਰਟੀਆਂ ਨੂੰ ਪਾਲਣ? ਅੱਜ ਸਿਰਫ਼ ਇਕ ਭਾਜਪਾ ਹੀ ਹੈ ਜਿਸ ਦੀ ਸੋਚ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤਕ ਇਕ ਹੈ ਤੇ ਇਸ ਵਿਚ ਕਿਤੇ ਵੀ 'ਕਿੰਤੂ ਪ੍ਰੰਤੂ' ਕੋਈ ਨਹੀਂ। ਕਿਸੇ ਨੂੰ ਪਸੰਦ ਆਵੇ, ਨਾ ਆਵੇ, ਭਾਜਪਾ ਦੀ ਸੋਚ ਵਿਚ ਕਿਤੇ ਕੋਈ ਅੰਤਰ ਨਜ਼ਰ ਨਹੀਂ ਆਉਂਦਾ।
Congress
ਕਾਂਗਰਸ ਦਾ ਬੀਤਿਆ ਸਮਾਂ ਭਾਵੇਂ ਕੁੱਝ ਵੀ ਰਿਹਾ ਹੋਵੇ, ਅੱਜ ਕਿਸੇ ਨੂੰ ਵੀ ਇਹ ਗੱਲ ਸਾਫ਼ ਨਹੀਂ ਕਿ ਉਹ ਕੀ ਕਰਨਾ ਚਾਹੁੰਦੀ ਹੈ। ਵਧੀਆ ਰਾਜ ਪ੍ਰਬੰਧ, ਆਰਥਕ ਨੀਤੀਆਂ ਤੋਂ ਇਲਾਵਾ, ਭਾਰਤੀ ਵੋਟਰ ਹਰ ਪਾਰਟੀ ਦੀ ਸਿਧਾਂਤਕ ਸੋਚ ਨੂੰ ਸਮਝਣਾ ਚਾਹੁੰਦਾ ਹੈ ਜੋ ਮੌਸਮ ਵਾਂਗ ਬਦਲ ਜਾਣ ਵਾਲੀ ਨਾ ਹੋਵੇ। ਪੰਜਾਬ 'ਚ ਅਕਾਲੀ ਦਲ ਦਾ ਅਕਸ ਹੁਣ ਪੰਥਕ ਸੋਚ ਵਾਲਾ ਨਹੀਂ ਰਿਹਾ, ਅਤੇ ਉਨ੍ਹਾਂ ਕਦੇ ਕਦੇ ਕਿਸੇ ਪੰਥਕ ਮੁੱਦੇ ਨੂੰ ਛੇੜ ਕੇ ਅਪਣੇ ਲਈ ਹੋਰ ਮੁਸੀਬਤਾਂ ਹੀ ਖੜੀਆਂ ਕੀਤੀਆਂ ਕਿਉਂਕਿ ਉਹ ਦਿਲੋਂ ਅਪਣੀ ਸੋਚ ਨੂੰ ਨਾ ਪਛਾਣਦੇ ਹਨ ਅਤੇ ਨਾ ਸਮਝਦੇ ਹਨ। ਅੱਜ ਜੋ ਅਪਣੇ ਆਪ ਨੂੰ ਮੁੜ ਤੋਂ ਸਥਾਪਤ ਕਰਨਾ ਚਾਹ ਰਿਹਾ ਹੈ, ਉਸ ਨੂੰ ਅਪਣੀ ਫ਼ਿਲਾਸਫ਼ੀ, ਅਪਣੀ ਪਾਰਟੀ ਦੀ ਦਸ਼ਾ ਤੇ ਦਿਸ਼ਾ ਸਾਫ਼ ਕਰਨੀ ਪਵੇਗੀ, ਉਹ ਦਿਸ਼ਾ ਜੋ ਕੁਰਸੀ ਦੇ ਲਾਲਚ ਪਿੱਛੇ ਹਰ ਕਿਸੇ ਨਾਲ ਸਮਝੌਤਾ ਕਰਨ ਲਈ ਤਿਆਰ ਨਾ ਮਿਲੇ। -ਨਿਮਰਤ ਕੌਰ