
ਮਹਾਰਾਸ਼ਟਰ ਦੇ ਇਕ ਸੰਸਦ ਮੈਂਬਰ ਵਲੋਂ ਨੌਜਵਾਨਾਂ ਵਾਸਤੇ ਇਕ ਅਜੀਬ ਸੁਨੇਹਾ ਭੇਜਿਆ ਗਿਆ ਹੈ..............
ਮਹਾਰਾਸ਼ਟਰ ਦੇ ਇਕ ਸੰਸਦ ਮੈਂਬਰ ਵਲੋਂ ਨੌਜਵਾਨਾਂ ਵਾਸਤੇ ਇਕ ਅਜੀਬ ਸੁਨੇਹਾ ਭੇਜਿਆ ਗਿਆ ਹੈ। ਉਨ੍ਹਾਂ ਨੌਜਵਾਨ ਮੁੰਡਿਆਂ ਨੂੰ ਆਖਿਆ ਹੈ ਕਿ ਜੇ ਕੋਈ ਕੁੜੀ ਉਨ੍ਹਾਂ ਦੇ ਪਿਆਰ ਨੂੰ ਠੁਕਰਾ ਦੇਂਦੀ ਹੈ ਤਾਂ ਉਹ ਉਨ੍ਹਾਂ ਮੁੰਡਿਆਂ ਦੀ ਮਦਦ ਕਰਨਗੇ ਅਤੇ ਜੇ ਮਾਪੇ ਨਾ ਮੰਨੇ ਤਾਂ ਉਹ ਕੁੜੀ ਨੂੰ ਖ਼ੁਦ ਘਰ ਤੋਂ ਚੁਕ ਕੇ ਮੁੰਡਿਆਂ ਨੂੰ ਲਿਆ ਸੌਂਪਣਗੇ। ਜਿਸ ਹਫ਼ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੱਭ ਤੋਂ ਵੱਡੇ ਆਗੂ ਦੇਸ਼ ਨੂੰ ਨੈਤਿਕਤਾ ਦਾ ਪਾਠ ਪੜ੍ਹਾ ਰਹੇ ਸਨ, ਉਸੇ ਹਫ਼ਤੇ ਇਸ ਪਾਰਟੀ ਦੇ ਆਗੂਆਂ ਦੇ ਅਪਣੇ ਨੈਤਿਕ ਕਿਰਦਾਰ ਦਾ ਇਹ ਪ੍ਰਦਰਸ਼ਨ ਗਵਾਹੀ ਦੇਂਦਾ ਹੈ ਕਿ ਅਜੇ ਇਨ੍ਹਾਂ ਦੇ ਅਪਣੇ ਘਰ ਵਿਚ ਵੀ ਬਹੁਤ ਕਮਜ਼ੋਰੀਆਂ ਹਨ।
ਅੱਜ ਸਿਆਸਤ ਵਿਚ ਅਨੁਸ਼ਾਸਨ ਦੀ ਬਹੁਤ ਸਖ਼ਤ ਜ਼ਰੂਰਤ ਹੈ। ਜਿਹੜੇ ਲੋਕ ਭਾਰਤ ਦੇ ਲੋਕਤੰਤਰ ਦੇ ਮੰਦਰ ਵਿਚ ਬੈਠ ਕੇ ਸੰਵਿਧਾਨ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਲੈਂਦੇ ਹਨ, ਉਨ੍ਹਾਂ ਦੇ ਨੈਤਿਕ ਕਿਰਦਾਰ ਵਿਚ ਇਸ ਤਰ੍ਹਾਂ ਦੀਆਂ ਕਮਜ਼ੋਰੀਆਂ ਨਹੀਂ ਹੋਣੀਆਂ ਚਾਹੀਦੀਆਂ। ਇਹ ਮੰਨ ਸਕਦੇ ਹਾਂ ਕਿ ਸਾਡੇ ਸਿਆਸਤਦਾਨ ਰੱਬ ਨਹੀਂ ਅਤੇ ਉਨ੍ਹਾਂ ਵਿਚ ਕੁੱਝ ਐਬ ਹੋਣੇ ਵੀ ਲਾਜ਼ਮੀ ਹਨ। ਪਰ ਕੁੜੀਆਂ ਨੂੰ ਘਰ ਤੋਂ ਚੁੱਕਣ ਦੀ ਸਲਾਹ ਦੇਣ ਵਾਲੇ ਤਾਂ ਚੰਗੇ ਮਨੁੱਖ ਵੀ ਨਹੀਂ ਅਖਵਾ ਸਕਦੇ।
ਜਦੋਂ ਤਕ ਚੋਰ-ਉਚੱਕੇ, ਬਲਾਤਕਾਰੀ ਤੇ ਕਾਤਲ ਕਿਸਮ ਦੇ ਬੰਦਿਆਂ ਨੂੰ ਸੰਸਦ ਵਿਚ ਬੈਠਣ ਦਿਤਾ ਜਾਵੇਗਾ, ਇਸ ਤਰ੍ਹਾਂ ਦੀ ਸੋਚ ਸਮਾਜ ਦੇ ਤਾਕਤਵਰ ਵਰਗ ਉਤੇ ਹਾਵੀ ਰਹੇਗੀ। ਇਹ ਤਾਂ ਅੱਜ ਦੀ ਤਕਨੀਕੀ ਕ੍ਰਾਂਤੀ ਦੀ ਕਰਾਮਾਤ ਹੈ ਕਿ ਇਸ ਤਰ੍ਹਾਂ ਦੀ ਕਥਨੀ ਸਾਹਮਣੇ ਆ ਜਾਂਦੀ ਹੈ ਨਹੀਂ ਤਾਂ ਕੌਣ ਵਿਸ਼ਵਾਸ ਕਰ ਸਕਦਾ ਹੈ ਕਿ ਇਕ ਵਿਧਾਇਕ ਇਸ ਤਰ੍ਹਾਂ ਦੇ ਸੁਝਾਅ ਨੌਜਵਾਨ ਵਰਗ ਨੂੰ ਦੇ ਸਕਦਾ ਹੈ? ਪ੍ਰਧਾਨ ਮੰਤਰੀ ਮੋਦੀ ਨੂੰ ਅਜਿਹੇ ਵਿਧਾਇਕਾਂ ਨੂੰ ਪਾਰਟੀ ਵਿਚੋਂ ਕੱਢ ਕੇ ਸਬਕ ਸਿਖਾਉਣਾ ਚਾਹੀਦਾ ਹੈ ਤਾਕਿ ਦਸਿਆ ਜਾ ਸਕੇ ਕਿ ਸਿਆਸੀ ਲੋਕਾਂ ਦੀ ਭਾਸ਼ਾ ਗੁੰਡਿਆਂ ਤੇ ਧੜਵੈਲਾਂ ਦੀ ਭਾਸ਼ਾ ਤੋਂ ਵਖਰੀ ਹੁੰਦੀ ਹੈ। -ਨਿਮਰਤ ਕੌਰ