
'ਰੈਲੀ ਰੈਲੀ ਚਲੋ ਰੈਲੀ' ਕਰਦੇ ਸਾਰੇ ਆਗੂ ਅਪਣੇ ਅਪਣੇ ਹਲਕੇ ਤੋਂ ਬਸਾਂ ਢੋਹ ਰਹੇ ਹਨ ਪਰ ਇਸ ਨਾਲ ਕੋਈ ਇਕ ਵੀ ਮਸਲਾ ਹੱਲ ਨਹੀਂ ਹੋਣ ਵਾਲਾ..........
'ਰੈਲੀ ਰੈਲੀ ਚਲੋ ਰੈਲੀ' ਕਰਦੇ ਸਾਰੇ ਆਗੂ ਅਪਣੇ ਅਪਣੇ ਹਲਕੇ ਤੋਂ ਬਸਾਂ ਢੋਹ ਰਹੇ ਹਨ ਪਰ ਇਸ ਨਾਲ ਕੋਈ ਇਕ ਵੀ ਮਸਲਾ ਹੱਲ ਨਹੀਂ ਹੋਣ ਵਾਲਾ। ਇਸ ਦੇਰੀ ਨਾਲ ਪੰਜਾਬ ਦਾ ਜੋ ਨੁਕਸਾਨ ਹੋ ਰਿਹਾ ਹੈ, ਉਸ ਦਾ ਅਸਰ ਬਹੁਤ ਮਾੜਾ ਹੋ ਸਕਦਾ ਹੈ। ਬੇਅਦਬੀ ਡੇਰਾ ਸਿਰਸਾ ਦੇ ਪ੍ਰੇਮੀਆਂ ਨੇ ਕੀਤੀ, ਗੋਲੀ ਨਿਹੱਥਿਆਂ ਉਤੇ ਡੀ.ਜੀ.ਪੀ./ਸੀ.ਐਮ./ਡੀ.ਸੀ.ਐਮ. ਦੇ ਹੁਕਮਾਂ ਤੇ ਚੱਲੀ। ਮਾਮਲਾ ਉਸ ਵੇਲੇ ਹੀ ਸਾਫ਼ ਹੋ ਜਾਣਾ ਚਾਹੀਦਾ ਸੀ ਪਰ ਜਦੋਂ ਜ਼ਖ਼ਮਾਂ ਉਤੇ ਮੱਲ੍ਹਮ ਲਾਉਣ ਦੀ ਬਜਾਏ ਉਨ੍ਹਾਂ ਨੂੰ ਖਰੋਚਿਆ ਜਾਂਦਾ ਹੈ ਤਾਂ ਉਹ ਸਾਰੇ ਜਿਸਮ ਨੂੰ ਬਿਮਾਰ ਕਰ ਦੇਂਦੇ ਹਨ।
ਬਰਗਾੜੀ ਗੋਲੀ ਕਾਂਡ ਦੀ ਤੀਜੀ ਵਰ੍ਹੇਗੰਢ ਤੋਂ ਇਕ ਹਫ਼ਤਾ ਪਹਿਲਾਂ ਪੰਜਾਬ ਵਿਚ 7 ਤਰੀਕ ਨੂੰ ਰੈਲੀਆਂ ਹੀ ਰੈਲੀਆਂ ਹੋ ਰਹੀਆਂ ਹਨ। ਇਕ ਪਾਸੇ ਕਾਂਗਰਸ, ਅਕਾਲੀ ਦਲ ਨੂੰ ਚੁਨੌਤੀ ਦੇਣ ਲਈ ਲੰਬੀ ਵਿਚ ਰੈਲੀ ਕਰਨ ਦੀ ਤਿਆਰੀ ਵਿਚ ਹੈ ਤਾਂ ਦੂਜੇ ਪਾਸੇ ਅਕਾਲੀ ਦਲ, ਬਦਲੇ ਵਿਚ ਪੰਜਾਬ ਦੇ ਸ਼ਾਹੀ ਸ਼ਹਿਰ ਵਿਚ ਅਪਣਾ ਪਰਚਮ ਲਹਿਰਾਉਣ ਜਾ ਰਹੀ ਹੈ। ਤੀਜੀ ਧਿਰ 'ਆਪ' ਬਰਗਾੜੀ ਵਿਚ ਰੈਲੀ ਕਰ ਰਹੀ ਹੈ ਕਿਉਂਕਿ ਬਾਕੀ ਦੋਵੇਂ ਸਿਆਸੀ ਪਾਰਟੀਆਂ ਤਾਂ ਬਰਗਾੜੀ ਜਾ ਨਹੀਂ ਰਹੀਆਂ।
ਸੋ 'ਆਪ' ਦੇ 'ਬਾਗ਼ੀ' ਆਗੂ ਅਤੇ ਉਨ੍ਹਾਂ ਨਾਲ ਜੁੜੇ ਹੋਏ ਸਾਰੇ ਵਿਧਾਇਕ ਬਰਗਾੜੀ ਵਿਚ ਜਾ ਕੇ ਅਪਣੀ ਡਿਗਦੀ ਹੋਈ ਸਾਖ ਨੂੰ ਥੋੜ੍ਹਾ ਉੱਚਾ ਚੁੱਕਣ ਜਾ ਰਹੇ ਹਨ। ਇਸ ਤਿੰਨ ਧਿਰੀ ਸਿਆਸਤ ਦਾ ਅੱਜ ਪੰਜਾਬ ਨੂੰ ਕਿੰਨਾ ਨੁਕਸਾਨ ਹੋ ਰਿਹਾ ਹੈ, ਸ਼ਾਇਦ ਇਹ ਸਾਰੀਆਂ ਸਿਆਸੀ ਪਾਰਟੀਆਂ ਖ਼ੁਦ ਵੀ ਨਹੀਂ ਸਮਝਦੀਆਂ ਕਿਉਂਕਿ ਜਾਪਦਾ ਨਹੀਂ ਕਿ ਇਕ ਵੀ ਵਿਅਕਤੀ ਪੰਜਾਬ ਦੀ ਅਸਲੀਅਤ ਤੋਂ ਜਾਣੂ ਹੈ। ਜਿਸ ਪਾਰਟੀ ਹੇਠ ਇਹ ਗੋਲੀ ਕਾਂਡ ਅਤੇ ਬੇਅਦਬੀ ਦੇ ਹਾਦਸੇ ਹੋਏ, ਉਸ ਨੂੰ ਨਾ ਉਸ ਵੇਲੇ ਵੋਟਾਂ ਤੋਂ ਸਿਵਾ ਕਿਸੇ ਚੀਜ਼ ਦਾ ਫ਼ਿਕਰ ਸੀ ਅਤੇ ਨਾ ਅੱਜ ਹੀ ਕਿਸੇ ਹੋਰ ਚੀਜ਼ ਨਾਲ ਉਸ ਦਾ ਕੋਈ ਲੈਣਾ ਦੇਣਾ ਹੈ।
ਅੱਜ ਉਹ ਅਪਣੇ ਇਕ ਕਾਬਜ਼ ਪ੍ਰਵਾਰ ਦੀ ਖੱਲ ਬਚਾਉਣ ਵਿਚ ਮਸਰੂਫ਼ ਹਨ ਪਰ ਅਪਣੀ ਗ਼ਲਤੀ ਅਤੇ ਕਮਜ਼ੋਰੀ ਕਬੂਲ ਕਰਨ ਦੀ ਤਾਕਤ ਉਨ੍ਹਾਂ ਵਿਚ ਅਜੇ ਵੀ ਨਹੀਂ। ਕਾਂਗਰਸ ਪਾਰਟੀ ਬੜੀ ਸਾਫ਼-ਸੁਥਰੀ ਖੇਡ ਖੇਡ ਰਹੀ ਹੈ ਜਿਸ ਦਾ ਤੱਤ ਸਾਰ ਇਹ ਹੈ ਕਿ ਕਿਸੇ ਵਿਰੋਧੀ ਨੂੰ ਵੀ ਨਾਰਾਜ਼ ਹੋਣ ਦਾ ਬਹਾਨਾ ਨਹੀਂ ਦੇਣਾ। ਉਹ ਹਰ ਕਦਮ ਹੌਲੀ ਹੌਲੀ ਤੇ ਫੂਕ ਫੂਕ ਕੇ ਰੱਖ ਰਹੀ ਹੈ ਅਤੇ ਇਸ ਨਾਲ ਆਮ ਲੋਕਾਂ ਨੂੰ ਜੋ ਨਵੀਂ ਸਰਕਾਰ ਦੀ ਸਿੰਘ-ਗਰਜਣਾ ਸੁਣਨਾ ਚਾਹ ਰਹੇ ਸਨ, ਨੂੰ ਜੋ ਨਿਰਾਸ਼ਾ ਹੋਈ ਹੈ, ਉਸ ਦੀ ਕਾਂਗਰਸ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ।
ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਜ਼ਰੂਰ ਹੈ ਕਿ ਪੰਜਾਬ ਦੀ ਜਨਤਾ, ਅਕਾਲੀ ਦਲ ਤੋਂ ਕਾਂਗਰਸ ਨਾਲੋਂ ਜ਼ਿਆਦਾ ਦੁਖੀ ਅਤੇ ਨਿਰਾਸ਼ ਹੈ ਅਤੇ ਇਸ ਲਈ ਲੋਕਾਂ ਕੋਲ ਹੋਰ ਕੋਈ ਚਾਰਾ ਹੀ ਨਹੀਂ ਰਿਹਾ, ਸਿਵਾਏ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲ ਵੇਖਣ ਦੇ। 'ਆਪ' ਦੇ ਜ਼ਿਆਦਾਤਰ ਆਗੂ ਹੁਣ ਪੰਜਾਬ ਵਿਚ ਰਹਿੰਦੇ ਪੰਜਾਬੀਆਂ ਵਾਸਤੇ ਨਹੀਂ ਬਲਕਿ ਕੁੱਝ ਗਰਮਖ਼ਿਆਲੀ ਪ੍ਰਵਾਸੀਆਂ ਦੀ ਖ਼ੁਸ਼ੀ ਵਾਸਤੇ ਕੰਮ ਕਰ ਰਹੇ ਹਨ। 'ਰੈਲੀ ਰੈਲੀ ਚਲੋ ਰੈਲੀ' ਕਰਦੇ ਸਾਰੇ ਆਗੂ ਅਪਣੇ ਅਪਣੇ ਹਲਕੇ ਤੋਂ ਬਸਾਂ ਢੋਹ ਰਹੇ ਹਨ ਪਰ ਇਸ ਨਾਲ ਕੋਈ ਇਕ ਵੀ ਮਸਲਾ ਹੱਲ ਨਹੀਂ ਹੋਣ ਵਾਲਾ।
ਪਰ ਇਸ ਦੇਰੀ ਨਾਲ ਪੰਜਾਬ ਦਾ ਜੋ ਨੁਕਸਾਨ ਹੋ ਰਿਹਾ ਹੈ, ਉਸ ਦਾ ਅਸਰ ਬਹੁਤ ਮਾੜਾ ਹੋ ਸਕਦਾ ਹੈ। ਬੇਅਦਬੀ ਡੇਰਾ ਸਿਰਸਾ ਦੇ ਪ੍ਰੇਮੀਆਂ ਨੇ ਕੀਤੀ, ਗੋਲੀ ਨਿਹੱਥਿਆਂ ਉਤੇ ਡੀ.ਜੀ.ਪੀ./ਸੀ.ਐਮ./ਡੀ.ਸੀ.ਐਮ. ਦੇ ਹੁਕਮਾਂ ਤੇ ਚੱਲੀ। ਮਾਮਲਾ ਉਸ ਵੇਲੇ ਹੀ ਸਾਫ਼ ਹੋ ਜਾਣਾ ਚਾਹੀਦਾ ਸੀ ਪਰ ਜਦੋਂ ਜ਼ਖ਼ਮਾਂ ਉਤੇ ਮੱਲ੍ਹਮ ਲਾਉਣ ਦੀ ਬਜਾਏ ਉਨ੍ਹਾਂ ਨੂੰ ਖਰੋਚਿਆ ਜਾਂਦਾ ਹੈ ਤਾਂ ਉਹ ਸਾਰੇ ਜਿਸਮ ਨੂੰ ਬਿਮਾਰ ਕਰ ਦੇਂਦੇ ਹਨ। ਇਸ ਦੇਰੀ ਦਾ ਅਸਰ ਅੱਜ ਪੰਜਾਬ ਵਿਚ 'ਖ਼ਾਲਿਸਤਾਨ ਲਹਿਰ' ਦੀ ਚੜ੍ਹਤ ਦੇ ਪ੍ਰਚਾਰ, ਪਾਕਿਸਤਾਨ ਪ੍ਰਤੀ ਨਰਮ ਗੋਸ਼ੇ ਅਤੇ ਖਾੜਕੂਵਾਦ ਦੇ ਮੁੜ ਤਾਕਤ ਫੜਨ ਦੀਆਂ ਅਫ਼ਵਾਹਾਂ ਨਾਲ ਹੋ ਰਿਹਾ ਹੈ।
Khalistani
ਰਿਪਬਲਿਕ ਟੀ.ਵੀ. ਦੇ ਅਰਨਵ ਗੋਸਵਾਮੀ, ਜੋ ਹੁਣ ਟੀ.ਵੀ. ਪੱਤਰਕਾਰੀ ਦੀ ਸੱਭ ਤੋਂ ਸਫ਼ਲ ਦੁਕਾਨ ਚਲਾਉਂਦੇ ਹਨ, ਨੇ ਯੂ.ਕੇ. ਵਿਚ ਦਲ ਖ਼ਾਲਸਾ ਦੇ ਇਕ ਆਗੂ ਗੁਰਚਰਨ ਸਿੰਘ ਦੀ ਇਕ ਗੱਲਬਾਤ ਅਪਣੇ ਸ੍ਰੋਤਿਆਂ ਨਾਲ ਸਾਂਝੀ ਕੀਤੀ ਹੈ ਜਿਸ ਵਿਚ ਉਹ ਆਖਦੇ ਹਨ ਕਿ ਉਨ੍ਹਾਂ ਨੇ (ਯਾਨੀ ਖ਼ਾਲਿਸਤਾਨੀਆਂ ਨੇ) ਆਮ ਆਦਮੀ ਪਾਰਟੀ (ਆਪ) ਨੂੰ 2017 ਵਿਚ ਪੈਸਾ ਦਿਤਾ ਸੀ ਤਾਕਿ ਪੰਜਾਬ ਦੀ ਸਿਆਸਤ ਬਾਰੇ ਤਜਰਬਾ ਕੀਤਾ ਜਾ ਸਕੇ ਕਿ ਉਨ੍ਹਾਂ ਕੋਲੋਂ ਪੈਸਾ ਲੈ ਕੇ 'ਆਪ' ਪਾਰਟੀ ਵਾਲੇ ਪੰਜਾਬ ਵਿਚ, ਬਾਹਰ ਬੈਠਿਆਂ ਦੀ ਇੱਛਾ ਅਨੁਸਾਰ ਕੰਮ ਕਰ ਵੀ ਸਕਦੇ ਹਨ ਜਾਂ ਨਹੀਂ।
ਹੋਰ ਬੜੀਆਂ ਗੱਲਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ ਜਿਨ੍ਹਾਂ ਬਾਰੇ ਗੱਲ ਕਰਨਾ ਵੀ ਬੇਕਾਰ ਹੈ ਕਿਉਂਕਿ ਉਹ ਪੰਜਾਬ ਦੀ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦੀਆਂ।
ਮਸਲਾ ਸਿਰਫ਼ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਕੇ ਦੁਖੀ ਕਰਨ ਦਾ ਸੀ। ਉਸ ਦਾ ਸੱਚ ਵੀ ਸਾਹਮਣੇ ਆ ਚੁੱਕਾ ਹੈ। ਪਰ ਇਨ੍ਹਾਂ ਤਿੰਨ ਸਾਲਾਂ ਵਿਚ ਸਿਆਸਤਦਾਨਾਂ ਅਤੇ ਉਨ੍ਹਾਂ ਪਿੱਛੇ ਪੈਸਾ ਲਾਉਣ ਵਾਲੀਆਂ ਤਾਕਤਾਂ ਨੇ ਪੰਜਾਬ ਦੇ ਲੋਕਾਂ ਨੂੰ ਡਰਾਇਆ ਹੀ ਹੈ ਪਰ ਨਾਲ ਦੀ ਨਾਲ ਪੰਜਾਬ ਦੇ ਨੌਜਵਾਨਾਂ ਦਾ ਅਕਸ ਵੀ ਖ਼ਰਾਬ ਕੀਤਾ ਹੈ ਅਤੇ ਹੁਣ ਜਨਤਾ ਦਾ ਭਰੋਸਾ ਵੀ ਸਰਕਾਰਾਂ ਵਿਚ ਡਗਮਗਾ ਰਿਹਾ ਹੈ।
ਕੀ ਜੱਗੀ ਜੌਹਲ ਸਚਮੁਚ ਹੀ ਪੰਜਾਬ ਦੀ ਸ਼ਾਂਤੀ ਵਿਰੁਧ ਕੰਮ ਕਰ ਰਿਹਾ ਸੀ? ਕੀ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਸ਼ ਦਾ ਹਿੱਸਾ ਨਹੀਂ ਸੀ? ਕੀ 'ਆਪ' ਨੂੰ ਸਚਮੁਚ ਹੀ ਯੂ.ਕੇ. ਤੋਂ ਪੈਸਾ ਮਿਲਿਆ ਸੀ? ਕੀ ਇਹ ਗੁਰਚਰਨ ਸਿੰਘ ਸੱਚ ਬੋਲ ਰਹੇ ਹਨ ਜਾਂ ਏਜੰਟ ਹਨ? ਜੇ ਸਾਡੇ ਸਿਆਸੀ ਆਗੂ ਪੰਜਾਬ ਦੇ ਸੱਚੇ ਸੇਵਕ ਬਣ ਕੇ ਕੰਮ ਕਰਦੇ ਤਾਂ ਇਹ ਦਿਨ ਨਾ ਵੇਖਣੇ ਪੈਂਦੇ। ਅੱਜ ਇਹ ਕਾਂਗਰਸ ਸਰਕਾਰ ਦੇ ਹੱਥ ਵਿਚ ਹੈ ਕਿ ਉਹ ਛੇਤੀ ਤੋਂ ਛੇਤੀ ਪਰਚਾ ਦਰਜ ਕਰ ਕੇ ਸਾਰਾ ਝਗੜਾ ਖ਼ਤਮ ਕਰ ਦੇਵੇ। -ਨਿਮਰਤ ਕੌਰ