Editorial: ਭਾਰਤੀ ਹਾਕੀ ਦੀ ਆਲਮੀ ਪੱਧਰ ’ਤੇ ਪੇਸ਼ਕਦਮੀ ਜਾਰੀ ਹੈ, ਇਹ ਇਕ ਖ਼ੁਸ਼ਨੁਮਾ ਰੁਝਾਨ ਹੈ।
Editorial: ਭਾਰਤੀ ਹਾਕੀ ਦੀ ਆਲਮੀ ਪੱਧਰ ’ਤੇ ਪੇਸ਼ਕਦਮੀ ਜਾਰੀ ਹੈ, ਇਹ ਇਕ ਖ਼ੁਸ਼ਨੁਮਾ ਰੁਝਾਨ ਹੈ। ਪੁਰਸ਼ਾਂ ਦੀ ਸੀਨੀਅਰ ਟੀਮ ਵਲੋਂ ਉਲੰਪਿਕ ਖੇਡਾਂ ਵਿਚ ਲਗਾਤਾਰ ਦੋ ਵਾਰ ਮੈਡਲ ਜਿੱਤੇ ਜਾਣਾ ਅਤੇ ਪਿਛਲੇ ਦਿਨੀਂ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਵੀ ਨਿਰੰਤਰ ਤੀਜੀ ਵਾਰ ਹਾਸਲ ਕੀਤੇ ਜਾਣਾ, ਇਸ ਖੇਡ ਵਿਚ ਸਰਤਾਜ ਬਣਨ ਦੀ ਚਾਹਤ ਦਾ ਪ੍ਰਤੀਕ ਹੈ।
ਇਸੇ ਚਾਹਤ ਦੀ ਮਜ਼ਬੂਤੀ ਦਾ ਅਹਿਸਾਸ ਬੁੱਧਵਾਰ ਸ਼ਾਮ ਨੂੰ ਮਸਕਟ (ਓਮਾਨ) ਵਿਚ ਭਾਰਤੀ ਖਿਡਾਰੀਆਂ ਨੇ ਜੂਨੀਅਰ ਏਸ਼ੀਆ ਕੱਪ ਲਗਾਤਾਰ ਦੂਜੀ ਵਾਰ ਜਿੱਤ ਕੇ ਕਰਵਾਇਆ। ਉਸ ਚੈਂਪੀਅਨਸ਼ਿਪ ਦੇ ਫ਼ਾਈਨਲ ਵਿਚ ਭਾਰਤੀ ਟੀਮ ਨੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 5-3 ਗੋਲਾਂ ਨਾਲ ਹਰਾਇਆ। ਖ਼ੁਸ਼ੀ ਦੀ ਗੱਲ ਇਹ ਰਹੀ ਕਿ ਭਾਰਤ ਵਲੋਂ ਇਸ ਮੈਚ ਦੇ ਸਾਰੇ ਗੋਲ ਦੋ ਪੰਜਾਬੀ ਖਿਡਾਰੀਆਂ-ਅਰਾਇਜੀਤ ਸਿੰਘ ਹੁੰਦਲ ਤੇ ਦਿਲਰਾਜ ਸਿੰਘ ਨੇ ਕੀਤੇ।
ਭਾਰਤ ਇਸ ਸਮੁੱਚੇ ਟੂਰਨਾਮੈਂਟ ਦੌਰਾਨ ਇਕ ਵੀ ਮੈਚ ਨਹੀਂ ਹਾਰਿਆ ਅਤੇ ਗੋਲਾਂ ਦੀ ਗਿਣਤੀ ਪੱਖੋਂ ਬਾਕੀ ਟੀਮਾਂ, ਖ਼ਾਸ ਕਰ ਕੇ ਪਾਕਿਸਤਾਨ, ਜਾਪਾਨ, ਮਲੇਸ਼ੀਆ ਤੇ ਦੱਖਣੀ ਕੋਰੀਆ ਤੋਂ ਬਹੁਤ ਅੱਗੇ ਰਿਹਾ; ਇਹ ਵੀ ਇਕ ਜ਼ਿਕਰਯੋਗ ਪ੍ਰਾਪਤੀ ਸੀ। ਇਸ ਕਿਸਮ ਦੀਆਂ ਜਿੱਤਾਂ ਤੋਂ ਇਸ ਹਕੀਕਤ ਦਾ ਇਜ਼ਹਾਰ ਹੁੰਦਾ ਹੈ ਕਿ ਪ੍ਰਤਿਭਾ ਪੱਖੋਂ ਭਾਰਤੀ ਹਾਕੀ ਹੋਰਨਾਂ ਏਸ਼ਿਆਈ ਮੁਲਕਾਂ ਨਾਲੋਂ ਵੱਧ ਅਮੀਰ ਹੈ।
ਚੰਗੀ ਗੱਲ ਇਹ ਵੀ ਹੈ ਕਿ ਇਸ ਪ੍ਰਤਿਭਾ ਨੂੰ ਸਹੀ ਢੰਗ ਨਾਲ ਖੋਜਣ ਅਤੇ ਫਿਰ ਮੌਲਣ-ਵਿਗਸਣ ਦੇ ਅਵਸਰ ਮੁਹਈਆ ਕਰਨ ਦਾ ਕਾਰਨ ਵੀ ਲੀਹ ’ਤੇ ਚੱਲ ਰਿਹਾ ਹੈ। ਇਸ ਪ੍ਰਗਤੀ ਲਈ ਹਾਕੀ ਇੰਡੀਆ ਤੇ ਇਸ ਦੀਆਂ ਸਹਿਯੋਗੀ ਇਕਾਈਆਂ ਤੋਂ ਇਲਾਵਾ ਕਈ ਗ਼ੈਰ-ਸਰਕਾਰੀ ਅਦਾਰੇ, ਖ਼ਾਸ ਕਰ ਕੇ ਦਿਹਾਤੀ ਪੱਧਰ ’ਤੇ ਕੰਮ ਕਰਨ ਵਾਲੀਆਂ ਅਕੈਡਮੀਆਂ ਵਧਾਈ ਦੀਆਂ ਹੱਕਦਾਰ ਹਨ।
ਪੰਜਾਬ ਲਈ ਮਾਣ ਵਾਲੀ ਗੱਲ ਇਹ ਵੀ ਹੈ ਕਿ ਅਜਿਹੀਆਂ ਸੰਸਥਾਵਾਂ ਦੀ ਮਿਹਨਤ ਦੀ ਬਦੌਲਤ ਹੀ ਹੁਣ ਕੌਮੀ ਤੇ ਕੌਮਾਂਤਰੀ ਹਾਕੀ, ਪੰਜਾਬੀ ਖਿਡਾਰੀਆਂ ਤੋਂ ਬਿਨਾਂ ਅਧੂਰੀ ਜਾਪਦੀ ਹੈ। ਪੰਜਾਬੀ ਖਿਡਾਰੀ ਭਾਰਤ ਜਾਂ ਕੈਨੇਡਾ ਤੋਂ ਇਲਾਵਾ ਅਮਰੀਕਾ, ਇੰਗਲੈਂਡ, ਮਲੇਸ਼ੀਆ, ਨਿਊਜ਼ੀਲੈਂਡ ਤੇ ਹੁਣ ਆਸਟਰੇਲੀਆ ਦੀਆਂ ਟੀਮਾਂ ਦੇ ਮੈਂਬਰ ਬਣ ਚੁੱਕੇ ਹਨ। ਇਸੇ ਤਰ੍ਹਾਂ ਸਵਿੱਟਜ਼ਰਲੈਂਡ, ਸਕਾਟਲੈਂਟ ਤੇ ਵੇਲਜ਼ ਦੀਆਂ ਟੀਮਾਂ ਵਿਚ ਪੰਜਾਬੀ ਮੂਲ ਦੇ ਹਾਕੀ ਖਿਡਾਰੀਆਂ ਨੂੰ ਦਾਖ਼ਲਾ ਮਿਲ ਗਿਆ ਹੈ।
ਹਾਕੀ ਦੇ ਚੰਗੇ ਭਾਗ ਇਸ ਪੱਖੋਂ ਵੀ ਹਨ ਕਿ ਹੀਰੋ ਮੋਟੋ ਕੋਰਪ ਤੇ ਜੀ.ਐਸ. ਡਬਲਿਊ ਵਰਗੇ ਵੱਡੇ ਸਨਅਤੀ ਘਰਾਣੇ, ਕ੍ਰਿਕਟ ਦੀ ਥਾਂ ਇਸ ਖੇਡ ਨੂੰ ਹੁਲਾਰਾ ਦੇ ਰਹੇ ਹਨ। ਇਸ ਸਦਕਾ ਹਾਕੀ ਇੰਡੀਆ ਦੀ ਵਿੱਤੀ ਸਥਿਤੀ ਮਜ਼ਬੂਤ ਹੋਈ ਹੈ ਅਤੇ ਉਹ ਕੌਮਾਂਤਰੀ ਹਾਕੀ ਫ਼ੈਡਰੇਸ਼ਨ ਦੇ ਮਾਮਲਿਆਂ ਵਿਚ ਵੀ ਅਪਣੀ ਗੱਲ ਮਨਵਾਉਣ ਦੇ ਸਮਰਥ ਹੋ ਗਈ ਹੈ। ਮਜ਼ਬੂਤ ਵਿੱਤੀ ਸਥਿਤੀ ਨੇ ਭਾਰਤੀ ਖਿਡਾਰੀਆਂ ਲਈ ਵੀ ਉਹ ਸਾਰੀਆਂ ਅਤਿ-ਆਧੁਨਿਕ ਸਹੂਲਤਾਂ ਸੰਭਵ ਬਣਾਈਆਂ ਹਨ ਜੋ ਪਹਿਲਾਂ ਕ੍ਰਿਕਟ ਖਿਡਾਰੀਆਂ ਤਕ ਹੀ ਮਹਿਦੂਦ ਰਹਿੰਦੀਆਂ ਸਨ। ਉਪਰੋਂ ਵਿੱਤੀ ਲਾਭ ਤੇ ਇਨਾਮ-ਸਨਮਾਨ, ਖਿਡਾਰੀਆਂ-ਖਿਡਾਰਨਾਂ ਦੇ ਮਾਪਿਆਂ ਦੀ ਮਾਇਕ ਦਸ਼ਾ ਸੁਧਾਰਨ ਦਾ ਵਸੀਲਾ ਬਣ ਰਹੇ ਹਨ।
ਜਿਥੋਂ ਤਕ ਅਰਾਇਜੀਤ ਹੁੰਦਲ ਜਾਂ ਦਿਲਰਾਜ ਸਿੰਘ ਦੀ ਹਾਲੀਆ ਕਾਰਗੁਜ਼ਾਰੀ ਦਾ ਸਵਾਲ ਹੈ, ਹੁੰਦਲ ਨੇ ਜੂਨੀਅਰ ਏਸ਼ੀਆ ਕੱਪ ਦੇ ਫ਼ਾਈਨਲ ਵਿਚ ਚਾਰ ਗੋਲ ਕੀਤੇ। ਪੰਜਵਾਂ ਗੋਲ ਦਿਲਰਾਜ ਵਲੋਂ ਕੀਤਾ ਗਿਆ। 20 ਵਰਿ੍ਹਆਂ ਦਾ ਹੁੰਦਲ ਸੀਨੀਅਰ ਟੀਮ ਵਿਚ ਸ਼ਮੂਲੀਅਤ ਦੀਆਂ ਬਰੂਹਾਂ ’ਤੇ ਹੈ। ਇਨ੍ਹਾਂ ਦੋਵਾਂ ਮਝੈਲ ਖਿਡਾਰੀਆਂ ਨੂੰ ਜੂਨੀਅਰ ਏਸ਼ੀਆ ਕੱਪ ਦੌਰਾਨ ਦੋ ਦੋ ਵਾਰ ‘ਪਲੇਅਰ ਆਫ਼ ਦਿ ਮੈਚ’ (ਮੈਚ ਦਾ ਬਿਹਤਰੀਨ ਖਿਡਾਰੀ) ਦੇ ਪੁਰਸਕਾਰ ਨਾਲ ਸਨਮਾਨਿਆ ਜਾਣਾ ਉਨ੍ਹਾਂ ਦੀ ਹੁਨਰਮੰਦੀ ਦਾ ਬਿਹਤਰੀਨ ਸਬੂਤ ਹੈ।
ਹਾਕੀ ਹੀ ਨਹੀਂ, ਭਾਰਤੀ ਫ਼ੁਟਬਾਲ ਵਿਚ ਵੀ ਪੰਜਾਬੀ ਖਿਡਾਰੀਆਂ ਦੀ ਵੁੱਕਤ ਵੱਧੀ ਹੈ। ਇਸ ਵੇਲੇ ਮੁਲਕ ਦੀ ਸੱਭ ਤੋਂ ਉੱਚੀ ‘ਇੰਡੀਅਨ ਸੁਪਰ ਲੀਗ’ ਖੇਡਣ ਵਾਲੀਆਂ 13 ਟੀਮਾਂ ਵਿਚੋਂ ਅੱਠ ਵਿਚ ਪੰਜਾਬੀ ਖਿਡਾਰੀ ਸ਼ਾਮਲ ਹਨ। ਛੇ ਟੀਮਾਂ ਦੇ ਤਾਂ ਪ੍ਰਥਮ ਗੋਲਕੀਪਰ ਹੀ ਪੰਜਾਬੀ ਹਨ। ਇਨ੍ਹਾਂ ਸਭਨਾਂ ਖਿਡਾਰੀਆਂ ਨੂੰ ਆਦਰਸ਼ਾਂ ਵਜੋਂ ਉਭਾਰਿਆ ਜਾਣਾ ਚਾਹੀਦਾ ਹੈ। ਸੂਬੇ ਦੀ ਜਵਾਨੀ ਨੂੰ ਨਸ਼ਿਆਂ ਵਿਚ ਗਰਕਣ ਤੋਂ ਬਚਾਉਣ ਵਿਚ ਇਹ ਕਾਰਜ ਵੀ ਚੰਗਾ ਯੋਗਦਾਨ ਪਾ ਸਕਦਾ ਹੈ।