
ਭਾਜਪਾ ਵਾਸਤੇ ਸੂਬਾ ਪਧਰੀ ਪਾਰਟੀਆਂ ਨੂੰ ਕਾਬੂ ਕਰਨਾ ਬਹੁਤ ਆਸਾਨ ਹੈ। ਦਿੱਲੀ ਵਿਚ ‘ਆਪ’ ਸਰਕਾਰ ਦਾ ਹਾਲ ਦਰਸ਼ਨੀ ਘੋੜੇ ਵਰਗਾ ਹੋਇਆ ਪਿਆ ਹੈ।
Editorial: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਸੈਸ਼ਨ ਦੀ ਆਖ਼ਰੀ ਸਪੀਚ ਵਿਚ ਵੀ ਉਨ੍ਹਾਂ ਦੇ ਨਿਸ਼ਾਨੇ ’ਤੇ ਨਹਿਰੂ ਹੀ ਰਹੇ। ਸਦਨ ਵਿਚ ਆਖ਼ਰੀ ਭਾਸ਼ਨ ਚੋਣ ਪ੍ਰਚਾਰ ਦਾ ਐਲਾਨ ਸੀ ਤੇ ‘ਅਬ ਕੀ ਬਾਰ 400 ਪਾਰ’ ਦਾ ਨਾਅਰਾ ਗੂੰਜਿਆ। ਇਹ ਸਹੀ ਸਾਬਤ ਵੀ ਹੋ ਸਕਦਾ ਹੈ। ਭਾਜਪਾ ਨੂੰ ਸਿਰਫ਼ 5 ਫ਼ੀ ਸਦੀ ਵੋਟ ਹਿੱਸੇ ਵਿਚ ਵਾਧਾ ਚਾਹੀਦਾ ਹੈ ਜਿਸ ਨਾਲ ਇਹ 400 ਪਾਰ ਹੋ ਸਕਦੀ ਹੈ ਤੇ ਪ੍ਰਧਾਨ ਮੰਤਰੀ ਦਾ ਦਾਅਵਾ ਵੀ ਸਹੀ ਸਾਬਤ ਹੋ ਸਕਦਾ ਹੈ ਕਿ ਅਗਲੀ ਵਾਰ ਕਾਂਗਰਸੀ ਮਹਿਮਾਨ ਗੈਲਰੀ ’ਚ ਬੈਠ ਕੇ ਹੀ ਹਿੱਸਾ ਲੈਣ ਜੋਗੇ ਰਹਿ ਜਾਣਗੇ।
ਪਰ ਇਸ ਭਾਸ਼ਨ ਵਿਚ ਇਹ ਵੀ ਦਿਸਦਾ ਹੈ ਕਿ ਭਾਜਪਾ ਰਾਸ਼ਟਰ ਪੱਧਰ ’ਤੇ ਸਿਰਫ਼ ਕਾਂਗਰਸ ਨੂੰ ਅਪਣਾ ਵਿਰੋਧੀ ਸਮਝਦੀ ਹੈ ਤੇ ਇਸੇ ਕਰ ਕੇ ਉਨ੍ਹਾਂ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਹੈ। ਰਾਹੁਲ ਗਾਂਧੀ ਦੀ ‘ਪਿਆਰ ਦੀ ਦੁਕਾਨ’ ਬਾਰੇ ਗੱਲ ਕਰਨ ਦਾ ਮਤਲਬ ਹੈ ਕਿ ਪ੍ਰਧਾਨ ਮੰਤਰੀ ਨੂੰ ਇਸ ਦੁਕਾਨ ਦੀ ਹੋਂਦ ਬਾਰੇ ਚਿੰਤਾ ਹੈ ਪਰ ਭਾਜਪਾ ਦੇ ਆਗੂ ਸਿਆਣੇ ਹਨ ਤੇ ਅਪਣੇ ਵਿਰੋਧੀ ਦੀ ਤਾਕਤ ਨੂੰ ਉਸ ਦੀ ਕਮਜ਼ੋਰੀ ਬਣਾਉਣ ਵਿਚ ਮਾਹਰ ਹਨ।
ਪ੍ਰਧਾਨ ਮੰਤਰੀ ਨੇ ਅਪਣੀਆਂ ਪ੍ਰਾਪਤੀਆਂ ਤੇ ਘੱਟ ਸਮਾਂ ਲਗਾ ਕੇ ਕਾਂਗਰਸ ਦੀ ਕਮਜ਼ੋਰੀ ਦੱਸਣ ਵਲ ਜ਼ਿਆਦਾ ਸਮਾਂ ਲਗਾਇਆ ਤੇ ਇੰਡੀਆ ਗਠਜੋੜ ਵਿਚਲੇ ਗ਼ੈਰ-ਕਾਂਗਰਸੀਆਂ ਨੂੰ ਕਾਂਗਰਸ ਵਿਰੁਧ ਭੜਕਾਇਆ। ਇਹ ਦਿਮਾਗ਼ੀ ਲੜਾਈ ਦਾ ਬਹੁਤ ਵਧੀਆ ਹਮਲਾ ਹੈ ਜਿਸ ’ਤੇ ਕਾਂਗਰਸ ਆਪ ਵੀ ਵਿਸ਼ਵਾਸ ਕਰਨ ਲੱਗ ਪਈ ਹੈ। ਹੁਣ ਤਾਂ ਕਈ ਕਾਂਗਰਸੀ ਵੀ ਅਪਣੇ ਆਗੂ ਦੀ ਯਾਤਰਾ ’ਤੇ ਸਵਾਲ ਚੁੱਕਣ ਲੱਗ ਪਏ ਹਨ ਤੇ ਪੁੱਛ ਰਹੇੇ ਹਨ ਕਿ ਸਾਡਾ ਆਗੂ ਚੋਣਾਂ ਦੀ ਤਿਆਰੀ ਕਿਉਂ ਨਹੀਂ ਕਰ ਰਿਹਾ?
ਭਾਜਪਾ ਵਾਸਤੇ ਸੂਬਾ ਪਧਰੀ ਪਾਰਟੀਆਂ ਨੂੰ ਕਾਬੂ ਕਰਨਾ ਬਹੁਤ ਆਸਾਨ ਹੈ। ਦਿੱਲੀ ਵਿਚ ‘ਆਪ’ ਸਰਕਾਰ ਦਾ ਹਾਲ ਦਰਸ਼ਨੀ ਘੋੜੇ ਵਰਗਾ ਹੋਇਆ ਪਿਆ ਹੈ। ਝਾਰਖੰਡ ਦਾ ਮੁੱਖ ਮੰਤਰੀ ਜੇਲ੍ਹ ਵਿਚ ਹੈ ਤੇ ਬਿਹਾਰ ਵਿਚ ਕਾਂਗਰਸ ਅਪਣੇ ਐਮ.ਐਲ.ਏ. ਛੁਪਾਈ ਫਿਰਦੀ ਹੈ। ਭਾਜਪਾ ਦੀ ਕਾਂਗਰਸ ਨਾਲ ਸਿੱਧੀ 200 ਸੀਟਾਂ ’ਤੇ ਟੱਕਰ ਹੈ ਤੇ ਜਿੰਨਾ ਉਹ ਕਾਂਗਰਸ ਨੂੰ ਖ਼ਤਮ ਕਰੇਗੀ, ਓਨਾ ਹੀ ਉਨ੍ਹਾਂ ਦਾ 370 ਦਾ ਟੀਚਾ ਕਾਮਯਾਬੀ ਦੇ ਨੇੜੇ ਆਏਗਾ।
ਇਹੀ ਨੀਤੀ ਕਦੀ ਕਾਂਗਰਸ ਅਪਣਾਇਆ ਕਰਦੀ ਸੀ ਤੇ ਕਦੀ ਵੀ ਦੂਜੀ ਪਾਰਟੀ ਨੂੰ ਉਠਣ ਦਾ ਮੌਕਾ ਨਹੀਂ ਸੀ ਦੇਂਦੀ। ਉਸ ਵਕਤ ਅਸੀ ਦੇਸ਼ ਵਿਚ ਐਮਰਜੈਂਸੀ ਵੀ ਲਗਦੀ ਵੇਖੀ। ਜਿਹੜੇ ਅੱਜ ਈਵੀਐਮ ਬਾਰੇ ਇਲਜ਼ਾਮ ਲਗਦੇ ਹਨ, ਕਦੀ ਸਮਾਂ ਹੁੰਦਾ ਸੀ ਕਿ ਬੂਥਾਂ ’ਤੇ ਬੈਲਟ ਪੇੇਪਰ ’ਤੇ ਠੱਪੇ ਖੁਲੇਆਮ ਲਗਾਏ ਜਾਂਦੇ ਸੀ। ਵੋਟਾਂ ਦੀ ਗਿਣਤੀ ਕੀਤੇ ਜਾਣ ਸਮੇਂ ਜਿੱਤਣ ਵਾਲਿਆਂ ਦੇ ਨਾਮ ਪਹਿਲਾਂ ਹੀ ਤਹਿ ਹੁੰਦੇ ਸਨ। ਅੱਜ ਜੋ ਈ.ਡੀ. ’ਤੇ ਇਲਜ਼ਾਮ ਲਗਦੇ ਹਨ, ਉਹ ਪਹਿਲਾਂ ਵੀ ਲਗਦੇ ਸਨ ਤੇ ਸੀ.ਬੀ.ਆਈ. ਨੂੰ ਕਾਂਗਰਸ ਦੇ ਪਿੰਜਰੇ ਵਿਚ ਬੰਦ ਤੋਤਾ ਆਖਿਆ ਜਾਂਦਾ ਸੀ।
ਜਦ ਭਾਜਪਾ ਦੀ ਚੜ੍ਹਤ ਸ਼ੁਰੂ ਹੋਈ, ਉਹ ਲੋਕਤੰਤਰ ਵਾਸਤੇ ਸਹੀ ਸ਼ੁਰੂਆਤ ਸੀ। ਭਾਜਪਾ ਨੇ ਕਾਂਗਰਸ ਨੂੰ ਘੇਰ ਕੇ ਜਗਾਉਣ ਦੀ ਪ੍ਰਕਿਰਿਆ ਸ਼ੁਰੂ ਕਰਵਾਈ। ਭ੍ਰਿਸ਼ਟਾਚਾਰ ਵਲ ਧਿਆਨ ਗਿਆ ਤੇ ਆਸ ਰੱਖੀ ਗਈ ਕਿ ਹੁਣ ਸਿਸਟਮ ਦੀ ਸਫ਼ਾਈ ਹੋਵੇਗੀ। ਪਰ ਸਿਸਟਮ ਦੀ ਸਫ਼ਾਈ ਕਰਦੇ ਕਰਦੇ ਕਾਂਗਰਸ ਦੀ ਸਫ਼ਾਈ ਕਰਨ ਦੀ ਸੋਚ ਹਾਵੀ ਹੋ ਗਈ। ਅਪਣੇ ਭਾਰਤ ਨੂੰ ਆਉਣ ਵਾਲੇ ਸਮੇਂ ਵਿਚ ਦੁਨੀਆਂ ਦੀ ਤੀਜੀ ਵੱਡੀ ਆਰਥਕਤਾ ਬਣਾਉਣ ਦੇ ਚੱਕਰ ’ਚ ਅਪਣੇ ਇਤਿਹਾਸ ਨੂੰ ਨੀਵਾਂ ਵਿਖਾਉਣ ਦੀ ਗੱਲ ਸ਼ੁਰੂ ਹੋ ਗਈ ਹੈ। ਨਹਿਰੂ ਇਕ ਗ਼ੁਲਾਮ ਦੇਸ਼ ਵਿਚ ਪੈਦਾ ਹੋਣ ਦੇ ਬਾਵਜੂਦ, ਭਾਰਤ ਦੀ ਆਜ਼ਾਦੀ ਵਿਚ ਇਕ ਵੱਡੇ ਕਿਰਦਾਰ ਸਾਬਤ ਹੋਏ ਪਰ ਅੱਜ ਕਾਂਗਰਸ ਦੇ ਨੇੇਤਾ ਹੋਣ ਨਾਤੇ ਉਨ੍ਹਾਂ ਦਾ ਯੋਗਦਾਨ ਸਵਾਲਾਂ ਦੇ ਘੇਰੇ ਵਿਚ ਰੱਖ ਕੇ ਨਕਾਰਿਆ ਜਾ ਰਿਹਾ ਹੈ। ਸਿਆਸਤਦਾਨ ਅਪਣੀ ਲੜਾਈ ਲੜਨ ਤੇ ਇਕ ਦੂਜੇ ਦੀਆਂ ਦੁਕਾਨਾਂ ਨੂੰ ਜੋ ਮਰਜ਼ੀ ਕਹਿਣ ਪਰ ਜਦ ਗੱਲ ਆਜ਼ਾਦੀ ਦਿਵਾਉਣ ਵਾਲੇ ਲੀਡਰਾਂ ਦੀ ਆਉਂਦੀ ਹੈ, ਉਥੇ ਬੜੇ ਸਹਿਜ ਦੀ ਵਰਤੋਂ ਕਰਨੀ ਚਾਹੀਦੀ ਹੈ। ਆਜ਼ਾਦ ਭਾਰਤ ਦੇ ਮੁਢਲੇ ਆਗੂ ਵੀ ਇਨਸਾਨ ਹੀ ਸਨ ਤੇ ਉਨ੍ਹਾਂ ਗ਼ਲਤੀਆਂ ਵੀ ਜ਼ਰੂਰ ਕੀਤੀਆਂ ਹੋਣਗੀਆਂ ਪਰ ਉਨ੍ਹਾਂ ਦਾ ਭਾਰਤ ਦੇ ਪੁਨਰ ਨਿਰਮਾਣ ਵਿਚ ਯੋਗਦਾਨ ਵੀ ਵੱਡਾ ਸੀ। - ਨਿਮਰਤ ਕੌਰ