
ਕੌਮਾਂਤਰੀ ਮਹਿਲਾ ਦਿਵਸ ਹਰ ਸਾਲ ਵਾਂਗ ਫਿਰ ਤੋਂ ਔਰਤਾਂ ਦੇ ਹੱਕਾਂ ਦੀ ਲੜਾਈ ਦੀ ਆਵਾਜ਼ ਬਣ ਕੇ ਸਾਡੇ ਦਿਲੋ-ਦਿਮਾਗ਼ ਉਤੇ ਦਸਤਕ ਦੇਂਦਾ ਆ ਗਿਆ ਹੈ। ਔਰਤਾਂ ਨੂੰ...
ਕੌਮਾਂਤਰੀ ਮਹਿਲਾ ਦਿਵਸ ਹਰ ਸਾਲ ਵਾਂਗ ਫਿਰ ਤੋਂ ਔਰਤਾਂ ਦੇ ਹੱਕਾਂ ਦੀ ਲੜਾਈ ਦੀ ਆਵਾਜ਼ ਬਣ ਕੇ ਸਾਡੇ ਦਿਲੋ-ਦਿਮਾਗ਼ ਉਤੇ ਦਸਤਕ ਦੇਂਦਾ ਆ ਗਿਆ ਹੈ। ਔਰਤਾਂ ਨੂੰ ਇਸ ਦਿਨ ਸ਼ਰਧਾਂਜਲੀਆਂ ਮਿਲਣਗੀਆਂ, ਪੁਰਸਕਾਰ ਦਿਤੇ ਜਾਣਗੇ ਪਰ ਆਮ ਜੀਵਨ ਦੀ ਰਹਿਣੀ ਸਹਿਣੀ ਉਤੇ ਅਸਰ ਕਿੰਨਾ ਕੁ ਪਵੇਗਾ, ਉਸ ਦਾ ਅੰਦਾਜ਼ਾ ਤੁਸੀ ਆਪ ਹੀ ਲਗਾ ਸਕਦੇ ਹੋ। ਦਿਨ ਖ਼ਤਮ ਹੁੰਦੇ ਹੀ, ਸੱਭ ਕੁੱਝ ਵਾਪਸ ਉਥੇ ਹੀ ਚਲਾ ਜਾਵੇਗਾ ਜਿਥੇ ਉਹ ਪਹਿਲਾਂ ਸੀ। ਇਹ ਨਹੀਂ ਕਿ ਔਰਤਾਂ ਪ੍ਰਤੀ ਸਮਾਜ ਦੇ ਵਤੀਰੇ ਵਿਚ ਕੋਈ ਸੁਧਾਰ ਆਇਆ ਹੀ ਨਹੀਂ ਪਰ ਜਿਸ ਤਬਦੀਲੀ ਦੀ ਆਸ ਕੀਤੀ ਜਾਂਦੀ ਸੀ, ਉਹ ਨਜ਼ਰ ਨਹੀਂ ਆਉਂਦੀ।
ਕਈ ਵਾਰ ਜਾਪਦਾ ਹੈ ਕਿ ਪਹਿਲਾਂ ਨਾਲੋਂ ਹਾਲਤ ਬਹੁਤ ਚੰਗੀ ਹੋ ਗਈ ਹੈ ਪਰ ਫਿਰ ਪੁਰਾਣੀਆਂ ਕਿਤਾਬਾਂ ਦੇ ਵਰਕੇ ਫ਼ੋਲ ਕੇ ਲਗਦਾ ਹੈ ਕਿ ਜ਼ਿੰਦਗੀ ਉਥੇ ਹੀ ਖੜੀ ਹੋਈ ਹੈ। ਸਰੋਜਨੀ ਨਾਇਡੂ, ਅਮ੍ਰਿਤਾ ਪ੍ਰੀਤਮ ਵਰਗੀਆਂ ਦੀਆਂ ਕਹਾਣੀਆਂ ਪੜ੍ਹ ਕੇ ਜਾਪਦਾ ਹੈ ਕਿ ਦਹਾਕਿਆਂ ਪਹਿਲਾਂ ਵੀ ਹਿੰਮਤੀ ਔਰਤਾਂ ਹੁੰਦੀਆਂ ਤਾਂ ਸਨ। ਝਾਂਸੀ ਦੀ ਰਾਣੀ ਵਰਗੀਆਂ ਵੀ ਇਤਿਹਾਸ ਵਿਚ ਸਨ ਅਤੇ ਅੱਜ ਇੰਦਰਾ ਨੂਈ ਵਰਗੀਆਂ ਵੀ ਹਨ। ਤਬਦੀਲੀ ਸਿਰਫ਼ ਔਰਤਾਂ ਪ੍ਰਤੀ ਕਾਨੂੰਨ ਵਿਚ ਨਹੀਂ ਆਈ ਬਲਕਿ ਇਨਸਾਨੀਅਤ ਦੀ ਪਰਿਭਾਸ਼ਾ ਵਿਚ ਆਈ ਹੈ ਜਿਸ ਦਾ ਕੁੱਝ ਫ਼ਾਇਦਾ ਔਰਤਾਂ ਦੇ ਹੱਕ ਪ੍ਰਵਾਨ ਕੀਤੇ ਜਾਣ ਦੇ ਰੂਪ ਵਿਚ ਮਿਲਿਆ ਹੈ। ਕਦੇ ਗ਼ੁਲਾਮ ਹੁੰਦੇ ਸਨ, ਅੱਜ ਨਹੀਂ ਹਨ। ਜੇ ਰਾਜਿਆਂ ਦੀਆਂ ਦਾਸੀਆਂ ਹੁੰਦੀਆਂ ਸਨ ਤਾਂ ਮਹਾਰਾਣੀਆਂ ਵੀ ਰਾਜਿਆਂ ਦੀ ਗ਼ੁਲਾਮੀ ਕਰਦੀਆਂ ਸਨ।
Women Day-1
ਜੇ ਧਰਮ ਉਤੇ ਔਰਤ ਦੀ ਗ਼ੁਲਾਮੀ ਦਾ ਸਾਰਾ ਦੋਸ਼ ਮੜ੍ਹ ਦਿਤਾ ਜਾਵੇ ਤਾਂ ਸਿੱਖ ਧਰਮ ਤਾਂ ਔਰਤਾਂ ਵਾਸਤੇ ਬਰਾਬਰੀ ਲੈ ਕੇ ਆਇਆ ਸੀ। ਜਿਥੇ ਸਿੱਖ ਧਰਮ ਵਿਚ ਅੱਜ ਜ਼ਾਤ-ਪਾਤ ਨੂੰ ਖ਼ਤਮ ਕਰਨ ਦੀ ਗੱਲ ਕੀਤੀ ਜਾ ਸਕਦੀ ਹੈ, ਉਥੇ ਔਰਤਾਂ ਨੂੰ ਗ੍ਰੰਥੀ ਬਣਾਉਣ ਦੀ ਗੱਲ ਦਾ ਤਾਂ ਅਜੇ ਮੁੱਦਾ ਹੀ ਨਹੀਂ ਬਣਨ ਦਿਤਾ ਜਾ ਰਿਹਾ। ਨਾ ਔਰਤਾਂ ਨੂੰ ਦਰਬਾਰ ਸਾਹਿਬ ਵਿਚ ਕੀਰਤਨ ਕਰਨ ਦੀ ਆਜ਼ਾਦੀ ਹੈ, ਨਾ ਪਾਲਕੀ ਸਾਹਿਬ ਦੀ ਸੇਵਾ ਵਿਚ ਸ਼ਾਮਲ ਹੋਣ ਦੀ ਆਜ਼ਾਦੀ। ਜੇ ਕੋਈ ਇਕ ਧਰਮ ਹੀ ਔਰਤ ਨਾਲ ਵਿਤਕਰੇ ਦਾ ਕਾਰਨ ਹੁੰਦਾ ਤਾਂ ਕੀ ਕੋਈ ਹੋਰ ਧਰਮ ਇਸ ਕਮਜ਼ੋਰੀ ਨੂੰ ਦੂਰ ਨਾ ਕਰ ਦਿੰਦਾ? ਨਹੀਂ, ਇਕ ਜਾਂ ਦੂਜੇ ਰੂਪ ਵਿਚ, ਔਰਤ ਨੂੰ ਸਾਰੇ ਹੀ ਧਰਮਾਂ ਵਿਚ ਵਿਤਕਰੇ ਦਾ ਸ਼ਿਕਾਰ ਬਣਾ ਕੇ ਮਰਦ ਦੇ ਮੁਕਾਬਲੇ ਨੀਵੀਂ ਜਾਤ ਹੀ ਮਣਿਆ ਗਿਆ ਹੈ।
ਔਰਤਾਂ ਦੇ ਹੱਕਾਂ ਨੂੰ ਮਨਵਾਉਣ ਦੀ ਕੋਸ਼ਿਸ਼, ਔਰਤਾਂ ਦੇ ਕਪੜੇ ਪਾਉਣ ਦੀ ਆਜ਼ਾਦੀ, ਜਾਂ ਦੇਰ ਰਾਤ ਸੜਕਾਂ ਉਤੇ ਚੱਲਣ ਦੀ ਆਜ਼ਾਦੀ ਨਹੀਂ ਹੈ। ਸ਼ਾਇਦ ਅਸੀ ਇਸ ਨੂੰ ਇਕ ਲੜਾਈ ਵਾਂਗ ਲੈਣ ਦੀ ਗ਼ਲਤੀ ਕਰ ਰਹੇ ਹਾਂ ਜਦਕਿ ਇਹ ਇਕ ਔਰਤ ਦੀ ਵਖਰੀ ਹੋਂਦ ਨੂੰ ਪ੍ਰਵਾਨ ਕਰਨ ਦੀ ਮੰਗ ਤੋਂ ਵੱਧ ਹੋਰ ਕੁੱਝ ਨਹੀਂ। ਇਸ ਨੂੰ ਇਕ ਜੰਗ ਦਾ ਰੂਪ ਦੇ ਕੇ ਸ਼ਾਇਦ ਅਸੀ ਔਰਤਾਂ ਨਾਲ ਇਕ ਹੋਰ ਜਿਆਦਤੀ ਕਰ ਰਹੇ ਹਾਂ।
Women Day-2
ਇਸ ਮਰਦ ਪ੍ਰਧਾਨ ਸਮਾਜ ਵਿਚ ਜ਼ਿੰਦਗੀ ਨੇ ਬੜੇ ਸਾਰੇ ਦੌਰਾਂ ਵਿਚ ਲਿਜਾ ਕੇ ਬੜੇ ਰੰਗ ਵਿਖਾਏ ਹਨ। ਰੰਗਾਂ ਦੇ ਰੂਪਾਂ ਉਤੇ ਅਸਰ ਪੈਣਾ ਹੀ ਸੀ ਅਤੇ ਕਦੇ ਬਗ਼ਾਵਤ ਕੀਤੀ, ਕਦੇ ਨਫ਼ਰਤ ਕੀਤੀ, ਕਦੇ ਪਿਆਰ ਕੀਤਾ, ਕਦੇ ਗ੍ਰਹਿਣੀ ਬਣੀ, ਕਦੇ ਕਮਾਊ ਪਰ ਬੜੇ ਲੰਮੇ ਸਮੇਂ ਤਕ ਅਪਣੇ ਆਪ ਨਾਲ ਰਿਸ਼ਤਾ ਬਣਾਉਣ ਦੀ ਵਿਹਲ ਹੀ ਨਾ ਮਿਲੀ। ਹਰ ਰਿਸ਼ਤਾ, ਹਰ ਕਦਮ ਕਿਸੇ ਹੋਰ ਨੂੰ ਕੇਂਦਰ ਬਣਾ ਕੇ ਕੀਤਾ। ਬੇਟੀ, ਪਤਨੀ, ਮਾਂ, ਭੈਣ ਦੇ ਕਿਰਦਾਰਾਂ ਨੇ ਤੈਅ ਕੀਤਾ ਕਿ 'ਮੈਂ' ਕੌਣ ਹਾਂ।
ਪਰ ਅੱਜ ਜਾਪਦਾ ਹੈ ਕਿ ਉਹ ਜੰਗ ਜੋ ਲੜੀ ਜਾ ਰਹੀ ਸੀ, ਉਹ ਮੇਰੀ ਨਹੀਂ ਸੀ। ਉਹ ਉਨ੍ਹਾਂ ਕਿਰਦਾਰਾਂ ਦੀ ਸੀ ਜਿਨ੍ਹਾਂ ਨੂੰ ਮੈਂ ਅਪਣਾ ਕੇਂਦਰ ਬਿੰਦੂ ਬਣਾ ਲਿਆ ਹੋਇਆ ਸੀ। ਅਸਲ ਵਿਚ ਇਕ ਔਰਤ ਹੋਣਾ ਤੇ ਔਰਤ-ਮਰਦ ਲੜਾਈ ਦਾ ਹੋਣਾ ਦੋ ਆਪਾ ਵਿਰੋਧੀ ਗੱਲਾਂ ਹਨ। ਕਿਹੜਾ ਮਰਦ ਹੈ ਜੋ ਔਰਤ ਦੇ ਪੇਟ ਵਿਚ 9 ਮਹੀਨੇ ਰਹੇ ਬਗ਼ੈਰ ਪੈਦਾ ਹੋ ਗਿਆ ? ਔਰਤ ਦੀ ਲੜਾਈ ਮਰਦ ਨਾਲ ਕਰਵਾ ਕੇ ਸ਼ਾਇਦ ਕੁਦਰਤ ਦੇ ਨਿਯਮਾਂ ਦਾ ਹੀ ਉਲੰਘਣ ਕਰ ਦਿਤਾ ਜਾਂਦਾ ਹੈ ਅਤੇ ਸ਼ਾਇਦ ਇਸੇ ਕਰ ਕੇ ਹੀ ਔਰਤ-ਮਰਦ ਲੜਾਈ ਵਿਚ ਕੁੱਝ ਲੋਕ ਇਕ ਘੁੰਮਣਘੇਰੀ ਵਿਚ ਘੁੰਮਦੇ ਹੋਏ, ਅੱਗੇ ਵਧਣੋਂ ਰੁਕ ਜਾਂਦੇ ਹਨ।
Women Day-3
ਜੇ ਮੈਂ ਇਕ ਔਰਤ ਹੋਣ ਦੇ ਨਾਤੇ ਏਨੀ ਤਾਕਤ ਰਖਦੀ ਹਾਂ ਕਿ ਮੈਂ ਜਨਮ ਦੇ ਸਕਦੀ ਹਾਂ ਤਾਂ ਫਿਰ ਮੈਂ ਅਪਣੀ ਮਾਹਵਾਰੀ ਤੋਂ ਕਿਉਂ ਸ਼ਰਮਾਉਂਦੀ ਹਾਂ? ਜੇ ਮੇਰੇ ਅੰਦਰ ਰੱਬ ਦੀ ਬਖ਼ਸ਼ਿਸ਼ ਨਾਲ ਇਕ ਛਾਤੀ ਹੈ ਜੋ ਬੱਚੇ ਵਾਸਤੇ ਜੀਵਨ ਦਾਤੀ ਹੈ ਤਾਂ ਮੈਂ ਉਸ ਛਾਤੀ ਸ਼ਰਮ ਕਰਨ ਦਾ ਕਾਰਨ ਕਿਉਂ ਬਣਲ ਦੇਵਾਂ? ਇਸੇ ਤਰ੍ਹਾਂ ਜਿਸ ਚੀਜ਼ ਤੋਂ ਮੈਂ ਖ਼ੁਦ ਸ਼ਰਮਾਉਂਦੀ ਹਾਂ, ਉਹ ਤਾਂ ਰੱਬ ਦੀ ਦੇਣ ਹੈ, ਫਿਰ ਪਹਿਲਾਂ ਤਾਂ ਮੈਂ ਗ਼ਲਤ ਅਤੇ ਫਿਰ ਮਰਦ ਗ਼ਲਤ।
ਇਕ ਗੱਲ ਵਾਰ ਵਾਰ ਦਿਲ ਵਿਚ ਆਉਂਦੀ ਹੈ, ਮੈਂ ਮਰਦ ਨਹੀਂ ਹਾਂ ਅਤੇ ਨਾ ਹੀ ਬਣਨਾ ਚਾਹੁੰਦੀ ਹਾਂ। ਮੇਰੇ ਦਿਲ ਵਿਚ ਪਿਆਰ ਦੀ ਤਾਕਤ ਕਿਸੇ ਮਰਦ ਤੋਂ ਜ਼ਿਆਦਾ ਹੈ। ਉਹੀ ਔਰਤਾਂ ਖ਼ੁਸ਼ ਤੇ ਸੰਤੁਸ਼ਟ ਨਜ਼ਰ ਆਉਂਦੀਆਂ ਹਨ ਜੋ ਅਪਣੇ ਆਪ ਨੂੰ ਅੱਗੇ ਰੱਖ ਕੇ ਜਸ਼ਨ ਮਨਾਉਂਦੀਆਂ ਹਨ। ਅੱਜ ਸ਼ਾਇਦ ਔਰਤਾਂ ਨੂੰ ਅਪਣੇ ਆਪ ਨੂੰ ਸਮਝਣ, ਸਲਾਹੁਣ ਦੀ ਲੋੜ ਜ਼ਿਆਦਾ ਹੈ। ਕਿੰਨੀਆਂ ਵੀ ਔਕੜਾਂ ਆ ਜਾਣ, ਜੋ ਇਨਸਾਨ ਅਪਣੇ ਆਪ ਨਾਲ ਰਿਸ਼ਤਾ ਬਣਾ ਲਵੇ, ਉਹ ਆਜ਼ਾਦ ਹੁੰਦਾ ਹੈ। ਅਸੀ ਔਰਤਾਂ ਸੱਭ ਨਾਲ ਰਿਸ਼ਤੇ ਨਿਭਾ ਲੈਂਦੀਆਂ ਹਾਂ, ਪਰ ਅਪਣੇ ਆਪ ਨੂੰ ਮਿਲਣ ਤੋਂ ਕਰਤਾਉਂਦੀਆਂ ਹਾਂ। ਅਪਣੀ ਸੋਚ ਬਦਲ ਲਈਏ ਤਾਂ ਦੁਨੀਆਂ ਵੀ ਬਦਲ ਜਾਵੇਗੀ। -ਨਿਮਰਤ ਕੌਰ