ਕਿਸੇ ਸ਼ਰਾਰਤੀ ਪਾਕਿਸਤਾਨੀ ਨੇ ਹਿੰਦੁਸਤਾਨੀਆਂ ਨੂੰ ਸਿੱਖ ਕ੍ਰਿਕੇਟਰ ਅਰਸ਼ਦੀਪ ਸਿੰਘ ਵਿਰੁਧ ਬੋਲਣ ਲਾ ਦਿਤਾ..
Published : Sep 7, 2022, 7:13 am IST
Updated : Sep 7, 2022, 4:12 pm IST
SHARE ARTICLE
Arshdeep Singh
Arshdeep Singh

ਨਫ਼ਰਤ ਕਰਨ ਵਾਲੇ ਬਹੁਤ ਹਨ ਪਰ ਅਰਸ਼ਦੀਪ ਸਿੰਘ, ਮਿਲਖਾ ਸਿੰਘ, ਮਨਮੋਹਨ ਸਿੰਘ, ਬਲਬੀਰ ਸਿੰਘ, ਬੀਰ ਸਿੰਘ ਵਰਗੇ ਕਿਰਦਾਰ ਉਭਰਦੇ ਰਹਿਣਗੇ

 

ਸਿਆਣਾ ਦੁਸ਼ਮਣ ਹਮੇਸ਼ਾ ਜਾਣਦਾ ਹੈ ਕਿ ਸੱਟ ਕਿਥੇ ਮਾਰਨੀ ਹੈ ਅਰਥਾਤ ਉਸ ਥਾਂ, ਜਿਥੇ ਸੱਟ ਮਾਰਨ ਨਾਲ, ਸੱਟ ਸਿਰਫ਼ ਇਕ ਥਾਂ ਤੇ ਹੀ ਦਰਦ ਨਾ ਦੇਵੇ ਬਲਕਿ ਅਜਿਹੀ ਹੋਵੇ ਜਿਸ ਦਾ ਅਸਰ ਹਰ ਪਲ ਵਧਦਾ ਹੀ ਜਾਵੇ। ਭਾਰਤ ਵਿਚ ਕ੍ਰਿਕਟ ਨੂੰ ਇਕ ਖੇਡ ਵਾਂਗ ਨਹੀਂ ਬਲਕਿ ਇਕ ਧਰਮ ਵਾਂਗ ਲਿਆ ਜਾਂਦਾ ਹੈ ਤੇ ਇਸ ਦੇ ਖਿਡਾਰੀਆਂ ਦੇ ਬੱਲਿਆਂ ਤੇ ਇਹ ਧਰਮ ਟਿਕਿਆ ਹੋਇਆ ਹੁੰਦਾ ਹੈ। ਮਨੁੱਖੀ ਹੱਥ, ਚਮੜੇ ਦੀ ਗੇਂਦ ਤੇ ਲੱਕੜ ਦਾ ਬੱਲਾ ਮਿਲ ਕੇ 100 ਕਰੋੜ ਲੋਕਾਂ ਦੇ ਵਿਸ਼ਵਾਸ ਨੂੰ ਬਰਕਰਾਰ ਰੱਖਣ ਦਾ ਯਤਨ ਕਰਦੇ ਹਨ ਪਰ ਫਿਰ ਵੀ ਕਈ ਵਾਰ ਉਹ ਅਜਿਹਾ ਕਰਨ ਵਿਚ ਪਛੜ ਜਾਂਦੇ ਹਨ।

ਪਾਕਿਸਤਾਨ-ਭਾਰਤ ਦੀ ਖੇਡ ਇਕ ਜੰਗ ਵਰਗੀ ਹੁੰਦੀ ਹੈ ਤੇ ਅਜੇ ਹਫ਼ਤਾ ਪਹਿਲਾਂ ਹੀ ਭਾਰਤੀ ਟੀਮ ਪਾਕਿਸਤਾਨ ਨੂੰ ਹਰਾ ਕੇ ਜੇਤੂ ਬਣੀ ਸੀ ਪਰ ਜਦ ਬੀਤੇ ਐਤਵਾਰ ਨੂੰ ਪਾਕਿਸਤਾਨ ਜਿੱਤ ਗਿਆ ਤਾਂ ਭਾਰਤ ਦੀ ਨਿਰਾਸ਼ਾ ਨੂੰ ਨਿਸ਼ਾਨਾ ਬਣਾ ਕੇ ਪਾਕਿਸਤਾਨ ਤੋਂ ਕਿਸੇ ਨੇ ਵਿਕੀਪੀਡੀਆ ਤੇ ਅਰਸ਼ਦੀਪ ਦੀ ਜਾਣਕਾਰੀ ਵਿਚ ਛੇੜਛਾੜ ਕਰ ਕੇ ਉਸ ਦਾ ਦੇਸ਼ ਖ਼ਾਲਿਸਤਾਨ ਬਣਾ ਦਿਤਾ। ਉਸ ਦਾ ਅਸਰ ਇਹ ਹੋਇਆ ਕਿ ਭਾਰਤ ਵਿਚ ਬੈਠੇ ਕਈ ਲੋਕਾਂ ਨੇ ਸੋਸ਼ਲ ਮੀਡੀਆ ਤੇ ਅਰਸ਼ਦੀਪ ਤੇ ਵਾਰ ਕਰਨਾ ਸ਼ੁਰੂ ਕਰ ਦਿਤਾ। ਇਹ ਆਖਦੇ ਹਨ ਕਿ ਉਹ ਖ਼ਾਲਿਸਤਾਨੀ ਹੈ ਤੇ ਉਹ ਪਾਕਿਸਤਾਨ ਨੂੰ ਜਿਤਾਉਣ ਤੇ ਭਾਰਤ ਨੂੰ ਹਰਾਉਣ ਵਾਸਤੇ ਇਥੇ ਆਇਆ ਹੈ ਅਤੇ ਹੁਣ ਉਹ ਪਾਕਿਸਤਾਨ ਵਾਪਸ ਚਲਾ ਜਾਵੇ।

ਇਸ ਦੇਸ਼ ਨੂੰ ਲੱਖ ਸਮਝਾਉਣ ਦਾ ਯਤਨ ਕਰ ਲਉ ਕਿ ਖ਼ਾਲਿਸਤਾਨ ਇਕ ਸੋਚ ਹੁੰਦੀ ਹੈ ਜੋ ਕਿ ‘ਖ਼ਾਲਸ’ ਸ਼ੁਧ/ਸਾਫ਼, ਗੁਰੂ ਦੀ ਸੋਚ ਨਾਲ ਜੁੜੀ ਹੁੰਦੀ ਹੈ, ਪਰ ਇਨ੍ਹਾਂ ਨੂੰ ਵਿਦੇਸ਼ ਵਿਚ ਬੈਠੇ ਤੇ ਪੰਜਾਬ ਵਿਚ ਅੱਗ ਦੇ ਭਾਂਬੜ ਬਾਲਣੇ ਚਾਹੁਣ ਵਾਲਿਆਂ ਦੀ ਪ੍ਰੀਭਾਸ਼ਾ ਹੀ ਸਹੀ ਲਗਦੀ ਹੈ। ਸੋ ਅਰਸ਼ਦੀਪ ਨੂੰ ਖ਼ਾਲਿਸਤਾਨੀ ਆਖਣ ਵਾਲੇ ਪਾਕਿਸਤਾਨ ਦੇ ਇਕ ਵਾਰ ਦੇ ਬਾਅਦ ਪੂਰੇ ਭਾਰਤ ਵਿਚੋਂ ਲੱਖਾਂ ਵਾਰ ਅਰਸ਼ਦੀਪ ਤੇ ਹੋਣ ਲੱਗ ਪਏ। ਉਹ ਚੁਭਦੇ ਵੀ ਬਹੁਤ ਹਨ ਕਿਉਂਕਿ ਸਿੱਖ ਹਿੰਦੁਸਤਾਨ ਨੂੰ ਅਪਣਾ ਦੇਸ਼ ਮੰਨਦੇ ਹਨ। ਜਿਸ ਤਰ੍ਹਾਂ ਦੀਆਂ ਕੁਰਬਾਨੀਆਂ ਸਿੱਖਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਦਿਤੀਆਂ ਹਨ ਉਸ ਦਾ ਤਾਂ ਮੁਕਾਬਲਾ ਹੀ ਕੋਈ ਨਹੀਂ ਪਰ ਆਜ਼ਾਦੀ ਤੋਂ ਬਾਅਦ ਵੀ ਸਿੱਖਾਂ ਨੇ ਨਵੇਂ ਹਿੰਦੁਸਤਾਨ ਨੂੰ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਕ੍ਰਿਕਟ ਛੱਡੋ, ਦੁਨੀਆਂ ਦੇ ਕਈ ਬਿਹਤਰੀਨ ਖਿਡਾਰੀ ਪੰਜਾਬ ਦੇ ਸਿੱਖ ਹੀ ਰਹੇ ਹਨ। ਉਲੰਪਿਕ ਨੇ ਜਦੋਂ 100 ਸਾਲ ਦੇ 71 ਬਿਹਤਰੀਨ ਖਿਡਾਰੀ ਚੁਣੇ ਤਾਂ ਉਨ੍ਹਾਂ ਵਿਚ ਇਕ ਭਾਰਤੀ ਸਿੱਖ ਵੀ ਸੀ।

ਭਾਰਤ ਨੂੰ ਜਦ ਵੀ ਭੁਖਮਰੀ ਤੋਂ ਬਚਾਉਣ ਦੀ ਲੋੜ ਪਈ ਜਾਂ ਸਰਹੱਦਾਂ ਤੇ ਦੁਸ਼ਮਣਾਂ ਤੋਂ ਬਚਾਉਣਾ ਪਿਆ ਤਾਂ ਇਸ ਕੌਮ ਦੀ ਕੁਰਬਾਨੀ ਹੀ ਕੰਮ ਆਈ। ਅੱਜ ਜੇ ਭਾਰਤੀ ਆਰਥਕਤਾ ਨੂੰ ਪੰਜ ਮਿਲੀਅਨ ਦੀ ਆਰਥਕਤਾ ਬਣਾਉਣ ਦਾ ਟੀਚਾ ਮਿਥਿਆ ਜਾ ਰਿਹਾ ਹੈ ਤਾਂ ਇਸ  ਲਈ ਹੀ ਹੋ ਰਿਹਾ ਹੈ ਕਿਉਂਕਿ ਡਾ. ਮਨਮੋਹਨ ਸਿੰਘ ਨੇ ਉਸ ਦੀ ਬੁਨਿਆਦ ਰੱਖੀ ਸੀ ਤੇ ਭਾਰਤ ਦੀ ਆਮ ਜਨਤਾ ਨੂੰ ਪੈਸਾ ਕਮਾਉਣ ਦੀ ਜਾਚ ਸਿਖਾਈ ਸੀ। ਕੋਈ ਉਨ੍ਹਾਂ ਦਾ ਅਰਬਪਤੀ ਮਿੱਤਰ ਨਹੀਂ ਸੀ ਪਰ ਹਿੰਦੁਸਤਾਨ ਨੂੰ ਅਸਲ ਵਿਚ ਤਾਕਤਵਰ ਬਣਾਉਣ ਦੀ ਇੱਛਾ ਉਨ੍ਹਾਂ ਅੰਦਰ ਪ੍ਰਬਲ ਸੀ ਜਿਸ ਦੇ ਅਸਰ ਹੇਠ ਉਨ੍ਹਾਂ ਨੇ ਚੁੱਪਚਾਪ ਕੰਮ ਕੀਤਾ। ਪਰ ਫਿਰ ਵੀ ਇਕ ਪਲ ਨਹੀਂ ਲਗਦਾ ਇਸ ਦੇਸ਼ ਨੂੰ ਇਹ ਭੁਲਾਉਣ ਵਿਚ ਕਿ ਸਿੱਖਾਂ ਦਾ ਇਸ ਦੇਸ਼ ਤੇ ਵੀ ਕੋਈ ਹੱਕ ਹੈ ਅਤੇ ਉਹ ਡਾ. ਮਨਮੋਹਨ ਸਿੰਘ ਤੇ ਅਰਸ਼ਦੀਪ ਵਰਗੇ ਭਾਰਤ ਦੇ ਹੀਰਿਆਂ ਵਿਰੁਧ ਵੀ ਅਬਾ ਤਬਾ ਬੋਲਣ ਲੱਗ ਜਾਂਦੇ ਹਨ। ਇਨ੍ਹਾਂ ਨੂੰ ਇੰਦਰਾ ਗਾਂਧੀ ਦਾ ਪ੍ਰਚਾਰ ਯਾਦ ਰਹਿੰਦਾ ਹੈ ਪਰ ਭਵਿੱਖ ਵਿਚ ਕਦੀ ਉਸ ਸਮੇਂ ਦੀ ਅਸਲੀਅਤ ਸਾਹਮਣੇ ਆਵੇਗੀ ਤਾਂ ਮੰਨਣਾ ਪਵੇਗਾ ਕਿ ਉਸ ਵਕਤ ਸਿੱਖਾਂ ਕੋਲ ਅਪਣੇ ਹੱਕਾਂ ਵਾਸਤੇ ਹਥਿਆਰ ਚੁਕਣ ਦੇ ਸਿਵਾਏ ਕੋਈ ਚਾਰਾ ਨਹੀਂ ਸੀ ਰਹਿ ਗਿਆ। ਉਹ ਮਜਬੂਰ ਹੋ ਗਏ ਸਨ।

ਇਹ ਹਾਦਸਾ ਸਿੱਖ ਪੰਜਾਬੀ ਨੌਜਵਾਨਾਂ ਵਾਸਤੇ ਇਕ ਉਦਾਹਰਣ ਹੈ। ਨਫ਼ਰਤ ਕਰਨ ਵਾਲੇ ਬਹੁਤ ਹਨ ਪਰ ਅਰਸ਼ਦੀਪ ਸਿੰਘ, ਮਿਲਖਾ ਸਿੰਘ, ਮਨਮੋਹਨ ਸਿੰਘ, ਬਲਬੀਰ ਸਿੰਘ, ਬੀਰ ਸਿੰਘ ਵਰਗੇ ਕਿਰਦਾਰ ਉਭਰਦੇ ਰਹਿਣਗੇ ਤਾਂ ਸਾਰੇ ਤੁਹਾਡੇ ਨਾਲ ਖੜੇ ਹੋਣ ਨੂੰ ਮਜਬੂਰ ਹੋ ਜਾਣਗੇ। ਪਰ ਜੇ ਤੁਸੀਂ ਇਨ੍ਹਾਂ ਨਫ਼ਰਤ ਦੇ ਅੰਗਾਰਿਆਂ ਨੂੰ ਅਪਣੇ ਦਿਲ ਵਿਚ ਵਸਣ ਦੇਵੋਗੇ ਤਾਂ ਗੋਲਡੀ ਬਰਾੜ ਵਾਂਗ ਤੁਸੀ ਵੀ ਅਪਣੇ ਆਪ ਦਾ ਤੇ ਅਪਣੇ ਧਰਮ ਤੇ ਸੂਬੇ ਦਾ ਨੁਕਸਾਨ ਕਰਨ ਦੇ ਦੋਸ਼ੀ ਮੰਨੇ ਜਾਉਗੇ।                             -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM

Kisan Andolan ਨੂੰ ਲੈ ਕੇ Charanjit Channi ਦਾ ਵੱਡਾ ਦਾਅਵਾ,BJP ਨੇ ਕਿਸਾਨਾ ਉੱਤੇ ਗੋਲੀ ਚਲਾਉਣ ਦੇ ਦਿਤੇ ਸੀ ਹੁਕਮ

12 Oct 2025 3:02 PM

Rajvir Jawanda Last Ride In Village | Rajvir Jawanda Antim Sanskar in Jagraon | Rajvir Jawanda News

09 Oct 2025 3:24 PM

Rajvir Jawanda Cremation Video : ਸਾਰਿਆਂ ਨੂੰ ਰੋਂਦਾ ਛੱਡ ਗਿਆ ਰਾਜਵੀਰ ਜਵੰਦਾ Rajvir Jawanda Antim Sanskar

09 Oct 2025 3:23 PM

AAP Big PC Live On Sukhwinder Singh Calcutta Murder case |Raja warring |Former sarpanch son murder

06 Oct 2025 3:31 PM
Advertisement