Editorial: ਕੀ ਬੰਗਲਾਦੇਸ਼ ਵਿਚ ਹਿੰਦੂ ਭਾਈਚਾਰੇ ਉੱਪਰ ਸਚਮੁੱਚ ਹੀ ਜ਼ੁਲਮ-ਓ-ਤਸ਼ੱਦਦ ਹੋ ਰਿਹਾ ਹੈ?
Editorial: ਕੀ ਬੰਗਲਾਦੇਸ਼ ਵਿਚ ਹਿੰਦੂ ਭਾਈਚਾਰੇ ਉੱਪਰ ਸਚਮੁੱਚ ਹੀ ਜ਼ੁਲਮ-ਓ-ਤਸ਼ੱਦਦ ਹੋ ਰਿਹਾ ਹੈ? ਕੀ ਇਸ ਕਿਸਮ ਦਾ ਪ੍ਰਚਾਰ ਉਸ ਮੁਲਕ ਦੀ ਅੰਤਰਿਮ ਸਰਕਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਤਾਂ ਨਹੀਂ? ਇਨ੍ਹਾਂ ਦੋਵਾਂ ਸਵਾਲਾਂ ਦੇ ਜਵਾਬ ਇਨ੍ਹਾਂ ਦੇ ਅੰਦਰੋਂ ਹੀ ਲੱਭੇ ਜਾ ਸਕਦੇ ਹਨ ਬਸ਼ਰਤੇ ਇਮਾਨਦਾਰੀ ਨਾਲ ਲੱਭੇ ਜਾਣ।
ਤੱਥ ਇਹ ਦਰਸਾਉਂਦੇ ਹਨ ਕਿ ਚਾਰ ਮਹੀਨੇ ਪਹਿਲਾਂ ਸ਼ੇਖ ਹਸੀਨਾ ਵਾਜੇਦ ਦੀ ਸਰਕਾਰ ਦਾ ਤਖ਼ਤਾ ਉਲਟਾਏ ਜਾਣ ਮਗਰੋਂ ਹਿੰਦੂ ਭਾਈਚਾਰੇ ਦੇ ਧਰਮ-ਅਸਥਾਨਾਂ, ਘਰਾਂ ਤੇ ਕਾਰੋਬਾਰਾਂ ਅਤੇ ਸਮਾਜਿਕ-ਸਭਿਆਚਾਰਕ ਸੰਸਥਾਵਾਂ ਨੂੰ ਭਾਰਤ-ਵਿਰੋਧੀ ਤੁਅੱਸਬੀਆਂ ਅਤੇ ਹੁੱਲੜਬਾਜ਼ ਅਨਸਰਾਂ ਨੇ ਉਚੇਚੇ ਤੌਰ ’ਤੇ ਨਿਸ਼ਾਨਾ ਬਣਾਇਆ।
ਅਜਿਹੀ ਜੁੱਗਗਰਦੀ ਵਿਚ ਕਿੰਨੇ ਹਿੰਦੂ ਮਰੇ ਜਾਂ ਜ਼ਖ਼ਮੀ ਹੋਏ, ਇਸ ਬਾਰੇ ਵੱਖ ਵੱਖ ਦਾਅਵੇ ਤੇ ਪ੍ਰਤੀਦਾਅਵੇ ਸੁਣਨ ਨੂੰ ਮਿਲਦੇ ਆਏ ਹਨ। ਸੋਸ਼ਲ ਮੀਡੀਆ ’ਤੇ ਜੋ ਵੀਡੀਉਜ਼ ਦੇਖਣ ਨੂੰ ਮਿਲੀਆਂ, ਉਹ ਨਿਹਾਇਤ ਹੌਲਨਾਕ ਸਨ। ਇਸ ਤੋਂ ਭਾਰਤ ਤੇ ਕਈ ਹੋਰ ਦੇਸ਼ਾਂ ਵਿਚ ਪ੍ਰਤੀਕਿਰਿਆ ਵੀ ਤਿੱਖੀ ਹੋਈ। ਭਾਰਤ ਨੇ ਤਾਂ ਚਿੰਤਾ ਪ੍ਰਗਟਾਈ ਹੀ, ਅਮਰੀਕਾ ਤੇ ਯੂਰੋਪੀਅਨ ਮੁਲਕਾਂ ਦਾ ਪ੍ਰਤੀਕਰਮ ਵੀ ਫ਼ਿਕਰਮੰਦੀ ਵਾਲਾ ਰਿਹਾ।
ਇਸ ਦੇ ਨਤੀਜੇ ਵਜੋਂ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨੁਸ ਨੂੰ ਇਹ ਸਪੱਸ਼ਟ ਕਰਨਾ ਪਿਆ ਕਿ ਹਿੰਦੂ ਭਾਈਚਾਰੇ ਦੇ ਕੁੱਝ ਮੰਦਿਰ ਤੇ ਹੋਰ ਸੰਸਥਾਵਾਂ ’ਤੇ ਹਮਲੇ ਜ਼ਰੂਰ ਹੋਏ ਹਨ, ਪਰ ਅਸਲ ਤਸਵੀਰ ਉਹ ਨਹੀਂ ਜੋ ਪ੍ਰਚਾਰੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਸੀਨਾ ਸਰਕਾਰ ਦਾ ਤਖ਼ਤਾ ਉਲਟਾਉਣ ਵਾਲੀਆਂ ਵਿਦਿਆਰਥੀ ਜਥੇਬੰਦੀਆਂ ਵਲੋਂ ਮੰਦਿਰਾਂ ਤੇ ਹੋਰਨਾਂ ਹਿੰਦੂ ਸੰਸਥਾਵਾਂ ਦੀ ਖ਼ੁਦ ਹਿਫ਼ਾਜ਼ਤ ਕੀਤੀ ਜਾ ਰਹੀ ਹੈ।
ਯੂਨੁਸ ਨੇ ਢਾਕਾ ਦੇ ਇਤਿਹਾਸਕ ਢਾਕੇਸ਼ਵਰੀ ਮੰਦਿਰ ਨੂੰ ਹਿੰਸਾ ਕਾਰਨ ਹੋਏ ਨੁਕਸਾਨ ਦਾ ਖ਼ੁਦ ਮੁਆਇਨਾ ਕੀਤਾ ਅਤੇ ਹਿੰਦੂ ਸੰਗਠਨਾਂ ਦੇ ਆਗੂਆਂ ਦੇ ਸ਼ਿਕਵੇ-ਸੁਣਨ ਮਗਰੋਂ ਸਮੁੱਚੇ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਵਾਅਦਾ ਵੀ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਦੁਰਗਾ ਪੂਜਾ ਦੇ ਦਿਨਾਂ ਦੌਰਾਨ ਤਿੰਨ ਕੌਮੀ ਛੁੱਟੀਆਂ ਦਾ ਐਲਾਨ ਵੀ ਕੀਤਾ।
ਅਜਿਹੇ ਕਦਮਾਂ ਦਾ ਹਾਂ-ਪੱਖੀ ਅਸਰ ਵੀ ਨਜ਼ਰ ਆਇਆ, ਪਰ ਪਿਛਲੇ ਮਹੀਨੇ ਚਟੋਗ੍ਰਾਮ (ਚਟਗਾਉਂ) ਵਿਚ ਚਿਨਮਯ ਕ੍ਰਿਸ਼ਨ ਦਾਸ ਨਾਮੀ ਇਕ ਇਸਕੌਨ ਆਗੂ ਦੀ ਦੇਸ਼-ਧ੍ਰੋਹ ਦੇ ਦੋਸ਼ਾਂ ਹੇਠ ਗ੍ਰਿਫ਼ਤਾਰੀ ਅਤੇ ਉਸ ਤੋਂ ਭੜਕੀ ਹਿੰਸਾ ਦੌਰਾਨ ਦੋ ਮੰਦਿਰਾਂ ਨੂੰ ਹੋਏ ਨੁਕਸਾਨ ਨੇ ਸਥਿਤੀ ਨੂੰ ਮੁੜ ਪੇਚੀਦਾ ਬਣਾ ਦਿਤਾ।
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗ੍ਰਿਫ਼ਤਾਰੀ ਦਾ ਵਿਰੋਧ ਕਰਦਿਆਂ ਬੰਗਲਾਦੇਸ਼ ਸਰਕਾਰ ਨੂੰ ਅਪਣੇ ਫ਼ਰਜ਼ ਦਿਆਨਤਦਾਰੀ ਨਾਲ ਨਿਭਾਉਣ ਲਈ ਕਿਹਾ। ਦਾਸ ਦੇ ਵਕੀਲ ਦੀ ਹਿੰਸਕ ਹਜੂਮ ਵਲੋਂ ਹਤਿਆ ਅਤੇ ਰਿਮਾਂਡ ਲਈ ਅਦਾਲਤੀ ਸੁਣਵਾਈ ਸਮੇਂ ਉਸ ਦੀ ਤਰਫ਼ੋਂ ਕਿਸੇ ਵਕੀਲ ਦੇ ਪੇਸ਼ ਨਾ ਹੋਣ ਦੇ ਘਟਨਾਕ੍ਰਮ ਨੇ ਢਾਕਾ ਸਰਕਾਰ ਦੀ ‘ਨੀਅਤ ਖੋਟੀ ਹੋਣ’ ਦੇ ਫ਼ਤਵੇ ਹਰ ਮੰਚ ’ਤੇ ਉਭਾਰ ਦਿੱਤੇ।
ਨਤੀਜਨ, ਭਾਰਤੀ ਪਾਸੇ ਵੀ ਜਵਾਬੀ ਕਾਰਵਾਈਆਂ ਸ਼ੁਰੂ ਹੋ ਗਈਆਂ। ਅਗਰਤਲਾ (ਤ੍ਰਿਪੁਰਾ) ਵਿਚ ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨ ਦੇ ਅਹਾਤੇ ਵਿਚ ਭੰਨ-ਤੋੜ ਵੀ ਹੋਈ ਅਤੇ ਨਾਲ ਹੀ ਉਸ ਮੁਲਕ ਦੇ ਕੌਮੀ ਝੰਡੇ ਦੀ ਬੇਹੁਰਮਤੀ ਵੀ। ਬੰਗਲਾਦੇਸ਼ ਨੂੰ ਇਸ ਘਟਨਾ ਤੋਂ ਕੂਟਨੀਤਕ ਲਾਭ ਹੋਣਾ ਹੀ ਸੀ। ਉਸ ਦੀ ਸੁਰ ਹਿਫ਼ਾਜ਼ਤੀ ਨਾ ਰਹਿ ਕੇ ਹਮਲਾਵਾਰਾਨਾ ਹੋ ਗਈ। ਇਹ ਕਸ਼ੀਦਗੀ ਘਟਾਉਣ ਦੇ ਅਜੇ ਦੋਵਾਂ ਪਾਸਿਉਂ ਕੋਈ ਯਤਨ ਨਹੀਂ ਹੋ ਰਹੇ। ਇਹ ਅਫ਼ਸੋਸਨਾਕ ਵਰਤਾਰਾ ਹੈ।
ਬੰਗਲਾਦੇਸ਼ ਆਜ਼ਾਦ ਤੇ ਖ਼ੁਦਮੁਖ਼ਤਾਰ ਮੁਲਕ ਹੈ। ਉਸ ਦੇ ਹਿੰਦੂ ਭਾਈਚਾਰੇ ਦੀ ਦਸ਼ਾ-ਦੁਰਦਸ਼ਾ ਉਸ ਦਾ ਅੰਦਰੂਨੀ ਮਾਮਲਾ ਹੈ। ਕੂਟਨੀਤਕ ਸਿਧਾਂਤ ਤਾਂ ਇਹੋ ਕਹਿੰਦੇ ਹਨ ਕਿ ਕਿਸੇ ਦੂਜੇ ਮੁਲਕ ਦੇ ਅੰਦਰੂਨੀ ਮਾਮਲਿਆਂ ਵਿਚ ਮੁਦਾਖ਼ਲਤ ਤੋਂ ਪਰਹੇਜ਼ ਹੀ ਕੀਤਾ ਜਾਣਾ ਚਾਹੀਦਾ ਹੈ। ਪਰ ਭੂਗੋਲਿਕ ਸਥਿਤੀ ਤੇ ਸਮਾਜਿਕ-ਰਾਜਸੀ ਕਾਰਨਾਂ ਕਰ ਕੇ ਭਾਰਤ ਉਸ ਮੁਲਕ ਦੇ ਹਿੰਦੂ ਭਾਈਚਾਰੇ ਉਪਰ ਜ਼ਿਆਦਤੀਆਂ ਦੀ ਅਣਦੇਖੀ ਨਹੀਂ ਕਰ ਸਕਦਾ।
ਹਿੰਦੂ ਭਾਈਚਾਰਾ ਸਿੱਧੇ ਤੌਰ ’ਤੇ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਦਾ ਹਮਾਇਤੀ ਸੀ। ਇਸੇ ਕਾਰਨ ਵੀ ਉਹ ਹਸੀਨਾ-ਵਿਰੋਧੀਆਂ ਦੀਆਂ ਅੱਖਾਂ ਵਿਚ ਰੜਕਦਾ ਆ ਰਿਹਾ ਸੀ। ਸ਼ੇਖ਼ ਹਸੀਨਾ ਨੇ ਭਾਰਤ ਵਿਚ ਸ਼ਰਨ ਲਈ ਹੋਈ ਹੈ ਅਤੇ ਮੁਹੰਮਦ ਯੂਨੁਸ ਸਰਕਾਰ ਖ਼ਿਲਾਫ਼ ਉਸ ਦੀ ਬਿਆਨਬਾਜ਼ੀ, ਹਿੰਦ-ਬੰਗਲਾ ਤਣਾਅ ਲਗਾਤਾਰ ਵਧਾਉਂਦੀ ਆ ਰਹੀ ਹੈ। ਦੂਜੇ ਪਾਸੇ, ਮੁਹੰਮਦ ਯੂਨੁਸ ਵੀ ਗ਼ੈਰ-ਰਾਜਨੀਤਕ ਹਸਤੀ ਹੋਣ ਕਾਰਨ ਸਫ਼ਾਰਤੀ ਨਫ਼ਾਸਤ ਤੇ ਲਫ਼ਜ਼ੀ ਬਾਰੀਕੀਆਂ ਤੋਂ ਕੋਰੇ ਹਨ।
ਉਨ੍ਹਾਂ ਦੇ ਅਪਣੇ ਬਿਆਨ ਅਤੇ ਪਾਕਿਸਤਾਨ ਨਾਲ ਸਾਂਝ ਵਧਾਉਣ ਦੇ ਕੱਚਘਰੜ ਜਿਹੇ ਯਤਨ ਵੀ ਸਥਿਤੀ ਨੂੰ ਵੱਧ ਗੁੰਝਲਦਾਰ ਬਣਾ ਰਹੇ ਹਨ। ਦੋਵਾਂ ਮੁਲਕਾਂ ਦੀ ਭੂਗੋਲਿਕ ਸਥਿਤੀ ਦੋਵਾਂ ਦਰਮਿਆਨ ਰਿਸ਼ਤੇ ਦੀ ਪੁਖ਼ਤਗੀ ਦੀ ਮੰਗ ਕਰਦੀ ਹੈ। ਇਹ ਪੁਖ਼ਤਗੀ, ਕੜਵਾਹਟ ਵਾਲਾ ਪਾਰਾ ਘਟਾ ਕੇ ਹੀ ਸੰਭਵ ਬਣਾਈ ਜਾ ਸਕਦੀ ਹੈ। ਇਹ ਯਤਨ ਦੋਵੇਂ ਪਾਸਿਉਂ ਹੋਣੇ ਚਾਹੀਦੇ ਹਨ।