
ਕਾਂਗਰਸੀਆਂ ਨੇ ਉਹੀ ਕੀਤਾ ਜੋ ਉਹ ਅੱਜ ਸੜਕਾਂ ਤੇ ਕਰ ਰਹੇ ਹਨ, ਇਕ ਦੂਜੇ ਵਿਰੁਧ ਪ੍ਰਚਾਰ।
ਕਾਂਗਰਸ ਦਾ ਪੰਜਾਬ ਵਿਚ ਜਿਸ ਤਰ੍ਹਾਂ ਨਾਲ ਸਫ਼ਾਇਆ ਹੋਇਆ, ਉਸ ਬਾਰੇ ਕਈ ਵਿਚਾਰ ਪੰਜਾਬ ਦੇ ਰਾਜਸੀ ਪਿੜ ਵਿਚ ਚੱਕਰ ਲਗਾ ਰਹੇ ਹਨ ਪਰ ਕਾਂਗਰਸੀ ਆਪ ਇਹ ਯਕੀਨ ਕਰਦੇ ਹਨ ਕਿ ਉਨ੍ਹਾਂ ਦੀ ਪਾਰਟੀ ਦੇ ਵੱਡੇ ਆਗੂ ਇਸ ਹਾਰ ਲਈ ਜ਼ਿੰਮੇਵਾਰ ਹਨ। ਪਰ ਉਹ ਵੱਡੇ ਆਗੂ ਕਿਹੜੇ ਹਨ, ਇਸ ਬਾਰੇ ਅਜੇ ਸਹਿਮਤੀ ਨਹੀਂ ਬਣੀ। ਜੇ ਜਾਖੜ ਤੋਂ ਪੁਛੋ ਤਾਂ ਉਹ ਵੱਡੀਆਂ ਕੁਰਸੀਆਂ ਉਤੇ ਬੈਠਣ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਉਣਗੇ। ਰਵਨੀਤ ਸਿੰਘ ਬਿੱਟੂ ਨੇ ਤਾਂ ਸਾਫ਼ ਹੀ ਆਖ ਦਿਤਾ ਹੈ ਕਿ ਗਧਿਆਂ ਕੋਲੋਂ ਸ਼ੇਰਾਂ ਨੂੰ ਹਰਵਾ ਦਿਤਾ ਗਿਆ। ਨਵਜੋਤ ਸਿੰਘ ਸਿੱਧੂ ਅਪਣੀ ਛਾਤੀ ਠੋਕ ਕੇ ਅਪਣੇ ਆਪ ਨੂੰ ਇਮਾਨਦਾਰ ਵੀ ਆਖਦੇ ਹਨ ਤੇ ਕਾਂਗਰਸੀਆਂ ਨੂੰ ਦਾਗ਼ੀ ਵੀ। ਜਿਹੜੀ 75-25 ਦੀ ਸਾਂਝ ਦੀਆਂ ਗੱਲਾਂ ਜਨਤਾ ਦੇ ਮਨ ਵਿਚ ਪਾਈਆਂ ਗਈਆਂ ਹਨ, ਉਹ ਵੀ ਕਾਂਗਰਸ ਪ੍ਰਧਾਨ ਨੇ ਪਾਈਆਂ ਹਨ ਤੇ ਇਸ ਧਰਨੇ ਤੇ ਵੀ ਉਨ੍ਹਾਂ ਅਪਣੇ ਹੀ ਢੰਗ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਨੂੰ ਰੇਤ ਮਾਫ਼ੀਆ ਉਤੇ ਲੱਗੇ ਦੋਸ਼ਾਂ ਵਿਚ ਲਪੇਟ ਦਿਤਾ, ਭਾਵੇਂ ਗਵਰਨਰ ਦੀ ਰੀਪੋਰਟ ਨੇ ਉਨ੍ਹਾਂ ਨੂੰ ਬਰੀ ਕਰ ਦਿਤਾ ਸੀ।
Navjot Singh Sidhu
ਅੱਜ ਕਾਂਗਰਸ ਪਾਰਟੀ ਦੇ ਰੋਸ-ਮੁਜ਼ਾਹਰੇ ਭਾਜਪਾ ਤੇ ਗਵਰਨਰ ਨੂੰ ਮਹਿੰਗਾਈ ਦੇ ਮੁੱਦੇ ਤੇ ਘੇਰਨ ਲਈ ਕੀਤੇ ਗਏ ਸਨ ਪਰ ਇਹ ਸਾਰੇ ਅਪਣੀ ਹੀ ਸਿਆਸਤ ਵਿਚ ਘਿਰ ਗਏ ਕਿਉਂਕਿ ਕਾਂਗਰਸ ਤੋਂ ਨਵਜੋਤ ਸਿੱਧੂ ਦੇ ਬਿਆਨ ਬਰਦਾਸ਼ਤ ਨਾ ਹੋਏ। ਬਰਿੰਦਰ ਢਿੱਲੋਂ ਤੇ ਬਾਕੀ ਨੌਜਵਾਨਾਂ ਕੋਲੋਂ ਬੇਨਾਮੀ ਇਲਜ਼ਾਮ ਬਰਦਾਸ਼ਤ ਨਾ ਹੋਏ ਤੇ ਉਨ੍ਹਾਂ ਅਪਣੇ ਪ੍ਰਧਾਨ ਨੂੰ ਹੀ ਘੇਰ ਲਿਆ ਕਿ ਨਾਮ ਦਸੋ ਕਿਹੜਾ ਆਗੂ ਭ੍ਰਿਸ਼ਟ ਹੈ? ਅੱਜ ਜੇ ਕਾਂਗਰਸੀ ਆਗੂ ਅਸਲ ਵਿਚ ਸਮਝ ਲੈਂਦੇ ਕਿ ਉਹ ਕਿਉਂ ਹਾਰੇ ਤਾਂ ਉਹ ਜਾਣ ਜਾਂਦੇ ਕਿ ਉਹ ਸਾਰੇ ਹੀ ਜ਼ਿੰਮੇਵਾਰ ਹਨ, ਨਾ ਸਿਰਫ਼ ਇਕ ਜਾਂ ਦੋ ਆਗੂ ਹੀ।
Navjot singh sidhu
ਜਾਂ ਉਹ ਭ੍ਰਿਸ਼ਟ ਸਨ ਤੇ ਜਾਂ ਫਿਰ ਉਹ ਆਲਸੀ ਸਨ। ਉਨ੍ਹਾਂ ਵਿਚੋਂ ਬਹੁਤਿਆਂ ਨੇ ਜਿੱਤਣ ਲਈ ਕੰਮ ਹੀ ਨਾ ਕੀਤਾ। ਨਵਜੋਤ ਸਿੱਧੂ ਨੇ ਜੇ ਆਪ ਅਪਣੇ ਐਮ.ਪੀ. ਔਜਲਾ ਦੀ ਗੱਲ ਸੁਣੀ ਹੁੰਦੀ ਤਾਂ ਉਹ ਜਾਣਦੇ ਹੁੰਦੇ ਕਿ ਉਨ੍ਹਾਂ ਦੇ ਅਪਣੇ ਹਲਕੇ ਵਿਚ ਨਸ਼ੇ ਦਾ ਵਪਾਰ ਫੈਲਦਾ ਰਿਹਾ ਤੇ ਅੰਮ੍ਰਿਤਸਰ ਵਿਚ ਉਨ੍ਹਾਂ ਦੀ ਗ਼ੈਰ ਹਾਜ਼ਰੀ ਉਨ੍ਹਾਂ ਦੀ ਹਾਰ ਦਾ ਕਾਰਨ ਬਣੀ। ਆਮ ਪੰਜਾਬੀ ਤੋਂ ਪੁਛਿਆ ਜਾਵੇ ਤਾਂ ਸੱਭ ਇਹੀ ਕਹਿਣਗੇ ਕਿ ਕਾਂਗਰਸੀਆਂ ਨੇ ਅਪਣੇ ਹਲਕਿਆਂ ਵਿਚ ਕੰਮ ਨਹੀਂ ਕੀਤਾ। ਜਿਨ੍ਹਾਂ ਨੇ ਕੀਤਾ, ਉਹ ਜਿੱਤ ਗਏ।
Congress
ਕਾਂਗਰਸੀਆਂ ਨੇ ਉਹੀ ਕੀਤਾ ਜੋ ਉਹ ਅੱਜ ਸੜਕਾਂ ਤੇ ਕਰ ਰਹੇ ਹਨ, ਇਕ ਦੂਜੇ ਵਿਰੁਧ ਪ੍ਰਚਾਰ। ਆਖਦੇ ਤਾਂ ਸਾਰੇ ਹਨ ਕਿ ਇਨ੍ਹਾਂ ਵਿਚੋਂ ਕੋਈ ਵੀ ਕੁਰਸੀ ਵਾਸਤੇ ਨਹੀਂ ਲੜ ਰਿਹਾ ਪਰ ਅਸਲ ਵਿਚ ਇਹ ਸਾਰੇ ਕਾਂਗਰਸ ਦੇ ਪ੍ਰਮੁੱਖ ਆਗੂ ਅੱਜ ਪ੍ਰਧਾਨ ਦੀ ਕੁਰਸੀ ਪਿੱਛੇ ਇਕ ਦੂਜੇ ਤੇ ਚਿੱਕੜ ਸੁੱਟ ਰਹੇ ਹਨ। ਨੌਜਵਾਨਾਂ ਨੇ ਤਾਂ ਨਵਜੋਤ ਸਿੱਧੂ ਤੇ ਕਾਂਗਰਸ ਪਾਰਟੀ ਨੂੰ ਖ਼ਤਮ ਕਰਨ ਦਾ ਸਿੱਧਾ ਦੋਸ਼ ਨਾਂ ਲੈ ਕੇ ਲੀਡਰਾਂ ਤੇ ਮੜ੍ਹ ਦਿਤਾ ਕਿ ਕਾਂਗਰਸ ਹਾਰੀ ਕਿਉਂ?
ਅੱਜ ਪੰਜਾਬ ਵਿਚ ਤੇ ਦੇਸ਼ ਵਿਚ ਕਾਂਗਰਸੀਆਂ ਦੇ ਅੰਦਰੂਨੀ ਕਲੇਸ਼ ਨੇ ਦੇਸ਼ ਦੇ ਲੋਕਤੰਤਰ ਦਾ ਸੱਭ ਤੋਂ ਵੱਡਾ ਨੁਕਸਾਨ ਕਰ ਦਿਤਾ ਹੈ ਕਿਉਂਕਿ ਪੰਜਾਬ ਤੇ ਭਾਰਤ ਕੋਲ ਇਕ ਤਾਕਤਵਰ ਵਿਰੋਧੀ ਧਿਰ ਹੀ ਨਹੀਂ ਰਹੀ। ਇਹ ਸਾਰੇ ਕਲੇਸ਼ ਸੜਕਾਂ ਤੇ ਵੇਖ ਕਾਂਗਰਸ ਹਾਈਕਮਾਂਡ ਚੁੱਪ ਚਾਪ ਬੈਠਾ ਹੈ ਤੇ ਇਹੀ ਸੱਭ ਤੋਂ ਹੈਰਾਨੀਜਨਕ ਗੱਲ ਹੈ। ਕੀ ਸੋਨੀਆ ਗਾਂਧੀ ਨੂੰ ਪੁੱਤਰ ਮੋਹ ਇਸ ਕਦਰ ਕਮਜ਼ੋਰ ਕਰ ਚੁੱਕਾ ਹੈ ਕਿ ਕਾਂਗਰਸੀਆਂ ਨੂੰ ਸੜਕਾਂ ਤੇ ਲੜਦੇ ਤੇ ਪਾਰਟੀ ਵਿਚ ਹਰ ਪਲ ਵਿਗੜਦੇ ਹਾਲਾਤ ਵਲ ਵੇਖ ਕੇ ਵੀ ਉਨ੍ਹਾਂ ਨੂੰ ਗੁੱਸਾ ਨਹੀਂ ਆਇਆ? ਅੱਜ ਕਾਂਗਰਸ ਨੂੰ ਇਕ ਤਾਕਤਵਰ ਆਗੂ ਚਾਹੀਦਾ ਹੈ ਨਾਕਿ ਇਕ ਚੰਗੇ ਨਰਮ ਦਿਲ ਵਾਲਾ ਰਾਹੁਲ ਗਾਂਧੀ। ਜੋ ਲੋਕ ਕੁਰਸੀਆਂ ਦੇ ਲਾਲਚ ਖ਼ਾਤਰ ਸਿਆਸਤ ਵਿਚ ਅਪਣੀ ਹੀ ਪਾਰਟੀ ਵਿਰੁਧ ਲੜਦੇ ਹੋਣ, ਉਹ ਕਿਸ ਤਰ੍ਹਾਂ ਗ਼ਰੀਬ ਨਾਲ ਖੜੇ ਹੋ ਸਕਣਗੇ? -ਨਿਮਰਤ ਕੌਰ