ਦੇਸ਼ ਵਿਆਪੀ ਕਿਸਾਨ ਹੜਤਾਲ ਦਾ ਲੇਖਾ ਜੋਖਾ
Published : Jun 8, 2018, 4:14 pm IST
Updated : Jun 8, 2018, 4:14 pm IST
SHARE ARTICLE
 farmers strike
farmers strike

ਦੇਸ਼ ਦੇ ਕਿਸਾਨਾਂ ਵਲੋਂ 1 ਜੂਨ ਤੋਂ ਸ਼ੁਰੂ ਕੀਤੀ ਦੇਸ਼ ਵਿਆਪੀ ਹੜਤਾਲ ਦਾ ਲੇਖਾ ਜੋਖਾ ਕਰਨਾ ਬਣਦਾ ਹੈ। ਦੇਸ਼ ਦੀਆਂ 172 ਵੱਖ-ਵੱਖ ਸਟੇਟਾਂ ਦੀਆਂ ਕਿਸਾਨ ਜਥੇਬੰਦੀਆਂ ਵਲੋਂ...

ਦੇਸ਼ ਦੇ ਕਿਸਾਨਾਂ ਵਲੋਂ 1 ਜੂਨ ਤੋਂ ਸ਼ੁਰੂ ਕੀਤੀ ਦੇਸ਼ ਵਿਆਪੀ ਹੜਤਾਲ ਦਾ ਲੇਖਾ ਜੋਖਾ ਕਰਨਾ ਬਣਦਾ ਹੈ। ਦੇਸ਼ ਦੀਆਂ 172 ਵੱਖ-ਵੱਖ ਸਟੇਟਾਂ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਅਪਣੀਆਂ ਹੱਕੀ ਮੰਗਾਂ ਵਲ ਧਿਆਨ ਖਿੱਚਣ ਲਈ ਦੇਸ਼ ਦੇ ਕਿਸਾਨਾਂ ਨੂੰ ਸੱਦਾ ਦਿਤਾ ਗਿਆ ਸੀ ਕਿ ਪਿੰਡਾਂ ਦੇ ਕਿਸਾਨ 1 ਜੂਨ ਤੋਂ 10 ਜੂਨ ਤਕ ਦੁੱਧ ਸਬਜ਼ੀਆਂ ਅਤੇ ਹੋਰ ਕਿਸਾਨੀ ਜਿਨਸਾਂ ਸ਼ਹਿਰਾਂ ਵਿਚ ਵੇਚਣ ਲਈ ਨਾ ਲੈ ਕੇ ਆਉਣ ਅਤੇ ਨਾ ਹੀ ਇਸ ਸਮੇਂ ਦੌਰਾਨ ਸ਼ਹਿਰਾਂ ਵਿਚੋਂ ਵਸਤੂਆਂ ਦੀ ਕੋਈ ਖ਼ਰੀਦ ਕਰਨ।

ਦੇਸ਼ ਵਿਆਪੀ ਸ਼ੁਰੂ ਹੋਈ ਅਪਣੀ ਕਿਸਮ ਦੀ ਨਿਵੇਕਲੀ ਹੜਤਾਲ ਜਿਵੇਂ-ਜਿਵੇਂ ਅੱਗੇ ਵੱਧ ਰਹੀ ਸੀ, ਉਵੇਂ ਹੀ ਦੁੱਧ ਅਤੇ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹਨ ਲੱਗ ਪਏ। ਇਸ ਦੇਸ਼ ਵਿਆਪੀ ਸ਼ੁਰੂ ਹੋਈ ਹੜਤਾਲ ਕਾਰਨ ਦੇਸ਼ ਦੇ ਕਿਸਾਨ ਅਪਣੀਆਂ ਮੁੱਖ ਮੰਗਾਂ ਜਿਵੇਂ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਵਾਉਣਾ, ਦੇਸ਼ ਦੇ ਸਮੁੱਚੇ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਨੂੰ ਮਾਫ਼ ਕਰਵਾਉਣਾ, ਦੁੱਧ ਤੇ ਸਬਜ਼ੀਆਂ ਦਾ ਵਾਜਬ ਭਾਅ ਲੈਣਾ ਅਤੇ ਡੀਜ਼ਲ ਦੇ ਭਾਅ ਵਿਚ ਕੀਤਾ ਬੇਤਹਾਸ਼ਾ ਵਾਧਾ ਵਾਪਸ ਕਰਾਉਣਾ ਮੁੱਖ ਰੂਪ ਵਿਚ ਸ਼ਾਮਲ ਸਨ।

ਇਨ੍ਹਾਂ ਮੰਗਾਂ ਵਿਚੋਂ ਜ਼ਿਆਦਾਤਰ ਮੰਗਾਂ ਦਾ ਸਬੰਧ ਕੇਂਦਰੀ ਸਰਕਾਰ ਨਾਲ ਸੀ ਪਰ ਕੁੱਝ ਮੰਗਾਂ ਰਾਜ ਸਰਕਾਰਾਂ ਨਾਲ ਵੀ ਸਬੰਧਤ ਸਨ। ਇਸ ਹੜਤਾਲ ਦੇ ਸਮੇਂ ਦੌਰਾਨ ਕੇਂਦਰੀ ਸਰਕਾਰ ਦਾ ਰਵਈਆ ਅਜਿਹਾ ਰਿਹਾ ਕਿ ਦੇਸ਼ ਸੜ ਰਿਹਾ ਸੀ, ਦੇਸ਼ ਦਾ ਕਿਸਾਨ ਸੜਕਾਂ ਉਤੇ ਬੈਠਾ ਸੀ ਅਤੇ ਦੇਸ਼ ਦੇ ਹਾਕਮਾਂ ਨੇ ਆਮ ਲੋਕਾਂ ਨੂੰ ਗੁਮਰਾਹ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ।

ਹੜਤਾਲ ਸ਼ੁਰੂ ਹੋਣ ਵਾਲੇ ਦਿਨ ਭਾਰਤ ਦੇ ਖੇਤੀ ਸਕੱਤਰ ਐਸ. ਕੇ. ਪਟਨਾਇਕ ਨੇ ਇਕ ਲਿਖਤੀ ਬਿਆਨ ਜਾਰੀ ਕਰ ਕੇ ਕਿਹਾ ਕਿ ਇਸ ਕਿਸਾਨ ਹੜਤਾਲ ਦੀਆਂ ਜ਼ਿਆਦਾਤਰ ਮੰਗਾਂ ਦਾ ਸਬੰਧ ਕਿਉਂਕਿ ਰਾਜ ਸਰਕਾਰਾਂ ਨਾਲ ਹੈ, ਇਸ ਲਈ ਇਸ ਸਬੰਧੀ ਰਾਜ ਸਰਕਾਰਾਂ ਫ਼ੈਸਲੇ ਲੈਣਗੀਆਂ। ਕਿਸਾਨ ਜਥੇਬੰਦੀਆਂ ਦੇ ਹੜਤਾਲੀ ਲੀਡਰਾਂ ਨੇ ਜਦੋਂ ਕੇਂਦਰੀ ਖੇਤੀ ਸਕੱਤਰ ਨੂੰ ਯਾਦ ਕਰਵਾਇਆ ਕਿ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨਾ, ਕੇਂਦਰੀ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਕਿਸਾਨਾਂ ਸਿਰ ਚੜ੍ਹੇ ਖੇਤੀ ਕਰਜ਼ੇ ਨੂੰ ਮਾਫ਼ ਕਰਨਾ,

ਫ਼ਸਲਾਂ ਦੀਆਂ ਲਾਹੇਵੰਦ ਕੀਮਤਾਂ ਮੁਕਰਰ ਕਰਨਾ ਤੇ ਅਸਮਾਨੀ ਪਹੁੰਚੇ ਡੀਜ਼ਲ ਦੇ ਰੇਟ ਨੂੰ ਜੀਐਸਟੀ ਦੇ ਘੇਰੇ ਵਿਚ ਲਿਆ ਕੇ ਇਸ ਵਿਚ ਕਟੋਤੀ ਕਰਨਾ ਕੇਂਦਰ ਸਰਕਾਰ ਦੇ ਘੇਰੇ ਵਿਚ ਆਉਂਦਾ ਹੈ ਤਾਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਦੀਆਂ ਇਨ੍ਹਾਂ ਵਾਜਬ ਮੰਗਾਂ ਵਲ ਧਿਆਨ ਦੇਣ ਦੀ ਬਜਾਏ ਕੇਂਦਰੀ ਖੇਤੀ ਰਾਜ ਮੰਤਰੀ ਰਾਧਾ ਮੋਹਨ ਸਿੰਘ ਨੇ ਇਹ ਕਹਿ ਕੇ ਕਿਸਾਨਾਂ ਦੇ ਜ਼ਖ਼ਮਾਂ ਉਤੇ ਲੂਣ ਛਿੜਕ ਦਿਤਾ ਕਿ ਕਿਸਾਨ ਲੀਡਰ ਅਪਣੀ ਲੀਡਰੀ ਚਮਕਾਉਣ ਲਈ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ। 

ਕੇਂਦਰੀ ਖੇਤੀ ਰਾਜ ਮੰਤਰੀ ਦੀ ਯਾਦਦਾਸ਼ਤ ਏਨੀ ਕਮਜ਼ੋਰ ਹੈ ਕਿ ਉਸ ਨੇ ਕਿਹਾ ਕਿ ਸਿਰਫ਼ ਹਜ਼ਾਰਾਂ ਦੀ ਗਿਣਤੀ ਵਿਚ ਦੇਸ਼ ਦੇ ਕਿਸਾਨ ਅੰਦੋਲਨ ਕਰ ਰਹੇ ਹਨ, ਜਦੋਂ ਕਿ ਦੇਸ਼ ਵਿਚ 10-12 ਕਰੋੜ ਕਿਸਾਨ ਹਨ। ਕੇਂਦਰੀ ਖੇਤੀ ਮੰਤਰੀ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਦੇਸ਼ ਵਿਚ 10-12 ਕਰੋੜ ਨਹੀਂ ਬਲਕਿ 80 ਕਰੋੜ ਤੋਂ ਵੱਧ ਲੋਕੀ ਖੇਤੀ ਕਿਤੇ ਨਾਲ ਸਿੱਧੇ ਜਾਂ ਅਸਿੱਧੇ ਜੁੜੇ ਹੋਏ ਹਨ। ਕੇਂਦਰੀ ਹਾਕਮਾਂ ਵਲੋਂ ਕਿਸਾਨਾਂ ਦੇ ਜ਼ਖ਼ਮਾਂ ਉਤੇ ਛਿੜਕੇ ਲੂਣ ਦਾ ਬਦਲਾ ਦੇਸ਼ ਦੇ ਕਿਸਾਨ ਆਉਣ ਵਾਲੀਆਂ ਲੋਕਸਭਾ ਚੋਣਾਂ ਵਿਚ ਕਿਸਾਨ ਵਿਰੋਧੀ ਭਾਜਪਾ ਦੀ ਸਰਕਾਰ ਨੂੰ ਗੱਦੀਉਂ ਲਾਹ ਕੇ ਲੈਣਗੇ। 

ਹੁਣ ਇਸ ਹੜਤਾਲ ਦੇ ਲੇਖੇ ਜੋਖੇ ਉਤੇ ਚਰਚਾ ਕਰਦੇ ਹਾਂ। ਇਸ ਕਿਸਾਨ ਹੜਤਾਲ ਕਾਰਨ ਭਾਵੇਂ ਆਮ ਸ਼ਹਿਰੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਦੇਸ਼ ਦੇ ਕਿਸਾਨ ਅਪਣੀਆਂ ਮੰਗਾਂ ਵਲ ਦੇਸ਼ ਵਾਸੀਆਂ ਦਾ ਧਿਆਨ ਖਿੱਚਣ ਵਿਚ ਸਫ਼ਲ ਰਹੇ। ਇਸ ਕਿਸਾਨ ਸੰਘਰਸ਼ ਦੀ ਸੱਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਪੰਜਾਬ ਦੀਆਂ ਮੁੱਖ ਕਿਸਾਨ ਜਥੇਬੰਦੀਆਂ ਨੇ ਆਪਸੀ ਏਕਤਾ ਦਾ ਸਬੂਤ ਦੇ ਕੇ ਇਸ ਨਿਵੇਕਲੀ ਕਿਸਾਨ ਹੜਤਾਲ ਨੂੰ ਸਫ਼ਲ ਬਣਾਉਣ ਵਿਚ ਕੋਈ ਕਸਰ ਬਾਕੀ ਨਾ ਛੱਡੀ।

ਹੜਤਾਲ ਦਾ ਸਮਾਂ ਲੰਮਾ ਹੋਣ ਕਾਰਨ ਕਿਸਾਨ ਵਿਰੋਧੀ ਲੋਕਾਂ ਰਾਹੀਂ ਸਰਕਾਰ ਨੇ ਕਿਸਾਨਾਂ ਵਿਚ ਭਰਾ ਮਾਰੂ ਜੰਗ ਕਰਵਾਉਣ ਲਈ ਪੂਰੀ ਵਾਹ ਲਗਾਈ। ਕਿਉਂਕਿ ਪੰਜਾਬ ਵੱਡੇ ਪੱਧਰ ਉਤੇ ਦੁੱਧ ਅਤੇ ਸਬਜ਼ੀਆਂ ਦੀ ਪੈਦਾਵਾਰ ਕਰਦਾ ਹੈ, ਇਸ ਲਈ ਇਸ ਹੜਤਾਲ ਰਾਹੀਂ ਜਿਥੇ ਸ਼ਹਿਰੀ ਮੱਧਵਰਗ ਪ੍ਰੇਸ਼ਾਨ ਹੋ ਰਿਹਾ ਸੀ, ਉਥੇ ਹੀ ਕਰਜ਼ਾ ਚੁੱਕ ਕੇ ਡੇਅਰੀ ਦਾ ਕਿੱਤਾ ਕਰਨ ਵਾਲੇ ਤੇ ਕਰਜ਼ਾ ਚੁੱਕ ਕੇ ਸਬਜ਼ੀਆਂ ਪੈਦਾ ਕਰਨ ਵਾਲੇ ਕਿਸਾਨਾਂ ਦਾ ਵੀ ਲੰਮੀ ਹੜਤਾਲ ਕਾਰਨ ਬਹੁਤ ਨੁਕਸਾਨ ਹੋ ਰਿਹਾ ਸੀ। 

ਦੁੱਧ ਪੈਦਾ ਕਰਨ ਵਾਲੇ ਤੇ ਸਬਜ਼ੀ ਪੈਦਾ ਕਰਨ ਵਾਲੇ ਕਿਸਾਨਾਂ ਵਲੋਂ ਇਸ ਦੇਸ਼ ਵਿਆਪੀ ਕਿਸਾਨ ਹੜਤਾਲ ਨੂੰ ਛੋਟਾ ਕਰ ਕੇ 5 ਦਿਨਾਂ ਦਾ ਕਰਨ ਦੀ ਬੇਨਤੀ ਲਗਾਤਾਰ ਹੋ ਰਹੀ ਸੀ। ਪੰਜਾਬ ਦੇ ਦੁੱਧ ਪੈਦਾ ਕਰਨ ਤੇ ਸਬਜ਼ੀ ਪੈਦਾ ਕਰਨ ਦੇ ਹਾਲਾਤ ਦੇਸ਼ ਦੇ ਕਿਸਾਨਾਂ ਨਾਲੋਂ ਵਖਰੀ ਕਿਸਮ ਦੇ ਹਨ। ਇਨ੍ਹਾਂ ਕਿਸਾਨਾਂ ਦੀਆਂ ਲਗਾਤਾਰ ਆ ਰਹੀਆਂ ਬੇਨਤੀਆਂ ਨੂੰ ਮੁੱਖ ਰੱਖ ਕੇ ਪੰਜਾਬ ਦੀਆਂ ਹੜਤਾਲ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਬਹੁਤ ਸੋਚ ਵਿਚਾਰ ਕੇ ਇਸ ਹੜਤਾਲ ਨੂੰ ਛੇ ਜੂਨ ਤੋਂ ਸਮਾਪਤ ਕਰਨ ਦਾ ਫ਼ੈਸਲਾ ਲਿਆ।

ਪਿਛਲੇ ਸਾਲ ਮੱਧ ਪ੍ਰਦੇਸ਼ ਦੇ ਮਦਸ਼ੋਰ ਵਿਖੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਨਾਲ ਅਤੇ ਕਿਸਾਨੀ ਮੰਗਾਂ ਲਈ ਲੜਾਈ ਜਾਰੀ ਰੱਖਣ ਦਾ ਪ੍ਰਣ ਕਰ ਕੇ ਪੰਜਾਬ ਵਿਚੋਂ ਹੜਤਾਲ ਵਾਪਸ ਲੈ ਲਈ ਗਈ ਹੈ। ਇਹ ਹੜਤਾਲ ਜ਼ਿਆਦਾਤਰ ਇਲਾਕਿਆਂ ਵਿਚ ਸੰਗਠਤ ਰੂਪ ਵਿਚ ਕਾਮਯਾਬ ਰਹੀ ਪਰ ਕੁੱਝ ਇਲਾਕਿਆਂ ਵਿਚ ਕੁੱਝ ਥਾਵਾਂ ਤੇ ਦੁੱਧ ਧਰਤੀ ਤੇ ਡੋਲ੍ਹ ਕੇ ਅਤੇ ਸਬਜ਼ੀ ਵਾਲਿਆਂ ਦੀ ਸਬਜ਼ੀ ਸੜਕਾਂ ਤੇ ਖਿਲਾਰਨ ਦੀਆਂ ਰਿਪੋਰਟਾਂ ਵੀ ਆਉਂਦੀਆਂ ਰਹੀਆਂ।

ਅਜਿਹੀਆਂ ਰਿਪੋਰਟਾਂ ਆਉਣ ਤੋਂ ਬਾਅਦ ਹੜਤਾਲ ਕਰ ਰਹੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਅਪਣੇ ਵਰਕਰਾਂ ਨੂੰ ਸਖ਼ਤੀ ਨਾਲ ਦੁੱਧ ਅਤੇ ਸਬਜ਼ੀਆਂ ਖਿਲਾਰਨ ਤੋਂ ਰੋਕਿਆ ਤੇ ਵਰਕਰਾਂ ਵਲੋਂ ਨਾਕੇ ਲਗਾ ਕੇ ਫੜੇ ਗਏ ਦੁੱਧ ਤੇ ਸਬਜ਼ੀਆਂ ਨੂੰ ਹਸਪਤਾਲਾਂ, ਮੰਦਰਾਂ ਤੇ ਗੁਰਦਵਾਰਿਆਂ ਵਿਚ ਪਹੁੰਚਾਇਆ ਗਿਆ। ਸ਼ਹਿਰੀ ਭਰਾਵਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਪਿੰਡਾਂ ਵਿਚ ਕਿਸਾਨ ਹੱਟਾਂ ਸ਼ੁਰੂ ਕਰਵਾਈਆਂ, ਜਿਥੋਂ ਸ਼ਹਿਰ ਵਾਸੀ ਸਿੱਧਾ ਦੁੱਧ ਤੇ ਸਬਜ਼ੀਆਂ ਖ਼ਰੀਦ ਸਕਦੇ ਸਨ। ਇਸ ਹੜਤਾਲ ਦੇ ਆਉਣ ਵਾਲੇ ਸਮੇਂ ਵਿਚ ਦੂਰ ਰਸ ਸਿੱਟੇ ਨਿਕਲਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement