
ਕੁਲਵਿੰਦਰ ਕੌਰ ਕੇਵਲ ਕੰਗਨਾ ਨੂੰ ਦੋਸ਼ੀ ਦਸ ਰਹੀ ਹੈ ਜਦਕਿ ਕੰਗਨਾ ਪੰਜਾਬ ਨੂੰ ‘ਅਤਿਵਾਦ ਦਾ ਕੇਂਦਰ’ ਤੇ ਵੱਡਾ ਦੋਸ਼ੀ ਦਸ ਕੇ ਬਦਨਾਮ ਕਰਨ ਲੱਗ ਪਈ ਹੈ
Editorial: ਕੰਗਨਾ ਰਨੌਤ ਪੰਜਾਬੀਆਂ ਅਤੇ ਕਿਸਾਨਾਂ ਵਾਸਤੇ ਇਕ ਨਫ਼ਰਤ ਦਾ ਚਿਹਰਾ ਬਣ ਗਿਆ ਹੈ। ਉਸ ਵਲੋਂ ਕਿਸਾਨਾਂ ਬਾਰੇ ਬੜੀ ਭੱਦੀ ਸ਼ਬਦਾਵਲੀ ਵਰਤੀ ਗਈ ਸੀ ਤੇ ਉਸ ਨੂੰ ਪਾਰਲੀਮੈਂਟ ਦੀ ਟਿਕਟ ਦੇਣ ਤੇ ਫਿਰ ਜਿਤਾ ਵੀ ਦੇਣ ਦਾ ਅਫ਼ਸੋਸ ਪੰਜਾਬ ਵਿਚ ਵਿਆਪਕ ਤੌਰ ’ਤੇ ਹੋਇਆ ਹੈ। ਇਸੇ ਅਫ਼ਸੋਸ ਵਿਚ ਸ਼ਾਇਦ ਸੀਆਈਐਸਐਫ਼ ਜਵਾਨ ਕੁਲਵਿੰਦਰ ਕੌਰ ਕੰਗਨਾ ਨੂੰ ਵੇਖ ਕੇ ਭਾਵੁਕ ਹੋ ਗਈ ਤੇ ਉਸ ਨੂੰ ਇਕ ਥੱਪੜ ਮਾਰ ਦਿਤਾ।
ਕੁਲਵਿੰਦਰ ਕੌਰ ਦੇ ਮਨ ਵਿਚ ਕੰਗਨਾ ਰਨੌਤ ਵਲੋਂ ਕਿਸਾਨਾਂ ਬਾਰੇ ਕਹੇ ਗਏ ਇਹ ਅਪਸ਼ਬਦ ਕਿ ‘ਧਰਨੇ ਵਿਚ ਸੌ ਸੌ ਰੁਪਏ ਦੇ ਭਾੜੇ ’ਤੇ ਲਿਆਂਦੀਆਂ ਔਰਤਾਂ ਬੈਠੀਆਂ ਹਨ’ ਵਾਲਾ ਫ਼ਿਕਰਾ ਬੜੀ ਦੇਰ ਤੋਂ ਕੰਡਾ ਬਣ ਕੇ ਚੁਭ ਰਿਹਾ ਸੀ। ਚੁਭਦਾ ਤਾਂ ਸਾਰੇ ਪੰਜਾਬ ਨੂੰ ਹੀ ਸੀ ਪਰ ਕਿਉਂਕਿ ਕੁਲਵਿੰਦਰ ਕੌਰ ਦੀ ਮਾਂ ਵੀ ਸੰਘਰਸ਼ ਵਿਚ ਬੈਠੀ ਸੀ, ਉਸ ਦੀ ਸੱਟ ਹੋਰ ਜ਼ਿਆਦਾ ਡੂੰਘੀ ਸੀ। ਕੰਗਨਾ ਰਨੌਤ ਵਲੋਂ ਉਚਰੇ ਗਏ ਅਪਸ਼ਬਦਾਂ ਨੂੰ ਯਾਦ ਕਰ ਕੇ ਕੁਲਵਿੰਦਰ ਦਾ ਰੋਸ ਜਾਗਿਆ ਤੇ ਉਨ੍ਹਾਂ ਵਲੋਂ ਜੜਿਆ ਥੱਪੜ ਸਾਰੇ ਪੰਜਾਬ ਵਿਚ ਗੂੰਜਿਆ।
ਔਰਤਾਂ ਦੀ ਇੱਜ਼ਤ ਕਰਨ ਵਾਲੇ ਪੰਜਾਬੀਆਂ ਵਾਸਤੇ ਕਿਸੇ ਔਰਤ ਨੂੰ ਪਏ ਥੱਪੜ ਉਤੇ ਖ਼ੁਸ਼ੀ ਮਨਾਉਣਾ ਆਮ ਗੱਲ ਨਹੀਂ ਹੈ ਪਰ ਕੰਗਨਾ ਰਨੌਤ ਇਕ ਨਫ਼ਰਤ ਉਗਲਦੀ ਖਲਨਾਇਕਾ ਵਾਂਗ ਵੇਖੀ ਜਾਂਦੀ ਹੈ। ਇਸ ਥੱਪੜ ਨੇ ਕੁਲਵਿੰਦਰ ਨੂੰ ਸਕੂਨ ਤਾਂ ਦਿਤਾ ਪਰ ਇਸ ਦਾ ਖ਼ਮਿਆਜ਼ਾ ਕੁਲਵਿੰਦਰ ਕੌਰ ਨੂੰ ਜ਼ਰੂਰ ਚੁਕਾਉਣਾ ਪਵੇਗਾ। ਉਨ੍ਹਾਂ ਨੂੰ ਅਜੇ ਸਸਪੈਂਡ ਕੀਤਾ ਗਿਆ ਹੈ ਤੇ ਸ਼ਾਇਦ ਮੁਕੱਦਮਾ ਵੀ ਚਲੇਗਾ।
ਇਸ ਸਾਰੀ ਵਾਰਦਾਤ ਤੋਂ ਬਾਅਦ ਕੰਗਨਾ ਰਨੌਤ ਤੇ ਉਸ ਦੀ ਭੈਣ ਨੇ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਅਪਣੀ ਜ਼ੁਬਾਨ ਹੋਰ ਤੇਜ਼ ਕਰ ਦਿਤੀ ਹੈ। ਕੰਗਨਾ ਵਲੋਂ ਇਸ ਥੱਪੜ ਤੋਂ ਬਾਅਦ ਪੰਜਾਬ ਵਿਚ ਵਧਦੇ ਅਤਿਵਾਦ ਨੂੰ ਜੋੜ ਕੇ ਪੰਜਾਬ ਸੂਬੇ ਬਾਰੇ ਗ਼ਲਤ-ਫ਼ਹਿਮੀ ਤੇ ਨਫ਼ਰਤ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਹੁਣ ਕਿਉਂਕਿ ਉਹ ਇਕ ਚੁਣੀ ਹੋਈ ਸਾਂਸਦ ਹੈ ਤੇ ਇਕ ਬੜਬੋਲੀ ਅਭਿਨੇਤਰੀ ਵੀ, ਅਦਾਲਤਾਂ ਵੀ ਉਸ ਦੀ ਜ਼ਿੰਮੇਵਾਰੀ ਬਾਰੇ ਸੰਜੀਦਗੀ ਨਾਲ ਫ਼ੈਸਲਾ ਕਰਨਗੀਆਂ। ਆਮ ਤੌਰ ’ਤੇ ਸੂਬਾ ਸਰਕਾਰ ਕਰੋੜਾਂ ਰੁਪਏ ਖ਼ਰਚ ਕੇ ਅਪਣੇ ਸੂਬੇ ਦੀ ਛਵੀ ਬਣਾਉਂਦੀਆਂ ਹਨ ਪਰ ਅੱਜ ਲੋੜ ਹੈ ਰਨੌਤ ਦੀ ਜ਼ੁਬਾਨ ਬੰਦ ਕਰਵਾਉਣ ਵਾਸਤੇ ਸੂਬਾ ਸਰਕਾਰ ਤੇ ਸਿੱਖ ਇਕੱਠੇ ਹੋ ਕੇ ਅਦਾਲਤੀ ਲੜਾਈ ਲੜਨ। ਦੇਸ਼ ਸਾਹਮਣੇ ਪੰਜਾਬ ਦੀ ਛਵੀ ਸਾਫ਼ ਵੀ ਹੋਣੀ ਚਾਹੀਦੀ ਹੈ ਤੇ ਇਸ ਦਾ ਝੂਠ ਬੇਨਕਾਬ ਹੋਣਾ ਹੀ ਕੁਲਵਿੰਦਰ ਕੌਰ ਦੀ ਜਿੱਤ ਬਣ ਸਕਦੀ ਹੈ।
ਜਵਾਬ ਸਿਆਣੇ ਤੇ ਸਮਝਦਾਰ ਤਰੀਕੇ ਨਾਲ ਦੇਣਾ ਬਣਦਾ ਹੈ। ਹਰ ਔਖੀ ਘੜੀ ਹਾਰ ਦੀ ਸ਼ੁਰੂਆਤ ਬਣ ਸਕਦੀ ਹੈ ਜਾਂ ਇਕ ਮੌਕਾ ਬਣ ਸਕਦਾ ਹੈ। ਜੇ ਇਸ ਮੁੱਦੇ ਨੂੰ ਅਦਾਲਤ ਵਿਚ ਵੱਡੇ ਸਿੱਖ ਵਕੀਲਾਂ ਦੀ ਟੀਮ ਦੀ ਅਗਵਾਈ ਵਿਚ ਉਠਾਇਆ ਜਾਵੇ ਤਾਂ ਕੰਗਨਾ ਰਨੌਤ ਵਲੋਂ ਲਗਾਤਾਰ ਇਕ ਕੌਮ ਤੇ ਕਿਸਾਨਾਂ ਦੀ ਲੜਾਈ ਨੂੰ ਬਦਨਾਮ ਕਰਨ ਤੇ ਪੂਰੀ ਕੌਮ ਵਲੋਂ ਉਸ ’ਤੇ ਮਾਣਹਾਨੀ ਦਾ ਪਰਚਾ ਦਰਜਾ ਕੀਤਾ ਜਾਵੇ ਤਾਂ ਹਾਰ ਜਿੱਤ ਵਿਚ ਵੀ ਬਦਲ ਸਕਦੀ ਹੈ।
ਪੰਜਾਬ ਵਿਚ ਅੱਜ ਦੇ ਦਿਨ ਕਿਤੇ ਵੀ ਅਤਿਵਾਦ ਨਹੀਂ ਹੈ ਪਰ ਰਨੌਤ ਵਲੋਂ ਕਲ ਹੀ ਇਸ ਥੱਪੜ ਨੂੰ ਅਤਿਵਾਦ ਨਾਲ ਜੋੜ ਕੇ ਗੱਲ ਕੀਤੀ ਗਈ ਹੈ ਤੇ ਉਸ ਦੀ ਭੈਣ ਨੇ ਕੁਲਵਿੰਦਰ ਕੌਰ ਤੇ ਵੱਖਵਾਦੀਆਂ ਤੋਂ ਪੈਸੇ ਲੈਣ ਦੀ ਗੱਲ ਵੀ ਕੀਤੀ ਹੈ। ਜੇ ਸਚਮੁਚ ਹੀ ਕੁਲਵਿੰਦਰ ਕੌਰ ਦਾ ਸਮਰਥਨ ਕਰਨਾ ਹੈ ਤਾਂ ਪੰਜਾਬ ਨੂੰ ਇਕੱਠਿਆਂ ਹੋ ਕੇ ਇਸ ਮੁੱਦੇ ਨੂੰ ਐਸੀ ਰੰਗਤ ਦੇਣੀ ਚਾਹੀਦੀ ਹੈ ਕਿ ਕੰਗਨਾ ਮਾਫ਼ੀ ਤਾਂ ਮੰਗਣ ਲਈ ਮਜਬੂਰ ਹੋਵੇ ਹੀ ਪਰ ਸਾਰੇ ਦੇਸ਼ ਸਾਹਮਣੇ ਐਸੀ ਭੱਦੀ ਸ਼ਬਦਾਵਲੀ ਰਾਹੀਂ ਪੰਜਾਬ ਤੇ ਕਿਸਾਨਾਂ ਨੂੰ ਬਦਨਾਮ ਕਰਨ ਵਾਲੇ ਬੇਨਕਾਬ ਵੀ ਹੋ ਜਾਣ। ਸੋਸ਼ਲ ਮੀਡੀਆ ’ਤੇ ਬਿਆਨਬਾਜ਼ੀ ਤੇ ਕੁੱਝ ਛੋਟੇ ਮੋਟੇ ਇਨਾਮਾਂ ਨਾਲ ਕੰਮ ਨਹੀਂ ਬਣਨਾ। ਕੁਲਵਿੰਦਰ ਕੌਰ ਦੀ ਨੌਕਰੀ ਵੀ ਖ਼ਤਰੇ ਵਿਚ ਹੈ ਤੇ ਉਸ ਦੀ ਆਜ਼ਾਦੀ ਵੀ। - ਨਿਮਰਤ ਕੌਰ