
ਜਿਥੇ ਦੁਨੀਆਂ ਅਪਣੇ ਇਤਿਹਾਸ ਨਾਲ ਜੁੜੇ ਰਹਿਣ ਅਤੇ ਸੇਵਾ ਸੰਭਾਲ ਉਤੇ ਅਰਬਾਂ ਰੁਪਏ ਲਗਾ ਦਿੰਦੀ ਹੈ, ਉਥੇ ਸਾਡੀ ਉਚ ਸੰਸਥਾ ਸਾਡੇ ਇਤਿਹਾਸ ਨੂੰ ਮਿਟਾਉਣ ਵਿਚ ਜੁਟੀ ਹੋਈ ਹੈ।
ਵਾਰ-ਵਾਰ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ’ਤੇ ਸਵਾਲ ਚੁਕੇ ਜਾਂਦੇ ਹਨ ਪਰ ਪਿਛਲੇ ਮਾਮਲੇ ਅਜੇ ਸੁਲਝੇ ਨਹੀਂ ਹੁੰਦੇ ਤੇ ਅਗਲੇ ਉਠ ਖੜੇ ਹੁੰਦੇ ਹਨ। ਜਿਥੇ ਅੱਜ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ’ਤੇ ਏਕਾਧਿਕਾਰ ਦਾ ਮਾਮਲਾ ਸਵਾਲਾਂ ਤੇ ਸਾਜ਼ਸ਼ਾਂ ਦੇ ਇਲਾਜ਼ਾਮਾਂ ਵਿਚ ਘਿਰਿਆ ਹੋਇਆ ਹੈ, ਉਥੇ ਨਾਲ ਹੀ ਇਕ ਹੋਰ ਵਿਵਾਦ ਸ਼ੁਰੂ ਹੋ ਗਿਆ ਹੈ। 150 ਸਾਲ ਪਹਿਲਾਂ ਦਰਬਾਰ ਸਾਹਿਬ ਅੰਦਰ ਨੱਕਾਸ਼ੀ ਹੋਈ ਸੀ ਜਿਸ ਵਿਚ ਹੀਰੇ ਜਵਾਹਰਾਤ ਨਾਲ ਵੱਖ ਵੱਖ ਰੰਗਾਂ ਨੂੰ ਉਭਾਰਿਆ ਗਿਆ ਸੀ। ਵੈਸੇ ਤਾਂ ਕੋਈ ਵੀ ਨਗ ਗੁਰਬਾਣੀ ਤੋਂ ਕੀਮਤੀ ਨਹੀਂ ਪਰ ਵਾਰ-ਵਾਰ ਐਸ.ਜੀ.ਪੀ.ਸੀ. ਦਾ ਇਸ ਤਰ੍ਹਾਂ ਦੇ ਵਿਵਾਦਾਂ ਨਾਲ ਘਿਰ ਜਾਣਾ ਚਿੰਤਾ ਦਾ ਵੱਡਾ ਵਿਸ਼ਾ ਹੈ।
2019 ਵਿਚ ਆਰ.ਟੀ.ਆਈ. ਰਾਹੀਂ ਸਾਹਮਣੇ ਆਇਆ ਕਿ 1984 ਵਿਚ ਫ਼ੌਜ ਵਲੋਂ ਜਿਹੜੇ ਹੱਥ ਲਿਖਤ ਗ੍ਰੰਥ ਤੇ ਸੋਨੇ-ਚਾਂਦੀ ਦੇ ਪੁਰਾਣੇ ਸਿੱਕੇ, ਇਕ ਰਿਵਾਲਵਰ ਆਦਿ ਚੁਕਿਆ ਗਿਆ, ਉਹ 1989 ਤੇ ਫਿਰ 2004 ਵਿਚ ਸਿੱਖ ਰੈਫ਼ਰੈਂਸ ਲਾਈਬ੍ਰੇਰੀ ਨੂੰ ਮੋੜ ਦਿਤਾ ਗਿਆ ਸੀ। ਪਰ ਹਰ ਸਾਲ ਜੂਨ ਮਹੀਨੇ ਐਸ.ਜੀ.ਪੀ.ਸੀ. ਤੇ ਅਕਾਲੀ ਦਲ ਦੇ ਪ੍ਰਧਾਨ, ਕੇਂਦਰੀ ਗ੍ਰਹਿ ਮੰਤਰੀ ਨੂੰ ਇਨ੍ਹਾਂ ਦੀ ਵਾਪਸੀ ਦੀ ਮੰਗ ਵਾਸਤੇ ਚਿੱਠੀ ਲੈ ਕੇ ਜਾਂਦੇ ਰਹੇ। ਇਸ ਨਾਲ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਰਗਾ ਅਸਰ ਹੁੰਦਾ ਰਿਹਾ ਪਰ ਸਾਰਾ ਕੁੱਝ ਵਾਪਸ ਆ ਵੀ ਚੁਕਾ ਸੀ, ਇਸ ਬਾਰੇ ਕੁੱਝ ਨਾ ਦਸਿਆ ਗਿਆ।
ਜਦ ਪਤਾ ਚਲਿਆ ਤਾਂ ਕਿਹਾ ਗਿਆ ਕਿ ਇਸ ਬਾਰੇ ਪਤਾ ਨਹੀਂ ਤੇ ਸੱਭ ਕੁੱਝ ਲਾਪਤਾ ਹੋ ਗਿਆ ਹੈ। ਫਿਰ 2020 ਵਿਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਪਰ ਸੱਚ ਕਿਸੇ ਵੀ ਮੁੱਦੇ ’ਤੇ ਸਾਹਮਣੇ ਨਹੀਂ ਆਇਆ। ਐਸ.ਆਈ.ਟੀ. ਬਣੀ ਹੋਈ ਹੈ ਪਰ ਸੱਚ ਸਾਹਮਣੇ ਕਿਉਂ ਨਹੀਂ ਲਿਆ ਸਕੀ? ਇਸ ਬਾਰੇ ਕਿਸੇ ਨੂੰ ਚਿੰਤਾ ਨਹੀਂ ਜਾਪਦੀ। ਦਰਬਾਰ ਸਾਹਿਬ ਵਿਚ ਮੀਨਾਕਾਰੀ ਦਾ ਜੋ ਕੇਸ ਹੋਇਆ, ਉਸ ਵਿਚ ਜੋ ਦਰਸਾਇਆ ਗਿਆ, ਉਸ ਨੂੰ ਸਿੱਖ ਜਗਤ ਚੰਗੀ ਤਰ੍ਹਾਂ ਸਮਝਦਾ ਹੈ ਪਰ ਵਾਰ-ਵਾਰ ਮੁੱਦਾ ਚੁਕਣ ਦੇ ਬਾਅਦ ਕੁੱਝ ਨਹੀਂ ਹੁੰਦਾ। ਇਤਿਹਾਸਕ ਗੁਰਦਵਾਰਿਆਂ ਦੀ ਕਾਰ ਸੇਵਾ ਦੇ ਨਾਮ ਤੇ ਸਿੱਖ ਇਤਿਹਾਸ ਸੰਗਮਰਮਰ ਦੀ ਭੇਂਟ ਚੜ੍ਹਾ ਦਿਤਾ ਗਿਆ ਹੈ।
ਜਿਥੇ ਦੁਨੀਆਂ ਅਪਣੇ ਇਤਿਹਾਸ ਨਾਲ ਜੁੜੇ ਰਹਿਣ ਅਤੇ ਸੇਵਾ ਸੰਭਾਲ ਉਤੇ ਅਰਬਾਂ ਰੁਪਏ ਲਗਾ ਦਿੰਦੀ ਹੈ, ਉਥੇ ਸਾਡੀ ਉਚ ਸੰਸਥਾ ਸਾਡੇ ਇਤਿਹਾਸ ਨੂੰ ਮਿਟਾਉਣ ਵਿਚ ਜੁਟੀ ਹੋਈ ਹੈ। ਨਾ ਸਿੱਖ ਸੋਚ ਦੀ ਸੰਭਾਲ ਹੋ ਰਹੀ ਹੈ ਤੇ ਨਾ ਹੀ ਸਾਡੇ ਇਤਿਹਾਸਕ ਖ਼ਜ਼ਾਨੇ ਦੀ। ਅੱਜ ਜਦ ਗੁਰੂ-ਘਰਾਂ ਦੇ ਨਾਮ ਤੇ ਘਪਲੇ, ਕਦੇ ਰੁਮਾਲੇ ਦੇ ਘਪਲੇ, ਕਦੇ ਗੋਲਕ ਦੀ ਚੋਰੀ, ਕਦੇ ਗੁਰਦਵਾਰਿਆਂ ਦੀਆਂ ਜ਼ਮੀਨਾਂ ਦੀ ਦੁਰਵਰਤੋਂ ਦੀਆਂ ਗੱਲਾਂ ਹੁੰਦੀਆਂ ਹਨ ਤਾਂ ਤਕਲੀਫ਼ ਹੁੰਦੀ ਹੈ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇਹ ਤਕਲੀਫ਼ ਜੋ ਆਮ ਸਿੱਖ ਦੇ ਮਨ ਵਿਚ ਹੋ ਰਹੀ ਹੈ, ਉਹ ਸਾਡੇ ਸਿੱਖ ਆਗੂਆਂ ਨੂੰ ਨਹੀਂ ਹੋ ਰਹੀ।
ਜਿਥੇ ਸਾਡੇ ਹੱਥ ਲਿਖਤ ਗ੍ਰੰਥ ਗਵਾਚ ਗਏ ਹਨ, ਉਥੇ ਨਗਾਂ ਦੇ ਗਵਾਚ ਜਾਣ ਦੀ ਗੱਲ ਵੱਡੀ ਤਾਂ ਨਹੀਂ, ਪਰ ਸਵਾਲ ਫਿਰ ਸਾਡੇ ਧਾਰਮਕ ਆਗੂਆਂ ਤੇ ਉਠਦਾ ਹੈ ਜਿਸ ਨਾਲ ਇਹ ਮੁੱਦਾ ਵੱਡਾ ਬਣ ਜਾਂਦਾ ਹੈ। ਜਥੇਦਾਰ ਨੇ ਸਿੱਖਾਂ ਦੇ ਦਰਦ ਨੂੰ ਸਮਝ ਕੇ ਗੁਰਬਾਣੀ ਪ੍ਰਸਾਰਨ ਵਾਸਤੇ ਐਸ.ਜੀ.ਪੀ.ਸੀ. ਨੇ ਇਕ ਯੂ.ਟਿਯੂਬ ਚੈਨਲ ਖੋਲ੍ਹ ਕੇ ਸ਼ਾਇਦ ਉਸ ਕਾਨਟ੍ਰੈਕਟ ਨੂੰ ਰੱਦ ਕਰਨ ਦਾ ਕਦਮ ਚੁਕਿਆ ਹੈ। ਤੇ ਹੁਣ ਉਮੀਦ ਹੈ ਕਿ ਉਹ ਸਾਰੇ ਸਿੱਖ ਜਗਤ ਦੀਆਂ ਨਾਰਾਜ਼ਗੀਆਂ ਸਮਝ ਕੇ ਚੋਰਾਂ ਨੂੰ ਸੱਚੇ ਸਿੱਖਾਂ ਤੋਂ ਅਲੱਗ ਕਰਨ ਦਾ ਵੀ ਕੰਮ ਕਰਨਗੇ। ਸਾਡੇ ਵਾਸਤੇ ਪੈਸਾ ਨਹੀਂ ਬਲਕਿ ਸਿੱਖ ਕਿਰਦਾਰ ਉਤੇ ਲੱਗੇ ਦਾਗ ਹਟਾਉਣਾ ਇਕ ਮਾਣ ਵਾਲੀ ਗੱਲ ਹੋਵੇਗੀ। ਉਮੀਦ ਹੈ ਕਿ ਜਥੇਦਾਰ ਨਿਰਾਸ਼ ਨਹੀਂ ਕਰਨਗੇ। -ਨਿਮਰਤ ਕੌਰ