ਨਿਜੀ ਕਾਲਜਾਂ ਯੂਨੀਵਰਸਟੀਆਂ ਨੇ ਤਾਂ ਸਿਖਿਆ ਨੂੰ ਧੰਦਾ ਬਣਾ ਹੀ ਲਿਆ ਹੈ ਪਰ ਜੇ ਪੰਜਾਬ ਯੂਨੀਵਰਸਟੀ ਵੀ ਸਿਰਫ਼ ਪੈਸਾ ਪੈਸਾ ਹੀ ਕਰੇਗੀ ਤਾਂ ਫਿਰ ਸਿਖਿਆ ਦਾ ਮਿਆਰ ਮੁੜ...
ਨਿਜੀ ਕਾਲਜਾਂ ਯੂਨੀਵਰਸਟੀਆਂ ਨੇ ਤਾਂ ਸਿਖਿਆ ਨੂੰ ਧੰਦਾ ਬਣਾ ਹੀ ਲਿਆ ਹੈ ਪਰ ਜੇ ਪੰਜਾਬ ਯੂਨੀਵਰਸਟੀ ਵੀ ਸਿਰਫ਼ ਪੈਸਾ ਪੈਸਾ ਹੀ ਕਰੇਗੀ ਤਾਂ ਫਿਰ ਸਿਖਿਆ ਦਾ ਮਿਆਰ ਮੁੜ ਤੋਂ ਬਹਾਲ ਕਿਸ ਤਰ੍ਹਾਂ ਹੋਵੇਗਾ? ਅਸੀ ਵੀ ਪੰਜਾਬ ਯੂਨੀਵਰਸਟੀ ਤੋਂ ਪੜ੍ਹੇ ਹਾਂ ਤੇ ਉਸੇ ਸਿਖਿਆ ਨਾਲ ਅੱਜ ਜ਼ਿੰਦਗੀ ਵਿਚ ਨਾਂ ਕਮਾ ਰਹੇ ਹਾਂ। ਸਾਡੇ ਉਸ ਵੇਲੇ ਦੇ ਅਧਿਆਪਕਾਂ ਨੇ ਪੈਸੇ ਲਈ ਅਪਣੀ ਮਿਹਨਤ ਵਿਚ ਕੋਈ ਕਮੀ ਨਹੀਂ ਸੀ ਆਉਣ ਦਿਤੀ ਜਿਸ ਸਦਕਾ ਜਦ ਸੰਯੁਕਤ ਰਾਸ਼ਟਰ ਦੇ ਪ੍ਰਾਜੈਕਟ ਵਿਚ ਕੰਮ ਕੀਤਾ ਤਾਂ ਕੰਮ ਦਾ ਮਿਆਰ ਅੰਤਰਰਾਸ਼ਟਰੀ ਮਾਹਰਾਂ ਦੇ ਮੁਕਾਬਲੇ ਵਿਚ ਕਮਜ਼ੋਰ ਨਹੀਂ ਸੀ ਆਂਕਿਆ ਗਿਆ, ਦੋ ਕਦਮ ਅੱਗੇ ਹੀ ਸੀ। ਪਰ ਅੱਜ ਪੈਸਾ, ਕਾਬਲੀਅਤ ਤੋਂ ਬਲਵਾਨ ਕਿਉਂ ਹੋ ਗਿਆ ਹੈ? ਅਧਿਆਪਕ ਲੋਕ, ਸਿਆਸਤ ਤੇ ਵਪਾਰ ਵਿਚ ਕਦਮ ਰਖਣ ਤੋਂ ਪਹਿਲਾਂ, ਸਿਖਿਆ ਪ੍ਰਤੀ ਅਪਣੀ ਜ਼ਿੰਮੇਵਾਰੀ ਵਲ ਧਿਆਨ ਦੇਣ।
ਰਾਸ਼ਟਰੀ ਯੂਨੀਵਰਸਟੀਆਂ ਦੀ ਸੂਚੀ ਵਿਚ ਪੰਜਾਬ ਯੂਨੀਵਰਸਟੀ ਦਾ ਪੱਧਰ ਤਿੰਨ ਦਰਜੇ ਹੇਠਾਂ ਆ ਗਿਆ ਹੈ ਤੇ ਪੰਜਾਬ ਯੂਨੀਵਰਸਟੀ ਦੇ ਵੀਸੀ ਰੇਣੂ ਵਿਜ ਦਾ ਕਹਿਣਾ ਹੈ ਕਿ ਪੈਸਿਆਂ ਦੀ ਘਾਟ ਕਾਰਨ ਵਰਸਟੀ ਦੇ ਮਿਆਰ ਵਿਚ ਕਮੀ ਆਈ ਹੈ। ਉਨ੍ਹਾਂ ਵਲੋਂ ਇਹੀ ਕਾਰਨ ਦਸ ਕੇ ਦਲੀਲ ਦਿਤੀ ਗਈ ਕਿ ਹਰਿਆਣਾ ਨੂੰ ਮੁੜ ਤੋਂ ਪੰਜਾਬ ਵਰਸਟੀ ਵਿਚ ਸਾਂਝ ਪਾਉਣ ਦਿਤੀ ਜਾਵੇ ਜਿਸ ਨਾਲ ਪੰਜਾਬ ਵਰਸਟੀ ਨੂੰ ਪੈਸੇ ਦੀ ਕਮੀ ਨਹੀਂ ਆਵੇਗੀ ਤੇ ਮਿਆਰ ਵਧ ਜਾਵੇਗਾ। ਇਸ ਗੱਲ ਉਤੇ ਮਗਰੋਂ ਵਿਚਾਰ ਕਰਾਂਗੇ ਕਿ ਪੈਸੇ ਤੇ ਅਧਿਆਪਨ ਦੀ ਕਾਬਲੀਅਤ ਦਾ ਕੀ ਰਿਸ਼ਤਾ ਹੈ ਪਰ ਪਹਿਲਾਂ ਪੰਜਾਬ ਵਰਸਟੀ ਦੇ ਦੇ ਅਧਿਆਪਕਾਂ (ਪ੍ਰੋਫ਼ੈਸਰਾਂ) ਨੂੰ ਮਿਲਦੇ ਪੈਸਿਆਂ ਵਲ ਝਾਤ ਮਾਰ ਲੈਂਦੇ ਹਾਂ।
ਪੰਜਾਬ ਯੂਨੀਵਰਸਟੀ ਦੇ ਕੁੱਝ ਪ੍ਰੋਫ਼ੈਸਰਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਕੇਂਦਰੀ ਯੂਨੀਵਰਸਟੀ ਦਾ ਦਰਜਾ ਹਾਸਲ ਕਰਨ ਦੀ ਮੰਗ ਚੁੱਕੀ ਜਾਂਦੀ ਰਹੀ ਹੈ ਜਿਸ ਦਾ ਕਾਰਨ ਸਿਰਫ਼ ਸਤਵਾਂ ਪੈ-ਸਕੇਲ ਸੀ ਜੋ ਕਿ ਇਸ ਜਨਵਰੀ ਤੋਂ ਲਾਗੂ ਹੋ ਗਿਆ ਸੀ। ਜਿਸ ਸਹਿਯੋਗੀ ਪ੍ਰੋਫ਼ੈਸਰ ਨੂੰ 21,600 ਮਿਲਦਾ ਸੀ, ਹੁਣ 57,700 ਮਿਲੇਗਾ ਤੇ ਜਿਸ ਨੂੰ 53,000 ਮਿਲਦਾ ਸੀ, ਹੁਣ 1,44,200 ਮਿਲੇਗਾ। ਇਹ ਤਨਖ਼ਾਹਾਂ ਦੀ ਗੱਲ ਹੈ। ਬਾਕੀ ਸਹੂਲਤਾਂ ਵੀ ਮਿਲਦੀਆਂ ਹਨ ਤੇ ਮਿਲਦੀਆਂ ਰਹਿਣਗੀਆਂ। ਰਹਿਣ-ਸਹਿਣ ਦੀਆਂ ਜਿੰਨੀਆਂ ਸਹੂਲਤਾਂ ਯੂਨੀਵਰਸਟੀ ਵਿਚ ਰਹਿਣ ਵਾਲਿਆਂ ਨੂੰ ਮਿਲਦੀਆਂ ਹਨ, ਉਹ ਸਾਡੇ ਆਮ ਭਾਰਤੀ ਨੂੰ ਕਿਤੇ ਨਹੀਂ ਮਿਲਦੀਆਂ। ਪਰ ਇਕ ਚੰਗੇ ਅਧਿਆਪਕ ਦਾ ਨੌਜਵਾਨ ਮਨਾਂ ਦਾ ਮਾਰਗਦਰਸ਼ਕ ਹੋਣ ਸਦਕਾ ਜੋ ਯੋਗਦਾਨ ਸਮਾਜ ਲਈ ਹੁੰਦਾ ਹੈ ਉਸ ਦੀ ਕੀਮਤ ਬੇਹਿਸਾਬ ਹੁੰਦੀ ਹੈ। ਪਰ ਜਦ ਵੀਸੀ ਪੈਸਿਆਂ ਦੀ ਜ਼ੁਬਾਨ ਵਿਚ ਸਿਖਿਆ ਨੂੰ ਤੋਲਣਗੇ ਤਾਂ ਫਿਰ ਇਹ ਉਹ ਵਰਸਟੀ ਨਹੀਂ ਬਣ ਪਾਵੇਗੀ ਜਿਥੇ ਡਾ. ਮਨਮੋਹਨ ਸਿੰਘ (ਸਾਬਕਾ ਪ੍ਰਧਾਨ ਮੰਤਰੀ), ਬਾਬੂ ਰਾਮ ਭਟਰਾਈ (ਨੇਪਾਲ ਦੇ ਪ੍ਰਧਾਨ ਮੰਤਰੀ), ਕੈਪਟਨ ਵਿਕਰਮ ਬਤਰਾ, ਕਿਰਨ ਬੇਦੀ, ਕੁਮਾਰੀ ਸ਼ੈਲਜਾ, ਸੁਸ਼ਮਾ ਸਵਰਾਜ, ਹਰਗੋਬਿੰਦ ਖੁਰਾਣਾ (ਬਾਇਉਕੈਮਿਸਟ ਅਤੇ ਨੋਬਲ ਪੁਰਸਕਾਰ ਵਿਜੇਤਾ), ਨੀਰਜ ਚੋਪੜਾ ਵਰਗੀਆਂ ਹਸਤੀਆਂ ਨੇ ਇਥੋਂ ਪੜ੍ਹ ਕੇ ਅਪਣਾ ਨਾਂ ਦੁਨੀਆਂ ਵਿਚ ਚਮਕਾਇਆ।
ਅੱਜ ਜਦ ਵਾਰ-ਵਾਰ ਸਿਆਸਤਦਾਨ ਇਤਿਹਾਸ ਦੀ ਗੱਲ ਕਰਦੇ ਹਨ ਤਾਂ ਉਹ ਦ੍ਰੋਣਾਚਾਰਿਆ ਵਰਗੇ ਅਧਿਆਪਕਾਂ ਬਾਰੇ ਗੱਲ ਕਿਉਂ ਨਹੀਂ ਕਰਦੇ? ਕਦੇ ਕੋਈ ਇਹ ਆਖ ਸਕਦਾ ਹੈ ਕਿ ਦ੍ਰੋਣਾਚਾਰੀਆ ਨੇ ਕਿਹਾ ਸੀ ਕਿ ਮੈਂ ਪਾਂਡਵਾਂ ਜਾਂ ਕੌਰਵਾਂ ਨੂੰ ਸਹੀ ਤਰੀਕੇ ਨਾਲ ਸ਼ਸਤਰ ਵਿਦਿਆ ਨਹੀਂ ਦਿਤੀ ਕਿਉਂਕਿ ਮੈਨੂੰ ਅਸ਼ਰਫ਼ੀਆਂ ਘੱਟ ਦਿਤੀਆਂ ਸਨ? ਹਾਂ, ਅਧਿਆਪਕਾਂ ਦਾ ਪੂਰਾ ਖ਼ਿਆਲ ਰਖਣਾ ਸਾਡਾ ਫਰਜ਼ ਹੈ ਪਰ ਇਸ ਨੂੰ ਬਹਾਨਾ ਬਣਾ ਕੇ ਵਰਤਣਾ ਠੀਕ ਨਹੀਂ।
ਜੇ ਅੱਜ ਵੀਸੀ ਰੇਣੂ ਵਿਜ ਉਪ-ਰਾਸ਼ਟਰਪਤੀ ਦੀ ਚਿੱਠੀ ਵੇਖਣ ਤਾਂ ਉਹ ਵੀ ਪੁੱਛ ਰਹੇ ਹਨ ਕਿ ਅੱਜ ਵਰਸਟੀ ਦੇ ਕੰਮਾਂ ਵਿਚ ਕਮੀ ਕਾਰਨ ਕਮਜ਼ੋਰ ਜਾਂ ਨਾਕਾਬਲ ਪ੍ਰਿੰਸੀਪਲ ਪੰਜਾਬ ਯੂਨੀਵਰਸਟੀ ਨਾਲ ਸਬੰਧਤ (ਐਫਿਲੀਏਟਿਡ) ਕਾਲਜਾਂ ਵਿਚ ਲਗਾਏ ਜਾ ਰਹੇ ਹਨ। ਇਸ ਦਾ ਅਸਰ ਅਸੀ ਪੰਜਾਬ ਦੀਆਂ ਵਰਸਟੀਆਂ ਵਿਚ ਵਧਦੇ ਮੁਨਾਫ਼ੇ ਤੇ ਘਟਦੀ ਸਿਖਿਆ ਦੇ ਮਿਆਰ ਦੇ ਰੂਪ ਵਿਚ ਵੇਖ ਰਹੇ ਹਾਂ। ਨਿਜੀ ਕਾਲਜਾਂ ਯੂਨੀਵਰਸਟੀਆਂ ਨੇ ਤਾਂ ਸਿਖਿਆ ਨੂੰ ਧੰਦਾ ਬਣਾ ਹੀ ਲਿਆ ਹੈ ਪਰ ਜੇ ਪੰਜਾਬ ਯੂਨੀਵਰਸਟੀ ਵੀ ਸਿਰਫ਼ ਪੈਸਾ ਪੈਸਾ ਹੀ ਕਰੇਗੀ ਤਾਂ ਫਿਰ ਸਿਖਿਆ ਦਾ ਮਿਆਰ ਮੁੜ ਤੋਂ ਬਹਾਲ ਕਿਸ ਤਰ੍ਹਾਂ ਹੋਵੇਗਾ? ਅਸੀ ਵੀ ਪੰਜਾਬ ਯੂਨੀਵਰਸਟੀ ਤੋਂ ਪੜ੍ਹੇ ਹਾਂ ਤੇ ਉਸੇ ਸਿਖਿਆ ਨਾਲ ਅੱਜ ਜ਼ਿੰਦਗੀ ਵਿਚ ਨਾਂ ਕਮਾ ਰਹੇ ਹਾਂ।
ਸਾਡੇ ਉਸ ਵੇਲੇ ਦੇ ਅਧਿਆਪਕਾਂ ਨੇ ਪੈਸੇ ਲਈ ਅਪਣੀ ਮਿਹਨਤ ਵਿਚ ਕੋਈ ਕਮੀ ਨਹੀਂ ਸੀ ਆਉਣ ਦਿਤੀ ਜਿਸ ਸਦਕਾ ਜਦ ਸੰਯੁਕਤ ਰਾਸ਼ਟਰ ਦੇ ਪ੍ਰਾਜੈਕਟ ਵਿਚ ਕੰਮ ਕੀਤਾ ਤਾਂ ਕੰਮ ਦਾ ਮਿਆਰ ਅੰਤਰਰਾਸ਼ਟਰੀ ਮਾਹਰਾਂ ਦੇ ਮੁਕਾਬਲੇ ਵਿਚ ਕਮਜ਼ੋਰ ਨਹੀਂ ਸੀ ਆਂਕਿਆ ਗਿਆ, ਦੋ ਕਦਮ ਅੱਗੇ ਹੀ ਸੀ। ਪਰ ਅੱਜ ਪੈਸਾ, ਕਾਬਲੀਅਤ ਤੋਂ ਬਲਵਾਨ ਕਿਉਂ ਹੋ ਗਿਆ ਹੈ? ਅਧਿਆਪਕ ਲੋਕ , ਸਿਆਸਤ ਤੇ ਵਪਾਰ ਵਿਚ ਕਦਮ ਰਖਣ ਤੋਂ ਪਹਿਲਾਂ, ਸਿਖਿਆ ਪ੍ਰਤੀ ਅਪਣੀ ਜ਼ਿੰਮੇਵਾਰੀ ਵਲ ਧਿਆਨ ਦੇਣ।
- ਨਿਮਰਤ ਕੌਰ