Editorial: ਕਾਂਗਰਸ ਵਲੋਂ ਕਮਜ਼ੋਰ ਤਬਕਿਆਂ ਨੂੰ ਨਿਆਂ ਦੇਣ ਦੀ ਗੱਲ ਤੇ ਦੇਸ਼ ਦੀਆਂ ਚੋਣਾਂ

By : NIMRAT

Published : Apr 10, 2024, 7:20 am IST
Updated : Apr 10, 2024, 7:52 am IST
SHARE ARTICLE
Congress Nyay Patra
Congress Nyay Patra

ਜਦ ਤਕ ਕਾਂਗਰਸ ਪਾਰਟੀ ਅਪਣੀ ਸੋਚ ਨਾਲ ਅਪਣੇ ਆਗੂ ਦਾ ਚਿਹਰਾ ਜੋੜ ਕੇ ਨਿਆਂ ਦਾ ਵਿਸ਼ਵਾਸ ਨਹੀਂ ਦਿਵਾਉਂਦੀ, ਜਨਤਾ ਵਾਸਤੇ ਚਲਦੀ ਰਵਾਇਤ ਤੋਂ ਜਾਗਣਾ ਮੁਸ਼ਕਲ ਹੈ।

Editorial: ਕਾਂਗਰਸ ਦਾ ਨਿਆਂ ਪੱਤਰ ਨਾਮਕ ‘ਚੋਣ ਮੈਨੀਫ਼ੈਸਟੋ’ ਵਿਵਾਦਾਂ ਵਿਚ ਫਸ ਗਿਆ ਜਦੋਂ ਭਾਜਪਾ ਨੇ ਉਸ ਨੂੰ ‘ਮੁਸਲਿਮ ਲੀਗ ਦਾ ਮੈਨੀਫ਼ੈਸਟੋ’ ਕਹਿ ਦਿਤਾ। ਜਿਥੇ ਭਾਜਪਾ ਪ੍ਰਧਾਨ ਮੰਤਰੀ ਦੀ ਗਰੰਟੀ ਤੇ 2024 ਵਿਚ 400 ਪਾਰ ਕਰਨ ਦਾ ਨਾਅਰਾ ਦੇ ਰਹੀ ਹੈ, ਕਾਂਗਰਸ ਨੇ ਰਾਹੁਲ ਗਾਂਧੀ ਦੀ ਨਿਆਂ ਯਾਤਰਾ ਉਤੇ ਅਪਣੀ ਟੇਕ ਰੱਖੀ ਹੈ। ਅਜੀਬ ਗੱਲ ਇਹ ਹੈ ਕਿ ਜੋ ਵਾਅਦੇ ਅੱਜ ਕਾਂਗਰਸ ਅਪਣੇ ਮੈਨੀਫ਼ੈਸਟੋ ਵਿਚ ਕਰ ਰਹੀ ਹੈ, ਉਹ ਕਦੇ ਭਾਜਪਾ ਨੇ ਸਹਾਰੇ ਸਨ।

ਕਾਂਗਰਸ ਉਤੇ ਮੁਸਲਿਮ ਲੀਗ ਦੇ ਇਲਜ਼ਾਮ ਪਿਛੇ ਉਨ੍ਹਾਂ ਵਲੋਂ ਘੱਟ ਗਿਣਤੀਆਂ ਦੀ ਰਾਖੀ ਤੇ ਜਾਤ ਆਧਾਰਤ ਸੋਸ਼ਲ ਸਕਿਉਰਿਟੀ ਵਿਚ ਹਿੱਸੇ ਦੀ ਗੱਲ ਕਾਰਨ ਲਗਾਇਆ ਗਿਆ ਹੈ। ਪਰ ਅੱਜ ਇਤਰਾਜ਼ ਕਰਦੀ ਭਾਜਪਾ ਭੁੱਲ ਗਈ ਹੈ ਕਿ ਉਨ੍ਹਾਂ ਮੰਡਲ ਕਮਿਸ਼ਨ ਦੀ ਸੋਚ ਦੇ ਮੋਢੀ ਕਰਪੂਰੀ ਠਾਕੁਰ ਨੂੰ ਭਾਰਤ ਰਤਨ ਹੁਣੇ ਹੀ ਦਿਤਾ ਹੈ। ਦੂਜੀ ਹਕੀਕਤ ਇਹ ਹੈ ਕਿ 50 ਫ਼ੀਸਦੀ ਤੋਂ ਵੱਧ ਰਾਖਵਾਂਕਰਨ ਭਾਜਪਾ ਰਾਜ ਵਾਲੇ ਸੂਬਿਆਂ ਵਿਚ, ਮਹਾਰਾਸ਼ਟਰ, ਬਿਹਾਰ, ਰਾਜਸਥਾਨ ਵਿਚ ਮਿਲ ਰਿਹਾ ਹੈ। ਜਾਤ ਆਧਾਰਤ ਮਰਦਮਸ਼ੁਮਾਰੀ ਦੇ ਅੱਜ ਦੇ ਮੋਢੀ ਨਿਤਿਸ਼ ਕੁਮਾਰ ਹੁਣ ‘ਇੰਡੀਆ’ ਗਠਜੋੜ ਵਿਚ ਨਹੀਂ ਹਨ ਸਗੋਂ ਭਾਜਪਾ ਵਿਚ ਹਨ ਤੇ ਸ਼ਾਇਦ ਨਿਤਿਸ਼ ਕੁਮਾਰ ਵੀ ਹੁਣ ਜਾਤ ਨਿਆਂ ਬਾਰੇ ਭੁੱਲ ਗਏ ਹਨ। ਹੁਣ ਉਹ ਵੀ ਤਾਕਤਵਰ ਸੱਤਾ ਦਾ ਹਿੱਸਾ ਬਣ ਚੁੱਕੇ ਹਨ।

ਜੇ ਕਾਂਗਰਸ ਅੱਜ ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ, ਜਾਤ ਆਧਾਰਤ ਮਰਦਮਸ਼ੁਮਾਰੀ ਤੇ ਫਿਰ ਕੁਦਰਤੀ ਸਰੋਤਾਂ ਤੇ ਹੱਕ ਦੇਣ ਵਰਗੀਆਂ ਗੱਲਾਂ ਕਰ ਰਹੀ ਹੈ, ਉਹੀ ਗੱਲਾਂ ਸੱਤਾ ਵਿਚ ਹੁੰਦੇ ਸਮੇਂ ਇਨ੍ਹਾਂ ਨੇ ਆਪ ਹੀ ਰੱਦ ਕਰ ਦਿਤੀਆਂ ਸਨ। ਪੀ. ਚਿਦੰਬਰਮ ਨੇ ਸੰਸਦ ਵਿਚ ਆਪ ਆਖਿਆ ਸੀ ਜੇ ਦੇਸ਼ ਨਾਲ ਜਾਤ ਆਧਾਰਤ ਸਰਵੇਖਣ ਸਾਂਝਾ ਕੀਤਾ ਗਿਆ ਤਾਂ ਠੀਕ ਨਹੀਂ ਹੋਵੇਗਾ ਤੇ ਜਿਹੜੀ ਝਲਕ ਬਿਹਾਰ ਤੋਂ ਨਿਤਿਸ਼ ਕੁਮਾਰ ਨੇ ਵਿਖਾਈ ਹੈ, ਗੱਲ ਸਮਝ ਵਿਚ ਆਉਂਦੀ ਹੈ ਕਿ ਸਾਡੇ ਸਮਾਜ ਵਿਚ ਨਾਬਰਾਬਰੀ ਸਿਰਫ਼ ਆਰਥਕ ਹੀ ਨਹੀਂ ਬਲਕਿ ਆਰਥਕ ਨਾਬਰਾਬਰੀ ਵਿਚ ਜਾਤ ਦਾ ਵੱਡਾ ਹੱਥ ਹੈ। ਇਹੀ ਗੱਲ ਵਿਰੋਧੀ ਧਿਰ ਵਿਚ ਹੁੰਦੇ ਸਮੇਂ ਭਾਜਪਾ ਦੇ ਰਾਜਨਾਥ ਵੀ ਮੰਗਦੇ ਸਨ ਪਰ ਸੱਤਾ ਵਿਚ ਆਉਂਦੇ ਹੀ ਸੱਭ ਸਹੀ ਗ਼ਲਤ ਦਾ ਅੰਤਰ ਭੁੱਲ ਜਾਂਦੇ ਹਨ।

ਅੱਜ ਜੋ ਵਾਅਦੇ ਕਾਂਗਰਸ ਨੇ ਕੀਤੇੇ ਹਨ, ਉਹ ਜ਼ਰੂਰੀ ਤਾਂ ਹਨ ਪਰ ਇਸ ਵਿਚ ਦੋ ਸਵਾਲ ਜਵਾਬ ਮੰਗਦੇ ਹਨ। ਪਹਿਲਾ ਸਵਾਲ ਇਹ ਕਿ ਕਾਂਗਰਸ ਇਸ ਸੋਚ ਤੇ ਕਿਸ ਤਰ੍ਹਾਂ ਪਹੁੰਚੀ? ਕੀ ਸਿਰਫ਼ ਵਿਰੋਧੀ ਧਿਰ ਵਿਚੋਂ ਬਾਹਰ ਨਿਕਲਣ ਦੀ ਸੋਚ ਹੈ ਜਾਂ ਇਹ ਉਨ੍ਹਾਂ ਦੀ ਸੋਚ ਵਿਚ ਨਿਆਂ ਯਾਤਰਾ ਦਾ ਅਸਰ ਹੈ? ਜੇ ਉਨ੍ਹਾਂ ਦੀ ਸੋਚ ਵਿਚ ਬਦਲਾਅ ਆ ਰਿਹਾ ਹੈ ਤੇ ਉਹ ਅਪਣੇ ਪੁਰਾਣੇ ਰੂਪ ਵਿਚ ਰਹਿ ਕੇ ਵੀ ਇਕ ਨਵਾਂ ਨਵਾਂ ਰੂਪ ਧਾਰ ਰਹੇ ਹਨ, ਉਨ੍ਹਾਂ ਵਲੋਂ ਅਪਣੇ ਰਾਜਾਂ ਵਾਲੇ ਸੂਬਿਆਂ ਵਿਚ ਇਹ ਲਾਗੂ ਕਿਉਂ ਨਹੀਂ ਕੀਤਾ ਗਿਆ? ਜੇ ਕਰਨਾਟਕਾ ਵਿਚ ਬਿਹਾਰ ਵਾਂਗ ਇਹ ਜਨਤਕ ਕੀਤਾ ਗਿਆ ਹੁੰਦਾ ਤਾਂ ਅੱਜ ਲੋਕ ਬਿਆਨਬਾਜ਼ੀ ਵਿਚ ਨਹੀਂ ਬਲਕਿ ਪਾਰਟੀ ਵਲੋਂ ਚੁੱਕੇ ਠੋਸ ਕਦਮਾਂ ਦੀ ਗੱਲ ਕਰਦੇ। ਇਸੇ ਤੋਂ ਨਿਕਲਦਾ ਹੈ ਦੂਜਾ ਸਵਾਲ ਕਿ ਕੀ ਅਪਣੀ ਸੋਚ ਬਾਰੇ ਰਾਹੁਲ ਗਾਂਧੀ ਗਰੰਟੀ ਦੇ ਸਕਦੇ ਹਨ? ਭਾਜਪਾ ਨੇ ਅਪਣੀ ਸੋਚ ਵਿਚ ਰਾਮ ਮੰਦਰ, ਧਾਰਾ 370, ਸੀ.ਏ.ਏ. ਦੀ ਗਰੰਟੀ ਪੂਰੀ ਕਰ ਕੇ ਅਪਣੇ ਸਮਰਥਕਾਂ ਦਾ ਵਿਸ਼ਵਾਸ ਜਿੱਤਿਆ ਹੈ।

ਜਦ ਤਕ ਕਾਂਗਰਸ ਪਾਰਟੀ ਅਪਣੀ ਸੋਚ ਨਾਲ ਅਪਣੇ ਆਗੂ ਦਾ ਚਿਹਰਾ ਜੋੜ ਕੇ ਨਿਆਂ ਦਾ ਵਿਸ਼ਵਾਸ ਨਹੀਂ ਦਿਵਾਉਂਦੀ, ਜਨਤਾ ਵਾਸਤੇ ਚਲਦੀ ਰਵਾਇਤ ਤੋਂ ਜਾਗਣਾ ਮੁਸ਼ਕਲ ਹੈ। ਜੋ ਕਾਂਗਰਸ ਦਾ ਵਾਅਦਾ ਹੈ, ਉਹ ਰਵਾਇਤੀ ਸੋਚ ਨੂੰ ਤੋੜ ਕੇ ਸਦੀਆਂ ਦੀ ਗ਼ਲਤੀ ਨੂੰ ਸਹੀ ਕਰਨ ਦੀ ਗੱਲ ਕਰਦਾ ਹੈ ਪਰ ਸਿਰਫ਼ ਸੋਚ ਹੀ ਕਾਫ਼ੀ ਨਹੀਂ ਹੁੰਦੀ। ਇਕ ਧਾਕੜ ਆਗੂ ਦੀ ਅਗਵਾਈ ਬਿਨਾਂ ਇਹ ਮੁਮਕਿਨ ਨਹੀਂ ਹੈ।
- ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement