Editorial: ਜ਼ਿਕਰਯੋਗ ਹੈ ਕਿ ਇਨ੍ਹਾਂ ਧਮਾਕਿਆਂ ਵਿਚ 40 ਬੰਦੇ ਮਾਰੇ ਗਏ ਸਨ ਅਤੇ ਹਜ਼ਾਰਾਂ ਹੋਰ ਜ਼ਖ਼ਮੀ ਹੋਏ ਸਨ।
Editorial: ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨਾਲ ਜੁੜੀ ਹਵਾਬਾਜ਼ੀ ਕੰਪਨੀ ‘ਐਮੀਰੇਟਸ’ ਦੀਆਂ ਉਡਾਣਾਂ ਵਿਚ ਪੇਜਰਾਂ ਤੇ ਵਾਕੀ-ਟਾਕੀਜ਼ ਉੱਤੇ ਪਾਬੰਦੀ ਲਾ ਦਿਤੀ ਗਈ ਹੈ। ਇਸ ਤੋਂ ਭਾਵ ਹੈ ਕਿ ਇਸ ਕੰਪਨੀ ਦਾ ਅਮਲਾ ਨਾ ਤਾਂ ਖ਼ੁਦ ਪੇਜਰਾਂ ਜਾਂ ਵਾਕੀ-ਟਾਕੀ ਸੈੱਟਾਂ ਦੀ ਵਰਤੋਂ ਕਰ ਸਕੇਗਾ ਅਤੇ ਨਾ ਹੀ ਮੁਸਾਫ਼ਰਾਂ ਨੂੰ ਇਹ ਇਲੈਕਟ੍ਰਾਨਿਕ ਉਪਕਰਨ ਅਪਣੇ ਸਾਮਾਨ ਰਾਹੀਂ ਜਹਾਜ਼ਾਂ ਦੇ ਅੰਦਰ ਲਿਜਾਣ ਦੀ ਇਜਾਜ਼ਤ ਹੋਵੇਗੀ। ਇਹ ਕਦਮ ਲਿਬਨਾਨ ਵਿਚ ਅਤਿਵਾਦੀ ਸੰਗਠਨ ‘ਹਿਜ਼ਬੁੱਲਾ’ ਦੇ ਕਾਡਰ ਦੇ ਹੱਥਾਂ ਵਿਚ ਹੋਏ ਪੇਜਰ ਤੇ ਵਾਕੀ-ਟਾਕੀ ਧਮਾਕਿਆਂ ਦੇ ਮੱਦੇਨਜ਼ਰ ਚੁਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਧਮਾਕਿਆਂ ਵਿਚ 40 ਬੰਦੇ ਮਾਰੇ ਗਏ ਸਨ ਅਤੇ ਹਜ਼ਾਰਾਂ ਹੋਰ ਜ਼ਖ਼ਮੀ ਹੋਏ ਸਨ।
ਧਮਾਕਿਆਂ ਲਈ ਸਿਰਫ਼ ਇਹ ਦੋ ਯੰਤਰ ਹੀ ਨਹੀਂ ਵਰਤੇ ਗਏ ਬਲਕਿ, ਕੁੱਝ ਮਾਮਲਿਆਂ ਵਿਚ, ਸੌਰ-ਊਰਜਾ (ਸੋਲਰ) ਪੈਨਲਾਂ ਤੇ ਬਿਜਲਈ ਕੇਤਲੀਆਂ ਨੂੰ ਵੀ ਵਿਸਫੋਟਾਂ ਦਾ ਸਾਧਨ ਬਣਾਇਆ ਗਿਆ। ਹਾਲਾਂਕਿ ਇਜ਼ਰਾਈਲ ਨੇ ਇਨ੍ਹਾਂ ਧਮਾਕਿਆਂ ਵਿਚ ਅਪਣਾ ਹੱਥ ਹੋਣਾ ਸਿੱਧੇ ਤੌਰ ’ਤੇ ਨਹੀਂ ਕਬੂਲਿਆ, ਫਿਰ ਵੀ ਇਹ ਤੱਥ ਤਾਂ ਜੱਗ-ਜ਼ਾਹਿਰ ਹੀ ਹੈ ਕਿ ਅਜਿਹੇ ਅਪਰੇਸ਼ਨ ਨੂੰ ਉਲੀਕਣ, ਵਿਉਂਤਣ ਅਤੇ ਫਿਰ ਅਮਲੀ ਰੂਪ ਦੇਣ ਦੀ ਸਮਰਥਾ ਸਿਰਫ਼ ਇਜ਼ਰਾਇਲੀ ਖ਼ੁਫ਼ੀਆ ਏਜੰਸੀ ‘ਮੌਸੇਦ’ ਕੋਲ ਹੀ ਹੈ।
ਵਾਕੀ-ਟਾਕੀਜ਼ ਦੀ ਵਰਤੋਂ ਪੁਲੀਸ ਤੇ ਹੋਰ ਸੁਰੱਖਿਆ ਏਜੰਸੀਆਂ ਤੋਂ ਇਲਾਵਾ ਕਾਰੋਬਾਰੀ ਅਦਾਰਿਆਂ ਦੇ ਅੰਦਰ ਵੀ ਆਪਸ ਵਾਰਤਾਲਾਪ ਤੇ ਸੂਚਨਾ ਪ੍ਰਵਾਹ ਲਈ ਅਮੂਮਨ ਕੀਤੀ ਜਾਂਦੀ ਹੈ। ਪੇਜਰ ਹਸਪਤਾਲਾਂ ਤੇ ਅਜਿਹੀਆਂ ਹੋਰ ਸੰਵੇਦਨਸ਼ੀਲ ਸੰਸਥਾਵਾਂ, ਜਿੱਥੇ ਮੋਬਾਈਲਜ਼ ਦੀ ਵਰਤੋਂ ’ਤੇ ਪਾਬੰਦੀ ਹੁੰਦੀ ਹੈ, ਅੰਦਰ ਇਤਲਾਹਾਂ ਦੇ ਆਦਾਨ-ਪ੍ਰਦਾਨ ਵਾਸਤੇ ਪੇਜਰਾਂ ਦੀ ਵਰਤੋ ਕਰਨਾ ਇਕ ਆਮ ਰੁਝਾਨ ਹੈ। ਮੋਬਾਈਲ ਫ਼ੋਨ, ਖ਼ਾਸ ਕਰ ਕੇ ਸਮਾਰਟ ਫ਼ੋਨ ਵਰਤਣ ਵਾਲੇ ਨੂੰ ਟਰੈਕ ਕਰਨਾ ਹੁਣ ਬਹੁਤ ਆਸਾਨ ਤਕਨੀਕ ਬਣ ਚੁੱਕਾ ਹੈ।
ਫ਼ੋਨ ਸਵਿੱਚ-ਆਫ਼ ਵੀ ਹੋਵੇ ਤਾਂ ਵੀ ਇਸ ਅੰਦਰਲੇ ਐਪਜ਼ ਰਾਹੀਂ ਸਿਗਨਲ, ਸੰਚਾਰ ਉਪਗ੍ਰਹਿਆਂ ਰਾਹੀਂ ਵੱਖ-ਵੱਖ ਟਰੈਕਿੰਗ ਸਰਵਰਾਂ ਤਕ ਪੁੱਜਦੇ ਰਹਿੰਦੇ ਹਨ। ਲਿਹਾਜ਼ਾ, ਸਾਡੀ ਹਰ ਹਰਕਤ ਦੀ ਜਾਣਕਾਰੀ ਇਨ੍ਹਾਂ ਸਰਵਰਾਂ ਤਕ ਲਗਾਤਾਰ ਪਹੁੰਚਦੀ ਰਹਿੰਦੀ ਹੈ। ਮੋਬਾਈਲ ਫ਼ੋਨ ਸਾਡੀ ਨਿੱਜਤਾ (ਪ੍ਰਾਈਵੇਸੀ) ਵਿਚ ਸੰਨ੍ਹ ਲਾਉਣ ਦਾ ਕਿੰਨਾ ਸ਼ਕਤੀਸ਼ਾਲੀ ਵਸੀਲਾ ਹੈ, ਇਸ ਦਾ ਅੰਦਾਜ਼ਾ ਹੁਣ ਸਾਨੂੰ ਸਭਨਾਂ ਨੂੰ ਹੋਣਾ ਸ਼ੁਰੂ ਹੋ ਗਿਆ ਹੈ। ਹਿਜ਼ਬੁੱਲਾ ਤੇ ਹੋਰ ਦਰਜਨਾਂ ਦਹਿਸ਼ਤੀ ਗਰੁੱਪ, ਮੋਬਾਈਲ ਫ਼ੋਨਾਂ ਨਾਲ ਜੁੜੇ ਖ਼ਤਰਿਆਂ ਤੋਂ ਢਾਈ ਦਹਾਈਆਂ ਪਹਿਲਾਂ ਹੀ ਵਾਕਿਫ਼ ਹੋ ਗਏ ਸਨ। ਇਸੇ ਕਾਰਨ ਉਨ੍ਹਾਂ ਵਲੋਂ ਪੇਜਰਾਂ ਤੇ ਵਾਕੀ-ਟਾਕੀਜ਼ ਦੀ ਵਰਤੋਂ ਨੂੰ ਤਰਜੀਹ ਦਿਤੀ ਜਾ ਰਹੀ ਸੀ।
ਪਰ ਇਹ ਯੰਤਰ ਵੀ ਆਖ਼ਰ ਉਨ੍ਹਾਂ ਲਈ ਜਾਨਲੇਵਾ ਸਾਬਤ ਹੋਏ; ਮੁੱਖ ਤੌਰ ’ਤੇ ਇਨ੍ਹਾਂ ਦੇ ਨਿਰਮਾਣ ਨਾਲ ਜੁੜੇ ਵਿਧੀ-ਵਿਧਾਨ ਕਾਰਨ। ਆਲਮੀ ਮੰਡੀ ਹੀ ਕੁੱਝ ਅਜਿਹੀ ਬਣ ਗਈ ਹੈ ਕਿ ਹਰ ਇਲੈਕਟ੍ਰਾਨਿਕ ਉਪਕਰਨ ਵਿਚ ਵਰਤੇ ਗਏ ਸਾਰੇ ਕਲ-ਪੁਰਜ਼ੇ ਕਿਸੇ ਇਕ ਮੁਲਕ ਤੋਂ ਨਹੀਂ ਆਉਂਦੇ। ਕੋਈ ਹਿੱਸਾ-ਪੁਰਜ਼ਾ ਚੀਨ ਤੋਂ ਆਉਂਦਾ ਹੈ, ਕੋਈ ਕੋਰੀਆ ਜਾਂ ਜਾਪਾਨ ਤੋਂ, ਕੋਈ ਫ਼ਿਨਲੈਂਡ ਤੋਂ ਤੇ ਕੋਈ ਇੰਡੋਨੇਸ਼ੀਆ ਜਾਂ ਭਾਰਤ ਤੋਂ। ਇਨ੍ਹਾਂ ਸਾਰੇ ਕਲ-ਪੁਰਜ਼ਿਆਂ ਨੂੰ ਇਕੱਠਾ ਕਰ ਕੇ, ਉਪਕਰਨ ਕਿਸੇ ਹੋਰ ਦੇਸ਼ ਵਿਚ ਤਿਆਰ ਕੀਤਾ ਜਾਂਦਾ ਹੈ। ਫਿਰ ਅੱਗੇ ਅਜਿਹੇ ਯੰਤਰਾਂ ਨੂੰ ਵੇਚਦਾ ਕੋਈ ਹੋਰ ਮੁਲਕ ਹੈ।
ਲਿਬਨਾਨ ਧਮਾਕਿਆਂ ਵਾਲੇ ਪੇਜਰਾਂ ਉੱਤੇ ‘ਮੇਡ ਇਨ ਤਾਇਵਾਨ’ ਦਰਜ ਸੀ, ਪਰ ਇਨ੍ਹਾਂ ਦਾ ਅਸਲ ਨਿਰਮਾਣ ਹੰਗਰੀ ਦੀ ਇਕ ਕੰਪਨੀ ਨੇ ਕੀਤਾ ਸੀ। ਉਸ ਕੰਪਨੀ ਦਾ ਵੀ ਦਾਅਵਾ ਹੈ ਕਿ ਉਹ ਤਾਂ ਸਿਰਫ਼ ਅਜਿਹੇ ਯੰਤਰਾਂ ਦੇ ਮੰਡੀਕਰਨ ਦਾ ਕੰਮ ਕਰਦੀ ਹੈ, ਖ਼ੁਦ ਨਿਰਮਾਣ ਨਹੀਂ ਕਰਦੀ। ਨਿਰਮਾਣ ਇਕ ਬੁਲਗਾਰਿਆਈ ਕੰਪਨੀ ਤੋਂ ਕਰਵਾਇਆ ਜਾਂਦਾ ਸੀ। ਉਹ ਫ਼ਰਜ਼ੀ ਨਿਕਲੀ। ਉਸ ਕੰਪਨੀ ਦਾ ਮਾਲਕ ਭਾਰਤੀ ਮੂਲ ਦਾ ਨਾਰਵੇਜੀਅਨ ਨਾਗਰਿਕ ਸੀ ਜੋ ਹੁਣ ਲਾਪਤਾ ਹੈ। ਪੇਜਰਾਂ ਜਾਂ ਵਾਕੀ-ਟਾਕੀਜ਼ ਅੰਦਰ ਕਿਸ ਪੜਾਅ ’ਤੇ ਵਿਸਫ਼ੋਟਕ ਸਮੱਗਰੀ ਪਲਾਂਟ ਕੀਤੀ ਗਈ, ਇਸ ਦੀ ਅਜੇ ਤਕ ਕੋਈ ਉੱਘ-ਸੁੱਘ ਨਹੀਂ ਮਿਲੀ।
ਇਹ ਪੂਰੀ ਘਟਨਾਵਲੀ ਹਰ ਛੋਟੀ-ਵੱਡੀ ਵਸਤੂ ਦੇ ਉਤਪਾਦਨ ਵਾਸਤੇ ਵਿਸ਼ਵ-ਵਿਆਪੀ ਨੈੱਟਵਰਕਾਂ ਉਪਰ ਨਿਰਭਰਤਾ ਨਾਲ ਜੁੜੇ ਖ਼ਤਰਿਆਂ ਵਲ ਸੈਨਤ ਕਰਦੀ ਹੈ। ਖੁਲ੍ਹੀ ਆਲਮੀ ਮੰਡੀ ਦੇ ਸੰਕਲਪ ਨੇ ਵਸਤਾਂ ਸਸਤੀਆਂ ਕੀਤੀਆਂ ਹਨ, ਕਾਰੋਬਾਰੀਆਂ ਦਾ ਮੁਨਾਫ਼ਾ ਵੀ ਵਧਾਇਆ ਹੈ, ਪਰ ਨਾਲ ਹੀ ਆਤਮ ਨਿਰਭਰਤਾ ਦੇ ਸਿਧਾਂਤ ਨੂੰ ਕਿਸ ਹੱਦ ਤਕ ਖੋਰਾ ਲਾਇਆ ਹੈ, ਉਸ ਦਾ ਅੰਦਾਜ਼ਾ ਦੁਨੀਆਂ ਭਰ ਦੇ ਕਿਰਤੀ ਵਰਗ ਵਿਚ ਵਧ ਰਹੀ ਬੇਰੁਜ਼ਗਾਰੀ ਤੋਂ ਲਾਇਆ ਜਾ ਸਕਦਾ ਹੈ।
ਬਹੁਤੇ ਮੁਲਕਾਂ ਦੇ ਕਾਰਪੋਰੇਟ ਅਦਾਰੇ, ਅਪਣੇ ਉਤਪਾਦਾਂ ਦਾ ਨਿਰਮਾਣ ਚੀਨ ਤੋਂ ਕਰਵਾ ਰਹੇ ਹਨ। ਪਰ ਅਪਣੇ ਲੋਕਾਂ ਅੱਗੇ ਸੱਚੇ ਹੋਣ ਦੀ ਖ਼ਾਤਰ ਉਤਪਾਦਾਂ ਉੱਤੇ ਠੱਪੇ ਅਪਣੇ ਮੁਲਕ ਦੇ ਲਗਵਾ ਰਹੇ ਹਨ। ਹਰ ਮੁਲਕ ਦੀ ਕੌਮੀ ਸੁਰੱਖਿਆ ਨੂੰ ਇਹ ਰੁਝਾਨ ਕਿਸ ਹੱਦ ਤਕ ਖੋਰਾ ਲਾ ਰਿਹਾ ਹੈ, ਇਸ ਦਾ ਅਹਿਸਾਸ ਲਿਬਨਾਨ ਦੇ ਪੇਜਰ ਧਮਾਕਿਆਂ ਤੋਂ ਸਹਿਜੇ ਹੀ ਹੋ ਜਾਣਾ ਚਾਹੀਦਾ ਹੈ।