
ਚਾਹੇ ਮੁੱਦਾ ਸਹੀ ਹੈ ਤੇ ਦ੍ਰਿੜ੍ਹਤਾ ਨਾਲ ਨਜਿੱਠਣ ਵਾਲੀ ਸੋਚ ਮੰਗਦਾ ਹੈ ਪਰ ਠੀਕ ਤੇ ਵਿਖਾਵੇ ਦੇ ਫ਼ਿਕਰ ਦਾ ਫ਼ੈਸਲਾ ਕਰਨ ਲਈ ਸਮਾਂ ਵੇਖਣਾ ਵੀ ਜ਼ਰੂਰੀ ਹੁੰਦਾ ਹੈ।
ਕਾਂਗਰਸ ਦੀ ਅੰਦਰਲੀ ਲੜਾਈ ਹੁਣ ਹਰ ਰੋਜ਼ ਸੋਸ਼ਲ ਮੀਡੀਆ ਤੇ ਲੜੀ ਜਾ ਰਹੀ ਹੈ। ਤਕਰੀਬਨ ਹਰ ਰੋਜ਼ ਬਰਗਾੜੀ ਦੀ ਐਸ.ਆਈ.ਟੀ. ਰੱਦ ਹੋਣ ਦੇ ਬਾਅਦ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ ਉਤੇ ਜ਼ੋਰਦਾਰ ਸਿੱਧੇ ਵਾਰ ਕਰ ਰਹੇ ਹਨ। ਜੋ ਗੱਲਾਂ ਪਹਿਲਾਂ ਵਿਰੋਧੀਆਂ ਵਲੋਂ ਆਖੀਆਂ ਜਾ ਰਹੀਆਂ ਸਨ, ਉਹ ਹੁਣ ਨਵਜੋਤ ਸਿੰਘ ਸਿੱਧੂ ਕਹਿ ਰਹੇ ਹਨ।
Captain amarinder Singh and Navjot Sidhu
ਇਨ੍ਹਾਂ ਹਮਲਿਆਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੁੱਪ ਸਨ ਪਰ ਫਿਰ ਉਨ੍ਹਾਂ ਵੀ ਨਵਜੋਤ ਸਿੰਘ ਸਿੱਧੂ ਬਾਰੇ ਸਖ਼ਤ ਸ਼ਬਦ ਬੋਲ ਕੇ ਸਪੱਸ਼ਟ ਕਰ ਦਿਤਾ ਕਿ ਨਵਜੋਤ ਸਿੰਘ ਸਿੱਧੂ ਵਾਸਤੇ ਪਾਰਟੀ ਵਿਚ ਕੋਈ ਥਾਂ ਨਹੀਂ ਰਹਿ ਗਈ ਤੇ ਇਹ ਵੀ ਆਖ ਦਿਤਾ ਕਿ ਅੰਤਮ ਫ਼ੈਸਲਾ ਹਾਈ ਕਮਾਂਡ ਕਰੇਗੀ ਪਰ ਉਨ੍ਹਾਂ ਦੀ ਸਲਾਹ ਇਹੀ ਹੋਵੇਗੀ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿਰੁਧ ਬੋਲਣ ਕਾਰਨ, ਪਾਰਟੀ ਤੋਂ ਬੇਦਖ਼ਲ ਕੀਤਾ ਜਾਵੇ।
Captain Amarinder Singh
ਸ਼ਾਇਦ ਉਨ੍ਹਾਂ ਸੋਚਿਆ ਕਿ ਇਸ ਬਿਆਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਪ ਹੀ ਪਾਰਟੀ ਛੱਡ ਜਾਣਗੇ ਤੇ ਇਸ ਤੋਂ ਬਾਅਦ ‘ਆਪ’ ਤੇ ਉਨ੍ਹਾਂ ਦੀ ਨਵੇਂ ਬਣੇ ਬਾਗ਼ੀ ਅਕਾਲੀ ਦਲ (ਢੀਂਡਸਾ) ਸੰਗਠਨ ਵਿਚ ਵੀ ਹਲਚਲ ਸ਼ੁਰੂ ਹੋ ਗਈ। ਸੱਭ ਨੂੰ ਜਾਪਿਆ ਕਿ ਹੁਣ ਤੀਜੇ ਧੜੇ ਵਿਚ ਜਾਣ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਕੋਲ ਹੋਰ ਰਸਤਾ ਹੀ ਕੋਈ ਨਹੀਂ ਬਚਿਆ।
ਤੀਜੇ ਧੜੇ ਵਿਚ ਸਾਰੇ ਬਾਗ਼ੀ ਆਗੂ ਇਕੱਠੇ ਹੋਣੇ ਸ਼ੁਰੂ ਹੋ ਗਏ ਪਰ ਫਿਰ ਵੀ ਉਹ ਸਾਰੇ ਬਰਗਾੜੀ ਦੇ ਮਾਰਚ ਵਿਚ ਇਕੱਠੇ ਹੋ ਕੇ ਨਾ ਪਹੁੰਚ ਸਕੇ। ਪਰ ਤੀਜੇ ਧੜੇ ਦੀ ਖ਼ੁਸ਼ੀ ਵਿਚ ਕਾਂਗਰਸ ਪਾਰਟੀ ਦੇ ਅੰਦਰ ਘਬਰਾਹਟ ਵਧ ਗਈ। ਐਮ.ਸੀ. ਚੋਣਾਂ ਦੇ ਨਤੀਜਿਆਂ ਦੇ ਬਾਅਦ ਪਾਰਟੀ ਵਿਚ ਆਉਣ ਵਾਲੀਆਂ 2022 ਦੀਆਂ ਚੋਣਾਂ ਬਾਰੇ ਬੜੀ ਸੰਤੁਸ਼ਟੀ ਸੀ ਤੇ ਕਿਸਾਨੀ ਮੁੱਦੇ ਤੇ ਵੀ ਕਾਂਗਰਸ ਨੂੰ ਜਾਪਦਾ ਸੀ ਕਿ ਉਨ੍ਹਾਂ ਵਲੋਂ ਦਿਤਾ ਸਮਰਥਨ ਕਿਸਾਨਾਂ ਵਲੋਂ ਭੁਲਾਇਆ ਨਹੀਂ ਜਾਵੇਗਾ। ਪਰ ਐਸ.ਅਈ.ਟੀ. ਰੱਦ ਹੁੰਦੇ ਹੀ ਸਾਰੀ ਕਾਂਗਰਸ ਜਿਵੇਂ ਨੀਂਦ ਵਿਚੋਂ ਜਾਗ ਪਈ ਅਤੇ ਜਿਹੜਾ ਤੀਜਾ ਧੜਾ ਆਪ ਤੇ ਅਕਾਲੀ ਦਲ (ਢੀਂਡਸਾ) ਸਿੱਧੂ ਦੀ ਅਗਵਾਈ ਹੇਠ ਬਣਾਉਣ ਦਾ ਯਤਨ ਕਰ ਰਿਹਾ ਸੀ, ਉਹੀ ਤੀਜਾ ਧੜਾ ਕਾਂਗਰਸ ਪਾਰਟੀ ਅੰਦਰ ਹੀ ਤਿਆਰ ਹੋਣਾ ਸ਼ੁਰੂ ਹੋ ਗਿਆ।
Sukhdev Singh Dhindsa
ਕੈਬਨਿਟ ਮੰਤਰੀਆਂ ਵਿਚ ਇੱਕਾ ਦੁੱਕਾ ਨੂੰ ਛੱਡ ਕੇ ਸਾਰੇ ਹੀ ਬਰਗਾੜੀ ਗੋਲੀ ਕਾਂਡ ਮਾਮਲੇ ਦੀ ਹੁਣ ਤਕ ਹੋਈ ਜਾਂਚ ਦੇ ਰੱਦ ਹੋਣ ਤੋਂ ਚਿੰਤਿਤ ਹਨ ਤੇ ਘਬਰਾਹਟ ਜ਼ਾਹਰ ਕਰ ਰਹੇ ਹਨ। ਇਹ ਗੱਲਾਂ ਕੈਬਨਿਟ ਮੀਟਿੰਗ ਵਿਚ ਵੀ ਸੁਣਾਈ ਦਿਤੀਆਂ ਤੇ ਇਸੇ ਘਬਰਾਹਟ ਕਾਰਨ ਜੋ ਲੋਕ 2019 ਤੋਂ ਬਾਅਦ ਕਦੇ ਮਿਲੇ ਹੀ ਨਹੀਂ ਸਨ, ਹੁਣ ਇਕੱਠੇ ਬੈਠ ਕੇ ਨਵੀਂ ਰਣਨੀਤੀ ਬਣਾ ਰਹੇ ਹਨ। ਇਸੇ ਰਣਨੀਤੀ ਤਹਿਤ ਨਵਜੋਤ ਸਿੰਘ ਸਿੱਧੂ ਹੁਣ ਉਹ ਗੱਲਾਂ ਮੀਡੀਆ ਰਾਹੀਂ ਆਖ ਰਹੇ ਹਨ ਜੋ ਕੈਬਨਿਟ ਦੇ ਗਰਮ ਮਾਹੌਲ ਵਿਚ ਆਖੀਆਂ ਗਈਆਂ ਸਨ। ਐਤਵਾਰ ਨੂੰ ਨਵਜੋਤ ਸਿੰਘ ਸਿੱਧੂ ਨੇ ਸੱਭ ਤੋਂ ਵੱਡਾ ਵਾਰ ਕੀਤਾ ਜਦ ਉਨ੍ਹਾਂ ਮੁੱਖ ਮੰਤਰੀ ਨੂੰ ਖੁਲ੍ਹੀ ਚੁਨੌਤੀ ਦੇ ਦਿਤੀ ਕਿ ਸਾਰੇ ਵਿਧਾਇਕ ਮੰਨਦੇ ਹਨ ਕਿ ਸਰਕਾਰ ਮਾਫ਼ੀਆ ਰਾਜ ਦੇ ਬਚਾਅ ਵਾਸਤੇ ਚਲ ਰਹੀ ਹੈ ਨਾ ਕਿ ਲੋਕਾਂ ਦੀ ਭਲਾਈ ਵਾਸਤੇ।
Navjot singh sidhu
ਇਸ ਸ਼ਬਦੀ ਜੰਗ ਵਿਚਕਾਰ ਨਾ ਕੋਈ ਨਵਜੋਤ ਸਿੰਘ ਸਿੱਧੂ ਨਾਲ ਖੁਲ੍ਹ ਕੇ ਖੜਾ ਹੈ ਅਤੇ ਨਾ ਹੀ ਕੋਈ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਕਰ ਰਿਹਾ ਹੈ। ਇੰਜ ਲੱਗ ਰਿਹਾ ਹੈ ਕਿ ਸਾਡੇ ਵਿਧਾਇਕ ਵੇਖ ਰਹੇ ਹਨ ਕਿ ਇਨ੍ਹਾਂ ਦੋਵਾਂ ਵਿਚੋਂ ਹਾਈ ਕਮਾਂਡ ਆਖ਼ਰ ਕਿਸ ਨਾਲ ਖੜਾ ਹੋਵੇਗਾ। ਵਿਧਾਇਕ ਤਾਂ ਉਸੇ ਦੇ ਪਿਛੇ ਖੜੇ ਹੋ ਜਾਣਗੇ ਜਿਸ ਨੂੰ ਕਾਂਗਰਸ ਹਾਈ ਕਮਾਂਡ ਦੀ ਹਮਾਇਤ ਪ੍ਰਾਪਤ ਹੋ ਗਈ। ਹਾਈ ਕਮਾਂਡ ਨੂੰ ਸਿਰਫ਼ ਰਾਹੁਲ ਗਾਂਧੀ ਦੀ ਕੁਰਸੀ ਦੀ ਪ੍ਰਵਾਹ ਹੈ। ਜੇ ਉਨ੍ਹਾਂ ਨੂੰ ਕਾਂਗਰਸ ਦੇ ਯੁਵਾ ਵਰਗ ਤੇ ਬਜ਼ੁਰਗ ਵਰਗ ਵਿਚ ਤਾਲਮੇਲ ਬਣਾਉਣਾ ਆਉਂਦਾ ਤਾਂ ਉਹ ਜੋਤੀ ਰਾਜ ਨੂੰ ਨਰਾਜ਼ ਕਰ ਕੇ ਤੇ ਮੱਧ ਪ੍ਰਦੇਸ਼ ਦਾ ਹਿਮਾਨਤਾ ਸ਼ਰਮਾ ਨੂੰ ਨਰਾਜ਼ ਕਰ ਕੇ ਅਸਾਮ ਨਾ ਗਵਾ ਲੈਂਦੇ।
Congress High Command
ਪਰ ਅਸਲ ਨੁਕਸਾਨ ਕਿਸ ਦਾ ਹੋ ਰਿਹਾ ਹੈ? ਕਾਂਗਰਸੀ ਵਿਧਾਇਕਾਂ ਨੂੰ ਜੇ ਅਸਲ ਵਿਚ ਬੇਅਦਬੀ ਕਾਂਡ ਦਾ ਫ਼ਿਕਰ ਹੁੰਦਾ ਤਾਂ ਇਹ ਬਗ਼ਾਵਤ ਕਾਫ਼ੀ ਦੇਰ ਪਹਿਲਾਂ ਹੀ ਹੋ ਜਾਂਦੀ। ਅੱਜ ਕਈ ਬਾਗ਼ੀ ਵਿਧਾਇਕ ਅਜਿਹੇ ਹਨ ਜੋ ਕਈ ਗ਼ੈਰ ਕਾਨੂੰਨੀ ਧੰਦਿਆਂ ਵਿਚ ਸ਼ਰੇਆਮ ਲੱਗੇ ਹੋਏ ਹਨ। ਇਨ੍ਹਾਂ ਵਿਚੋਂ ਜ਼ਿਆਦਾ ਦੀ ਫ਼ਿਕਰ ਦਾ ਕਾਰਨ ਚੋਣਾਂ ਹਨ ਜਿਥੇ ਉਹ ਅਪਣੇ ਵੋਟਰਾਂ ਸਾਹਮਣੇ ਪੇਸ਼ ਹੋਣ ਤੇ ਮਜਬੂਰ ਹੋਣਗੇ। ਜੇ ਚੋਣਾਂ ਨਜ਼ਦੀਕ ਨਾ ਹੁੰਦੀਆਂ ਤਾਂ ਕੀ ਇਹ ਸਾਰੇ ਬਗ਼ਾਵਤ ਕਰ ਸਕਦੇ ਸਨ?
Bargari Golikand
ਚਾਹੇ ਮੁੱਦਾ ਸਹੀ ਹੈ ਤੇ ਦ੍ਰਿੜ੍ਹਤਾ ਨਾਲ ਨਜਿੱਠਣ ਵਾਲੀ ਸੋਚ ਮੰਗਦਾ ਹੈ ਪਰ ਠੀਕ ਤੇ ਵਿਖਾਵੇ ਦੇ ਫ਼ਿਕਰ ਦਾ ਫ਼ੈਸਲਾ ਕਰਨ ਲਈ ਸਮਾਂ ਵੇਖਣਾ ਵੀ ਜ਼ਰੂਰੀ ਹੁੰਦਾ ਹੈ। ਅਸਲ ਵਿਚ ਪੰਜਾਬ ਨੂੰ ਇਕ ਸਾਫ਼ ਸੁਥਰੇ ਤੇ ਮਜ਼ਬੂਤ ਸਿਆਸਤਦਾਨ ਦੀ ਸਖ਼ਤ ਲੋੜ ਹੈ ਜੋ ਸਿਰਫ਼ ਚੋਣਾਂ ਦੇ ਨੇੜੇ ਆ ਕੇ ਹੀ ਨਹੀਂ, ਹਰ ਵਕਤ ਹੀ ਲੋਕ ਭਲਾਈ ਵਾਸਤੇ ਜੁਟਿਆ ਨਜ਼ਰ ਆਵੇ। ਬਰਗਾੜੀ ਦਾ ਅਸਲ ਸੱਚ ਕਾਂਗਰਸ ਸਰਕਾਰ ਪਹਿਲੇ ਇਕ-ਦੋ ਸਾਲਾਂ ਵਿਚ ਹੀ ਬਾਹਰ ਲਿਆ ਦੇਂਦੀ ਤਾਂ ਅੱਜ ਹਾਲਤ ਬਿਲਕੁਲ ਵਖਰੀ ਹੋਣੀ ਸੀ। -ਨਿਮਰਤ ਕੌਰ