
ਨਿਊਜ਼ੀਲੈਂਡ ਅਪਣੇ ਆਪ ਨੂੰ ਕੋਰੋਨਾ ਮੁਕਤ ਐਲਾਨ ਚੁਕਿਆ ਹੈ ਪਰ ਇਸ ਟਾਪੂ ਦੇਸ਼ ਦੀ ਖ਼ੁਸ਼ਨਸੀਬੀ ਦੁਨੀਆਂ ਦੇ ਕਿਸੇ ਹੋਰ ਕੋਨੇ ਵਿਚ
ਨਿਊਜ਼ੀਲੈਂਡ ਅਪਣੇ ਆਪ ਨੂੰ ਕੋਰੋਨਾ ਮੁਕਤ ਐਲਾਨ ਚੁਕਿਆ ਹੈ ਪਰ ਇਸ ਟਾਪੂ ਦੇਸ਼ ਦੀ ਖ਼ੁਸ਼ਨਸੀਬੀ ਦੁਨੀਆਂ ਦੇ ਕਿਸੇ ਹੋਰ ਕੋਨੇ ਵਿਚ, ਖ਼ਾਸ ਕਰ ਕੇ ਭਾਰਤ ਵਿਚ, ਅਜੇ ਮੁਮਕਿਨ ਨਹੀਂ ਜਾਪਦੀ। ਅੱਜ ਜਦੋਂ ਭਾਰਤ ਦੇ ਸ਼ਾਪਿੰਗ ਮਾਲ ਖੁੱਲ੍ਹ ਗਏ ਹਨ, ਭਾਰਤ ਵਿਚ ਇਸ ਮਹਾਂਮਰੀ ਦੇ ਨਵੇਂ ਕੇਸ ਪਿਛਲੇ ਸਾਰੇ ਰੀਕਾਰਡ ਤੋੜਨ ਲੱਗ ਪਏ ਹਨ।
New Zealand
ਭਾਰਤ ਅਪਣੀਆਂ ਥਾਲੀਆਂ ਵਜਾਉਂਦਾ ਰਿਹਾ, ਕਦੇ ਫੁੱਲ ਵਰ੍ਹਾਉਂਦਾ ਰਿਹਾ, ਕਦੇ ਅਪਣੇ ਆਪ ਦੀਆਂ ਤਾਰੀਫ਼ਾਂ ਕਰਦਾ ਰਿਹਾ ਪਰ ਅਸਲ ਕੰਮ ਕਰਨਾ ਭੁਲਿਆ ਹੀ ਰਿਹਾ। ਖ਼ੈਰ, ਹੁਣ ਤਾਂ ਅਮਿਤ ਸ਼ਾਹ ਵੀ ਮੰਨਦੇ ਹਨ ਕਿ ਤਾਲਾਬੰਦੀ ਲਾਗੂ ਕਰਨ ਵਿਚ ਉਨ੍ਹਾਂ ਤੋਂ ਗ਼ਲਤੀਆਂ ਹੋਈਆਂ ਪਰ ਉਹ ਵਿਰੋਧੀਆਂ ਤੋਂ ਬਿਹਤਰ ਰਹੇ। ਸਰਕਾਰ ਦਾ ਇਹ ਸਪਸ਼ਟੀਕਰਨ ਜਚਦਾ ਨਹੀਂ ਕਿਉਂਕਿ ਇਹ ਗ਼ਲਤੀਆਂ ਭਾਰਤ ਨੂੰ ਜਾਨ-ਮਾਲ ਨਾਲ ਚੁਕਾਉਣੀਆਂ ਪੈ ਰਹੀਆਂ ਹਨ ਅਤੇ ਜੋ ਕਰਨਾ ਹੁੰਦਾ ਹੈ,
corona test
ਉਹ ਸਰਕਾਰ ਨੇ ਕਰਨਾ ਹੁੰਦਾ ਹੈ, ਵਿਰੋਧੀ ਪਾਰਟੀਆਂ ਸਿਰਫ਼ ਸਲਾਹ ਦੇ ਸਕਦੀਆਂ ਹਨ (ਅਖ਼ਬਾਰਾਂ ਦੀ ਤਰ੍ਹਾਂ) ਜਾਂ ਸਰਕਾਰ ਆਪ ਉਨ੍ਹਾਂ ਨੂੰ ਕੁੱਝ ਵਿਸ਼ੇਸ਼ ਕੰਮ ਕਰਨ ਲਈ ਕਹਿਣ ਦੀ ਪਹਿਲ ਕਰ ਸਕਦੀ ਹੈ। ਪਰ ਮੋਦੀ ਸਰਕਾਰ ਤਾਂ ਵਿਰੋਧੀ ਧਿਰ ਨਾਲ ਗੱਲ ਕਰਨੀ ਵੀ ਪਸੰਦ ਨਹੀਂ ਕਰਦੀ। ਪਰ ਕੀ ਅੱਜ ਵੀ ਗ਼ਲਤੀਆਂ ਕਰਨ ਦਾ ਸਿਲਸਿਲਾ ਬੰਦ ਹੋ ਚੁੱਕਾ ਹੈ? ਕੀ ਹੁਣ ਭਾਰਤ ਸਰਕਾਰ ਜੋ ਕਰੇਗੀ, ਉਹ ਗ਼ਲਤੀਆਂ ਰਹਿਤ ਹੋਵੇਗਾ?
New zealand
ਅੱਜ ਵੀ ਅਸਲ ਸਥਿਤੀ ਨੂੰ ਸਮਝਦੇ ਹੋਏ ਕੋਈ ਸਾਂਝੀ ਕੌਮੀ ਨੀਤੀ ਨਹੀਂ ਬਣਾਈ ਜਾ ਰਹੀ। ਜੇ ਅਸੀ ਨਿਊਜ਼ੀਲੈਂਡ ਵਲ ਵੇਖੀਏ ਤਾਂ ਉਨ੍ਹਾਂ ਦੀ ਕੋਰੋਨਾ ਵਿਰੁਧ ਜੰਗ 'ਚ ਜਿੱਤ ਵਿਚ ਸਰਕਾਰ ਤੋਂ ਇਲਾਵਾ ਉਨ੍ਹਾਂ ਦੀ ਪੰਜ ਕਰੋੜ ਦੀ ਆਬਾਦੀ ਦਾ ਵੀ ਪੂਰਾ ਯੋਗਦਾਨ ਸੀ ਤੇ ਇਸ ਮਾਮਲੇ ਤੇ ਸਾਰੇ ਇਕ ਸਨ। ਸਾਡੀ ਆਬਾਦੀ ਤਾਂ ਘੱਟ ਹੋ ਨਹੀਂ ਸਕਦੀ ਪਰ ਅਸੀ ਅਪਣੇ ਆਪ ਨੂੰ ਸੀਮਤ ਤਾਂ ਕਰ ਸਕਦੇ ਹਾਂ।
Arvind Kejriwal
ਦਿੱਲੀ ਸਰਕਾਰ ਚਾਹੁੰਦੀ ਹੈ ਕਿ ਉਹ ਦਿੱਲੀ ਦੇ ਸਰਕਾਰੀ ਹਸਪਤਾਲਾਂ ਨੂੰ ਦਿੱਲੀ ਵਾਸੀਆਂ ਵਾਸਤੇ ਰਾਖਵੇਂ ਕਰ ਦੇਵੇ। ਇਹ ਉਦੋਂ ਹੀ ਮੁਮਕਿਨ ਹੈ ਜਦ ਤੁਸੀ ਬਾਹਰ ਤੋਂ ਆਉਣ ਵਾਲੇ ਹਰ ਵਿਅਕਤੀ ਨੂੰ ਅਪਣੇ ਸੂਬੇ ਵਿਚ ਪਰਤ ਜਾਣ ਦਾ ਸਮਾਂ ਅਤੇ ਇਜਾਜ਼ਤ ਦਿਤੀ ਹੋਵੇ। ਭਾਵੇਂ ਇਹ ਸੁਝਾਅ ਨਾਸਮਝੀ ਭਰਿਆ ਹੈ ਪਰ ਉਨ੍ਹਾਂ ਦੀ ਘਬਰਾਹਟ ਵੀ ਸਮਝ ਆ ਰਹੀ ਹੈ ਕਿਉਂਕਿ ਦਿੱਲੀ ਅਤੇ ਮਹਾਰਾਸ਼ਟਰ ਵਿਚ ਕੋਰੋਨਾ ਕੇਸ ਸੱਭ ਤੋਂ ਵੱਧ ਹਨ। ਸਰਕਾਰਾਂ ਅਪਣੇ ਨਾਗਰਿਕਾਂ ਪ੍ਰਤੀ ਜ਼ਿੰਮੇਵਾਰ ਹੁੰਦੀਆਂ ਹਨ ਪਰ ਇਨਸਾਨੀਅਤ ਤਾਂ ਨਹੀਂ ਭੁਲਾਈ ਜਾ ਸਕਦੀ।
AIIMS
ਦਿੱਲੀ ਵਿਚ ਇਕ ਚਰਚਿਤ ਆਡੀਉ ਨੇ ਦਿੱਲੀ ਦੇ ਏਮਜ਼ ਦੀ ਬੜੀ ਖ਼ਤਰਨਾਕ ਤਸਵੀਰ ਪੇਸ਼ ਕੀਤੀ ਹੈ ਜਿਥੇ ਲਾਸ਼ਾਂ ਦਾ ਢੇਰ ਲਗਿਆ ਹੋਇਆ ਹੈ ਅਤੇ ਅੰਕੜੇ ਲੁਕਾਏ ਜਾ ਰਹੇ ਹਨ। ਮੁੰਬਈ ਤੋਂ ਵੀ ਦਿਲ ਹਿਲਾ ਦੇਣ ਵਾਲੀਆਂ ਝਲਕੀਆਂ ਸਾਹਮਣੇ ਆ ਰਹੀਆਂ ਹਨ। ਹੁਣ ਤਾਲਾਬੰਦੀ ਦੇ ਖੋਲ੍ਹਣ ਤੋਂ ਬਾਅਦ ਇਹ ਸਥਿਤੀ ਹਰ ਸੂਬੇ ਦਾ ਆਉਣ ਵਾਲਾ ਕਲ੍ਹ ਜਾਪ ਰਿਹਾ ਹੈ। ਪੰਜਾਬ ਪਿਛਲੇ ਹਫ਼ਤੇ ਖ਼ੁਸ਼ੀ ਮਨਾ ਰਿਹਾ ਸੀ ਕਿ ਹੁਣ ਪੰਜਾਬ ਕੋਰੋਨਾ ਮੁਕਤ ਹੈ ਪਰ ਜਿਉਂ ਹੀ ਤਾਲਾਬੰਦੀ ਹਟੀ, ਮਰੀਜ਼ਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ। ਹਰਿਆਣਾ ਵਿਚ ਵੀ ਇਸੇ ਕਰ ਕੇ ਕੇਸ ਵਧੇ ਹਨ।
Coronavirus
ਹਰਿਆਣਾ ਵੀ ਚਿੰਤਾ ਵਿਚ ਹੈ ਕਿਉਂਕਿ ਨਾ ਉਹ ਕੇਂਦਰ ਦੇ ਹੁਕਮ ਵਿਰੁਧ ਜਾ ਕੇ ਦਿੱਲੀ ਤੋਂ ਆਉਣ ਵਾਲਿਆਂ ਉਤੇ ਰੋਕ ਲਾ ਸਕਦੇ ਹਨ ਅਤੇ ਇਸ ਸਦਕਾ, ਨਾ ਉਹ ਅਪਣੇ ਸੂਬੇ ਵਿਚ ਹਾਲਾਤ ਨੂੰ ਵਿਗੜਨ ਤੋਂ ਬਚਾ ਸਕਦੇ ਹਨ। ਇਸੇ ਤਰ੍ਹਾਂ ਕੇਰਲ ਵਿਚ ਕੋਰੋਨਾ ਦੇ ਪੀੜਤ ਵਧ ਰਹੇ ਹਨ। ਸੋ ਇਨ੍ਹਾਂ ਹਾਲਾਤ ਵਿਚ ਸਰਕਾਰ ਨੂੰ ਅਪਣੇ ਦੇਸ਼ ਦੀ ਅਨੋਖੀ ਬਣਤਰ ਨੂੰ ਧਿਆਨ 'ਚ ਰਖਦਿਆਂ ਕੋਈ ਤਰਕੀਬ ਕਢਣੀ ਚਾਹੀਦੀ ਹੈ।
Corona Virus
ਹਾਲਾਤ ਅਨੁਸਾਰ, ਅੱਜ ਹਰ ਸੂਬੇ ਨੂੰ ਇਕ ਵੱਖ ਦੇਸ਼ ਵਾਂਗ ਸਰਹੱਦਾਂ ਬੰਦ ਕਰਨ ਦੀ ਆਗਿਆ ਹੋਣੀ ਚਾਹੀਦੀ ਹੈ ਅਤੇ ਉਸ ਸੂਬੇ ਦੀ ਅੰਦਰਲੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਖੋਲ੍ਹ ਕੇ ਚੱਲਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। 134 ਕਰੋੜ ਦੀ ਆਬਾਦੀ ਨੂੰ ਕਾਬੂ ਕਰਨਾ ਮੁਸ਼ਕਲ ਹੈ ਪਰ ਅਪਣੇ ਅਪਣੇ ਸੂਬੇ ਨੂੰ ਕਾਬੂ ਕੀਤਾ ਜਾ ਸਕਦਾ ਹੈ।
Corona
ਜਿਹੜੇ ਸੂਬੇ ਅਪਣੇ ਲੋਕਾਂ ਦੀ ਅਪਣੇ ਰਾਜ ਵਿਚ ਠੀਕ ਤਰ੍ਹਾਂ ਸੰਭਾਲ ਨਹੀਂ ਕਰ ਸਕਦੇ, ਉਨ੍ਹਾਂ ਦੀ ਨਾਲਾਇਕੀ ਦੀ ਕੀਮਤ ਦੂਜੇ ਸੂਬੇ ਕਿਉਂ ਚੁਕਾਉਣ? ਇਸ ਤਰ੍ਹਾਂ ਜੇ ਵੱਧ ਤੋਂ ਵੱਧ ਸੂਬੇ ਕੋਰੋਨਾ ਮੁਕਤ ਹੁੰਦੇ ਰਹੇ ਤਾਂ ਉਹ ਬਿਮਾਰ ਸੂਬਿਆਂ ਦੀ ਮਦਦ ਤੇ ਵੀ ਆ ਸਕਦੇ ਹਨ। ਇਸ ਨਾਲ ਆਰਥਕਤਾ ਦੀ ਗਤੀ ਵੀ ਜ਼ੋਰ ਫੜ ਲਵੇਗੀ। ਦੌੜ ਤਾਂ ਉਹ ਅਜੇ ਵੀ ਨਹੀਂ ਸਕੇਗੀ ਪਰ ਜੇ ਇਸੇ ਤਰ੍ਹਾਂ ਆਵਾਜਾਈ ਨੂੰ ਬਿਮਾਰ ਸੂਬਿਆਂ ਵਿਚ ਰੋਕਿਆ ਨਾ ਗਿਆ ਤਾਂ ਇਹ ਮੁਮਕਿਨ ਹੈ ਕਿ ਆਉਣ ਵਾਲੇ ਸਮੇਂ ਵਿਚ ਸਾਰਾ ਭਾਰਤ ਦਿੱਲੀ, ਗੁਜਰਾਤ, ਮਹਾਰਾਸ਼ਟਰ ਵਾਂਗ ਬੇਹਾਲ ਹੋ ਜਾਵੇਗਾ। -ਨਿਮਰਤ ਕੌਰ