Editorial: ਰਾਧਾਕ੍ਰਿਸ਼ਨਨ ਦੀ ਚੋਣ 'ਚ ਭਾਜਪਾ ਨੇ ਮੁੜ ਦਿਖਾਈ ਰਾਜਸੀ ਜਾਦੂਗਰੀ

By : NIMRAT

Published : Sep 11, 2025, 6:59 am IST
Updated : Sep 11, 2025, 6:59 am IST
SHARE ARTICLE
Editorial: BJP again shows political wizardry in Radhakrishnan's election
Editorial: BJP again shows political wizardry in Radhakrishnan's election

ਸੀ.ਪੀ. ਰਾਧਾਕ੍ਰਿਸ਼ਨਨ ਦੀ ਭਾਰਤ ਦੇ ਉਪ ਰਾਸ਼ਟਰਪਤੀ ਵਜੋਂ ਚੋਣ ਮੁੱਢ ਤੋਂ ਹੀ ਯਕੀਨੀ ਸੀ।

BJP again shows political wizardry in Radhakrishnan's election Editorial: ਸੀ.ਪੀ. ਰਾਧਾਕ੍ਰਿਸ਼ਨਨ ਦੀ ਭਾਰਤ ਦੇ ਉਪ ਰਾਸ਼ਟਰਪਤੀ ਵਜੋਂ ਚੋਣ ਮੁੱਢ ਤੋਂ ਹੀ ਯਕੀਨੀ ਸੀ। ਇਹ ਯਕੀਨ ਮੰਗਲਵਾਰ ਨੂੰ ਹਕੀਕਤ ਵਿਚ ਬਦਲ ਗਿਆ। ਇਸ ਚੋਣ ਵਾਸਤੇ ਸੰਵਿਧਾਨਕ ਤੌਰ ’ਤੇ ਨਿਰਧਾਰਤ ਚੋਣ ਮੰਡਲ (ਰਾਜ ਸਭਾ+ਲੋਕ ਸਭਾ ਦੇ ਮੈਂਬਰਾਂ ਦੀ ਕੁਲ ਗਿਣਤੀ) ਦਾ ਗਣਿਤ ਹੀ ਕੁੱਝ ਅਜਿਹਾ ਸੀ ਕਿ ਹੁਕਮਰਾਨ ਐਨ.ਡੀ.ਏ. ਦੇ ਉਮੀਦਵਾਰ ਨੇ ਚੋਣ ਜਿੱਤਣੀ ਹੀ ਸੀ। ਦੋਵਾਂ ਸਦਨਾਂ ਦੇ ਮੈਂਬਰਾਂ ਦੀ ਮੌਜੂਦਾ ਗਿਣਤੀ 781 ਹੈ। ਇਸ ਵਿਚੋਂ 427 ਵੋਟਾਂ ਐਨ.ਡੀ.ਏ. ਦੀਆਂ ਪੱਕੀਆਂ ਸਨ। ਲਿਹਾਜ਼ਾ, ਵਿਰੋਧੀ ਮੁਹਾਜ਼ ‘ਇੰਡੀਆ’ ਦੇ ਉਮੀਦਵਾਰ ਜਸਟਿਸ ਬੀ. ਸੁਦਰਸ਼ਨ ਰੈਡੀ ਦੀ ਜਿੱਤ ਦੀ ਕੋਈ ਗੁੰਜਾਇਸ਼ ਹੀ ਨਹੀਂ ਸੀ। ਵੋਟਿੰਗ ਵਾਲੇ ਦਿਨ ਦਿਲਚਸਪੀ ਦਾ ਇਕੋਇਕ ਵਿਸ਼ਾ ਸੀ ਕਰਾਸ-ਵੋਟਿੰਗ। ਇਸ ਪੱਖੋਂ ਹੁਕਮਰਾਨ ਐਨ.ਡੀ.ਏ. ਦੇ ਚੁਣਾਵੀ ਪ੍ਰਬੰਧਕ ਮੁੜ ਵੱਧ ਕਾਰਜ-ਕੁਸ਼ਲ ਸਾਬਤ ਹੋਏ। ਸ੍ਰੀ ਰਾਮਾਚੰਦਰਨ ਨੂੰ 428-440 ਦੇ ਅਨੁਮਾਨ ਨਾਲੋਂ ਵੱਧ 452 ਵੋਟਾਂ ਪ੍ਰਾਪਤ ਹੋਈਆਂ। ਕਾਂਗਰਸ ਦੇ ਮੁੱਖ ਤਰਜਮਾਨ ਜੈਰਾਮ ਰਮੇਸ਼, ਜਸਟਿਸ ਰੈਡੀ ਨੂੰ ਮਿਲੀਆਂ 300 ਵੋਟਾਂ ਨੂੰ ਵਿਰੋਧੀ ਧਿਰ ਦੀ ਇਖ਼ਲਾਕੀ ਜਿੱਤ ਇਸ ਆਧਾਰ ’ਤੇ ਦੱਸ ਰਹੇ ਹਨ ਕਿ 2022 ’ਚ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਵਿਰੋਧੀ ਧਿਰ ਦੀ ਉਮੀਦਵਾਰ ਸ੍ਰੀਮਤੀ ਮਾਰਗ੍ਰੈਟ ਅਲਵਾ ਨੂੰ ਮਹਿਜ਼ 126 ਵੋਟਾਂ ਮਿਲੀਆਂ ਸਨ। ਅਜਿਹਾ ਦਾਅਵਾ ਕਰਨ ਲੱਗਿਆਂ ਉਹ ਭੁੱਲ ਗਏ ਕਿ 2022 ਵਿਚ ਲੋਕ ਸਭਾ ਦੀ ਅਸਲ ਬਣਤਰ ਕੀ ਸੀ ਅਤੇ ਉਦੋਂ ਉੱਥੇ ਮੋਦੀ ਸਰਕਾਰ ਕੋਲ ਤਕਰੀਬਨ ਤਿੰਨ-ਚੌਥਾਈ ਬਹੁਮਤ ਸੀ। ਹੁਣ ਲੋਕ ਸਭਾ ਵਿਚ ਮੋਦੀ ਸਰਕਾਰ ਕੋਲ ਸਿਰਫ਼ ਸਾਧਾਰਨ ਬਹੁਮਤ ਹੈ। ਉਹ ਰਾਜਸੀ ਤੌਰ ’ਤੇ ਅਪਣੀ ਸਰਦਾਰੀ ਦਾ 2022 ਵਾਲਾ ਡੰਕਾ ਵਜਾਉਣ ਦੀ ਸਥਿਤੀ ਵਿਚ ਨਹੀਂ। ਫਿਰ ਵੀ ਉਹ 15 ਵੋਟਾਂ ਅਵੈਧ ਬਣਾਉਣ ਅਤੇ ਏਨੀਆਂ ਕੁ ਹੀ ਵਿਰੋਧੀ ਸਫ਼ਾਂ ਵਿਚੋਂ ਤੋੜਨ ਵਿਚ ਕਾਮਯਾਬ ਰਹੀ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਹਕੀਕੀ ਤੋਂ ਇਲਾਵਾ ਇਖ਼ਲਾਕੀ ਜਿੱਤ ਵੀ ਹੁਕਮਰਾਨ ਧਿਰ ਦੀ ਹੋਈ।

ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਉਪਰੋਕਤ ਜੋੜ-ਤੋੜ ਸੰਭਵ ਬਣਾਉਣ ਵਿਚ ਸ੍ਰੀ ਰਾਧਾਕ੍ਰਿਸ਼ਨਨ ਦੀ ਨਿੱਜੀ ਸ਼ਖ਼ਸੀਅਤ ਦਾ ਵੀ ਯੋਗਦਾਨ ਰਿਹਾ। ਉਹ ਤਾਮਿਲ ਨਾਡੂ ਤੋਂ ਹਨ, 16 ਵਰਿ੍ਹਆਂ ਦੀ ਉਮਰ ਤੋਂ ਰਾਸ਼ਟਰੀ ਸਵੈਮ-ਸੇਵਕ ਸੰਘ  (ਆਰ.ਐੱਸ.ਐੱਸ.) ਨਾਲ ਜੁੜੇ ਹੋਏ ਹਨ; ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਕੋਇੰਬਟੂਰ ਹਲਕੇ ਤੋਂ ਦੋ ਵਾਰ ਲੋਕ ਸਭਾ ਦੀ ਚੋਣ ਵੀ ਜਿੱਤ ਚੁੱਕੇ ਹਨ; ਦੋ ਸੂਬਿਆਂ ਝਾਰਖੰਡ ਤੇ ਮਹਾਰਾਸ਼ਟਰ ਦੇ ਰਾਜਪਾਲਾਂ ਵਜੋਂ ਉਨ੍ਹਾਂ ਦਾ ਕਾਰਜਕਾਲ ਵਿਵਾਦਾਂ ਤੋਂ ਮੁਕਤ ਰਿਹਾ। ਇਨ੍ਹਾਂ ਤੱਤਾਂ-ਤੱਥਾਂ ਤੋਂ ਇਲਾਵਾ ਪ੍ਰਸ਼ਾਸਨਿਕ ਤੇ ਵਿਧਾਨਕ ਹਲਕਿਆਂ ਵਿਚ ਉਹ ਮੱਧ-ਮਾਰਗੀ ਤੇ ਹਲੀਮੀ ਨਾਲ ਪੇਸ਼ ਆਉਣ ਵਾਲੀ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਹਨ। ਭਾਜਪਾ ਹਲਕਿਆਂ ਦਾ ਦਾਅਵਾ ਹੈ ਕਿ ਇਨ੍ਹਾਂ ਖ਼ੂਬੀਆਂ ਨੇ ਸ੍ਰੀ ਰਾਧਾਕ੍ਰਿਸ਼ਨਨ ਨੂੰ ਝਾਰਖੰਡ ਤੇ ਮਹਾਰਾਸ਼ਟਰ ਰਾਜਾਂ ਵਿਚੋਂ ਵਿਰੋਧੀ ਧਿਰ ਦੀਆਂ ਵੋਟਾਂ ਦਿਵਾਈਆਂ। ਦੂਜੇ ਪਾਸੇ, ਵਿਰੋਧੀ ਧਿਰ ਦੇ ਉਮੀਦਵਾਰ ਜਸਟਿਸ ਰੈਡੀ ਵੀ ਸੁਲਝੀ ਹੋਈ ਸ਼ਖ਼ਸੀਅਤ ਹਨ। ਕਾਨੂੰਨੀ ਬਾਰੀਕੀਆਂ ਉੱਤੇ ਉਨ੍ਹਾਂ ਦੀ ਪਕੜ ਵੀ ਬੇਮਿਸਾਲ ਹੈ। ਪਰ ਸਿਆਸੀ ਤੇ ਵਿਧਾਨਕ ਤਜਰਬੇ ਪੱਖੋਂ ਉਹ ਸ੍ਰੀ ਰਾਧਾਕ੍ਰਿਸ਼ਨਨ ਦੇ ਮੇਚ ਦੇ ਨਹੀਂ ਸਨ। ਭਾਰਤੀ ਉਪ ਰਾਸ਼ਟਰਪਤੀ, ਰਾਜ ਸਭਾ ਦਾ ਸਭਾਪਤੀ ਵੀ ਹੁੰਦਾ ਹੈ। ਵਿਧਾਨਕ ਕੰਮ-ਕਾਜ ਦਾ ਤਜਰਬਾ, ਸਭਾਪਤੀ ਦੇ ਅਹੁਦੇ ਦੀਆਂ ਜ਼ਿੰਮੇਵਾਰੀਆਂ ਸੁਚੱਜੇ ਢੰਗ ਨਾਲ ਨਿਭਾਉਣ ਵਿਚ ਭਰਪੂਰ ਮਦਦਗ਼ਾਰ ਹੁੰਦਾ ਹੈ। ਸ੍ਰੀ ਰਾਧਾਕ੍ਰਿਸ਼ਨਨ ਇਸ ਪੱਖੋਂ ਵੱਧ ਪੱਕੇ ਪੈਰਾਂ ’ਤੇ ਸਨ। ਇਹ ਕਾਬਲੀਅਤ ਵੀ ਉਨ੍ਹਾਂ ਦੇ ਹੱਕ ਵਿਚ ਭੁਗਤੀ। ਇਨ੍ਹਾਂ ਤੱਥਾਂ ਤੋਂ ਇਲਾਵਾ ਸਿਆਸੀ ਜੋੜਾਂ-ਤੋੜਾਂ ਦੀ ਮੁਹਾਰਤ ਵੀ ਭਾਜਪਾ ਦੇ ਕੰਮ ਆਈ। ਪਾਰਟੀ ਲੀਡਰਸ਼ਿਪ ਨੇ ਜਗਦੀਪ ਧਨਖੜ ਅਸਤੀਫ਼ਾ ਕਾਂਡ ਤੋਂ ਫ਼ੂਕ-ਫ਼ੂਕ ਕੇ ਕਦਮ ਪੁੱਟਣਾ ਸਿੱਖਿਆ। ਸ੍ਰੀ ਰਾਧਾਕ੍ਰਿਸ਼ਨਨ ਦੀ ਉਮੀਦਵਾਰ ਵਜੋਂ ਨਾਮਜ਼ਦਗੀ ਡੂੰਘੀ ਸਿਆਸੀ ਕਵਾਇਦ ਦੀ ਪੈਦਾਇਸ਼ ਸੀ। ਉਹ ਦੱਖਣ ਭਾਰਤੀ ਹਨ; ਪਛੜੀ ਸ਼ੇ੍ਰਣੀ ਵਿਚ ਆਉਂਦੇ ਗੌਂਦਰ ਭਾਈਚਾਰੇ ਵਿਚੋਂ ਹਨ ਅਤੇ ਪੜ੍ਹੇ-ਲਿਖੇ ਹਨ। ਦੇਸ਼ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਦਿਵਾਸੀ, ਉਪ ਰਾਸ਼ਟਰਪਤੀ ਪਛੜੇ ਵਰਗ ਤੋਂ ਅਤੇ ਫਿਰ ਪ੍ਰਧਾਨ ਮੰਤਰੀ ਵੀ ਇਸੇ ਵਰਗ ਤੋਂ। ਅਜਿਹਾ ਸਿਆਸੀ ਅਲਜਬਰਾ, ਕਾਂਗਰਸੀ ਨੇਤਾ ਰਾਹੁਲ ਗਾਂਧੀ ਦੇ ਇਸ ਪ੍ਰਚਾਰ ਨੂੰ ਸਿੱਧੇ ਤੌਰ ’ਤੇ ਬੇਅਸਰ ਬਣਾਉਣ ਵਾਲਾ ਹੈ ਕਿ ਭਾਜਪਾ ਦੱਬੇ-ਕੁਚਲੇ ਵਰਗਾਂ ਦੀ ਖ਼ੈਰਖਾਹ ਨਹੀਂ। ਅਜਿਹੀ ਸਿਆਸੀ ਸੂਝ ਨਾ ਕਾਂਗਰਸ ਨੇ ਦਿਖਾਈ ਅਤੇ ਨਾ ਹੀ ਉਸ ਦੇ ਇਤਿਹਾਦੀਆਂ ਨੇ।
ਉਪ ਰਾਸ਼ਟਰਪਤੀ ਦਾ ਅਹੁਦਾ ਭਾਵੇਂ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਵਰਗੇ ਰੁਤਬਿਆਂ ਜਿੰਨਾ ਠੁੱਕਦਾਰ ਨਹੀਂ, ਫਿਰ ਵੀ ਇਸ ਦੀ ਅਹਿਮੀਅਤ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ। ਰਾਸ਼ਟਰਪਤੀ ਦੇ ਚਲਾਣੇ ਤੋਂ ਉਪਜੇ ਹਾਲਾਤ ਵਿਚ ਰਾਸ਼ਟਰ ਦੇ ਨਿਗ਼ਰਾਨ ਤੇ ਸਰਬਰਾਹ ਦੀ ਭੂਮਿਕਾ ਉਪ ਰਾਸ਼ਟਰਪਤੀ ਹੀ ਨਿਭਾਉਂਦਾ ਹੈ। ਫ਼ਰਵਰੀ 1977 ਵਿਚ ਤੱਤਕਾਲੀ ਰਾਸ਼ਟਰਪਤੀ ਫ਼ਖ਼ਰੂਦੀਨ ਅਲੀ ਅਹਿਮਦ ਦੇ ਅਚਨਚੇਤੀ ਚਲਾਣੇ ਮਗਰੋਂ ਜੁਲਾਈ 1977 ਵਿਚ ਨਵੇਂ ਰਾਸ਼ਟਰਪਤੀ ਦੀ ਚੋਣ ਤਕ ਰਾਸ਼ਟਰਪਤੀ ਵਾਲੀਆਂ ਸਾਰੀਆਂ ਜ਼ਿੰਮੇਵਾਰੀਆਂ ਤੱਤਕਾਲੀ ਉਪ ਰਾਸ਼ਟਰਪਤੀ ਬੀ.ਡੀ. ਜੱਤੀ ਨੇ ਨਿਭਾਈਆਂ ਸਨ। ਪਹਿਲਾਂ 1968 ਵਿਚ ਵੀ.ਵੀ. ਗਿਰੀ ਵਲੋਂ ਉਪ ਰਾਸ਼ਟਰਪਤੀ ਦਾ ਅਹੁਦਾ ਤਿਆਗ ਕੇ ਰਾਸ਼ਟਰਪਤੀ ਦੀ ਚੋਣ ਲੜਨ ਵੇਲੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ, ਮੁਹੰਮਦ ਹਿਦਾਇਤਉੱਲਾ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਨਾਲ-ਨਾਲ ਰਾਸ਼ਟਰਪਤੀ ਵਾਲੇ ਕਾਰਜ ਵੀ ਆਰਜ਼ੀ ਤੌਰ ’ਤੇ ਕਰਨੇ ਪਏ ਸਨ। ਸੀ.ਪੀ. ਰਾਧਾਕ੍ਰਿਸ਼ਨਨ ਦੀ ਜਿੱਤ ਸਦਕਾ ਦੇਸ਼ ਨੂੰ ਜਿੱਥੇ 15ਵਾਂ ਉਪ ਰਾਸ਼ਟਰਪਤੀ ਮਿਲਿਆ ਹੈ, ਉੱਥੇ ਇਸ ਚੋਣ ਰਾਹੀਂ ਵਿਰੋਧੀ ਧਿਰ ਦੀਆਂ ਸਫ਼ਾ ਵਿਚ ਲੱਗੀ ਸੰਨ੍ਹ, ਸਿਆਸੀ ਤੌਰ ’ਤੇ ਵੀ ਭਾਜਪਾ ਤੇ ਐਨ.ਡੀ.ਏ. ਦੇ ਕਾਡਰ ਨੂੰ ਨਵਾਂ ਉਤਸ਼ਾਹ ਬਖ਼ਸ਼ਣ ਵਾਲੀ ਹੈ। ਬਿਹਾਰ ਵਿਧਾਨ ਸਭਾ ਚੋਣਾਂ ਦੇ ਪ੍ਰਸੰਗ ਵਿਚ ਐਨ.ਡੀ.ਏ. ਨੂੰ ਅਜਿਹੇ ਹੁਲਾਰੇ ਦੀ ਲੋੜ ਵੀ ਸੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement