
ਬੜੀਆਂ ਮਹੱਤਵਪੂਰਨ ਚੋਣਾਂ ਹਨ, ਬੜਾ ਕੁੱਝ ਵੇਖਣਾ ਸਮਝਣਾ ਪਵੇਗਾ ਪਰ ਤੱਥਾਂ ਨੂੰ ਸਮਝਣ ਵਾਸਤੇ ਭਾਵਨਾਵਾਂ ਤੋਂ ਪਰ੍ਹੇ ਹੋ ਕੇ ਫ਼ੈਸਲਾ ਕਰਨਾ ਪਵੇਗਾ।
ਇਸ ਵਾਰ ਪੰਜ ਪਾਰਟੀਆਂ ਪੰਜਾਬ ਵਿਚ ਤੁਹਾਡੀ ਵੋਟ ਮੰਗਣ ਆ ਗਈਆਂ ਹਨ ਪਰ ਇਹ ਸਾਫ਼ ਨਹੀਂ ਕਿ ਇਨ੍ਹਾਂ ਦੇ ਟੀਚੇ ਵੀ ਉਹੀ ਹਨ ਜੋ ਤੁਹਾਡੇ ਹਨ? ਇਹ ਗੱਲ ਜ਼ਰੂਰ ਹੈ ਕਿ ਇਨ੍ਹਾਂ ਵਿਚੋਂ ਕਈ ਤਾਂ ਮੁੱਖ ਮੰਤਰੀ ਦੀ ਕੁਰਸੀ ਉਤੇ ਮਹਿਜ਼ ਅਪਣੇ ਆਪ ਨੂੰ ਸਜੇ ਹੋਏ ਵੇਖਣ ਲਈ ਹੀ ਚੋਣ ਲੜ ਰਹੇ ਹਨ ਪਰ ਅਜਿਹੇ ਸੁਪਨੇ ਲੈਣ ਵਿਚ ਖ਼ਰਾਬੀ ਵੀ ਕੋਈ ਨਹੀਂ ਕਿਉਂਕਿ ਆਖ਼ਰਕਾਰ ਸਿਆਸਤ ਵਿਚ ਕੁਰਸੀਆਂ ਵੀ ਜ਼ਰੂਰੀ ਹੁੰਦੀਆਂ ਹਨ। ਪਰ ਅੱਜ ਵੋਟਰ ਨੂੰ ਇਹ ਸਮਝਣਾ ਪਵੇਗਾ ਕਿ ਮੁੱਖ ਮੰਤਰੀ ਪਦ ਦਾ ਕਿਹੜਾ ਦਾਅਵੇਦਾਰ ਕੁਰਸੀ ਸਿਰਫ਼ ਅਪਣੇ ਸਵਾਰਥ ਵਾਸਤੇ ਫੁੰਡਣਾ ਚਾਹੁੰਦਾ ਹੈ ਤੇ ਕਿਹੜਾ ਦਾਅਵੇਦਾਰ ਅਪਣੀ ਜ਼ਮੀਰ ਤਕ ਵੀ ਵੇਚ ਦੇਵੇਗਾ ਮੁੱਖ ਮੰਤਰੀ ਦੀ ਇਕ ਕੁਰਸੀ ਵਾਸਤੇ? ਸਹੀ ਅੰਦਾਜ਼ਾ ਲਗਾਣਾ ਬਹੁਤ ਜ਼ਰੂਰੀ ਹੈ।
ਇਹ ਵਾਰ ਵਾਰ ਸਾਬਤ ਹੋ ਚੁੱਕਾ ਹੈ ਕਿ ਇਕ ਮੁੱਖ ਮੰਤਰੀ ਹੀ ਸਰਕਾਰ ਦੀ ਰੂਹ ਹੁੰਦਾ ਹੈ। ਜਿਹੜੀ ਸੋਚ ਉਸ ਦੀ ਹੁੰਦੀ ਹੈ, ਉਹੀ ਸੋਚ ਮਗਰੋਂ ਜਾ ਕੇ ਲਾਗੂ ਹੁੰਦੀ ਹੈ। ਅੱਜ ਸਾਡੇ ਪ੍ਰਧਾਨ ਮੰਤਰੀ ਜੋ ਚਾਹੁੰਦੇ ਹਨ, ਦੇਸ਼ ਵਿਚ ਉਹੀ ਹੁੰਦਾ ਹੈ। ਸਾਰੀ ਸਰਕਾਰ ਉਨ੍ਹਾਂ ਦੇ ਇਸ਼ਾਰੇ ਤੇ ਚਲਦੀ ਹੈ ਤੇ ਜੇ ਉਹ ਕਹਿਣ ਕਿ ਖੇਤੀ ਕਾਨੂੰਨ ਸਹੀ ਸਨ ਤਾਂ ਸਾਰੇ ਉਹੀ ਆਖਣ ਲੱਗੇ ਜਾਂਦੇ ਹਨ ਤੇ ਜੇ ਉਹ ਆਖਣ ਕਿ ਹੁਣ ਖੇਤੀ ਕਾਨੂੰਨ ਵਾਪਸ ਲਏ ਜਾਣਗੇ ਤਾਂ ਸਾਰੇ ਹਾਂ ਜੀ, ਹਾਂ ਜੀ ਕਰਨ ਲੱਗ ਜਾਂਦੇ ਹਨ। ਮੈਨੀਫ਼ੈਸਟੋ ਵੀ ਜ਼ਰੂਰੀ ਹੁੰਦਾ ਹੈ ਤਾਕਿ ਉਨ੍ਹਾਂ ਦੀ ਸੋਚ ਦਾ ਪਤਾ ਲੱਗ ਸਕੇ ਪਰ ਅੰਤ ਵਿਚ ਲਾਗੂ ਤਾਂ ਮੁੱਖ ਮੰਤਰੀ ਦੀ ਮਰਜ਼ੀ ਹੀ ਹੋਣੀ ਹੈ।
ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦਾ ਮੈਨੀਫ਼ੈਸਟੋ ਪੂਰੀ ਤਰ੍ਹਾਂ ਲਾਗੂ ਨਹੀਂ ਸੀ ਕੀਤਾ। ਕਈ ਗੱਲਾਂ ਜਿਵੇਂ ਪੈਸੇ ਦੀ ਕਮੀ, ਕੇਂਦਰ ਵਲ ਜੀ.ਐਸ.ਟੀ. ਦਾ ਬਕਾਇਆ ਵਰਗੇ ਕਾਰਨ ਸਮਝ ਵਿਚ ਆਉਂਦੇ ਹਨ ਪਰ ਇਹ ਨਹੀਂ ਸਮਝ ਆਉਂਦਾ ਕਿ ਰੇਤ, ਟਰਾਂਸਪੋਰਟ ਮਾਫ਼ੀਆ, ਸ਼ਰਾਬ, ਨਸ਼ਾ ਮਾਫ਼ੀਆ ਕਿਸ ਤਰ੍ਹਾਂ ਚਲਦਾ ਰਿਹਾ? ਸੋ ਵੋਟਰ ਦਾ ਫ਼ਰਜ਼ ਬਣ ਜਾਂਦਾ ਹੈ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਦੀ ਕਾਰਗੁਜ਼ਾਰੀ ਨੂੰ ਧਿਆਨ ਨਾਲ ਪਰਖੇ ਅਤੇ ਫਿਰ ਵੇਖੇ ਕਿ ਇਨ੍ਹਾਂ 111 ਦਿਨਾਂ ਵਿਚ ਤੇ ਪਿਛਲੇ ਮੁੱਖ ਮੰਤਰੀ ਦੇ ਸਾਢੇ ਚਾਰ ਸਾਲਾਂ ਵਿਚ ਕੋਈ ਅੰਤਰ ਹੈ ਜਾਂ ਨਹੀਂ। ਨਵਜੋਤ ਸਿੰਘ ਸਿੱਧੂ ਵੀ ਕਾਂਗਰਸ ਵਿਚ ਮੁੱਖ ਮੰਤਰੀ ਚਿਹਰਾ ਹੋ ਸਕਦੇ ਹਨ ਜਾਂ ਬਤੌਰ ਪ੍ਰਧਾਨ ਹੀ ਪਾਰਟੀ ਨੂੰ ਰਸਤਾ ਵਿਖਾਉਣਗੇ? ਕੀ ਉਨ੍ਹਾਂ ਦਾ ਰਸਤਾ ਤੁਹਾਨੂੰ ਸਹੀ ਲਗਦਾ ਹੈ?
ਫਿਰ ਵਾਰੀ ਆਉਂਦੀ ਹੈ ਕਿਸਾਨ ਜਥੇਬੰਦੀਆ ਦੇ ਆਗੂਆਂ ਦੀ। ਹੁਣ ਚਡੂਨੀ ਸਾਹਿਬ ਤੇ ਰਾਜੇਵਾਲ ਨਾਲ ਮਿਲ ਕੇ ਲੜਨਗੇ ਪਰ ਜੋ ਸੱਭ ਤੋਂ ਜ਼ਿਆਦਾ ਕਿਸਾਨਾਂ ਦੀ ਨੁਮਾਇੰਦਗੀ ਕਰਦੀ ਹੈ, ਉਗਰਾਹਾਂ ਜਥੇਬੰਦੀ, ਉਹ ਤਾਂ ਇਨ੍ਹਾਂ ਤੋਂ ਪਿਛੇ ਹੱਟ ਗਈ ਹੈ ਤੇ ਨਰਾਜ਼ ਹੈ ਕਿਉਂਕਿ ਇਨ੍ਹਾਂ ਨੇ ਸੱਤਾ ਵਿਚ ਆਉਣ ਦੀ ਕਾਹਲੀ ਵਿਚ ਐਮਐਸਪੀ ਤੇ ਲਖੀਮਪੁਰ ਕਾਂਡ ਦਾ ਇਨਸਾਫ਼ ਅੱਧ ਵਿਚਕਾਰ ਛੱਡ ਦਿਤਾ ਸੀ। ਕੀ ਇਹ ਸਿਆਸਤ ਵਿਚ ਆਪ ਆ ਕੇ ਲੋਕਾਂ ਦੇ ਹੱਕ ਵਿਚ ਖੜੇ ਹੋ ਸਕਣਗੇ? ਜਦ ਇਹ ਕਿਸਾਨਾਂ ਨੂੰ ਨਿਰਾਸ਼ ਕਰ ਕੇ ਆ ਰਹੇ ਹਨ, ਕੀ ਇਹ ਜਿੱਤ ਕੇ ਪੰਜਾਬ ਨੂੰ ਬਦਲਣ ਵਾਸਤੇ ਆ ਰਹੇ ਹਨ ਜਾਂ ਇਹ ਵੋਟਾਂ ਤੋੜਨ ਵਾਸਤੇ ਆ ਰਹੇ ਹਨ?
‘ਆਪ’ ਦਾ ਮੁੱਖ ਮੰਤਰੀ ਕੌਣ ਹੋਵੇਗਾ? ਜੇ ਭਗਵੰਤ ਮਾਨ ਹੋਵੇਗਾ ਤਾਂ ਕੀ ਉਹ ਪੰਜਾਬ ਦੇ ਮਸਲਿਆਂ ਵਾਸਤੇ ਅਪਣੀ ਹਾਈਕਮਾਂਡ ਦੀ ਖ਼ਿਲਾਫ਼ਤ ਕਰ ਸਕਣਗੇ? ਪੰਜਾਬ ਦਾ ਪਾਣੀ ਦਿੱਲੀ ਨੂੰ ਵੀ ਮੁਫ਼ਤ ਜਾਂਦਾ ਹੈ। ਕੀ ਦਿੱਲੀ ਤੋਂ ਹੀ ਪੈਸਾ ਲਿਆ ਸਕਣਗੇ? ਕੀ ਉਹ ਕੇਂਦਰ ਨਾਲ ਮਿਲ ਕੇ ਕੰਮ ਕਰ ਸਕਣਗੇ ਜਾਂ ਜਿਵੇਂ ਦਿੱਲੀ ਭਾਜਪਾ ਤੇ ‘ਆਪ’ ਦੀ ਚੱਕੀ ਵਿਚ ਪੀਸੀ ਜਾਂਦੀ ਹੈ, ਪੰਜਾਬ ਵੀ ਪੀਸਿਆ ਜਾਂਦਾ ਰਹੇਗਾ?
ਅਗਲੀ ਪਾਰਟੀ ਆਉਂਦੀ ਹੈ ਅਕਾਲੀ ਦਲ ਜਿਸ ਦੇ ਹੱਥ ਵਿਚ ਪੰਜਾਬ ਦੇ ਵੱਡੇ ਵਪਾਰ ਦੀ ਵਾਗਡੋਰ ਹੈ ਤੇ ਸਿੱਖਾਂ ਦੀਆਂ ਉਚ ਸੰਸਥਾਵਾਂ ਦੀ ਚੌਧਰ ਵੀ ਹੈ। ਕੀ ਪਿਛਲੇ ਪੰਜ ਦਸ ਸਾਲਾਂ ਦੀ ਨਮੋਸ਼ੀ ਸਹਿ ਕੇ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਦਾ ਦਰਦ ਸਮਝ ਲਿਆ ਹੈ? ਕੀ ਇਸ ਵਾਰ ਸੁਖਬੀਰ ਸਿੰਘ ਬਾਦਲ ਅਪਣੇ ਨਿਜੀ ਵਪਾਰਕ ਹਿਤਾਂ ਨੂੰ ਇਕ ਪਾਸੇ ਰੱਖ ਕੇ, ਪੰਜਾਬ ਉਤੇ ਰਾਜ ਕਰ ਸਕਣਗੇ? ਕੀ ਉਹ ਐਸ.ਜੀ.ਪੀ.ਸੀ. ਦੀ ਸਰਦਾਰੀ ਕਾਰਨ ਜੋ ਫ਼ਾਇਦਾ ਅਪਣੇ ਚੈਨਲ ਨੂੰ ਦਿੰਦੇ ਹਨ (ਸ੍ਰੀ ਦਰਬਾਰ ਸਾਹਿਬ ਦੇ ਪ੍ਰਸਾਰਣ ਦੇ ਹੱਕ ਸਿਰਫ਼ ਪੀ.ਟੀ.ਸੀ. ਕੋਲ) ਕੀ ਉਸ ਨੂੰ ਤਿਆਗ ਕੇ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਸੂਬੇ ਦੀ ਬਿਹਤਰੀ ਵਾਸਤੇ ਕੰਮ ਕਰ ਸਕਣਗੇ?
ਅਤੇ ਆਖ਼ਰੀ ਗੱਲ ਕਿ ਸੱਭ ਤੋਂ ਤਾਕਤਵਰ ਭਾਜਪਾ ਦਾ ਮੁੱਖ ਮੰਤਰੀ ਕੌਣ ਹੋਵੇਗਾ? ਕੀ ਕੈਪਟਨ ਅਮਰਿੰਦਰ ਸਿੰਘ ਫਿਰ ਤੋਂ ਪੰਜਾਬ ਦੇ ਮੁੱਖ ਮੰਤਰੀ ਬਣਨ ਵਾਸਤੇ ਭਾਜਪਾ ਵਿਚ ਆਏ ਹਨ ਜਾਂ ਸਿਰਫ਼ ਕਾਂਗਰਸ ਨੂੰ ਹਰਾਉਣ ਵਾਸਤੇ? ਭਾਜਪਾ ਜੋ ਸਾਰੀਆਂ ਪਾਰਟੀਆਂ ਦੇ ਆਗੂ ਅਪਣੇ ਅੰਦਰ ਵਾੜ ਕੇ ਪੰਜਾਬ ਵਿਚ ਅਪਣੀਆਂ ਖ਼ਾਲੀ ਕੁਰਸੀਆਂ ਭਰ ਰਹੀ ਹੈ, ਉਸ ਦੀ ਸੋਚ ਪੰਜਾਬ ਪੱਖੀ ਹੋਵੇਗੀ ਜਾਂ ਸਿਰਫ਼ ‘ਆਪ’ ਤੇ ਕਾਂਗਰਸ ਨੂੰ ਮਾਤ ਦੇਣ ਵਾਲੀ? ਕੀ ਉਹ ਅਜਿਹਾ ਮੁੱਖ ਮੰਤਰੀ ਦੇਣਗੇ ਜੋ ਕਿਸਾਨਾਂ ਦੇ ਮਸਲਿਆਂ ਤੇ ਖੁਲ੍ਹ ਕੇ ਪ੍ਰਦਰਸ਼ਨ ਕਰਨ ਦੇਵੇਗਾ ਜਾਂ ਖੱਟਰ ਵਰਗਾ ਦੇਣਗੇ ਜੋ ਅਪਣੇ ਕਿਸਾਨਾਂ ਦੇ ਸਿਰ ਭੰਨਣ ਵਾਸਤੇ ਵੀ ਤਿਆਰ ਰਹੇਗਾ? ਬੜੀਆਂ ਮਹੱਤਵਪੂਰਨ ਚੋਣਾਂ ਹਨ, ਬੜਾ ਕੁੱਝ ਵੇਖਣਾ ਸਮਝਣਾ ਪਵੇਗਾ ਪਰ ਤੱਥਾਂ ਨੂੰ ਸਮਝਣ ਵਾਸਤੇ ਭਾਵਨਾਵਾਂ ਤੋਂ ਪਰ੍ਹੇ ਹੋ ਕੇ ਫ਼ੈਸਲਾ ਕਰਨਾ ਪਵੇਗਾ। -ਨਿਮਰਤ ਕੌਰ