ਤਾਜ਼ਾ ਖ਼ਬਰਾਂ

Advertisement

ਐ ਮੇਰੇ ਦੇਸ਼ ਦੇ ਲੀਡਰੋ ਰੱਬ ਵਰਗੇ ਲੋਕਾਂ ਨੂੰ ਨਾ ਵੇਚੋ ਦੁਨੀਆਂ ਦੀ ਮੰਡੀ ਵਿਚ

ਸਪੋਕਸਮੈਨ ਸਮਾਚਾਰ ਸੇਵਾ
Published May 13, 2019, 1:30 am IST
Updated May 13, 2019, 1:30 am IST
ਅੱਜ ਸਾਡੇ ਦੇਸ਼ ਵਿਚ ਉਪਰੋਕਤ ਗੱਲਾਂ ਸੱਭ ਦੇ ਸਾਹਮਣੇ ਹੋ ਰਹੀਆਂ ਹਨ। ਨਾ ਕਿਸੇ ਨੂੰ ਮਜ਼ਦੂਰ ਦਾ ਫ਼ਿਕਰ, ਨਾ ਕਿਸੇ ਨੂੰ ਕਿਸਾਨ ਦਾ ਫ਼ਿਕਰ। ਜੇ ਫ਼ਿਕਰ ਹੈ ਤਾਂ ਦਲ ਬਦਲ...
Leaders-1
 Leaders-1

ਅੱਜ ਸਾਡੇ ਦੇਸ਼ ਵਿਚ ਉਪਰੋਕਤ ਗੱਲਾਂ ਸੱਭ ਦੇ ਸਾਹਮਣੇ ਹੋ ਰਹੀਆਂ ਹਨ। ਨਾ ਕਿਸੇ ਨੂੰ ਮਜ਼ਦੂਰ ਦਾ ਫ਼ਿਕਰ, ਨਾ ਕਿਸੇ ਨੂੰ ਕਿਸਾਨ ਦਾ ਫ਼ਿਕਰ। ਜੇ ਫ਼ਿਕਰ ਹੈ ਤਾਂ ਦਲ ਬਦਲ ਕੇ ਅਪਣੀ ਕੁਰਸੀ ਦਾ ਫ਼ਿਕਰ ਹੈ। ਐ ਦੇਸ਼ ਦੇ ਲੀਡਰੋ ਕਦੇ ਸੋਚਿਆ ਹੈ ਕਿ ਸਾਨੂੰ ਐਮ.ਐਲ.ਏ. ਤੇ ਐਮ.ਪੀ. ਕੌਣ ਬਣਾਉਂਦਾ ਹੈ। ਇਹ ਦੇਸ਼ ਦੇ ਪਿਆਰੇ ਲੋਕ ਹੀ ਹਨ, ਜੋ ਤੁਹਾਨੂੰ ਕੁਰਸੀਆਂ ਸੌਂਪਦੇ ਹਨ, ਪਰ ਤੁਸੀ ਕਦੇ ਦਲ ਬਦਲਣ ਤੋਂ ਪਹਿਲਾਂ ਇਨ੍ਹਾਂ ਲੋਕਾਂ ਦੀ ਰਾਏ ਲਈ ਹੈ ਕਿ ਅਸੀ ਦਲ ਬਦਲ ਲਈਏ? ਪਰ ਤੁਸੀ ਪੈਸੇ ਦੀ ਖ਼ਾਤਰ ਦੇਸ਼ ਦੇ ਲੋਕਾਂ ਨੂੰ ਦੁਨੀਆਂ ਦੀ ਮੰਡੀ ਵਿਚ ਵੇਚ ਦਿੰਦੇ ਹੋ। ਦਲ ਬਦਲ ਕੇ ਜਾਣਾ ਦੇਸ਼ ਦੇ ਲੋਕਾਂ ਨਾਲ ਸੱਭ ਤੋਂ ਵੱਡੀ ਗ਼ਦਾਰੀ ਹੈ। 

Leaders-2Leaders-2

ਤੁਸੀ ਕਦੇ ਸੋਚਿਆ ਹੈ ਕਿ ਸਾਡੀ ਖ਼ਾਤਰ ਕਿਵੇਂ ਲੋਕ ਲੜਦੇ ਹਨ, ਕਤਲ ਤਕ ਹੋ ਜਾਂਦੇ ਹਨ, ਭਾਈ ਭਾਈ ਦੇ ਵੈਰੀ ਬਣ ਜਾਂਦਾ ਹੈ? ਸ਼ਰੀਕਾ-ਸ਼ਰੀਕੇ ਦਾ ਵੈਰੀ ਬਣ ਜਾਂਦਾ ਹੈ ਪਰ ਤੁਸੀ ਮਿੰਟਾਂ ਸਕਿੰਟਾਂ ਵਿਚ ਵਿੱਕ ਜਾਂਦੇ ਹੋ। ਤੁਸੀ ਆਪ ਨਹੀਂ ਵਿਕਦੇ, ਤੁਸੀ ਲੋਕਾਂ ਨੂੰ ਵੀ ਵੇਚ ਦਿੰਦੇ ਹੋ ਕਿਉਂਕਿ ਲੋਕਾਂ ਤੋਂ ਬਿਨਾਂ ਤੁਹਾਡੀ ਕੋਈ ਔਕਾਤ ਹੀ ਨਹੀਂ ਹੈ। ਜਿਹੜੇ ਲੋਕ ਤੁਹਾਡਾ ਵਿਰੋਧ ਕਰ ਕੇ ਦੂਜੀ ਪਾਰਟੀ ਨਾਂਲ ਵੈਰ ਪਾ ਲੈਂਦੇ ਹਨ, ਤੁਸੀ ਉਸੇ ਪਾਰਟੀ ਵਿਚ ਸ਼ਾਮਲ ਹੋ ਜਾਂਦੇ ਹੋ। ਤੁਹਾਡੇ ਜ਼ਖ਼ਮਾਂ ਦੇ ਫੱਟ ਤਾਂ ਪੈਸੇ ਨੇ ਭਰ ਦਿਤੇ ਪਰ ਕਦੇ ਲੋਕਾਂ ਦੇ ਫੱਟਾਂ ਤੇ ਤੁਸੀ ਮਲ੍ਹਮ ਲਗਾਈ ਹੈ? ਨਹੀਂ ਤੁਹਾਨੂੰ ਲੋਕਾਂ ਦਾ ਫ਼ਿਕਰ ਹੀ ਨਹੀਂ ਕਿਉਂਕਿ ਤੁਹਾਨੂੰ ਤਾਂ ਅਪਣੀ ਕੁਰਸੀ ਦਾ ਫ਼ਿਕਰ ਹੈ।

Leaders-3Leaders-3

ਪਰ ਜ਼ਰਾ ਸੋਚੋ ਇਹ ਕੁਰਸੀ ਸਾਨੂੰ ਕਿਸ ਨੇ ਦਿਤੀ? ਪਰ ਕੋਈ ਨਹੀਂ ਸੋਚਦਾ ਲੋਕਾਂ ਦੀ ਗੱਲ। ਇਸ ਲਈ ਮੇਰੇ ਦੇਸ਼ ਦੇ ਪਿਆਰੇ ਲੋਕੋ ਇਨ੍ਹਾਂ ਦੀ ਸ਼ਾਤਰ ਦਿਮਾਗ਼ ਚਾਲਾਂ ਨੂੰ ਬੁੱਝੋ ਤੇ ਇਨ੍ਹਾਂ ਦਾ ਅਸਲੀ ਚਿਹਰਾ ਪਛਾਣੋ। ਜਦੋਂ ਤੁਸੀ ਇਨ੍ਹਾਂ ਦਾ ਅਸਲੀ ਚਿਹਰਾ ਪਛਾਣ ਗਏ ਤਾਂ ਇਹ ਲੋਕ ਤੁਹਾਨੂੰ ਕਦੇ ਵੀ ਦੁਨੀਆਂ ਦੀ ਮੰਡੀ ਵਿਚ ਵੇਚਣ ਦਾ ਹੌਸਲਾ ਨਹੀਂ ਕਰਨਗੇ। ਇਹ ਸਾਰਾ ਕੁੱਝ ਸਾਡੀ ਫੁੱਟ ਕਰ ਕੇ ਹੀ ਹੋ ਰਿਹਾ ਹੈ। ਇਸ ਲਈ ਲੋਕੋ ਆਪਾਂ ਰਲ ਮਿਲ ਕੇ ਅਸਲੀ ਸੰਘਰਸ਼ਾਂ ਦੇ ਪਿੜ ਮੱਲੀਏ, ਇਹੀ ਸਾਡੀ ਸਾਡੇ ਗੁਰੂਆਂ, ਸ਼ਹੀਦਾਂ ਤੇ ਸਾਡੇ ਲਈ ਜੀਵਨ ਲੇਖੇ ਲਾਉਣ ਵਾਲਿਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। 
- ਸੁਖਪਾਲ ਸਿੰਘ ਮਾਣਕ, ਕਣਕਵਾਲ ਭੰਗੂਆ, ਸੰਗਰੂਰ, ਸੰਪਰਕ : 98722-31523

Location: India, Punjab
Advertisement