
ਸਿਰਫ਼ 20 ਮਹੀਨਿਆਂ ਬਾਅਦ ਹੀ, ਕਾਂਗਰਸ ਦੀ ਪ੍ਰਧਾਨਗੀ ਸੰਭਾਲਣ ਲਈ ਸੋਨੀਆ ਗਾਂਧੀ ਨੂੰ ਫਿਰ ਤੋਂ ਅੱਗੇ ਆਉਣਾ ਪਿਆ ਹੈ 1998 ਵਿਚ ਵੀ ਸੋਨੀਆ ਗਾਂਧੀ ਨੇ ਡੁਬਦੀ ਕਾਂਗਰਸ....
ਸਿਰਫ਼ 20 ਮਹੀਨਿਆਂ ਬਾਅਦ ਹੀ, ਕਾਂਗਰਸ ਦੀ ਪ੍ਰਧਾਨਗੀ ਸੰਭਾਲਣ ਲਈ ਸੋਨੀਆ ਗਾਂਧੀ ਨੂੰ ਫਿਰ ਤੋਂ ਅੱਗੇ ਆਉਣਾ ਪਿਆ ਹੈ 1998 ਵਿਚ ਵੀ ਸੋਨੀਆ ਗਾਂਧੀ ਨੇ ਡੁਬਦੀ ਕਾਂਗਰਸ ਨੂੰ ਬਚਾਇਆ ਸੀ ਅਤੇ ਅੱਜ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਕਾਂਗਰਸ ਨੂੰ ਮੁੜ ਤੋਂ ਬਚਾ ਸਕਣਗੇ। ਪਰ ਕੀ ਇਹ ਮੁਮਕਿਨ ਹੈ? 21 ਸਾਲਾਂ ਵਿਚ ਭਾਰਤ ਬਦਲ ਗਿਆ ਹੈ, ਭਾਰਤ ਦੀ ਸੋਚ ਬਦਲ ਗਈ ਹੈ ਅਤੇ ਸੋਨੀਆ ਸਾਹਮਣੇ ਵੱਡੀ ਚੁਨੌਤੀ ਨਾ ਸਿਰਫ਼ ਕਾਂਗਰਸ ਨੂੰ ਧੌਣ ਸਿੱਧੀ ਕਰ ਕੇ ਖੜੇ ਹੋਣ ਲਈ ਤਿਆਰ ਕਰਨਾ ਹੈ ਬਲਕਿ ਕਾਂਗਰਸ ਨੂੰ ਇਕਜੁਟ ਕਰਨਾ ਵੀ ਹੈ।
Sonia Gandhi & Rahul Gandhi
ਅੱਜ ਕਾਂਗਰਸ ਦੀ ਸੱਭ ਤੋਂ ਵੱਡੀ ਚੁਨੌਤੀ ਇਹ ਹੈ ਕਿ ਉਹ ਅਪਣੇ ਆਪ ਵਿਚ ਹੀ ਵੰਡੀ ਹੋਈ ਹੈ। ਕਸ਼ਮੀਰ 'ਚੋਂ ਧਾਰਾ 370 ਹਟਾਉਣ ਦੇ ਮਾਮਲੇ ਨੂੰ ਲੈ ਕੇ, ਗ਼ੁਲਾਮ ਨਬੀ ਆਜ਼ਾਦੀ ਸੰਸਦ ਵਿਚ ਵੀ ਸੋਨੀਆ ਅਤੇ ਰਾਹੁਲ ਵਲ ਹੀ ਵੇਖਦੇ ਰਹੇ। ਰਾਜ ਸਭਾ ਦੇ ਵੱਡੇ ਕਾਂਗਰਸੀ, ਕਾਂਗਰਸ ਹੀ ਛੱਡ ਗਏ ਅਤੇ ਨੌਜੁਆਨ ਆਗੂਆਂ ਨੇ ਬਾਹਰ ਜਾ ਕੇ ਤੇ ਭਾਜਪਾ ਦੇ ਹੱਕ ਵਿਚ ਬਿਆਨ ਦੇ ਕੇ ਸਾਫ਼ ਕਰ ਦਿਤਾ ਕਿ ਕਾਂਗਰਸੀਆਂ ਨੂੰ ਨਾ ਅੱਜ ਇਸ ਗੱਲ ਦਾ ਹੀ ਪਤਾ ਹੈ ਕਿ ਉਹ ਕਿਸ ਸੋਚ ਤੇ ਖੜੇ ਹਨ ਅਤੇ ਨਾ ਕਾਂਗਰਸੀ ਆਗੂਆਂ ਵਿਚ ਪਾਰਟੀ ਅਨੁਸ਼ਾਸਨ ਹੀ ਬਚਿਆ ਹੈ। ਜੋਤੀਰਾਦਿੱਤਿਆ ਸਿੰਧੀਆ, ਦੀਪੇਂਦਰ ਹੁੱਡਾ ਆਉਣ ਵਾਲੇ ਸਮੇਂ ਵਿਚ ਕਾਂਗਰਸ ਪ੍ਰਧਾਨ ਦੇ ਅਹੁਦੇ ਦੇ ਦਾਅਵੇਦਾਰ ਹਨ ਅਤੇ ਜੇ ਉਹੀ ਪਾਰਟੀ ਦੀ ਸੋਚ ਨਾਲ ਨਹੀਂ ਖੜੇ ਹੋ ਸਕਦੇ ਤਾਂ ਫਿਰ ਕਾਂਗਰਸ ਹੈ ਕੀ?
Congress
ਅਸਲ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਦੀ ਸੋਚ ਕੁੱੱਝ ਹੋਰ ਹੈ ਅਤੇ ਨਵਾਂ ਨੌਜੁਆਨ ਆਗੂ ਕੁੱਝ ਹੋਰ ਚਾਹੁੰਦਾ ਹੈ। ਰਾਹੁਲ ਗਾਂਧੀ ਆਖ ਗਏ ਸਨ ਕਿ ਉਹ ਮੋਦੀ ਵਿਰੁਧ ਅਪਣੇ ਆਪ ਨੂੰ ਇਕੱਲੇ ਮਹਿਸੂਸ ਕਰਦੇ ਸਨ। ਉਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਨੇ ਜਿਸ ਤਰ੍ਹਾਂ ਹਮਾਇਤ ਦਿਤੀ, ਸ਼ਾਇਦ ਏਨੀ ਕਿਸੇ ਹੋਰ ਨੇ ਨਾ ਦਿਤੀ ਹੋਵੇ ਪਰ ਸਿੱਧੂ ਜੀ ਅਪਣੀ ਗਰਮ ਜ਼ੁਬਾਨ ਨੂੰ ਅਪਣੇ ਹੀ ਪਾਰਟੀ ਆਗੂਆਂ ਵਿਰੁਧ ਇਸਤੇਮਾਲ ਕਰਨ ਦੀ ਗ਼ਲਤੀ ਕਰ ਗਏ ਜਿਸ ਦਾ ਖ਼ਮਿਆਜ਼ਾ ਉਹ ਆਪ ਹੀ ਨਹੀਂ, ਸਾਰਾ ਪੰਜਾਬ ਹੀ ਭੁਗਤ ਰਿਹਾ ਹੈ।
Captain Amrinder Singh
ਜੇ ਪੰਜਾਬ ਦੇ ਬਾਕੀ ਕਾਂਗਰਸੀਆਂ ਵਲ ਵੇਖੀਏ ਤਾਂ ਜੋ ਦ੍ਰਿਸ਼ ਅਸੈਂਬਲੀ ਵਿਚ ਇਸ ਵਾਰੀ ਵੇਖਣ ਨੂੰ ਮਿਲਿਆ, ਸਾਫ਼ ਹੈ ਕਿ ਪੰਜਾਬ ਕਾਂਗਰਸ ਵਿਚ ਵੀ ਉਹੀ ਬਾਗ਼ੀ ਖ਼ੂਨ ਉਬਲ ਰਿਹਾ ਹੈ ਜੋ ਕੌਮੀ ਕਾਂਗਰਸ ਵੇਖਣ ਨੂੰ ਮਿਲ ਰਿਹਾ ਹੈ। ਮੁੱਖ ਮੰਤਰੀ ਦੇ ਭਾਸ਼ਨ ਦੌਰਾਨ ਵਿਧਾਨ ਸਭਾ ਖ਼ਾਲੀ ਪਈ ਸੀ ਕਿਉਂਕਿ ਕਾਂਗਰਸੀ ਆਗੂ ਗ਼ੈਰਹਾਜ਼ਰ ਸਨ। ਮੰਤਰੀਆਂ ਦਾ ਵਿਰੋਧ ਕਰਨ ਵਾਲੇ ਕਾਂਗਰਸ ਦੇ ਅਪਣੇ ਵਿਧਾਇਕ ਹੀ ਸਨ। ਵਿਰੋਧੀਆਂ ਨੂੰ ਤਾਂ ਕੁੱਝ ਕਰਨ ਦਾ ਮੌਕਾ ਹੀ ਨਹੀਂ ਮਿਲਿਆ, ਸਾਰੇ ਮਾਰੂ ਵਾਰ ਤਾਂ ਕਾਂਗਰਸੀਆਂ ਨੇ ਹੀ ਕਰ ਦਿਤੇ।
Drugs
ਹੁਣ ਜਦ ਕਾਂਗਰਸ ਸਰਕਾਰ ਅਪਣੇ ਢਾਈ ਸਾਲਾਂ ਵਿਚ ਨਸ਼ਿਆਂ ਦੀ ਸਮੱਸਿਆ ਨੂੰ ਕਾਬੂ ਕਰਨ ਦੀ ਸ਼ਾਬਾਸ਼ੀ ਅਪਣੇ ਆਪ ਨੂੰ ਦੇ ਰਹੀ ਹੈ, ਉਨ੍ਹਾਂ ਦੇ ਅਪਣੇ ਹੀ ਇਕ ਵਿਧਾਇਕ ਦੀ ਪਤਨੀ, ਜਿਨ੍ਹਾਂ ਨੇ ਚੋਣਾਂ ਵਿਚ ਬੜਾ ਨਾਮ ਕਮਾਇਆ, ਹੁਣ ਇਕ ਨਾਟਕਾਂ ਦੀ ਲੜੀ ਸ਼ੁਰੂ ਕਰਨ ਜਾ ਰਹੇ ਹਨ। ਸੱਚੀਆਂ ਕਹਾਣੀਆਂ ਜੋ ਉਹ ਨਾਟਕਾਂ ਰਾਹੀਂ ਸੁਣਾਉਣਗੇ, ਉਸ ਤੋਂ ਉਘੜਵੇਂ ਰੂਪ ਵਿਚ ਹਰ ਇਕ ਨੂੰ ਪਤਾ ਲੱਗ ਜਾਏਗਾ ਕਿ ਨਸ਼ੇ ਕਿਸ ਤਰ੍ਹਾਂ ਜ਼ਿੰਦਗੀਆਂ ਬਰਬਾਦ ਕਰੀ ਜਾ ਰਹੇ ਹਨ। ਯਾਨੀ ਕਿ ਢਾਈ ਸਾਲਾਂ ਵਿਚ ਕਾਂਗਰਸ ਦੇ ਹੱਥ ਇਹੋ ਜਿਹੀ ਇਕ ਵੀ ਕਹਾਣੀ ਨਹੀਂ ਆ ਸਕੀ ਜੋ ਦਸ ਸਕੇ ਕਿ ਉਨ੍ਹਾਂ ਦੀ ਤੰਦਰੁਸਤ ਪੰਜਾਬ ਮੁਹਿੰਮ ਸਫ਼ਲ ਹੋਈ ਹੈ।
Rahul Gandhi
ਅੱਜ ਕਾਂਗਰਸ ਵਿਚ ਸਾਰੇ ਅਪਣੇ ਆਪ ਬਾਰੇ ਹੀ ਸੋਚ ਰਹੇ ਹਨ। ਵੱਡੇ ਆਗੂ ਆਖਦੇ ਹਨ ਕਿ ਅਸੀ ਦੇਸ਼ ਚਲਾਇਆ ਹੈ ਅਤੇ ਅਸੀ ਠੀਕ ਹਾਂ, ਅਤੇ ਨੌਜੁਆਨ ਹੁਣ ਬਦਲੇ ਭਾਰਤ ਵਾਂਗ ਕਾਹਲ ਵਿਚ ਹਨ। ਕਵੀ ਸਿਆਸਤ ਦੀ ਲਹਿਰ ਚਾਹੁੰਦੇ ਹਨ। ਜਿਵੇਂ ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਸਰਕਾਰ ਨੂੰ ਕਾਂਗਰਸੀਆਂ ਨੇ ਸ਼ਰਮਿੰਦਾ ਕੀਤਾ, ਅੱਜ ਭਾਜਪਾ ਨੂੰ ਸੱਭ ਤੋਂ ਵੱਡੀ ਹਮਾਇਤ ਵੀ ਕਾਂਗਰਸੀਆਂ ਦੀਆਂ ਅੰਦਰੂਨੀ ਦਰਾੜਾਂ 'ਚੋਂ ਛਣ ਕੇ ਮਿਲ ਰਹੀ ਹੈ।
Priyanka Gandhi
ਜੇ ਸੋਨੀਆ ਇਸ ਦਰਾੜ ਨੂੰ ਭਰ ਸਕਦੀ ਹੈ ਤਾਂ ਉਹ ਕਾਂਗਰਸ ਭਾਵੇਂ ਰਾਹੁਲ ਨੂੰ ਦੇਵੇ, ਭਾਵੇਂ ਪ੍ਰਿਅੰਕਾ ਨੂੰ, ਭਾਰਤ ਵਿਚ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਣਾ। ਹਾਕਮ ਧਿਰ ਦਾ ਕਹਿਣਾ ਹੈ ਕਿ ਭਾਰਤ ਪ੍ਰਵਾਰਵਾਦ ਵਿਚ ਡੁੱਬਾ ਹੈ ਪਰ ਨਵੀਂ ਪੀੜ੍ਹੀ ਵੀ ਪ੍ਰਵਾਰਵਾਦ ਦੀ ਸਗੋਂ ਹਮਾਇਤ ਕਰ ਰਹੀ ਹੈ। ਅਮਰੀਕਾ ਦੀ ਸਿਆਸਤ ਵਿਚ ਵੀ ਪ੍ਰਵਾਰਵਾਦ ਹੈ, ਕੈਨੇਡੀ, ਕਲਿੰਟਨ, ਬੁਸ਼ ਵਲ ਵੇਖੋ। ਮੁੱਦਾ ਗਾਂਧੀ ਪ੍ਰਵਾਰ ਨਹੀਂ। ਮੁੱਦਾ ਕਾਂਗਰਸ ਵਿਚ ਇਕਜੁਟਤਾ ਹੈ ਅਤੇ ਉਹ ਕਾਂਗਰਸ ਵਿਚ ਇਕ ਵਿਚਾਰਧਾਰਾ ਪ੍ਰਵਾਨ ਕੀਤੇ ਜਾਣ ਨਾਲ ਹੀ ਆ ਸਕਦਾ ਹੈ ਜੋ ਸਿਰਫ਼ ਅਤੇ ਸਿਰਫ਼ 'ਮੈਂ' ਤੋਂ ਉਪਰ ਉਠ ਕੇ ਪਾਰਟੀ ਵਾਸਤੇ ਹੋਵੇ। ਜੋ ਪਾਰਟੀ ਨਾਲ ਨਹੀਂ ਖੜਾ ਹੋ ਸਕਦਾ, ਉਹ ਦੇਸ਼ ਨਾਲ ਕੀ ਖੜਾ ਹੋਵਗਾ? -ਨਿਮਰਤ ਕੌਰ