Editorial: ਦਸਤਾਰ ਸਜਾਉਣ ਜਾਂ ਕੜਾ ਪਹਿਨਣ ਵਰਗੀਆਂ ਧਾਰਮਕ ਰਹੁਰੀਤਾਂ ਤੋਂ ਮਹਿਰੂਮ ਕੀਤੇ ਜਾਣ ਦਾ ਖ਼ਤਰਾ ਇਸ ਵੇਲੇ ਭਾਰਤੀ ਸਿੱਖਾਂ ਨੂੰ ਦਰਪੇਸ਼ ਹੈ।
Editorial: ਰਾਹੁਲ ਗਾਂਧੀ ਨੂੰ ਭਾਰਤੀ ਇਤਿਹਾਸ ਪੜ੍ਹਨ ਦੀ ਲੋੜ ਹੈ; ਮੱਧ-ਯੁੱਗੀ ਇਤਿਹਾਸ ਵੀ ਅਤੇ ਸਮਕਾਲੀਨ ਵੀ। ਜੇ ਉਨ੍ਹਾਂ ਨੂੰ ਇਤਿਹਾਸ ਦੀ ਥੋੜੀ ਬਹੁਤ ਸੂਝ ਹੁੰਦੀ ਤਾਂ ਉਹ ਭਾਰਤ ਵਿਚ ਸਿੱਖਾਂ ਦੀ ਸਥਿਤੀ ਦੀ ਗੁੰਮਰਾਹਕੁਨ ਤਸਵੀਰ ਨਾ ਪੇਸ਼ ਕਰਦੇ, ਉਹ ਵੀ ਵਿਦੇਸ਼ੀ ਭੂਮੀ ’ਤੇ। ਵਰਜੀਨੀਆ (ਅਮਰੀਕਾ) ਵਿਚ ਇੰਡੀਅਨ ਓਵਰਸੀਜ਼ ਕਾਂਗਰਸ ਵਲੋਂ ਕਰਵਾਏ ਇਕੱਠ ਵਿਚ ਉਨ੍ਹਾਂ ਨੇ ਇਹ ਦ੍ਰਿਸ਼ ਪੇਸ਼ ਕੀਤਾ ਕਿ ਸਿੱਖਾਂ ਨੂੰ ਭਾਰਤ ਵਿਚ ਅਪਣੇ ਧਾਰਮਕ ਅਕੀਦਿਆਂ ਮੁਤਾਬਕ ਚੱਲਣ ਦੀ ਖੁੱਲ੍ਹ ਨਹੀਂ ਦਿਤੀ ਜਾ ਰਹੀ।
ਦਸਤਾਰ ਸਜਾਉਣ ਜਾਂ ਕੜਾ ਪਹਿਨਣ ਵਰਗੀਆਂ ਧਾਰਮਕ ਰਹੁਰੀਤਾਂ ਤੋਂ ਮਹਿਰੂਮ ਕੀਤੇ ਜਾਣ ਦਾ ਖ਼ਤਰਾ ਇਸ ਵੇਲੇ ਭਾਰਤੀ ਸਿੱਖਾਂ ਨੂੰ ਦਰਪੇਸ਼ ਹੈ। ਅਜਿਹਾ ਬਿਰਤਾਂਤ ਸਚਮੁੱਚ ਅਫ਼ਸੋਸਨਾਕ ਹੈ। ਭਾਰਤੀ ਜਨਤਾ ਪਾਰਟੀ ਨੇ ਇਸ ਕਿਸਮ ਦੇ ਪ੍ਰਚਾਰ ਦਾ ਸਖ਼ਤ ਨੋਟਿਸ ਲਿਆ ਹੈ। ਉਸ ਨੇ ਸ੍ਰੀ ਗਾਂਧੀ ਦੇ ਕਥਨਾਂ ਨੂੰ ‘ਝੂਠੇ ਤੇ ਗ਼ਲਤ’ ਕਰਾਰ ਦਿਤਾ ਹੈ। ਅਜਿਹੀ ਪ੍ਰਤੀਕਿਰਿਆ ਉਸ ਵਲੋਂ ਆਉਣੀ ਹੀ ਸੀ। ਪਰ ਬਾਕੀ ਰਾਜਸੀ-ਸਮਾਜਿਕ ਧਿਰਾਂ ਤੇ ਸਿੱਖ ਸੰਸਥਾਵਾਂ, ਖ਼ਾਸ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੰਗਲਵਾਰ ਰਾਤ ਤਕ ਧਾਰੀ ਖ਼ਾਮੋਸ਼ੀ ਹੈਰਾਨੀਜਨਕ ਹੈ। ਰਾਜਸੀ ਵਿਚਾਰਧਾਰਾ ਭਾਵੇਂ ਕਿੰਨੀ ਵੀ ਭਿੰਨ ਕਿਉਂ ਨਾ ਹੋਵੇ, ਸ੍ਰੀ ਗਾਂਧੀ ਦੇ ਕਥਨਾਂ ਦੀ ਨਿੰਦਾ ਕਰਨੀ ਬਣਦੀ ਹੈ।
ਉਨ੍ਹਾਂ ਨੇ ਜੋ ਦ੍ਰਿਸ਼ਕ੍ਰਮ ਰਚਿਆ ਹੈ, ਉਹ ਕੈਨੇਡਾ-ਅਮਰੀਕਾ ਵਿਚ ਬੈਠੇ ਖ਼ਾਲਿਸਤਾਨੀ ਅਨਸਰਾਂ ਵਲੋਂ ਰਚੇ ਬਿਰਤਾਂਤ ਵਿਚ ਤਾਂ ਫਿੱਟ ਬੈਠਦਾ ਹੈ, ਭਾਰਤ ਵਿਚ ਬੈਠੇ ਸਿੱਖਾਂ ਦਾ ਅਕਸ ਖ਼ਰਾਬ ਕਰਨ ਵਾਲਾ ਹੈ; ਖ਼ਾਸ ਤੌਰ ’ਤੇ ਇਹ ਪੰਜਾਬੋਂ ਬਾਹਰ ਬੈਠੇ ਸਿੱਖਾਂ ਲਈ ਬੇਲੋੜੀ ਸਿਰਦਰਦੀ ਪੈਦਾ ਕਰਨ ਵਾਲਾ ਹੈ। ਸਵਾਲ ਅਕਸਰ ਉਨ੍ਹਾਂ ਨੂੰ ਝਲਣੇ ਪੈਂਦੇ ਹਨ; ਹੋਰਨਾਂ ਧਰਮਾਂ ਦੇ ਲੋਕਾਂ ਦੇ ਮਨਾਂ ਵਿਚ ਉਭਰੇ ਸੰਸ਼ਿਆਂ ਦਾ ਨਿਵਾਰਨ ਉਨ੍ਹਾਂ ਨੂੰ ਕਰਨਾ ਪੈਂਦਾ ਹੈ।
ਗੱਲ ਰਾਹੁਲ ਗਾਂਧੀ ਨੂੰ ਇਤਿਹਾਸ ਪੜ੍ਹਾਏ ਜਾਣ ਤੋਂ ਸ਼ੁਰੂ ਹੋਈ ਸੀ, ਇਸ ਲਈ ਪਹਿਲਾਂ ਇਤਿਹਾਸਕ ਤੱਥ :
(1) ਸਿੱਖਾਂ ਦੀ ਦਸਤਾਰ ਨੂੰ ਪਹਿਲੀ ਵਾਰ ਹੱਥ 1716 ਵਿਚ ਮੁਗ਼ਲ ਬਾਦਸ਼ਾਹ ਫ਼ਰੁਖ਼ਸੀਅਰ ਦੀ ਹਕੂਮਤ ਸਮੇਂ ਬੰਦਾ ਬਹਾਦਰ ਦੀ ਗ੍ਰਿਫ਼ਤਾਰੀ ਵੇਲੇ ਪਾਇਆ ਗਿਆ ਸੀ। ਉਸ ਮਗਰੋਂ 1726-40 ਦੌਰਾਨ ਲਾਹੌਰ (ਜਾਂ ਪੰਜਾਬ) ਦੇ ਸੂਬੇਦਾਰ ਜ਼ਕਰੀਆ ਖ਼ਾਨ ਵੇਲੇ ਦਸਤਾਰ ਦੀ ਦੁਰਦਸ਼ਾ ਹੋਈ ਸੀ। ਉਸ ਯੁੱਗ ਤੋਂ ਬਾਅਦ ਸਮਕਾਲੀ ਯੁੱਗ ਵਿਚ 1982 ਦੀਆਂ ਏਸ਼ਿਆਈ ਖੇਡਾਂ ਵੇਲੇ ਸਿੱਖਾਂ ਦੀਆਂ ਦਸਤਾਰਾਂ ਹਰਿਆਣਾ ਦੀ ਕਾਂਗਰਸੀ ਹਕੂਮਤ ਨੇ ਤਲਾਸ਼ੀਆਂ ਦੇ ਨਾਂਅ ’ਤੇ ਲੁਹਾਈਆਂ ਸਨ। ਅਜਿਹੀ ਬੇਇੱਜ਼ਤੀ ਦੋ ਸਿੱਖ ਲੈਫ਼ਟੀਨੈਂਟ ਜਨਰਲਾਂ ਨੂੰ ਵੀ ਭੋਗਣੀ ਪਈ ਸੀ; ਇਨ੍ਹਾਂ ਵਿਚੋਂ ਇਕ ਸੇਵਾ-ਮੁਕਤ ਸੀ ਤੇ ਦੂਜਾ ਸੇਵਾ-ਯਾਫ਼ਤਾ। ਸੇਵਾ-ਯਾਫ਼ਤਾ ਜਰਨੈਲ ਨੇ ਇਸ ਦੇ ਖ਼ਿਲਾਫ਼ ਰੱਖਿਆ ਮੰਤਰਾਲੇ ਰਾਹੀਂ ਗ੍ਰਹਿ ਮੰਤਰਾਲੇ ਨੂੰ ਜੋ ਰੋਸ ਪੱਤਰ ਲਿਖਿਆ, ਉਹ ਰਖਿਆ ਮੰਤਰਾਲੇ ਦੀਆਂ ਆਰਕਾਈਵਜ਼ ਵਿਚ ਅਜੇ ਵੀ ਮੌਜੂਦ ਹੈ।
(2) ਸ੍ਰੀ ਹਰਿਮੰਦਰ ਸਾਹਿਬ ਤੇ ਇਸ ਦੇ ਚੌਗਿਰਦੇ ਵਿਚ ਸਥਿਤ ਗੁਰਧਾਮਾਂ (ਅਕਾਲ ਤਖ਼ਤ ਸਮੇਤ) ਢਾਹੁਣ ਦੀ ਕਾਰਵਾਈ ਦਸੰਬਰ 1761 ਵਿਚ ਅਹਿਮਦ ਸ਼ਾਹ ਅਬਦਾਲੀ ਨੇ ਕੀਤੀ ਸੀ। ਉਸ ਤੋਂ ਬਾਅਦ ਸਿੱਖਾਂ ਦੇ ਸੱਭ ਤੋਂ ਪਾਵਨ ਪਵਿੱਤਰ ਅਸਥਾਨ ਦੀ ਬੇਹੁਰਮਤੀ ਤੇ ਅਕਾਲ ਤਖ਼ਤ ਨੂੰ ਢਾਹੁਣ ਦੀ ਕਾਰਵਾਈ 1984 ਵਿਚ ਇੰਦਿਰਾ ਗਾਂਧੀ ਦੀ ਕਾਂਗਰਸ ਸਰਕਾਰ ਨੇ ਕੀਤੀ। ਉਹ ਰਾਹੁਲ ਗਾਂਧੀ ਦੀ ਦਾਦੀ ਸਨ।
(3) ਹਜ਼ਾਰਾਂ ਦੀ ਤਾਦਾਦ ਵਿਚ ਸਿੱਖਾਂ ਦਾ ਘਾਣ ਕਰਨ ਵਾਲਾ ਵੱਡਾ ਘੱਲੂਘਾਰਾ 1762 ਵਿਚ ਵਾਪਰਿਆ। ਇਹ ਵੀ ਅਹਿਮਦ ਸ਼ਾਹ ਅਬਦਾਲੀ ਦਾ ਕਾਰਾ ਸੀ। ਇਸ ਤੋਂ ਬਾਅਦ ਹਜ਼ਾਰਾਂ ਦੀ ਤਾਦਾਦ ਵਿਚ ਸਿੱਖਾਂ ਦੇ ਕਤਲੇਆਮ ਵਾਲਾ ਸਾਕਾ ਨਵੰਬਰ 1984 ਵਿਚ ਵਾਪਰਿਆ। ਉਸ ਸਮੇਂ ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ, ਭਾਰਤ ਦੇ ਪ੍ਰਧਾਨ ਮੰਤਰੀ ਦਾ ਹਲਫ਼ ਲੈ ਚੁੱਕੇ ਸਨ। ਇਕੱਲੀ ਦਿੱਲੀ ਵਿਚ ਹੀ ਤਿੰਨ ਹਜ਼ਾਰ ਸਿੱਖ ਹਲਾਕ ਕਰ ਦਿਤੇ ਗਏ। ਮੁਲਕ ਵਿਚ ਬਾਕੀ ਥਾਵਾਂ ’ਤੇ ਹੋਈਆਂ ਸਿੱਖਾਂ ਦੀਆਂ ਹਤਿਆਵਾਂ ਦੇ ਸਹੀ ਅੰਕੜੇ ਅਜੇ ਤਕ ਸਾਹਮਣੇ ਨਹੀਂ ਆਏ। ਉਦੋਂ ਅਜਿਹੀਆਂ ਹੱਤਿਆਵਾਂ ਸਖ਼ਤੀ ਨਾਲ ਰੋਕਣ ਦੀ ਜ਼ਰੂਰਤ ਸਿਰਫ਼ ਇਕ ਮੁੱਖ ਮੰਤਰੀ ਨੇ ਦਿਖਾਈ ਸੀ ਤੇ ਉਹ ਸੀ ਜਯੋਤੀ ਬਾਸੂ।
(4) ਕਾਂਗਰਸ ਕਹਿੰਦੀ ਹੈ ਕਿ 2004 ਵਿਚ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਕੇ ਉਸ ਨੇ ਸਾਰੇ ਦਾਗ਼ ਧੋ ਦਿਤੇ। ਪਰ ਡਾ. ਮਨਮੋਹਨ ਸਿੰਘ ਦੀ ਵੀ ਸਭ ਤੋਂ ਵੱਡੀ ਬੇਇੱਜ਼ਤੀ ਰਾਹੁਲ ਗਾਂਧੀ ਨੇ ਕੀਤੀ ਸੀ। ਉਨ੍ਹਾਂ ਦੀ ਸਰਕਾਰ ਵਲੋਂ 2013 ਵਿਚ ਜਾਰੀ ਆਰਡੀਨੈਂਸ ਜਨਤਕ ਤੌਰ ’ਤੇ ਪਾੜ ਕੇ ਅਤੇ ਉਨ੍ਹਾਂ ਨੂੰ ਆਰਡੀਨੈਂਸ ਵਾਪਸੀ ਲਈ ਮਜਬੂਰ ਕਰ ਕੇ। ਅਜਿਹੇ ਤੱਥਾਂ ਦੀ ਮੌਜੂਦਗੀ ਦੇ ਬਾਵਜੂਦ ਸ੍ਰੀ ਗਾਂਧੀ ਵਲੋਂ ਭਾਜਪਾ ਤੋਂ ਸਿੱਖੀ ਨੂੰ ਖ਼ਤਰੇ ਦੀ ਗੱਲ ਕਰਨਾ ਅਸ਼ੋਭਨੀਕ ਜਾਪਦਾ ਹੈ।
ਕਾਂਗਰਸ ਪਾਰਟੀ ਦਾ ਦਾਅਵਾ ਹੈ ਕਿ ਸ੍ਰੀ ਗਾਂਧੀ ਨੇ ਇਹ ਸੱਚ ਬਿਆਨਣਾ ਚਾਹਿਆ ਕਿ ਜੇ ਅੱਜ ਭਾਜਪਾ ਮੁਸਲਿਮ ਔਰਤਾਂ ਦੇ ਹਿਜਾਬ ਨੂੰ ਹੱਥ ਪਾ ਸਕਦੀ ਹੈ ਤਾਂ ਉਹ ਭਲਕੇ ਸਿੱਖਾਂ ਦੀ ਪੱਗ ਰੋਲਣ ਵਰਗਾ ਵੀ ਯਤਨ ਕਰ ਸਕਦੀ ਹੈ। ਅਜਿਹੇ ਤਰਕ ਜਾਂ ਦਾਅਵੇ ਬੇਤੁਕੇ ਹਨ।
ਮੱਧ-ਪੂਰਬ ਵਿਚ ਜਨਮੇ ਅਬਰਾਹਿਮੀ (ਜਾਂ ਇਬਰਾਹਿਮੀ) ਧਰਮਾਂ ਭਾਵ ਇਸਲਾਮ ਜਾਂ ਈਸਾਈ ਮੱਤ ਬਾਰੇ ਭਾਜਪਾ ਜਾਂ ਆਰ.ਐਸ.ਐਸ. ਦਾ ਰੁਖ਼ ਵੱਖਰਾ ਹੈ ਅਤੇ ਭਾਰਤ ਵਿਚ ਜਨਮੇ ਧਰਮਾਂ (ਬੁੱਧ ਮੱਤ, ਜੈਨ ਮੱਤ ਤੇ ਸਿੱਖ ਧਰਮ) ਬਾਰੇ ਬਿਲਕੁਲ ਵਖਰਾ। ਇਸ ਦਲੀਲ ਤੋਂ ਇਹ ਭਾਵ ਨਹੀਂ ਕਿ ਇਸਲਾਮ ਜਾਂ ਈਸਾਈਤਵ ਬਾਰੇ ਉਸ ਦਾ ਰੁਖ਼ ਨਿਖੇਧੀਜਨਕ ਨਹੀਂ। ਇਹ ਹਰ ਪਾਸੋਂ ਘੋਰ ਨਿੰਦਾਜਨਕ ਹੈ। ਪਰ ਸਿੱਖਾਂ ਦੇ ਪ੍ਰਸੰਗ ਵਿਚ ਮੁਸਲਮਾਨਾਂ ਨਾਲ ਵਿਤਕਰੇ ਨੂੰ ਢਾਲ ਬਣਾ ਕੇ ਵਰਤਣਾ ਨਾ ਸਿਰਫ਼ ਅਫ਼ਸੋਸਨਾਕ ਹੈ ਬਲਕਿ ਸ਼ਰਾਰਤਪੂਰਨ ਵੀ ਹੈ।
ਸ੍ਰੀ ਗਾਂਧੀ ਖ਼ੁਦ ਨੂੰ ਭਾਰਤ ਦੇ ਸੰਭਾਵੀ ਪ੍ਰਧਾਨ ਮੰਤਰੀ ਵਜੋਂ ਦੇਖਦੇ ਹਨ। ਅਜਿਹਾ ਟੀਚਾ ਹਾਸਲ ਕਰਨ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਤੇ ਸੂਝਵਾਨ ਨੇਤਾ ਵਜੋਂ ਵਿਚਰਨਾ ਵੀ ਸਿੱਖਣਾ ਚਾਹੀਦਾ ਹੈ। ਕਸ਼ਮੀਰ ਵਿਚ ਜਾ ਕੇ ਵੱਖਵਾਦੀਆਂ ਵਾਲੀ ਬੋਲੀ ਬੋਲਣਾ ਜਾਂ ਅਮਰੀਕਾ ਵਿਚ ਖ਼ਾਲਿਸਤਾਨੀ ਕਥਨਾਵਲੀ ਨੂੰ ਹੁਲਾਰਾ ਦੇਣਾ ਸੂਝਵਾਨ ਨੇਤਾ ਹੋਣ ਦਾ ਸਬੂਤ ਨਹੀਂ। ਜੋ ਬੋਲੀ ਉਹ ਬੋਲ ਰਹੇ ਹਨ, ਉਹ ਉਨ੍ਹਾਂ ਦੇ ਹੀ ਰਾਹ ਵਿਚ ਕੰਡੇ ਬਣ ਸਕਦੀ ਹੈ।