ਅੰਗਰੇਜ਼ ਕੀ ਦੇਂਦਾ ਸੀ ਸਿੱਖਾਂ ਨੂੰ ਤੇ ਕੀ ਸੀ ਜੋ ਸਿੱਖ ਲੀਡਰਾਂ ਨੇ ਨਾ ਲਿਆ? (21)
Published : Feb 13, 2022, 8:18 am IST
Updated : Feb 13, 2022, 8:18 am IST
SHARE ARTICLE
Sikh
Sikh

ਇਕੱਠੇ ਰਹਿਣ ਲਈ ਵੱਖ ਹੋਣ ਦਾ ਅਧਿਕਾਰ ਮੰਗਣ ਬਾਰੇ ਵੀ ਸ. ਕਪੂਰ ਸਿੰਘ ਨੇ ਹਾਕਮਾਂ ਦੀ ਸੋਚ ਨੂੰ ਜ਼ਿਆਦਾ ਮਹੱਤਵ ਦਿਤਾ ਤੇ ਘੱਟ-ਗਿਣਤੀਆਂ ਦੇ ਖ਼ਦਸ਼ਿਆਂ ਨੂੰ ਨਕਾਰਿਆ ਹੀ

 

ਸ: ਕਪੂਰ ਸਿੰਘ ਅੰਗਰੇਜ਼ ਦਾ ਇਕ ਵਫ਼ਾਦਾਰ ਨੌਕਰਸ਼ਾਹ ਸੀ ਤੇ ਹਾਕਮ ਦੀ ਹਰ ਗੱਲ ਦੀ ਵਕਾਲਤ ਕਰਨਾ ਅਜਿਹੇ ਨੌਕਰਸ਼ਾਹਾਂ ਦੀ ਆਦਤ ਬਣ ਜਾਂਦੀ ਹੈ। ਇਸੇ ਲਈ ਜਦ ਅੰਗਰੇਜ਼ ਨੇ ਅਪਣੇ ਇਕ ਸਿੱਖ ਨੌਕਰਸ਼ਾਹ ਨੂੰ ਸਿੱਖਾਂ ਅੰਦਰ ਵੜ ਕੇ, ਉਨ੍ਹਾਂ ਕੋਲੋਂ ਕੁੱਝ ਮਨਵਾਉਣ ਲਈ ਵਰਤਣਾ ਚਾਹਿਆ ਤਾਂ ਅੰਗਰੇਜ਼ ਮਾਲਕਾਂ ਪ੍ਰਤੀ ਪੂਰੀ ਵਫ਼ਾਦਾਰੀ ਨਿਭਾਉਂਦੇ ਹੋਏ, ਸ: ਕਪੂਰ ਸਿੰਘ ਨੇ ਸਿੱਖ ਲੀਡਰਾਂ ਨੂੰ ਇਹ ਮਨਵਾਉਣ ਲਈ ਟਿਲ ਦਾ ਜ਼ੋਰ ਲਾ ਦਿਤਾ ਕਿ ਉਹ ਪਾਕਿਸਤਾਨ ਦੀ ਕੱਟੜ ਲੀਗੀ ਸਰਕਾਰ ਅਧੀਨ ‘ਸਿੱਖ ਸਟੇਟ’ ਲੈਣੀ ਮੰਨ ਲੈਣ ਤਾਕਿ ਪਾਕਿਸਤਾਨ ਦੀ ਹੱਦ ਗੁੜਗਾਉਂ ਤਕ ਜਾ ਸਕੇ। ਇਹੀ ਮੁਸਲਿਮ ਲੀਗ ਦਾ ਸੁਪਨਾ ਸੀ ਜਿਸ ਨੂੰ ਉਹ ਅੰਗਰੇਜ਼ਾਂ ਰਾਹੀਂ ਸਾਕਾਰ ਕਰਨਾ ਚਾਹੁੰਦੀ ਸੀ।

 

 

Kapoor Singh
Kapoor Singh

 

ਅੰਗਰੇਜ਼ ਅਪਣੇ ਹਿਤ ਵਿਚਾਰ ਕੇ ਤੇ ਸਿੱਖਾਂ ਦੀ ਕੁਰਬਾਨੀ ਦੇ ਕੇ, ਮੁਸਲਿਮ ਲੀਗ ਦੀ ਮਦਦ ਕਰਨਾ ਚਾਹੁੰਦੇ ਸਨ ਤਾਕਿ ਆਜ਼ਾਦੀ ਮਗਰੋਂ ਉਹ ਪਾਕਿਸਤਾਨ ਨੂੰ ਵਰਤ ਕੇ, ਨਾਲ ਲਗਦੇ ਮੁਸਲਮਾਨ ਦੇਸ਼ਾਂ ਵਿਚ ਅਪਣਾ ਰਸੂਖ਼ ਵਧਾ ਸਕਣ। ਆਜ਼ਾਦੀ ਮਗਰੋਂ, ਕਾਫ਼ੀ ਦੇਰ ਤਕ ਉਹ ਪਾਕਿਸਤਾਨ ਨੂੰ ਇਸ ਕੰਮ ਲਈ ਵਰਤਦੇ ਵੀ ਰਹੇ ਜਦ ਤਕ ਕਿ ਅਮਰੀਕਨਾਂ ਨੇ ਇਹ ਕੰਮ ਆਪ ਨਾ ਸੰਭਾਲ ਲਿਆ। ਹਿੰਦੂ ਲੀਡਰਾਂ ਨੂੰ ਇਸ ਬਾਰੇ ਵੱਡਾ ਇਤਰਾਜ਼ ਕੋਈ ਨਹੀਂ ਸੀ। ਕੇਵਲ ਸਿੱਖ ਹੀ ਲੀਗ ਦੇ ਰਸਤੇ ਦੀ ਵੱਡੀ ਰੁਕਾਵਟ ਸਨ ਤੇ ਉਹ ਕਿਸੇ ਵੀ ਹਾਲਤ ਵਿਚ ਸਾਰਾ ਪੰਜਾਬ, ਮੁਸਲਿਮ ਲੀਗ ਦੇ ਕਬਜ਼ੇ ਹੇਠ ਨਹੀਂ ਸੀ ਜਾਣ ਦੇਣਾ ਚਾਹੁੰਦੇ ਹਾਲਾਂਕਿ ਹਿੰਦੂਆਂ, ਸਿੱਖਾਂ ਦੀ ਕੁਲ ਗਿਣਤੀ ਨੂੰ ਜੋੜ ਕੇ ਵੀ ਉਸ ਵੇਲੇ ਦੇ ਸਾਰੇ ਪੰਜਾਬ ਵਿਚ ਬਹੁਗਿਣਤੀ ਮੁਸਲਮਾਨਾਂ ਦੀ ਹੀ ਸੀ ਤੇ ਇਸੇ ਬਿਨਾਅ ’ਤੇ ਉਹ ਸਾਰਾ ਪੰਜਾਬ, ਪਾਕਿਸਤਾਨ ਲਈ ਮੰਗਦੇ ਸਨ।

Kapoor SinghKapoor Singh

 

ਸਾਰੇ ਸਿੱਖ ਇਕ-ਮੱਤ ਹੋ ਕੇ ਲੀਗ ਦੀ ਮੰਗ ਵਿਰੁਧ ਡਟੇ ਹੋਏ ਸਨ। ਅੰਗਰੇਜ਼ ਦੇ ਕਹਿਣ ’ਤੇ ਹੀ ਮੁਸਲਿਮ ਲੀਗ ਨੇ ਸਿੱਖਾਂ ਨੂੰ ਪਾਕਿਸਤਾਨ ਅੰਦਰ ਇਕ ‘ਸਿੱਖ ਸਟੇਟ’ ਦੇਣ ਦੀ ਪੇਸ਼ਕਸ਼ ਕਰ ਦਿਤੀ ਪਰ ਇਹ ਇਕ ਛਲਾਵੇ ਤੋਂ ਵੱਧ ਕੁੱਝ ਨਹੀਂ ਸੀ, ਇਸ ਬਾਰੇ ਵੀ ਸਾਰੇ ਸਿੱਖਾਂ ਦੀ ਸੋਚ ਆਪਸ ਵਿਚ ਮਿਲਦੀ ਸੀ। ਭਾਰਤ ਵਿਚ ਕਸ਼ਮੀਰੀ ਮੁਸਲਮਾਨਾਂ ਨੂੰ ਸੰਵਿਧਾਨਕ ਗਰੰਟੀ ਦੇ ਕੇ ਵੀ ਜਿਵੇਂ ਮਗਰੋਂ ਕਸ਼ਮੀਰ ਨੂੰ ਰਾਜ ਤੋਂ ਯੂ.ਟੀ. (ਕੇਂਦਰ ਸ਼ਾਸਤ ਪ੍ਰਦੇਸ਼) ਬਣਾ ਦਿਤਾ ਗਿਆ ਹੈ, ਇਹੀ ਕੁੱਝ ਸਾਲ ਮੁੱਕਣ ਤੋਂ ਪਹਿਲਾਂ ਪਾਕਿਸਤਾਨ ਅੰਦਰਲੀ ‘ਸਿੱਖ ਸਟੇਟ’ ਨਾਲ ਵੀ ਕਰ ਦਿਤਾ ਜਾਣਾ ਸੀ। ਬੰਗਲਾਦੇਸ਼ ਨੂੰ ਉਨ੍ਹਾਂ ਕਿਵੇਂ ‘ਆਜ਼ਾਦ’ ਹੋਣ ਲਈ ਮਜਬੂਰ ਕਰ ਦਿਤਾ, ਉਹ ਸੱਭ ਦੇ ਸਾਹਮਣੇ ਹੈ। ਹਿੰਦੁਸਤਾਨ ਬੰਗਾਲੀਆਂ ਦੀ ਮਦਦ ਨਾ ਕਰਦਾ ਤਾਂ ਪਤਾ ਨਹੀਂ, ਉਹ ਕਿਸ ਗ਼ੁਲਾਮੀ ਨੂੰ ਹੰਢਾ ਰਹੇ ਹੁੰਦੇ। ਸ: ਕਪੂਰ ਸਿੰਘ ਅੰਗਰੇਜ਼ੀ ਸਰਕਾਰ ਵਿਚ ਅਫ਼ਸਰ ਸਨ। ਇਨ੍ਹਾਂ ਨੂੰ ਅੰਗਰੇਜ਼ ਸਰਕਾਰ ਨੇ ਇਸ ਕੰਮ ਲਈ ਵਰਤਿਆ ਕਿ ਉਹ ਸਿੱਖ ਲੀਡਰਾਂ ਨੂੰ, ਜਿਵੇਂ ਵੀ ਹੋਵੇ, ਮਨਾ ਲੈਣ ਕਿ ਹਿੰਦੁਸਤਾਨ ਵਿਚ ਰਹਿਣ ਨਾਲੋਂ ‘ਪਾਕਿਸਤਾਨ ਅੰਦਰ ਸਿੱਖ ਸਟੇਟ’ ਲੈਣੀ ਬੇਹਤਰ ਹੈ।

 

SikhsSikhs

ਸ: ਕਪੂਰ ਸਿੰਘ ਨੇ ਅੰਗਰੇਜ਼ ਦੇ ਹੁਕਮ ਨੂੰ ਸਿੱਖ ਲੀਡਰਾਂ ਦੇ ਦਿਮਾਗ਼ ਵਿਚ ਪਾਉਣ ਲਈ ਹੱਦ ਦਰਜੇ ਦੀ ਵਫ਼ਾਦਾਰੀ ਵਿਖਾਈ ਤੇ ਇਸ ਅੰਗਰੇਜ਼-ਵਫ਼ਾਦਾਰੀ ਦੇ ਉਨ੍ਹਾਂ ਨੂੰ 100 ਨੰਬਰ ਮਿਲਣੇ ਚਾਹੀਦੇ ਹਨ ਪਰ ਜੇ ਉਹ ਅੰਗਰੇਜ਼ਾਂ ਦੇ ‘ਸੇਲਜ਼ਮੈਨ’ ਬਣਨ ਦੀ ਥਾਂ ਸਿੱਖ ਲੀਡਰਾਂ, ਵਿਦਵਾਨਾਂ ਤੇ ਆਮ ਸਿੱਖਾਂ ਨਾਲ ਵੀ ਸਾਂਝ ਪਾ ਲੈਂਦੇ ਤਾਂ ਉਹ ਸਿੱਖਾਂ ਦੇ ‘ਰਾਜਦੂਤ’ ਬਣ ਕੇ ਕੁੱਝ ਜ਼ਿਆਦਾ ਚੰਗਾ ਕੰਮ ਵੀ ਕਰ ਸਕਦੇ ਸਨ। ਹੁਣ ਉਨ੍ਹਾਂ ਦੀ ਅੰਗਰੇਜ਼-ਭਗਤੀ ਦੀ ਹਮਾਇਤ ਵਿਚ ਉਨ੍ਹਾਂ ਨੂੰ ਜਦ ਕੋਈ ਵੀ ਸਿੱਖ ਨਾ ਮਿਲਿਆ ਤਾਂ ਉਹ ਹਰ ਸਿੱਖ ਲੀਡਰ ਨੂੰ ਨਿੰਦਣ ਤੇ ਭੰਡਣ ਵਿਚ ਹੀ ਰੁੱਝ ਗਏ। ਸਾਰੀ ਪੁਸਤਕ ਵਿਚ ਜਿਥੇ ਵੀ ਉਹ ਗਾਂਧੀ, ਜਿਨਾਹ, ਡਾ: ਇਕਬਾਲ ਤੇ ਵੇਵਲ ਜਾਂ ਚਰਚਲ ਦਾ ਨਾਂ ਲੈਂਦੇ ਹਨ ਤਾਂ ਬੜੇ ਸਤਿਕਾਰ ਨਾਲ ਅਤੇ ‘ਜੀ’ ਲਗਾ ਕੇ ਸੰਬੋਧਨ ਕਰਦੇ ਹਨ ਪਰ ‘ਪਾਕਿਸਤਾਨ ਵਿਚ ਸਿੱਖ ਸਟੇਟ’ ਦੇ ਵਿਚਾਰ ਦੀ ਵਿਰੋਧਤਾ ਕਰਨ ਵਾਲੇ ਵੱਡੇ ਸਿੱਖ ਲੀਡਰਾਂ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਮਹਾਰਾਜਾ ਪਟਿਆਲਾ, ਸ: ਬਲਦੇਵ ਸਿੰਘ ਦਾ ਨਾਂ ਲੈਣ ਲਗਿਆਂ ਉਹ ਗੰਦੇ ਤੋਂ ਗੰਦਾ ਸ਼ਬਦ ਵਰਤ ਕੇ ਹੀ ਉਨ੍ਹਾਂ ਦਾ ਜ਼ਿਕਰ ਕਰਦੇ ਹਨ।

Kapoor SinghKapoor Singh

ਸਿੱਖਾਂ ਨਾਲ ਵੱਡਾ ਧ੍ਰੋਹ ਕਮਾਉਣ ਵਾਲੇ, ਕਾਂਗਰਸ ਵਿਚ ਬੈਠੇ ਸਿੱਖ ਲੀਡਰਾਂ ਨੂੰ ਵੀ ਉਹ ਕੁੱਝ ਨਹੀਂ ਕਹਿੰਦੇ ਪਰ ‘ਮੁਸਲਿਮ ਲੀਗ ਸਰਕਾਰ ਅਧੀਨ ਸਿੱਖ ਸਟੇਟ’ ਦਾ ਵਿਰੋਧ ਕਰਨ ਵਾਲੇ ਅਕਾਲੀ ਤੇ ਸਿੱਖ ਲੀਡਰਾਂ ਵਿਚ ਉਨ੍ਹਾਂ ਨੂੰ ਚੰਗੀ ਗੱਲ ਕੋਈ ਲਭਦੀ ਹੀ ਨਹੀਂ। ਏਨੇ ਤੁਅਸਬ ਤੇ ਕੱਟੜਪੁਣੇ ਦਾ ਨੁਕਸਾਨ ਇਹ ਹੁੰਦਾ ਹੈ ਕਿ ਵਿਅਕਤੀਆਂ ਨਾਲੋਂ ਜ਼ਿਆਦਾ ਇਤਿਹਾਸ ਨਾਲ ਬੇਇਨਸਾਫ਼ੀ ਹੋ ਜਾਂਦੀ ਹੈ ਤੇ ਨਵੀਂ ਪੀੜ੍ਹੀ ਨੂੰ ਗ਼ਲਤ ਸੂਚਨਾ ਦੇ ਕੇ ਗੁਮਰਾਹ ਕਰਨ ਦਾ ਪਾਪ ਵੀ ਹੋ ਜਾਂਦਾ ਹੈ ਜੋ ਸ: ਕਪੂਰ ਸਿੰਘ ਨੇ ਕਿਤਾਬ ਲਿਖ ਕੇ ਕੀਤਾ। ਮਿਸਾਲ ਦੇ ਤੌਰ ’ਤੇ ਜਦ ਉਹ ਸਿੱਖ ਲੀਡਰਾਂ ਉਤੇ ਜ਼ਿਆਦਾ ਹੀ ਜ਼ੋਰ ਪਾਉਣ ਲੱਗ ਪਏ ਕਿ ਉਹ ਲੀਗ ਦੀ ਗੱਲ ਮੰਨ ਲੈਣ ਤਾਂ ਮਾਸਟਰ ਤਾਰਾ ਸਿੰਘ ਨੇ ਕਹਿ ਦਿਤਾ, ‘‘ਚਲੋ ਅਸੀ ਇਹ ਤਜਰਬਾ ਵੀ ਕਰ ਲੈਂਦੇ ਹਾਂ ਭਾਵੇਂ ਕਿ ਸਾਨੂੰ ਪਤਾ ਹੈ ਕਿ ਲੀਗੀ ਸਰਕਾਰ ਨੇ ਇਕ ਸਾਲ ਲਈ ਵੀ ਸਾਡੀ ਸਿੱਖ ਸਟੇਟ ਨੂੰ ਸਹਾਰ ਨਹੀਂ ਸਕਣਾ। ਤੁਸੀ ਸਾਡੀ ਇਕ ਸ਼ਰਤ ਮਨਵਾ ਦਿਉ ਕਿ ਜੇ ਲੀਗੀ ਸਰਕਾਰ ਅਪਣੇ ਵਾਅਦਿਆਂ ਤੇ ਨਾ ਟਿਕੀ ਤਾਂ ਸਾਨੂੰ ਵੱਖ ਹੋਣ ਦਾ ਹੱਕ ਹੋਵੇਗਾ।’’

ਸ: ਕਪੂਰ ਸਿੰਘ ਗੁੱਸਾ ਖਾ ਗਏ ਤੇ ਜਵਾਬ ਵਿਚ ਇਹ ਕਿਹਾ ਕਿ ‘‘ਇਸ ਮੂਰਖਾਨਾ ਮੰਗ ਨੂੰ ਕੋਈ ਮੂਰਖ ਹੀ ਪੇਸ਼ ਕਰ ਸਕਦਾ ਹੈ ਤੇ ਕੋਈ ਮੂਰਖ ਹੀ ਮੰਨ ਸਕਦਾ ਹੈ।’’
ਯਕੀਨਨ ਸ: ਕਪੂਰ ਸਿੰਘ ਨੂੰ ਪਤਾ ਨਹੀਂ ਸੀ ਕਿ ਇਹ ਮੰਗ ਉਸ ਤੋਂ ਪਹਿਲਾਂ ਵੀ ਘੱਟ-ਗਿਣਤੀਆਂ ਲਈ ਮੰਗੀ ਜਾ ਚੁੱਕੀ ਸੀ ਤੇ ਮੰਨੀ ਵੀ ਜਾ ਚੁੱਕੀ ਸੀ। ਉਹ ਇਕ ਸਿੱਖ ਵਜੋਂ ਨਹੀਂ, ਇਕ ਵਫ਼ਾਦਾਰ ਬਰਤਾਨਵੀ ਨੌਕਰਸ਼ਾਹ (ਅਫ਼ਸਰ) ਵਾਂਗ ਸੋਚਣ ਦੇ ਆਦੀ ਹੋ ਗਏ ਸਨ। ਸਿੱਖਾਂ ਦੇ ਵਕੀਲ ਬਣ ਕੇ ਸਿੱਖਾਂ ਦੀ ਮੰਗ ਮੰਨ ਲੈਣ ਦਾ ਦਬਾਅ ਉਹ ਜਿਨਾਹ ਅਤੇ ਡਾ: ਇਕਬਾਲ ਉਤੇ ਵੀ ਪਾ ਸਕਦੇ ਸਨ ਪਰ ਉਨ੍ਹਾਂ ਨੂੰ ਜਿਸ ਸਰਕਾਰ ਨੇ ਇਹ ਸੇਵਾ ਸੌਂਪੀ ਸੀ, ਉਸੇ ਦੀ ਸੋਚ ਅਨੁਸਾਰ ਅਤੇ ਉਸੇ ਦੀਆਂ ਹਦਾਇਤਾਂ ਅਨੁਸਾਰ ਹੀ ਕੰਮ ਕਰ ਰਹੇ ਸਨ।

ਗੱਲ ਆਜ਼ਾਦ ਹਿੰਦੁਸਤਾਨ ਵਿਚ ਕੇਂਦਰ ਸਰਕਾਰ ਤੋਂ ਦੁਖੀ ਹੋ ਚੁੱਕੇ ਸਿੱਖਾਂ ਵਲੋਂ ‘ਸਿੱਖ ਹੋਮਲੈਂਡ’ ਦੀ ਮੰਗ ਕੀਤੇ ਜਾਣ ਤਕ ਵੀ ਪਹੁੰਚ ਗਈ। ਮਾ: ਤਾਰਾ ਸਿੰਘ ਨੇ ਸ. ਕਪੂਰ ਸਿੰਘ ਨੂੰ ਅਪਣੀ ਪਾਰਟੀ ਦਾ ਐਮ.ਪੀ. (ਮੈਂਬਰ ਪਾਰਲੀਮੈਂਟ) ਵੀ ਬਣਾ ਦਿਤਾ ਸੀ। ਮਾਸਟਰ ਤਾਰਾ ਸਿੰਘ ਚਾਹੁੰਦੇ ਸਨ ਕਿ ਸਿੱਖ ਹੋਮਲੈਂਡ ਹਿੰਦੁਸਤਾਨ ਦੇ ਅੰਦਰ ਹੀ ਬਣਾਏ ਜਾਣ ਦੀ ਮੰਗ ਰੱਖੀ ਜਾਏ ਪਰ ਵਿਤਕਰਾ ਤੇ ਧੱਕਾ ਬੰਦ ਨਾ ਕਰਨ ਦੀ ਹਾਲਤ ਵਿਚ ਇਸ ਕੋਲ ਵੱਖ ਹੋਣ ਦਾ ਅਧਿਕਾਰ ਵੀ ਹੋਵੇ। ਸ: ਕਪੂਰ ਸਿੰਘ ਫਿਰ ‘ਨੌਕਰਸ਼ਾਹ ਸੋਚ’ ਅਧੀਨ ਭੜਕ ਪਏ ਤੇ ਜੋ ਹੰਗਾਮਾ ਉਨ੍ਹਾਂ ਨੇ ਉਸ ਵੇਲੇ ਕੀਤਾ, ਉਹ ਉਨ੍ਹਾਂ ਦੀ ‘ਸਾਚੀ ਸਾਖੀ’ ਵਿਚੋਂ ਹੀ ਪੜ੍ਹ ਲਉ : -

‘‘ਸੰਨ 1966 ਵਿਚ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ‘ਸਿੱਖ ਹੋਮਲੈਂਡ’ ਦੀ ਮੰਗ ਦਾ ਮਤਾ ਪਾਸ ਕੀਤਾ, ਉਦੋਂ ਵੀ ਮਾਸਟਰ ਤਾਰਾ ਸਿੰਘ ਨੇ ਇਸੇ ਬੁੱਧੀ-ਹੀਣ, ਬਿਬੇਕ-ਹੀਣ ਰਾਜ-ਹੱਠ ਦੀ ਪ੍ਰਦਰਸ਼ਨੀ ਕੀਤੀ ਸੀ ਕਿ ਮਤੇ ਵਿਚ ਇਹ ਲਿਖੋ ਕਿ ਸਿੱਖ ਹੋਮਲੈਂਡ, ਭਾਰਤ ਦੇ ਅੰਦਰ ਬਣੇ, ਪਰ ਇਹ ਜਦ ਚਾਹੇ ਇਸ ਨੂੰ ਭਾਰਤ ਵਿਚੋਂ ਬਾਹਰ ਨਿਕਲਣ ਦਾ ਅਧਿਕਾਰ ਦਿਤਾ ਜਾਵੇ। ਉਸ ਵੇਲੇ ਮੈਂ ਪਾਰਲੀਮੈਂਟ ਦੀ ਲੋਕਸਭਾ ਦਾ ਮੈਂਬਰ ਵੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਮੁੱਖ ਸਲਾਹਕਾਰ ਵੀ। ਮੈਂ ਡਟ ਗਿਆ ਅਤੇ ਬੇਨਤੀ ਕੀਤੀ ਕਿ ਇਕ ਤਾਂ ਹੁਣ ਭਾਰਤੀ ਸੰਵਿਧਾਨ ਵਿਚ ਇਹ ਸੰਸ਼ੋਧਨ ਹੋ ਚੁੱਕਾ ਹੈ ਕਿ ਹਿੰਦੁਸਤਾਨ ਤੋਂ ਵਖਰੇ ਹੋਣ ਦੀ ਮੰਗ ਕਰਨਾ ਹੀ ਘੋਰ ਅਪਰਾਧ ਹੈ ਜਿਸ ਦੀ ਸਜ਼ਾ 10 ਸਾਲ ਕੈਦ ਸਖ਼ਤ ਹੋ ਸਕਦੀ ਹੈ। ਕੇਵਲ 10 ਸਾਲ ਲਈ ਜੇਲਖ਼ਾਨੇ ਦੀ ਯਾਤਰਾ ਕਰਨ ਦਾ ਚਾਅ, ਜੇ ਕਿਸੇ ਅਕਾਲੀ ਸਿੰਘ ਨੂੰ ਹੈ ਤਾਂ ਉਹ ਮਾਸਟਰ ਤਾਰਾ ਸਿੰਘ ਜੀ ਦਾ ਸੁਝਾਇਆ ਮਤਾ ਪਾਸ ਕਰ ਦੇਖੇ, ਮੈਂ ਤਾਂ ਇਹੋ ਜਹੀ ਮੰਤਵਹੀਣ ਮੂੜ੍ਹ ਮਤਿ ਤੇ ਹੂੜ੍ਹ ਮਤਿ ਕਰਨ ਨੂੰ ਤਿਆਰ ਨਹੀਂ। ਦੂਜੇ, ਕੀ ਅਕਾਲੀ, ਕਾਂਗਰਸੀ ਹਿੰਦੂਆਂ ਨੂੰ ਇਤਨਾ ਰਾਜਨੀਤੀ ਤੋਂ ਕੋਰਾ, ਗਧਾ ਸਮਝਦੇ ਹਨ ਕਿ ਉਹ ਅਪਣੇ ਹੱਥੀਂ ਸਿੱਖਾਂ ਦੇ ਹੱਥ ਉਹ ਕੁਹਾੜਾ ਫੜਾ ਦੇਣਗੇ ਜਿਸ ਕੁਹਾੜੇ ਦੀ ਪ੍ਰਯੋਗ-ਵਿਧੀ ਬਾਬਤ ਸਿੱਖ ਹੁਣੇ ਹੀ ਕਹੀ ਜਾਂਦੇ ਹਨ ਕਿ ਇਸ ਨੂੰ ਉਹ ਭਾਰਤ ਨੂੰ ਖੇਰੂੰ-ਖੇਰੂੰ ਕਰਨ ਲਈ ਵਰਤਣ ਤੋਂ ਸੰਕੋਚ ਨਹੀਂ ਕਰਨਗੇ।’’ (ਸਾਚੀ ਸਾਖੀ, ਸਫ਼ਾ 175)
ਸੋ ਸਿੱਖ ਹੋਮਲੈਂਡ ਦਾ ਮਤਾ ਪਾਸ ਕਰਨ ਤਕ ਵੀ ‘ਸਰਕਾਰੀ ਨੌਕਰਸ਼ਾਹ’ ਸ: ਕਪੂਰ ਸਿੰਘ ਨੂੰ ਇਹ ਨਹੀਂ ਸੀ ਪਤਾ ਕਿ ਇੰਗਲੈਂਡ ਵਿਚ ਇਹ ਅਧਿਕਾਰ ਸਕਾਟਲੈਂਡ ਨੂੰ ਮਿਲਿਆ ਹੋਇਆ ਹੈ ਤੇ ਉਹ ਇਸ ਹੱਕ ਨੂੰ ਵਰਤ ਵੀ ਚੁੱਕੇ ਹਨ ਤੇ ਫਿਰ ਵੀ ਵਰਤ ਸਕਦੇ ਹਨ। ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਹੱਕ ਕੈਨੇਡਾ ਦੇ ਫ਼ਰੈਂਚ ਬੋਲਣ ਵਾਲੇ ਇਕ ਰਾਜ ਕਿਊਬਿਕ ਨੂੰ ਮਿਲਿਆ ਵੀ ਹੋਇਆ ਹੈ ਤੇ ਉਹ ਵੀ ਇਸ ਹੱਕ ਨੂੰ ਵਰਤ ਕੇ ਰਾਏਸ਼ੁਮਾਰੀ ਕਰਵਾ ਚੁੱਕੇ ਹਨ ਤੇ ਫਿਰ ਵੀ ਕਰਵਾ ਸਕਦੇ ਹਨ। ਇਹ ਹੱਕ ਰੂਸ ਦੀਆਂ ਰੀਪਬਲਿਕਾਂ ਨੂੰ ਵੀ ਮਿਲਿਆ ਹੋਇਆ ਸੀ ਤੇ ਉਹ ਰੂਸ ਤੋਂ ਵੱਖ ਹੋ ਵੀ ਚੁਕੀਆਂ ਹਨ। ਇਹ ਹੱਕ ਇਸ ਗੱਲ ਦੀ ਗਾਰੰਟੀ ਦੇਂਦਾ ਹੈ ਕਿ ਘੱਟ-ਗਿਣਤੀਆਂ ਨਾਲ ਚੰਗਾ ਸਲੂਕ ਕੀਤਾ ਜਾਵੇਗਾ ਤੇ ਹੰਕਾਰ ਵਿਚ ਆ ਕੇ ਬਹੁਗਿਣਤੀ ਧੱਕਾ ਕਰਨੋਂ ਨਹੀਂ ਹਟਦੀ ਤਾਂ ਘੱਟ-ਗਿਣਤੀ ਕੋਈ ਸਦਾ ਲਈ ਗ਼ੁਲਾਮ ਹੋ ਚੁਕੀ ਕੌਮ ਨਹੀਂ ਬਣ ਗਈ ਹੁੰਦੀ ਕਿ ਉਹ ਵੱਖ ਹੋਣ ਦੀ ਸੋਚ ਹੀ ਨਹੀਂ ਸਕਦੀ।

ਇਹ ਅਸੂਲ ਲੋਕ-ਰਾਜੀ ਦੇਸ਼ਾਂ ਵਿਚ ਵੱਧ ਤੋਂ ਵੱਧ ਕਾਬਲੇ-ਕਬੂਲ ਬਣਦਾ ਜਾ ਰਿਹਾ ਹੈ ਤੇ ਇਸ ਅਸੂਲ ਉਤੇ ਆਧਾਰਤ ਹੈ ਕਿ ਸਟੇਟ ਨੂੰ ਕਿਸੇ ਨਾਲ ਵੀ ਵਿਤਕਰਾ, ਧੱਕਾ ਤੇ ਜ਼ਬਰਦਸਤੀ ਕਰਨ ਦਾ ਪੱਕਾ ਅਧਿਕਾਰ ਨਹੀਂ ਮਿਲ ਜਾਂਦਾ ਤੇ ਜੇ ਉਹ ਇਕ ਖ਼ਾਸ ਵਰਗ ਨਾਲ ਧੱਕਾ ਜਾਂ ਵਿਤਕਰਾ ਬੰਦ ਨਹੀਂ ਕਰਦੀ ਤਾਂ ਉਸ ਨੂੰ ਇਹ ਖ਼ੁਦਾਈ ਅਧਿਕਾਰ ਨਹੀਂ ਮਿਲਿਆ ਹੋਇਆ ਕਿ ਉਹ ਉਸ ਘੱਟ-ਗਿਣਤੀ ਉਤੇ ਰਾਜ ਵੀ ਧੱਕੇ ਨਾਲ ਕਰਦੀ ਰਹੇ। ਦੂਜਾ ਅਸੂਲ ਇਹ ਹੈ ਕਿ ਹਰ ਵਿਅਕਤੀ ਦੇ ਸਟੇਟ (ਰਾਜ) ਵਿਰੁਧ ਕੁੱਝ ਅਧਿਕਾਰ ਹੁੰਦੇ ਹਨ। ਸਟੇਟ ਦੀ ਧਰਤੀ ਦਾ ਸਾਈਜ਼ ਛੋਟਾ ਹੋਣ ਦੇ ਡਰੋਂ ਹੀ, ਇਕ ਘੱਟ-ਗਿਣਤੀ ਦੇ ਅਧਿਕਾਰ ਖ਼ਤਮ ਨਹੀਂ ਕੀਤੇ ਜਾ ਸਕਦੇ। ਜੇ ਸਟੇਟ ਅਪਣੀ ਰਵਸ਼ ਵਿਚ ਤਬਦੀਲੀ ਕਰਨ ਨੂੰ ਤਿਆਰ ਨਹੀਂ ਤਾਂ ਘੱਟ-ਗਿਣਤੀ ਨੂੰ ਉਸ ‘ਸਟੇਟ’ ’ਚੋ ਬਾਹਰ ਨਿਕਲ ਕੇ ਅਪਣਾ ਵਖਰਾ ਰਾਜ ਕਾਇਮ ਕਰਨ ਦਾ ਪੂਰਾ ਅਧਿਕਾਰ ਹੋਣਾ ਚਾਹੀਦਾ ਹੈ। ਦੁਨੀਆਂ ਭਰ ਦੇ ਲੋਕ-ਰਾਜੀ ਦੇਸ਼ਾਂ ਵਿਚ ਇਸ ਦਿਸ਼ਾ ਵਲ ਹੀ ਕੰਮ ਹੋ ਰਿਹਾ ਹੈ ਜਿਸ ਦੀ ਗੱਲ ਕਰਨ ਨੂੰ ਸਰਕਾਰ ਨਹੀਂ, ਕਪੂਰ ਸਿੰਘ ਨੌਕਰਸ਼ਾਹ ਪਾਪ ਕਹਿੰਦਾ ਹੈ। ਜੇਲ੍ਹ ਜਾਣ ਦੇ ਡਰ ਕਾਰਨ ਹੀ ਅਪਣੇ ਅਧਿਕਾਰ ਛੱਡ ਨਹੀਂ ਦਿਤੇ ਜਾਂਦੇ। ਫਿਰ ਵੱਖ ਹੋਣ ਦੇ ਅਧਿਕਾਰ ਦੀ ਮੰਗ ਵੱਖ ਹੋਣ ਦੀ ਚਾਹਤ ਨਹੀਂ ਹੁੰਦੀ ਸਗੋਂ ਚਾਹਤ ਇਹ ਹੁੰਦੀ ਹੈ ਕਿ ਸਟੇਟ ਉਸ ਘੱਟ-ਗਿਣਤੀ ਨਾਲ ਨਿਆਂ ਕਰੇ ਪਰ ਜੇ ਨਹੀਂ ਕਰ ਸਕਦੀ ਤਾਂ... ਅਸਲ ਵਿਚ ਇਹ ਮੰਗ ਵੱਖ ਹੋਣੋਂ ਰੋਕਣ ਦੇ ਕਾਰਗਰ ਸਾਧਨ ਵਜੋਂ ਲੋਕ ਰਾਜੀ ਦੇਸ਼ਾਂ ਵਿਚ ਮੰਨੀ ਜਾ ਰਹੀ ਹੈ।ਯਕੀਨਨ ਅਕਾਲੀ ਲੀਡਰ ਮਾ: ਤਾਰਾ ਸਿੰਘ, ਸ: ਕਪੂਰ ਸਿੰਘ ਨੌਕਰਸ਼ਾਹ ਨਾਲੋਂ ਜ਼ਿਆਦਾ ਅਗਾਂਹਵਧੂ ਸਨ ਤੇ ਘੱਟ-ਗਿਣਤੀਆਂ ਦੇ ਅਧਿਕਾਰਾਂ ਪ੍ਰਤੀ ਜ਼ਿਆਦਾ ਸੁਚੇਤ ਤੇ ਜਾਗਰੂਕ ਸਨ।     (ਚਲਦਾ)                                              ਜੋਗਿੰਦਰ  ਸਿੰਘ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement