
ਇਜ਼ਰਾਈਲ ਸਿਰਫ਼ ਹਮਾਸ ’ਤੇ ਹੀ ਹਮਲਾ ਨਹੀਂ ਕਰ ਰਿਹਾ ਬਲਕਿ ਉਨ੍ਹਾਂ ਦਾ ਵਾਰ ਗ਼ਾਜ਼ਾ ਵਿਚ ਰਹਿਣ ਵਾਲੇ ਹਰ ਮਾਸੂਮ ਨਾਗਰਿਕ ’ਤੇ ਹੋ ਰਿਹਾ ਹੈ।
Editorial: ਪਿਛਲੇ ਹਫ਼ਤੇ ਗ਼ਾਜ਼ਾ ਤੋਂ ਇਕ ਆਡੀਉ ਬਾਹਰ ਆਈ ਜਿਸ ਵਿਚ ਛੇ ਸਾਲ ਦੀ ਹਿੰਦ ਰਾਜਾਬ ਅਪਣੇ ਪ੍ਰਵਾਰ ਦੀਆਂ ਲਾਸ਼ਾਂ ਵਿਚਕਾਰ ਆਸ ਲਾਈ ਬੈਠੀ ਸੀ ਕਿ ਉਸ ਨੂੰ ਬਚਾਉਣ ਵਾਸਤੇ ਫ਼ਲਸਤੀਨੀ ਰੈੱਡ ਕਰਾਸ ਸੁਸਾਇਟੀ ਜਾਂ ਉਸ ਦੀ ਮਾਂ ਹੁਣੇ ਦੌੜਦੀ ਆਵੇਗੀ। ਪ੍ਰਵਾਰ ਗ਼ਾਜ਼ਾ ਛੱਡ ਕੇ ਰਫ਼ਾਹ ਨੂੰ ਜਾ ਰਿਹਾ ਸੀ ਕਿਉਂਕਿ ਇਜ਼ਰਾਈਲ ਨੇ ਗ਼ਾਜ਼ਾ ਨੂੰ ਖ਼ਾਲੀ ਕਰਨ ਦੀ ਚੇਤਾਵਨੀ ਦੇ ਦਿਤੀ ਸੀ। ਹਿੰਦ ਦੀ ਮਾਂ ਤੇ ਬਾਕੀ ਪ੍ਰਵਾਰ ਪੈਦਲ ਜਾ ਰਹੇ ਸੀ ਪਰ ਇਸ ਛੇ ਸਾਲ ਦੀ ਬੱਚੀ ਨੂੰ ਪ੍ਰਵਾਰ ਦੀ ਗੱਡੀ ਵਿਚ ਹੋਰਨਾਂ ਨਾਲ ਭੇਜ ਦਿਤਾ। ਪਰ ਗੱਡੀ ਇਜ਼ਰਾਈਲੀ ਫ਼ੌਜ ਦਾ ਨਿਸ਼ਾਨਾ ਬਣ ਗਈ ਤੇ ਲਾਸ਼ਾਂ ਦੇ ਢੇਰ ਵਿਚ ਬੈਠੀ ਹਿੰਦ ਨੇ ਫ਼ੋਨ ਰਾਹੀਂ ਮਦਦ ਮੰਗੀ। ਰੈੱਡ ਕਰਾਸ ਸੋਸਾਇਟੀ ਦੀ ਵਰਕਰ ਨੇ ਹਿੰਦ ਦੇ ਆਖ਼ਰੀ ਪਲਾਂ ਵਿਚ ਉਸ ਦੀ ਮਾਂ ਨਾਲ ਵੀ ਗੱਲ ਕਰਵਾਈ ਪਰ ਉਹ ਅਪਣੀ ਬੇਹਿਸਾਬ ਬੇਬਸੀ ਅੱਗੇ ਟੁੱਟ ਕੇ ਰਹਿ ਗਈ।
ਰੈੱਡ ਕਰਾਸ ਵਲੋਂ ਇਜ਼ਰਾਈਲੀ ਕਮਾਂਡ ਅਫ਼ਸਰਾਂ ਤੋਂ ਇਸ ਛੇ ਸਾਲ ਦੀ ਬੱਚੀ ਵਾਸਤੇ ਕਈ ਅਪੀਲਾਂ ਵੀ ਕੀਤੀਆਂ ਗਈਆਂ। ਉਥੇ ਐੈਂਬੂਲੈਂਸਾਂ ਵੀ ਆਉਂਦੀਆਂ ਰਹੀਆਂ ਪਰ ਕਿਸੇ ਨੇ ਹਿੰਦ ਦੀ ਮਦਦ ਨਾ ਕੀਤੀ। ਹਿੰਦ ਦੀ ਲਾਸ਼ 12 ਦਿਨਾਂ ਬਾਅਦ ਉਸੇ ਗੱਡੀ ਵਿਚ ਲਾਸ਼ਾਂ ਹੇਠ ਦੱਬੀ ਹੋਈ ਮਿਲੀ।
ਇਜ਼ਰਾਈਲ ਨੇ ਅਪਣੀ ਤਾਕਤ ਗ਼ਾਜ਼ਾ ਨੂੰ ਖ਼ਾਲੀ ਕਰਵਾਉਣ ’ਤੇ ਲਗਾ ਕੇ ਫ਼ਲਸਤੀਨੀਆਂ ਨੂੰ ਰਫ਼ਾਹ ਵਲ ਭੱਜਣ ਲਈ ਮਜਬੂਰ ਕੀਤਾ ਪਰ ਹੁਣ ਉਨ੍ਹਾਂ ਨੇ ਰਫ਼ਾਹ ਤੇ ਵੀ ਹਮਲਾ ਸ਼ੁਰੂ ਕਰ ਦਿਤਾ। ਐਤਵਾਰ ਦੇ ਦਿਨ ਅਪਣੇ ਦੋ ਬੰਧਕਾਂ ਨੂੰ ਬਚਾਉਣ ਵਾਸਤੇ ਰਫ਼ਾਹ ਤੇ ਹਮਲਾ ਕੀਤਾ ਗਿਆ ਤੇ 60 ਲੋਕਾਂ ਦੀ ਮੌਤ ਹੋਈ ਦੱਸੀ ਗਈ। ਮੰਨਿਆ ਜਾਂਦਾ ਹੈ ਕਿ ਉਹ ਦੋ ਇਜ਼ਰਾਈਲੀ ਵੀ ਬੇਕਸੂਰ ਸਨ ਪਰ ਇਹ 60 ਫ਼ਲਸਤੀਨੀ ਵੀ ਬੇਕਸੂਰ ਸਨ।
ਪਰ ਅੱਜ ਇਜ਼ਰਾਈਲ ਅਤੇ ਹਮਾਸ ਦੀ ਜੰਗ ਵਿਚਕਾਰ, ਦੋ ਇਜ਼ਰਾਈਲੀਆਂ ਦੇ ਮੁਕਾਬਲੇ 60 ਬੇਕਸੂਰ ਫ਼ਲਸਤੀਨੀਆਂ ਦੀ ਕੀਮਤ ਹੀ ਕੋਈ ਨਹੀਂ ਰਹੀ। ਇਹ ਉਹ ਫ਼ਲਸਤੀਨੀ ਹਨ ਜੋ ਗ਼ਾਜ਼ਾ ਵਿਚ ਅਪਣੇ ਘਰ ਛੱਡਣ ਨੂੰ ਮਜਬੂਰ ਹੋਏ ਸਨ ਤੇ ਹੁਣ ਦੁਹਾਈ ਦੇਂਦੇ ਹਨ ਕਿ ਉਨ੍ਹਾਂ ਵਾਸਤੇ ਰਫ਼ਾਹ ਤੋਂ ਅੱਗੇ ਸਿਰਫ਼ ਸਮੁੰਦਰ ਹੈ ਤੇ ਉਹ ਜਾਣ ਤਾਂ ਜਾਣ ਕਿਥੇ?
ਇਹ ਸਾਰੀ ਦੁਨੀਆਂ ਦੀ ਹਾਰ ਹੈ ਕਿ ਉਹ ਇਜ਼ਰਾਈਲ ਨੂੰ ਮਨੁੱਖੀ ਕਦਰਾਂ ਕੀਮਤਾਂ ਮੁਤਾਬਕ ਚਲਣ ਵਾਸਤੇ ਨਹੀਂ ਮਨਾ ਸਕੇ। ਸੰਯੁਕਤ ਰਾਸ਼ਟਰ ਇਸ ਮਸਲੇ ਵਿਚ ਹਾਰ ਚੁੱਕਾ ਹੈ ਤੇ ਬੜੀ ਮਿਹਨਤ ਨਾਲ ਫ਼ਲਸਤੀਨੀ ਰਾਸ਼ਟਰਪਤੀ, ਮੁਹੰਮਦ ਅਬਾਸ, ਹਮਾਸ ਤੇ ਇਜ਼ਰਾਈਲ ਵਿਚ ਸਮਝੌਤਾ ਕਰਵਾਉਣ ਦਾ ਯਤਨ ਕਰ ਰਹੇ ਸਨ। ਐਤਵਾਰ ਨੂੰ ਹਮਾਸ ਨੇ ਇਸ ਹਮਲੇ ਵਿਰੁਧ ਚੇਤਾਵਨੀ ਵੀ ਦਿਤੀ ਸੀ ਪਰ ਹਾਰ ਰਹੇ ਹਮਾਸ ਵਲੋਂ ਕੀਤੀ ਹਰ ਅਪੀਲ ਇਜ਼ਰਾਈਲ ਦੇ ਮੁਖੀ ਨੈਤਨਯਾਹੂ ਦੀ ਹੈਵਾਨੀਅਤ ਨੂੰ ਹੋਰ ਉਜਾਗਰ ਕਰਦੀ ਹੈ।
ਇਜ਼ਰਾਈਲ ਸਿਰਫ਼ ਹਮਾਸ ’ਤੇ ਹੀ ਹਮਲਾ ਨਹੀਂ ਕਰ ਰਿਹਾ ਬਲਕਿ ਉਨ੍ਹਾਂ ਦਾ ਵਾਰ ਗ਼ਾਜ਼ਾ ਵਿਚ ਰਹਿਣ ਵਾਲੇ ਹਰ ਮਾਸੂਮ ਨਾਗਰਿਕ ’ਤੇ ਹੋ ਰਿਹਾ ਹੈ। ਇਜ਼ਰਾਈਲ ਨੇ ਇਤਿਹਾਸ ਵਿਚ ਅਪਣੀ ਨਸਲਕੁਸ਼ੀ ਵੀ ਵੇਖੀ ਹੈ ਪਰ ਅੱਜ ਦੇ ਯਹੂਦੀ ਹੁਕਮਰਾਨ, ਹਿਟਲਰ ਦੇ ਵਾਰਸ ਸਾਬਤ ਹੋ ਰਹੇ ਹਨ।
ਦੁਨੀਆਂ ਜਦ ਇਸ ਨਵੇਂ ਆਧੁਨਿਕ ਯੁਗ ਵਲ ਵੱਧ ਰਹੀ ਹੈ ਜਿਥੇ ਅੱਜ ਦੇ ਮਾਡਰਨ ਹਥਿਆਰ, ਆਰਟੀਫ਼ੀਸ਼ਲ ਇੰਟੈਲੀਜੈਂਸ ਦਾ ਦੌਰ ਸ਼ੁਰੂ ਹੋ ਚੁੱਕਾ ਹੈ, ਕੀ ਇਸ ਦੌਰ ਵਿਚ ਹੈਵਾਨੀਅਤ ਵੀ ਵਧੇਗੀ? ਜਦ ਇਕ ਦੇਸ਼ ਦੇ ਆਗੂ ਦੀ ਅਪਣੀ ਫ਼ੌਜ ਨੂੰ ਬੇਕਸੂਰਾਂ ਅਤੇ ਬੱਚਿਆਂ ਤੇ ਗੋਲੀਆਂ ਚਲਾਉਣ ਦੇ ਹੁਕਮ ਦੇਣ ਲਗਿਆਂ ਰੂਹ ਨਹੀਂ ਕੰਬਦੀ ਤਾਂ ਇਹ ਮਨੁੱਖਤਾ ਵਾਸਤੇ ਹਨੇਰਗਰਦੀ ਦਾ ਦੌਰ ਸ਼ੁਰੂ ਕਰਨ ਵਾਲਾ ਦੌਰ ਬਣ ਜਾਂਦਾ ਹੈ। ਸਮੁੱਚੀ ਇਨਸਾਨੀਅਤ ਅਪਣੇ ਨਿਜੀ ਜ਼ਿੰਦਗੀ ਵਿਚ ਮਸਰੂਫ਼, ਹਿੰਦ ਵਰਗੀਆਂ ਬੱਚੀਆਂ ਦੀ ਆਵਾਜ਼ ਨੂੰ ਅਣਸੁਣਿਆ ਕਰਦੀ ਹੋਈ ਵੀ ਨੇਤਨਯਾਹੂ ਦੇ ਨਾਲ ਹੀ ਰੱਬ ਦੀ ਅਦਾਲਤ ਵਿਚ ਕਟਹਿਰੇ ਵਿਚ ਖੜੀ ਹੋਵੇਗੀ- ਕੁੱਝ ਲੋਕ ਅਪਣੀ ਕਰਨੀ ਸਦਕਾ ਤੇ ਬਾਕੀ ਦੇ, ਉਨ੍ਹਾਂ ਵਲੋਂ ਧਾਰੀ ਗਈ ਚੁੱਪੀ ਸਦਕਾ।
- ਨਿਮਰਤ ਕੌਰ
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।