Advertisement

ਨਫ਼ਰਤ ਦੀ ਅੱਗ ਬਾਲਣ ਤੇ ਭੀੜਾਂ ਨੂੰ ਭੜਕਾਉਣ ਵਿਚ 'ਸਮਾਰਟ ਫ਼ੋਨਾਂ' ਦਾ ਵੱਡਾ ਹੱਥ

ROZANA SPOKESMAN
Published Jun 13, 2018, 3:58 am IST
Updated Jun 13, 2018, 3:58 am IST
ਭੀੜਾਂ ਹੱਥੋਂ ਮਨੁੱਖੀ ਜਾਨਾਂ ਜਾਣ ਵਾਲੇ ਹਾਦਸਿਆਂ ਵਿਚ 'ਸਮਾਰਟ ਫ਼ੋਨ' ਦਾ ਬੜਾ ਵੱਡਾ ਯੋਗਦਾਨ ਸਾਹਮਣੇ ਆ ਰਿਹਾ ਹੈ। ਅਫ਼ਵਾਹਾਂ ਫੈਲਾਉਣ ਵਿਚ ਜਾਂ ਭੀੜ ਨੂੰ ਇਕੱਠਿਆਂ....
Crowd with SmartPhones
 Crowd with SmartPhones

ਭੀੜਾਂ ਹੱਥੋਂ ਮਨੁੱਖੀ ਜਾਨਾਂ ਜਾਣ ਵਾਲੇ ਹਾਦਸਿਆਂ ਵਿਚ 'ਸਮਾਰਟ ਫ਼ੋਨ' ਦਾ ਬੜਾ ਵੱਡਾ ਯੋਗਦਾਨ ਸਾਹਮਣੇ ਆ ਰਿਹਾ ਹੈ। ਅਫ਼ਵਾਹਾਂ ਫੈਲਾਉਣ ਵਿਚ ਜਾਂ ਭੀੜ ਨੂੰ ਇਕੱਠਿਆਂ ਕਰਨ ਵਿਚ ਇਨ੍ਹਾਂ ਦੇ ਝਟਪਟ ਭੇਜੇ ਸੰਦੇਸ਼ ਬਾਰੂਦ ਦਾ ਕੰਮ ਕਰਦੇ ਹਨ। ਭਾਰਤ ਵਿਚ ਅੱਜ ਮੋਬਾਈਲ ਕੰਪਨੀਆਂ ਮੁਫ਼ਤ ਡੈਟਾ ਦੇ ਰਹੀਆਂ ਹਨ ਜਿਸ ਨਾਲ ਭਾਰਤ ਦੀ ਗ਼ਰੀਬ ਅਬਾਦੀ ਉਤੇ ਪੈਸੇ ਦਾ ਭਾਰ ਨਹੀਂ ਪੈ ਰਿਹਾ।

ਕਿਉਂਕਿ ਡੈਟਾ ਮੁਫ਼ਤ ਹੈ, ਸਨਸਨੀਖੇਜ਼ ਸੰਦੇਸ਼ਾਂ ਨੂੰ ਫੈਲਾਉਣ ਤੋਂ ਕੋਈ ਨਹੀਂ ਝਿਜਕਦਾ। ਨਫ਼ਰਤ, ਅੱਗ ਵਾਂਗ ਹੁੰਦੀ ਹੈ ਜੋ ਕਿ ਤੇਜ਼ੀ ਨਾਲ ਫੈਲਦੀ ਹੈ। ਅੱਜ ਅਸੀ ਭਾਰਤ ਵਿਚ ਭੀੜਾਂ ਵਲੋਂ ਅੰਜਾਮ ਦਿਤੀਆਂ ਵਾਰਦਾਤਾਂ ਨੂੰ ਦਿਨ-ਬ-ਦਿਨ ਵਧੀ ਜਾਂਦਿਆਂ ਵੇਖ ਰਹੇ ਹਾਂ। ਅਸਾਮ ਵਿਚ ਦੋ ਮੁੰਡਿਆਂ ਉਤੇ ਪਿੰਡ ਦੇ ਨੌਜਵਾਨ ਭਾਰੂ ਹੋ ਗਏ ਅਤੇ ਡਾਂਗਾਂ ਤੇ ਪੱਥਰਾਂ ਨਾਲ ਮਾਰ-ਮਾਰ ਕੇ ਉਨ੍ਹਾਂ ਨੂੰ ਖ਼ਤਮ ਕਰ ਦਿਤਾ। ਕਾਰਨ ਸਿਰਫ਼ ਇਹੀ ਕਿ ਉਹ ਉਨ੍ਹਾਂ ਨੂੰ ਪਛਾਣਦੇ ਨਹੀਂ ਸਨ ਅਤੇ ਉਨ੍ਹਾਂ ਵਿਚੋਂ ਇਕ ਦੀ ਦਿੱਖ ਆਮ ਨਾਲੋਂ ਵਖਰੀ ਸੀ।

ਘੁੰਗਰਾਲੀਆਂ ਜਟਾਵਾਂ ਵਾਲੇ ਮੁੰਡੇ ਨੂੰ ਅਪਣੇ ਤੋਂ ਵੱਖ ਜਿਹਾ ਵੇਖ ਕੇ ਪਿੰਡ ਵਾਸੀਆਂ ਨੇ ਇਨ੍ਹਾਂ ਦੋਹਾਂ ਨੂੰ ਗ਼ਲਤ ਤੇ ਸ਼ੱਕੀ ਕਿਸਮ ਦੇ ਬੰਦੇ ਮੰਨ ਲਿਆ। ਫ਼ੇਸਬੁਕ ਤੇ ਬੱਚੇ ਚੋਰੀ ਕਰਨ ਵਾਲੇ ਗਰੋਹ ਬਾਰੇ ਇਕ ਨਿਜੀ ਪੇਜ ਤੇ ਚੇਤਾਵਨੀ ਦਿਤੀ ਗਈ ਸੀ ਜਿਸ ਕਰ ਕੇ ਹਰ ਅਗਿਆਤ ਬੰਦੇ ਦੀ ਵਖਰੀ ਚਾਲ ਢਾਲ ਵੇਖ ਕੇ ਉਹ ਉਸ ਉਤੇ ਸ਼ੱਕ ਕਰਨ ਲੱਗ ਜਾਂਦੇ ਹਨ। ਇਨ੍ਹਾਂ ਦੋ ਮੁੰਡਿਆਂ ਨੂੰ ਵੇਖ ਕੇ ਭੀੜ ਨੇ ਆਪੇ ਹੀ ਸੋਚ ਲਿਆ ਕਿ ਇਹ ਦੋਵੇਂ ਅਪਰਾਧ ਜਗਤ ਨਾਲ ਜੁੜੇ ਲੋਕ ਹਨ ਤੇ ਫਿਰ ਉਨ੍ਹਾਂ ਨੂੰ ਸਜ਼ਾ ਦੇਣ ਦਾ ਕੰਮ ਵੀ ਅਪਣੇ ਹੱਥਾਂ ਵਿਚ ਲੈ ਲਿਆ।

ਮੁੰਡਿਆਂ ਨੂੰ ਮਾਰਨ ਤੋਂ ਬਾਅਦ ਇਕ ਹਤਿਆਰੇ ਨੇ ਉਸ ਦੇ ਫ਼ੋਨ ਤੋਂ ਇਕ ਮਿੱਤਰ ਦੇ ਨੰਬਰ ਤੇ ਫ਼ੋਨ ਕਰ ਕੇ ਕਿਹਾ ਕਿ ਇਸ ਮੁੰਡੇ ਨੂੰ ਮਾਰ ਦਿਤਾ ਗਿਆ ਹੈ ਅਤੇ ਇਸ ਖ਼ਬਰ ਨੂੰ ਟੀ.ਵੀ. ਉਤੇ ਵੇਖ ਲਉ।ਇਸੇ ਤਰ੍ਹਾਂ ਇਕ 62 ਸਾਲ ਦੀ ਔਰਤ ਨੂੰ ਤਾਮਿਲਨਾਡੂ ਵਿਚ 100 ਲੋਕਾਂ ਦੀ ਭੀੜ ਨੇ ਮਾਰ-ਮਾਰ ਕੇ ਖ਼ਤਮ ਕਰ ਦਿਤਾ ਕਿਉਂਕਿ ਉਹ ਦੋ ਬੱਚਿਆਂ ਨੂੰ ਚਾਕਲੇਟ ਦੇ ਰਹੀ ਸੀ।

Smart Phones Smart Phones

ਹੈਦਰਾਬਾਦ ਵਿਚ ਪਿਛਲੇ ਮਹੀਨੇ ਇਕ ਕਿੰਨਰ ਨੂੰ ਭੀੜ ਨੇ ਮਾਰ ਮਾਰ ਕੇ ਮਾਰ ਦਿਤਾ ਸੀ, ਸਿਰਫ਼ ਇਕ ਸ਼ੱਕ ਦੇ ਆਧਾਰ ਤੇ। ਹੁਣ ਇਹ ਭਾਰਤੀ ਸਮਾਜ ਵਿਚ ਫੈਲਦੀ ਸਮੱਸਿਆ ਬਣਦੀ ਜਾ ਰਹੀ ਹੈ ਜਿਸ ਨੂੰ ਕਾਬੂ ਹੇਠ ਕਰਨ ਦੀ ਫੁਰਤੀ ਜਾਂ ਪਹਿਲ ਸਰਕਾਰ ਵਲੋਂ ਨਹੀਂ ਵਿਖਾਈ ਜਾ ਰਹੀ। ਭੀੜਾਂ ਹੱਥੋਂ ਮਨੁੱਖੀ ਜਾਨਾਂ ਜਾਣ ਵਾਲੇ ਹਾਦਸਿਆਂ ਵਿਚ 'ਸਮਾਰਟ ਫ਼ੋਨ' ਦਾ ਬੜਾ ਵੱਡਾ ਯੋਗਦਾਨ ਸਾਹਮਣੇ ਆ ਰਿਹਾ ਹੈ। ਅਫ਼ਵਾਹਾਂ ਫੈਲਾਉਣ ਵਿਚ ਜਾਂ ਭੀੜ ਨੂੰ ਇਕੱਠਿਆਂ ਕਰਨ ਵਿਚ ਇਨ੍ਹਾਂ ਦੇ ਝਟਪਟ ਭੇਜੇ ਸੰਦੇਸ਼ ਬਾਰੂਦ ਦਾ ਕੰਮ ਕਰਦੇ ਹਨ।

ਭਾਰਤ ਵਿਚ ਅੱਜ ਮੋਬਾਈਲ ਕੰਪਨੀਆਂ ਮੁਫ਼ਤ ਡੈਟਾ ਦੇ ਰਹੀਆਂ ਹਨ ਜਿਸ ਨਾਲ ਭਾਰਤ ਦੀ ਗ਼ਰੀਬ ਅਬਾਦੀ ਉਤੇ ਪੈਸੇ ਦਾ ਭਾਰ ਨਹੀਂ ਪੈ ਰਿਹਾ। ਕਿਉਂਕਿ ਡੈਟਾ ਮੁਫ਼ਤ ਹੈ, ਸਨਸਨੀਖੇਜ਼ ਸੰਦੇਸ਼ਾਂ ਨੂੰ ਫੈਲਾਉਣ ਤੋਂ ਕੋਈ ਨਹੀਂ ਝਿਜਕਦਾ। ਹੁਣ ਜੋ ਨਫ਼ਰਤ ਅਤੇ ਡਰ ਫੈਲਾ ਰਹੇ ਹਨ, ਉਹ ਅਪਣੇ ਸੰਦੇਸ਼ਾਂ ਨੂੰ ਕਿਸੇ ਮੁੱਦੇ ਹੇਠ ਲੁਕਾ ਲੈਂਦੇ ਹਨ। ਕਦੇ ਗਊ ਰਕਸ਼ਾ, ਧਰਮ ਸੰਕਟ, ਬੱਚਿਆਂ ਦੀ ਅਗਵਾਈ ਤੇ ਹਰ ਇਨਸਾਨ, ਬਿਨਾਂ ਕਿਸੇ ਖ਼ਰਚੇ ਤੋਂ ਇਸ ਜੰਗ ਦਾ ਫ਼ੌਜੀ ਬਣ ਜਾਂਦਾ ਹੈ। ਫ਼ੋਨ ਤਾਂ ਸਮਾਰਟ ਬਣਾ ਦਿਤੇ ਹਨ ਪਰ ਅਫ਼ਸੋਸ ਉਨ੍ਹਾਂ ਨੂੰ ਖ਼ਰੀਦਣ ਵਾਲੇ 'ਸਮਾਰਟ' ਨਹੀਂ ਬਣ ਰਹੇ।

ਭਾਰਤੀ ਸਭਿਆਚਾਰ ਵਿਚ ਨਫ਼ਰਤ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਸਾਡਾ ਸਮਾਜ ਕਦੇ ਵੀ ਬਰਾਬਰੀ ਦੇ ਅਸੂਲਾਂ ਤੇ ਨਹੀਂ ਚਲਿਆ। ਘੱਟ ਹੀ ਇਤਿਹਾਸਕ ਰਾਜੇ-ਮਹਾਰਾਜੇ ਹੋਏ ਹੋਣਗੇ ਜਿਨ੍ਹਾਂ ਨੇ ਸੱਭ ਦੀ ਬਰਾਬਰੀ ਦੀ ਕਦਰ ਕੀਤੀ ਹੈ। ਅਕਬਰ ਵਰਗੇ ਥੋੜੇ ਹੀ ਹੋਏ ਹਨ ਜਿਨ੍ਹਾਂ ਦੇਸ਼ ਨੂੰ ਧਰਮਨਿਰਪੱਖ ਹੋ ਕੇ ਜੋੜਿਆ। ਹਰ ਕੋਈ ਕਿਸੇ ਨਾ ਕਿਸੇ ਦੂਜੇ ਪ੍ਰਤੀ ਨਫ਼ਰਤ ਫੈਲਾ ਕੇ, ਉਸ ਨੂੰ ਛੋਟਾ ਕਰ ਕੇ ਦੱਸਣ ਵਿਚ ਹੀ ਲੱਗਾ ਹੋਇਆ ਹੈ।

ਜੇ ਧਰਮ ਦੀ ਗੱਲ ਕਰੀਏ ਤਾਂ ਜਾਤ-ਪਾਤ ਦੇ ਆਧਾਰ ਤੇ ਕਈਆਂ ਦੇ ਹੱਕ ਪੈਰਾਂ ਥੱਲੇ ਸਦੀਆਂ ਤੋਂ ਕੁਚਲੇ ਜਾਂਦੇ ਰਹੇ ਹਨ। ਮਰਦ-ਔਰਤ ਵਿਚ ਵੀ ਨਾਬਰਾਬਰੀ ਦੀਆਂ ਲਕੀਰਾਂ ਨੂੰ ਧਰਮ ਤੇ ਕਾਨੂੰਨ ਦਾ ਸਹਾਰਾ ਲੈ ਕੇ ਖਿਚਿਆ ਗਿਆ।ਸਾਫ਼ ਹੈ ਕਿ ਸਾਡੇ ਸਮਾਜ ਦੀਆਂ ਬੁਨਿਆਦਾਂ ਹੀ ਟੁਕੜਿਆਂ ਵਿਚ ਵੰਡੀਆਂ ਹੋਈਆਂ ਹਨ ਅਤੇ ਜਦੋਂ ਇਨ੍ਹਾਂ ਤੇ ਕਿਸੇ ਤਰ੍ਹਾਂ ਦੀ ਨਵੀਂ ਨਫ਼ਰਤ ਦਾ ਭਾਰ ਪੈਂਦਾ ਹੈ ਤਾਂ ਸਮਾਜ ਬੜੀ ਛੇਤੀ ਵੰਡਿਆ ਜਾਂਦਾ ਹੈ। ਹੁਣ ਇਨ੍ਹਾਂ ਨੂੰ ਰੋਕਣਾ ਅਤੇ ਕਾਨੂੰਨ ਨੂੰ ਅਫ਼ਵਾਹਾਂ ਅਤੇ ਨਫ਼ਰਤ ਉਤੇ ਹਾਵੀ ਹੋਣਾ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਨਹੀਂ ਤਾਂ ਇਸ ਲੋਕਤੰਤਰ ਨੂੰ ਜੰਗਲ-ਰਾਜ ਵਿਚ ਤਬਦੀਲ ਹੁੰਦੇ ਸਮਾਂ ਨਹੀਂ ਲੱਗੇਗਾ। -ਨਿਮਰਤ ਕੌਰ

Advertisement

ਖ਼ਾਸ ਖ਼ਬਰਾਂ

Latest Gallery