
ਕਾਂਗਰਸ ਦੇ ਭ੍ਰਿਸ਼ਟਾਚਾਰ ਵਿਰੁਧ ਸਿਆਸੀ ਡਾਂਗਾਂ ਚਲਾਉ ਪਰ ਕਾਂਗਰਸ ਦੀ 'ਧਰਮ-ਨਿਰਪੱਖਤਾ' ਨੂੰ ਡਾਂਗਾਂ ਨਾ ਮਾਰੋ!
ਪੀਯੂਸ਼ ਗੋਇਲ, ਜੋ ਕਿ ਅੱਜਕਲ੍ਹ ਰੇਲ ਮੰਤਰੀ ਹਨ ਅਤੇ ਉਦਯੋਗ ਤੇ ਕਾਮਰਸ ਦੇ ਮੰਤਰਾਲੇ ਨੂੰ ਵੀ ਸੰਭਾਲਦੇ ਹਨ, ਦੇ ਮੂੰਹੋਂ ਇਕ ਬੜੀ ਵੱਡੀ ਗ਼ਲਤ ਗੱਲ ਨਿਕਲ ਗਈ। ਉਨ੍ਹਾਂ ਨੇ ਗਣਿਤ ਉਤੇ ਜ਼ਿਆਦਾ ਤਵੱਜੋ ਦੇਣ ਤੋਂ ਮਨ੍ਹਾਂ ਕਰਨ ਦੀ ਸਲਾਹ ਦਿੰਦਿਆਂ ਨਿਊਟਨ ਅਤੇ ਆਈਨਸਟਾਈਨ ਵਿਚ ਫ਼ਰਕ ਸਮਝਣ ਵਿਚ ਹੀ ਗ਼ਲਤੀ ਕਰ ਦਿਤੀ। ਭਾਵੇਂ ਅਜਿਹੀਆਂ ਗ਼ਲਤੀਆਂ ਕਈ ਲੋਕ ਆਮ ਕਰਦੇ ਹਨ, ਕਈ ਆਗੂ ਅਪਣੇ ਧਾਰਮਕ ਅਕੀਦਿਆਂ ਸਦਕਾ ਕੁੱਝ ਗ਼ੈਰ-ਵਿਗਿਆਨਕ ਗੱਲਾਂ ਵੀ ਕਰ ਜਾਂਦੇ ਹਨ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਲਾਸਟਿਕ ਸਰਜਰੀ ਦਾ ਸਬੂਤ ਗਣੇਸ਼ ਦੇ ਰੂਪ ਵਿਚ ਪੇਸ਼ ਕਰਦਿਆਂ ਵੇਖਿਆ ਹੈ। ਸੋ ਵਿਗਿਆਨ ਦੇ ਖੇਤਰ ਵਿਚ ਮਿਥਿਹਾਸ ਨੂੰ ਸੱਚ ਤੇ ਵਿਗਿਆਨ ਨੂੰ ਝੂਠ ਦੱਸਣ ਦੀ ਨਵੀਂ ਪ੍ਰਪਾਟੀ ਹੀ ਚਲ ਪਈ ਹੈ ਕਿਉਂਕਿ ਅੱਜ ਦੀ ਸਰਕਾਰ ਆਰ.ਐਸ.ਐਸ. ਦੇ ਪ੍ਰਚਾਰਕਾਂ ਦੀਆਂ ਸ਼ਾਖ਼ਾਵਾਂ ਵਿਚੋਂ ਉਠ ਕੇ ਆਈ ਹੈ ਅਤੇ ਉਨ੍ਹਾਂ ਦਾ ਅਪਣੇ ਅਧਿਆਪਕਾਂ ਉਤੇ ਅੰਧਵਿਸ਼ਵਾਸ ਦੀ ਹੱਦ ਤਕ ਵਿਸ਼ਵਾਸ ਹੀ ਨਵੀਂ ਪ੍ਰਪਾਟੀ ਦਾ ਮੁੱਖ ਕਾਰਨ ਹੈ।
Piyush Goyal
ਪਰ ਇਕ ਮੰਤਰੀ ਜਿਸ ਦੇ ਅਧੀਨ ਬੜੇ ਅਹਿਮ ਅਹੁਦੇ ਕੰਮ ਕਰਦੇ ਹਨ ਤੇ ਜਿਸ ਨੇ ਅਰੁਣ ਜੇਤਲੀ ਦੀ ਬਿਮਾਰੀ ਵਿਚ ਉਨ੍ਹਾਂ ਦਾ ਵਿੱਤ ਮੰਤਰਾਲਾ ਵੀ ਸੰਭਾਲਿਆ ਸੀ, ਉਸ ਅਹੁਦੇ ਉਤੇ ਬੈਠੇ ਮੰਤਰੀ ਨੂੰ ਆਈਨਸਟਾਈਨ ਅਤੇ ਨਿਊਟਨ ਬਾਰੇ ਕੋਈ ਭੁਲੇਖਾ ਤਾਂ ਹੋ ਸਕਦਾ ਹੈ, ਪਰ ਦੋਹਾਂ ਦੇ ਕੰਮ ਵਿਚ ਗਣਿਤ ਦੇ ਮਹੱਤਵ ਦਾ ਪਤਾ ਜ਼ਰੂਰ ਹੋਣਾ ਚਾਹੀਦਾ ਸੀ। ਗਣਿਤ ਦਾ ਮਹੱਤਵ ਤਾਂ ਅਰਥਚਾਰੇ ਵਿਚ ਵੀ ਹੈ ਅਤੇ ਉਸ ਦੇ ਇਸਤੇਮਾਲ ਨਾਲ ਹੋਰ ਕੁੱਝ ਨਹੀਂ ਤਾਂ ਏਨਾ ਪਤਾ ਜ਼ਰੂਰ ਲੱਗ ਜਾਂਦਾ ਹੈ ਕਿ ਕਮਜ਼ੋਰੀਆਂ ਕਿਥੇ ਰਹਿ ਗਈਆਂ ਹਨ। ਅੱਜ ਸਰਕਾਰ ਅਪਣੀ ਨੀਤ ਅਤੇ ਨੀਤੀਆਂ ਉਤੇ ਅਪਣਾ ਧਿਆਨ ਕੇਂਦਰਤ ਕਰ ਰਹੀ ਹੈ। ਭਾਰਤ ਨੂੰ ਹਰ ਪਾਸਿਉਂ ਸਾਫ਼ ਕਰਨ ਦੀ ਨੀਤ।
Raghuram Rajan
ਦੂਜੇ ਪਾਸੇ ਕਾਂਗਰਸ ਹੈ (ਜਾਂ ਸੀ, ਅੱਜ ਤਾਂ ਖ਼ਾਤਮੇ ਦੇ ਦਰ ਉਤੇ ਖੜੀ ਹੈ) ਜਿਸ ਵਿਚ ਮਾਹਰ ਹਨ ਜੋ ਵਿਦੇਸ਼ਾਂ ਵਿਚ ਅਰਥ ਸ਼ਾਸਤਰ ਦੇ ਗਿਆਨਵਾਨ ਹੋਣ ਵਜੋਂ ਜਾਣੇ ਜਾਂਦੇ ਸਨ। ਉਹ ਮਾਹਰ ਜੋ ਆਪ ਅਪਣੇ ਹੁਨਰ ਵਿਚ ਪੱਕੇ ਸਨ ਅਤੇ ਅਰਥਚਾਰੇ ਵਾਸਤੇ ਅੱਗੇ ਵੀ ਮਾਹਰਾਂ ਦੀ ਮਦਦ ਲੈ ਰਹੇ ਸਨ। ਜਿਵੇਂ ਯੂ.ਪੀ.ਏ.-2 ਵਿਚ ਆਰ.ਬੀ.ਆਈ. ਦੇ ਮੁਖੀ ਰਘੂਰਾਮ ਰਾਜਨ, ਜੋ ਕੌਮਾਂਤਰੀ ਪੱਧਰ ਦੇ ਆਰਥਕ ਮਾਹਰ ਮੰਨੇ ਜਾਂਦੇ ਹਨ ਅਤੇ ਅੱਜ ਮੋਦੀ-2 ਵਿਚ ਸ਼ਸ਼ੀਕਾਂਤਾ ਦਾਸ ਜੋ ਕਿ ਇਤਿਹਾਸ ਦੇ ਮਾਹਰ ਹਨ। ਸੋਚ ਭਾਜਪਾ ਤੋਂ ਅਲੱਗ ਸੀ ਪਰ ਉਨ੍ਹਾਂ ਵਿਚ ਅਪਣੀ ਤਾਕਤ ਦੀ ਦੁਰਵਰਤੋਂ ਕਰਨ ਦੀ ਸੋਚ ਜ਼ਰੂਰ ਸੀ। ਉਨ੍ਹਾਂ ਦੇ ਪ੍ਰਵਾਰਾਂ ਦੇ ਕਾਰੋਬਾਰ ਵਧਦੇ ਫੁਲਦੇ ਗਏ ਅਤੇ ਹੁਣ ਉਨ੍ਹਾਂ ਦੀ ਛਾਂਟੀ ਹੋ ਰਹੀ ਹੈ।
Amit Shah, Nitin Gadkari
ਡੀ.ਕੇ. ਸ਼ਿਵਕੁਮਾਰ ਦੀ 23 ਸਾਲ ਦੀ ਬੇਟੀ 100 ਕਰੋੜ ਰੁਪਏ ਦੀ ਮਾਲਕ ਹੈ ਅਤੇ ਇਸ ਵਿਚ ਉਸ ਦਾ ਅਪਣਾ ਕੋਈ ਯੋਗਦਾਨ ਨਹੀਂ। ਰਾਬਰਟ ਵਾਡਰਾ ਵੀ ਅੱਜ ਅਰਬਾਂਪਤੀ ਹੈ ਅਤੇ ਇਹ ਸੂਚੀ ਬੜੀ ਲੰਮੀ ਹੈ। ਭ੍ਰਿਸ਼ਟਾਚਾਰ ਨੂੰ ਕਾਬੂ ਨਹੀਂ ਕੀਤਾ ਅਤੇ ਉਸ ਦੇ ਫੈਲਣ ਦਾ ਫ਼ਾਇਦਾ ਲੈਣ ਦੇ ਇਲਜ਼ਾਮ ਵੀ ਕਾਂਗਰਸ ਉਤੇ ਲਗਦੇ ਹਨ। ਦੋਵੇਂ ਧਿਰਾਂ ਇਕੋ ਸਿੱਕੇ ਦੇ ਦੋ ਪਹਿਲੂ ਹਨ। ਪਰ ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਭਾਜਪਾ ਬਿਲਕੁਲ ਸਾਫ਼-ਸੁਥਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਛੱਡ ਕੇ ਅਮਿਤ ਸ਼ਾਹ ਤੇ ਨਿਤਿਨ ਗਡਕਰੀ ਦੇ ਪ੍ਰਵਾਰ, ਕਾਂਗਰਸ ਦੇ ਪ੍ਰਵਾਰਾਂ ਵਾਂਗ ਫੈਲ ਰਹੇ ਹਨ ਪਰ ਵਖਰੀ ਸੋਚ ਦੇ ਮਾਲਕ ਹਨ। ਇਨ੍ਹਾਂ ਦੋਹਾਂ ਸੋਚਾਂ ਦੇ ਦਰਮਿਆਨ ਭਾਰਤ ਦੀ ਵਿਸ਼ਾਲ ਆਬਾਦੀ ਹੈ ਜਿਸ ਨੂੰ ਸਿਖਾਇਆ ਗਿਆ ਹੈ ਕਿ ਉਹ ਧਰਮ ਨਿਰਪੱਖ ਦੇਸ਼ ਦਾ ਹਿੱਸਾ ਹਨ।
Tabrez Ansari murder
ਹੁਣ ਜਦ ਇਸ ਧਰਮ ਨਿਰਪੱਖ ਦੇਸ਼ ਵਿਚ ਇਕ ਮੁਸਲਮਾਨ ਹਾਮਿਦ ਅੰਸਾਰੀ ਨੂੰ 11 ਲੋਕ, 7 ਘੰਟਿਆਂ ਤਕ ਲਗਾਤਾਰ ਸੋਟੀਆਂ ਨਾਲ ਉਦੋਂ ਤਕ ਕੁਟਦੇ ਹਨ ਜਦੋਂ ਤਕ ਉਹ 'ਜੈ ਸ੍ਰੀ ਰਾਮ' ਦੇ ਨਾਹਰੇ ਨਹੀਂ ਲਾਉਂਦਾ ਅਤੇ ਇਕ ਵਾਰ ਨਹੀਂ ਬਲਕਿ ਲਗਾਤਾਰ ਮਾਰਦੇ ਰਹਿੰਦੇ ਹਨ। ਸੋਟੀਆਂ ਦਾ ਵਾਰ ਏਨਾ ਤੇਜ਼ ਸੀ ਕਿ ਉਸ ਦੀ ਖੋਪੜੀ ਟੁੱਟ ਗਈ ਪਰ ਉਹ ਮਰਿਆ ਨਹੀਂ। 7 ਘੰਟਿਆਂ ਬਾਅਦ ਪੁਲਿਸ ਆਈ, ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਅਤੇ 11 ਲੋਕ ਹਿਰਾਸਤ ਵਿਚ ਲਏ ਗਏ। ਚਾਰ ਦਿਨਾਂ ਬਾਅਦ ਅੰਸਾਰੀ ਦਮ ਤੋੜ ਦਿੰਦਾ ਹੈ ਅਤੇ ਅੱਜ ਪੁਲਿਸ ਆਖਦੀ ਹੈ ਕਿ ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਸੀ ਕਿਉਂਕਿ ਮੌਤ ਚਾਰ ਦਿਨਾਂ ਬਾਅਦ ਹੋਈ ਹੈ। ਉਨ੍ਹਾਂ 11 ਮੁਲਜ਼ਮਾਂ ਨੂੰ ਛੱਡ ਦਿਤਾ ਗਿਆ ਹੈ।
PM Modi
ਦੋਹਾਂ ਸੋਚਾਂ ਵਿਚਕਾਰ ਦੇ ਫ਼ਰਕ ਵਿਚ ਇਹ ਜੋ ਆਮ ਇਨਸਾਨ ਦੇ ਹੱਕਾਂ ਉਤੇ ਅਸਰ ਪੈ ਰਿਹਾ ਹੈ, ਉਹ ਚਿੰਤਾ ਦਾ ਵਿਸ਼ਾ ਹੈ। ਭਾਰਤ ਭ੍ਰਿਸ਼ਟਾਚਾਰ ਤੋਂ ਮੁਕਤੀ ਚਾਹੁੰਦਾ ਸੀ ਜਿਸ ਕਰ ਕੇ ਇਕ ਨਵੀਂ ਸੋਚ ਅੱਗੇ ਆਈ। ਪਰ ਸੋਚ ਦੇ ਨਾਲ ਨਿਆਂ ਵਿਵਸਥਾ ਵਿਚ ਫ਼ਰਕ ਨਹੀਂ ਪੈਣਾ ਚਾਹੀਦਾ। 'ਪਿਕਚਰ ਅਜੇ ਬਾਕੀ ਹੈ'। ਸੋ ਅਜੇ ਉਮੀਦ ਵੀ ਬਾਕੀ ਹੈ। ਜੇ ਭ੍ਰਿਸ਼ਟ ਕਾਂਗਰਸੀ ਆਗੂ ਫੜੇ ਜਾਂਦੇ ਹਨ ਤਾਂ ਉਹ ਦੇਸ਼ ਵਾਸਤੇ ਚੰਗਾ ਹੈ ਪਰ ਜ਼ਰੂਰੀ ਹੈ ਕਿ ਕਾਂਗਰਸੀ ਆਗੂਆਂ ਦੀ ਥਾਂ ਕਿਸੇ ਹੋਰ ਪਾਰਟੀ ਦਾ ਭ੍ਰਿਸ਼ਟ ਬੰਦਾ ਅੱਗੇ ਨਾ ਆ ਜਾਏ।
1984 anti-Sikh riots
ਅਰਥਚਾਰੇ ਵਿਚ ਗਣਿਤ ਦਾ ਯੋਗਦਾਨ ਸਮਝਣ ਵਾਲੇ ਹੀ ਨੀਤੀਆਂ ਬਣਾਉਣ ਕਿਉਂਕਿ ਡਿਗਦੀ ਜੀ.ਡੀ.ਪੀ. ਦਾ ਨੁਕਸਾਨ ਸਾਡੇ ਸਾਰਿਆਂ ਉਤੇ ਪੈਣ ਵਾਲਾ ਹੈ। ਨੀਤੀਆਂ ਬਦਲ ਸਕਦੀਆਂ ਹਨ, ਨੀਤ ਅਲੱਗ ਹੈ ਪਰ ਅਲੱਗ ਨੀਤ ਵਿਚ ਆਮ ਇਨਸਾਨ ਨਾਲ ਨਿਆਂ ਹੋਣਾ ਚਾਹੀਦਾ ਹੈ। ਹਾਮਿਦ ਅੰਸਾਰੀ ਵਾਂਗ ਕਿੰਨੇ ਹੀ ਮਾਰੇ ਜਾ ਚੁੱਕੇ ਹਨ ਅਤੇ ਇਨ੍ਹਾਂ ਫ਼ਿਰਕੂ ਹਤਿਆਵਾਂ ਅਤੇ '84 ਦੇ ਕਤਲੇਆਮ ਵਿਚ ਕੀ ਫ਼ਰਕ ਹੈ? ਅੱਜ ਭਾਰਤ ਨੂੰ ਇਕ ਵਖਰੀ ਸਰਕਾਰ ਦੀ ਲੋੜ ਹੈ ਜੋ ਨਿਆਂ ਨੂੰ ਕਿਸੇ ਹਾਲ 'ਚ ਨਾ ਝੁਕਣ ਜਾਂ ਰੁਕਣ ਦੇਵੇ, ਭਾਵੇਂ ਦੋਸ਼ੀ ਕਿਸੇ ਵੀ ਪਾਸੇ ਦਾ ਹੋਵੇ ਤੇ ਕਿੰਨਾ ਵੀ ਮਹੱਤਵਪੂਰਨ ਵਿਅਕਤੀ ਕਿਉਂ ਨਾ ਹੋਵੇ। -ਨਿਮਰਤ ਕੌਰ