
ਅੰਗਰੇਜ਼ੀ ਸਾਡੇ ਦੇਸ਼ ਦੀ ਗ਼ੁਲਾਮੀ ਦੀ ਨਿਸ਼ਾਨੀ ਕਿਉਂ ਬਣੀ ਹੋਈ ਹੈ? ਜੇ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਇਹ ਦੇਸ਼ ਚਲ ਰਿਹਾ ਸੀ ਤਾਂ ਫਿਰ ਹੁਣ ਕਿਉਂ ਨਹੀਂ ਚਲ ਸਕਦਾ?
ਭਾਸ਼ਾ ਨਾਲ ਸਬੰਧਤ ਸੰਸਦ ਦੀ ਜਿਸ ਕਮੇਟੀ ਦੀ ਅਗਵਾਈ ਗ੍ਰਹਿ ਮੰਤਰੀ ਅਮਿਤ ਸ਼ਾਹ ਕਰ ਰਹੇ ਸਨ, ਉਸ ਨੇ ਰਾਸ਼ਟਰਪਤੀ ਨੂੰ ਸੁਝਾਅ ਦਿਤਾ ਹੈ ਕਿ ਆਉਣ ਵਾਲੇ ਸਮੇਂ ਵਿਚ ਸਾਰੀਆਂ ਸਰਕਾਰੀ, ਗ਼ੈਰ ਤਕਨੀਕੀ ਤੇ ਤਕਨੀਕੀ ਸਿਖਿਆ ਸੰਸਥਾਵਾਂ ਵਿਚ ਅੰਗਰੇਜ਼ੀ ਨੂੰ ਹਟਾ ਕੇ ਹਿੰਦੀ ਨੂੰ ਪਹਿਲੀ ਭਾਸ਼ਾ ਬਣਾ ਦੇਣਾ ਚਾਹੀਦਾ ਹੈ ਜਾਂ ਉਥੇ ਸਥਾਨਕ ਸੂਬੇ ਦੀ ਭਾਸ਼ਾ ਦਾ ਇਸਤੇਮਾਲ ਕੀਤਾ ਜਾਵੇ। ਅੰਗਰੇਜ਼ੀ ਸਿਰਫ਼ ਅਤਿ ਲੋੜ ਪੈਣ ਤੇ ਵਰਤੀ ਜਾਣੀ ਚਾਹੀਦੀ ਹੈ। ਇਸ ਸੋਚ ਦਾ ਸਮਰਥਨ ਕਰਨ ਵਾਲੇ ਜਾਪਾਨ ਤੇ ਚੀਨ ਦੀ ਉਦਾਹਰਣ ਦਿੰਦੇ ਹੋਏ ਆਖਦੇ ਹਨ ਕਿ ਜੇ ਉਹ ਡਾਕਟਰੀ ਤੇ ਇੰਜੀਨੀਅਰਿੰਗ ਅਪਣੀ ਭਾਸ਼ਾ ਵਿਚ ਕਰ ਸਕਦੇ ਹਨ ਤਾਂ ਭਾਰਤ ਵਿਚ ਅੰਗਰੇਜ਼ੀ ਸਾਡੇ ਦੇਸ਼ ਦੀ ਗ਼ੁਲਾਮੀ ਦੀ ਨਿਸ਼ਾਨੀ ਕਿਉਂ ਬਣੀ ਹੋਈ ਹੈ? ਜੇ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਇਹ ਦੇਸ਼ ਚਲ ਰਿਹਾ ਸੀ ਤਾਂ ਫਿਰ ਹੁਣ ਕਿਉਂ ਨਹੀਂ ਚਲ ਸਕਦਾ? ਜੇ ਵੇਦਾਂ ਦੀ ਭਾਸ਼ਾ ਨੂੰ ਅੱਗੇ ਵਧਾਉਣ ਦਾ ਮੌਕਾ ਮਿਲਿਆ ਹੁੰਦਾ ਤਾਂ ਕੀ ਅੱਜ ਹਿੰਦੀ ਭਾਸ਼ਾ ਵੀ ਜਾਪਾਨੀ ਜਾਂ ਚੀਨੀ ਵਾਂਗ ਨਾ ਹੁੰਦੀ?
ਮਾਹਰ ਮੰਨਦੇ ਹਨ ਕਿ ਸਿਖਿਆ ਜਿੰਨਾ ਮਾਂ ਬੋਲੀ ਵਿਚ ਅਸਰ ਕਰ ਸਕਦੀ ਹੈ, ਉਹ ਕਿਸੇ ਹੋਰ ਬੋਲੀ ਵਿਚ ਨਹੀਂ ਕਰ ਸਕਦੀ। ਸੋ ਇਸ ਦ੍ਰਿਸ਼ਟੀਕੋਣ ਤੋਂ ਵੇਖਿਆ ਜਾਵੇ ਤਾਂ ਇਸ ਦਾ ਫ਼ਾਇਦਾ ਤਾਂ ਹੀ ਹੋਵੇਗਾ ਜੇ ਸਾਰਾ ਭਾਰਤ ਹਿੰਦੀ ਵਿਚ ਪੜ੍ਹੇ। ਇਸ ਦਾ ਵਿਰੋਧ ਕਰਨ ਵਾਲੀਆਂ ਆਵਾਜ਼ਾਂ ਬੰਗਾਲ, ਤਾਮਿਲ, ਕੇਰਲ ਤੋਂ ਉਠ ਰਹੀਆਂ ਹਨ ਕਿਉਂਕਿ ਉਨ੍ਹਾਂ ਦਾ ਅਪਣੀਆਂ ਭਾਸ਼ਾਵਾਂ ਨਾਲ ਇਸ ਕਦਰ ਪਿਆਰ ਹੈ ਕਿ ਉਹ ਜਾਂ ਤਾਂ ਅਪਣੀ ਮਾਂ ਬੋਲੀ ਵਿਚ ਬੋਲਦੇ ਹਨ ਜਾਂ ਅੰਗਰੇਜ਼ੀ ਵਿਚ। ਸਾਡੇ ਅੱਜ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜਾਂ ਪੀ. ਚਿਦੰਬਰਮ ਨੂੰ ਹਿੰਦੀ ਵਿਚ ਬੋਲਣਾ ਬੜਾ ਕਠਨ ਲਗਦਾ ਹੈ ਪਰ ਜਿਸ ਅਹੁਦੇ ਤੇ ਉਹ ਬੈਠੇ ਹਨ, ਜ਼ਾਹਰ ਹੈ ਕਿ ਉਨ੍ਹਾਂ ਦੀ ਸਿਖਿਆ ਵਿਚ ਕੋਈ ਕਮੀ ਨਹੀਂ ਰਹੀ ਹੋਵੇਗੀ। ਵਿਰੋਧ ਕਰਨ ਵਾਲੇ ਇਹ ਵੀ ਆਖਦੇ ਹਨ ਕਿ ਕਿਉਂ ਜੋ ਕੇਂਦਰ ਹਿੰਦੀ ਭਾਸ਼ਾ ਨੂੰ ਅਪਣੀ ਭਾਸ਼ਾ ਮੰਨਦਾ ਹੈ, ਉਹ ਕਦੇ ਵੀ ਰਾਜਾਂ ਦੀਆਂ ਭਾਸ਼ਾਵਾਂ ਤੇ ਓਨਾ ਪੈਸਾ ਨਹੀਂ ਲਗਾਏਗਾ ਜਿਸ ਨਾਲ ਉਨ੍ਹਾਂ ਦਾ ਵੀ ਪੱਧਰ ਹਿੰਦੀ ਅੰਗਰੇਜ਼ੀ ਦੇ ਬਰਾਬਰ ਹੋ ਸਕੇ।
ਦੋਹਾਂ ਪਾਸਿਆਂ ਦੀ ਗੱਲ ਵਿਚ ਦਮ ਹੈ ਤੇ ਅੱਜ ਦੇ ਦੇਸ਼ ਪ੍ਰੇਮੀਆਂ ਨੂੰ ਇਕ ਗੱਲ ਜ਼ਰੂਰ ਪੁਛਣੀ ਪਵੇਗੀ ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਕੀ ਇਹ ਇਕ ਦੇਸ਼ ਸੀ ਵੀ? ਜਾਪਾਨ ਜਾਂ ਚੀਨ ਵਿਚ ਇਕ ਭਾਸ਼ਾ ਹੈ ਜਿਸ ਤੇ ਉਹ ਸਾਰੇ ਨਿਰਭਰ ਕਰ ਸਕਦੇ ਹਨ ਪਰ ਕੀ ਸਾਡੇ ਕੋਲ ਕੋਈ ਪੰਜ ਭਾਸ਼ਾਵਾਂ ਵੀ ਹਨ ਜਿਨ੍ਹਾਂ ਉਤੇ ਸਾਰਾ ਦੇਸ਼ ਨਿਰਭਰ ਹੋਣ ਲਈ ਤਿਆਰ ਹੋਵੇ? ਸਾਡੇ ਦੇਸ਼ ਵਿਚ ਤਾਂ ਅਜੇ ਜਾਤਾਂ ਦੀ ਗੁੱਥੀ ਨਹੀਂ ਸੁਲਝੀ ਤੇ ਹੁਣ ਤੁਸੀਂ ਇਕ ਹੋਰ ਗੁੱਥੀ ਨੂੰ ਉਲਝਾਉਣ ਦਾ ਰਸਤਾ ਤਲਾਸ਼ਣ ਦੀ ਸੋਚ ਰਹੇ ਹੋ। ਅੰਗਰੇਜ਼ੀ ਦੀ ਗ਼ੁਲਾਮੀ ਨੇ ਸਾਡਾ ਨੁਕਸਾਨ ਕੀਤਾ ਪਰ ਹਰ ਔਖੀ ਘੜੀ ਕੁੱਝ ਚੰਗਾ ਵੀ ਦੇ ਕੇ ਜਾਂਦੀ ਹੈ।
ਉਸ ਨੇ ਸਾਨੂੰ ਵੱਖ ਵੱਖ ਰਾਜਾਂ ਨੂੰ ਨੇੜੇ ਲਿਆ ਕੇ ਇਕ ਦੇਸ਼ ਵੀ ਬਣਾਇਆ ਤੇ ਅੱਜ ਜੇ ਅੰਗਰੇਜ਼ੀ ਭਾਸ਼ਾ ਨਾਲ ਸਾਡੇ ਵਾਸਤੇ ਵਿਕਸਿਤ ਦੇਸ਼ਾਂ ਵਿਚ ਦਾਖ਼ਲੇ ਦੇ ਦਰਵਾਜ਼ੇ ਖੁਲ੍ਹਦੇ ਹਨ ਤਾਂ ਇਸ ਵਿਚ ਬੁਰਾਈ ਕੀ ਹੈ?ਜੇ ਅੱਜ ਅਸੀ ਅਪਣੀਆਂ ਵੱਖ ਵੱਖ ਸੂਬਿਆਂ ਦੀਆਂ ਭਾਸ਼ਾਵਾਂ ਤੇ ਹਿੰਦੁਸਤਾਨ ਦੀ ਸਰਕਾਰੀ ਭਾਸ਼ਾ ਹਿੰਦੀ ਨੂੰ ਵੀ ਤਾਕਤਵਰ ਬਣਾਉਣਾ ਚਾਹੰਦੇ ਹਾਂ ਤਾਂ ਉਸ ਵਾਸਤੇ ਅੰਗਰੇਜ਼ੀ ਨੂੰ ਮਾਰਨ ਦੀ ਕੀ ਲੋੜ ਹੈ? ਮਾਹਰ ਇਹ ਵੀ ਮੰਨਦੇ ਹਨ ਕਿ ਜਿੰਨੀਆਂ ਭਾਸ਼ਾਵਾਂ ਤੁਸੀਂ ਸਿਖ ਲਵੋ, ਤੁਹਾਡਾ ਦਿਮਾਗ਼ ਉਨਾ ਹੀ ਤੇਜ਼ ਹੁੰਦਾ ਹੈ। ਜੇ ਸਿਖਿਆ ਦਾ ਮੀਡੀਅਮ ਬਦਲਣਾ ਹੈ ਤਾਂ ਉਹ ਪੂਰੇ ਦੇਸ਼ ਵਾਸਤੇ ਹੋਣਾ ਚਾਹੀਦਾ ਹੈ ਜਿਥੇ ਨਿਜੀ ਸਿਖਿਆ ਸੰਸਥਾਵਾਂ ਵੀ ਲੋਕਲ ਭਾਸ਼ਾ ਜਾਂ ਹਿੰਦੀ ਦਾ ਪ੍ਰਯੋਗ ਕਰਨ। ਗ਼ਰੀਬ ਹੀ ਜਾਂਦੇ ਹਨ ਸਰਕਾਰੀ ਸੰਸਥਾਵਾਂ ਵਿਚ ਤੇ ਇਹ ਨੀਤੀ ਉਨ੍ਹਾਂ ਨੂੰ ਅੰਗਰੇਜ਼ੀ ਤੋਂ ਦੂਰ ਕਰ ਕੇ ਵੱਡੀਆਂ ਨੌਕਰੀਆਂ ਤੋਂ ਵਾਂਝਿਆਂ ਹੀ ਕਰਨਗੀਆਂ। ਪਹਿਲਾਂ ਹੀ ਗ਼ਰੀਬ ਤੇ ਅਮੀਰ ਵਿਚ ਫਾਸਲਾ ਬਹੁਤ ਵੱਧ ਗਿਆ ਹੈ। ਇਸ ਨਾਲ ਫਾਸਲਾ ਹੋਰ ਵੀ ਜ਼ਿਆਦਾ ਵਧਣ ਦਾ ਡਰ ਹੈ। -ਨਿਮਰਤ ਕੌਰ