
ਕਿਸੇ ਵੀ ਪ੍ਰਸਿੱਧ ਵਿਅਕਤੀ ਲਈ ਅਪਣੇ ਹੀ ਪਿਛਲੇ ਵਿਚਾਰਾਂ ਨੂੰ ਕਟਣਾ ਬਹੁਤ ਮੁਸ਼ਕਲ ਹੁੰਦਾ ਹੈ। ਧਾਰਮਕ ਖੇਤਰ ਵਿਚ ਇਹ ਕਹਿਣਾ ਹੋਰ ਵੀ ਔਖਾ ਹੋ ਜਾਂਦਾ ਹੈ ਕਿ ਮੈਂ ਹੁਣ ...
ਕਿਸੇ ਵੀ ਪ੍ਰਸਿੱਧ ਵਿਅਕਤੀ ਲਈ ਅਪਣੇ ਹੀ ਪਿਛਲੇ ਵਿਚਾਰਾਂ ਨੂੰ ਕਟਣਾ ਬਹੁਤ ਮੁਸ਼ਕਲ ਹੁੰਦਾ ਹੈ। ਧਾਰਮਕ ਖੇਤਰ ਵਿਚ ਇਹ ਕਹਿਣਾ ਹੋਰ ਵੀ ਔਖਾ ਹੋ ਜਾਂਦਾ ਹੈ ਕਿ ਮੈਂ ਹੁਣ ਤਕ ਗ਼ਲਤ ਵਿਚਾਰਧਾਰਾ ਦਾ ਪ੍ਰਚਾਰ ਕਰਦਾ ਰਿਹਾ ਹਾਂ। ਅਪਣੀ ਵਿਚਾਰਧਾਰਾ ਵਿਚ ਬਦਲਾਅ ਲਿਆਉਣ ਸਮੇਂ ਸੱਭ ਤੋਂ ਵੱਡਾ ਡਰ ਇਹ ਹੁੰਦਾ ਹੈ ਕਿ ਲੋਕ ਕੀ ਕਹਿਣਗੇ? ਪਰ ਇਕ ਮਸ਼ਹੂਰ ਸ਼ਖ਼ਸੀਅਤ (ਖ਼ਾਸ ਕਰ ਕੇ ਧਾਰਮਕ ਖੇਤਰ ਵਿਚ) ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਲੋਕ-ਲਾਜ ਦੀ ਪ੍ਰਵਾਹ ਨਾ ਕਰਦੇ ਹੋਏ, ਅਪਣੇ ਸਰੋਤਿਆਂ ਤੇ ਪ੍ਰਸ਼ੰਸਕਾਂ ਨੂੰ ਬਿਲਕੁਲ ਸੱਚ ਦੱਸੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੇ ਅਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆਂ, ਪਿਛਲੀਆਂ ਮਨੌਤਾਂ ਨੂੰ ਗ਼ਲਤ ਮੰਨ ਕੇ, ਬਿਨਾਂ ਕਿਸੇ ਦੀ ਪ੍ਰਵਾਹ ਕੀਤੇ, ਨਿਰੋਲ ਸੱਚ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਹੈ ਭਾਵੇਂ ਕਿ ਆਪ ਲੰਮਾ ਸਮਾਂ ਸੰਪਰਦਾਈ ਬਾਬਿਆਂ ਦੇ ਪ੍ਰਭਾਵ ਹੇਠ ਰਹਿਣ ਕਰ ਕੇ ਸਿੱਖੀ ਦੇ ਪ੍ਰਚਾਰ ਦੇ ਨਾਂ ਹੇਠ, ਬ੍ਰਾਹਮਣੀ ਵਿਚਾਰਧਾਰਾ ਦਾ ਪ੍ਰਚਾਰ ਹੀ ਕਰਦੇ ਰਹੇ। ਪਰ ਜਦੋਂ ਸਚਾਈ ਦੀ ਸਮਝ ਆ ਗਈ ਤਾਂ ਅਪਣੇ ਪਿਛਲੇ ਵਿਚਾਰਾਂ ਨੂੰ ਤਿਲਾਂਜਲੀ ਦੇ ਕੇ ਗੁਰਮਤਿ ਦਾ ਸਹੀ ਪ੍ਰਚਾਰ ਕਰਨ ਲੱਗ ਪਏ।
ranjit singh dhaddrianwala
ਇਸ ਵਿਚ ਕੋਈ ਸ਼ੱਕ ਨਹੀਂ ਕਿ ਜੋ ਗੱਲਾਂ ਅੱਜ ਭਾਈ ਰਣਜੀਤ ਸਿੰਘ ਕਰ ਰਹੇ ਹਨ, ਉਹ ਗੱਲਾਂ ਪਹਿਲਾਂ ਵੀ ਸਮੇਂ-ਸਮੇਂ ਤੇ ਵੱਖ-ਵੱਖ ਵਿਦਵਾਨਾਂ ਵਲੋਂ ਕੀਤੀਆਂ ਜਾ ਰਹੀਆਂ ਸਨ। ਪਰ ਜਿਸ ਪੱਧਰ ਉਤੇ ਭਾਈ ਰਣਜੀਤ ਸਿੰਘ ਅੱਜ ਪ੍ਰਚਾਰ ਕਰ ਰਹੇ ਹਨ, ਉਸ ਦਾ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ। ਪਿੱਛੇ ਜਹੇ ਭਾਈ ਸਾਹਬ ਦੀ ਰੱਬ ਬਾਰੇ ਵੀਡੀਉ ਆਈ ਕਿ ਬ੍ਰਾਹਮਣਾਂ ਵਾਲਾ 'ਰੱਬ' ਸਾਡਾ ਰੱਬ ਨਹੀਂ। ਇਹ 'ਰੱਬ' ਸਾਡੇ ਸਿਰ ਮੜ੍ਹ ਦਿਤਾ ਗਿਆ ਸੀ। ਇਸ ਨਾਲ ਸੋਸ਼ਲ ਮੀਡੀਆ ਉਤੇ ਰੱਬ ਦੀ ਹੋਂਦ ਬਾਰੇ ਵਿਚਾਰ ਚਰਚਾ ਸ਼ੁਰੂ ਹੋ ਗਈ।ਪੁਜਾਰੀਵਾਦੀ ਵਿਚਾਰਧਾਰਾ ਨੇ ਸਾਨੂੰ ਇਨ੍ਹਾਂ ਚੱਕਰਾਂ ਵਿਚ ਪਾ ਦਿਤਾ ਹੈ ਕਿ ਜੇਕਰ ਇਸ ਜਨਮ ਵਿਚ ਅਸੀ ਰੱਬ ਨੂੰ ਨਾ ਮਿਲ ਸਕੇ ਤਾਂ ਸਾਨੂੰ ਨਰਕਾਂ ਵਿਚ ਜਾਣਾ ਪਵੇਗਾ। ਇਹੀ ਡਰ ਹੈ ਜੋ ਸਾਨੂੰ ਵੱਖ-ਵੱਖ ਧਾਰਮਕ ਅਸਥਾਨਾਂ ਜਿਵੇਂ ਮੰਦਰ, ਮਸਜਿਦ ਤੇ ਗੁਰਦਵਾਰੇ ਵਿਚ ਅਰਦਾਸਾਂ, ਡੰਡਉਤਾਂ ਤੇ ਪੂਜਾ ਪਾਠ ਕਰਨ ਲਈ ਮਜਬੂਰ ਕਰ ਰਿਹਾ ਹੈ। ਇਸ ਲਈ ਭਾਈ ਰਣਜੀਤ ਸਿੰਘ ਨੇ ਪੂਰੇ ਧਾਰਮਕ ਢਾਂਚੇ ਤੇ ਸਵਾਲ ਉਠਾਏ ਹਨ। ਭਾਈ ਸਾਹਬ ਦਾ ਕਹਿਣਾ ਹੈ ਕਿ ਇਸ ਦੁਨੀਆਂ ਤੇ ਜੋ ਵੀ ਚੰਗਾ ਮਾੜਾ ਹੋ ਰਿਹੈ ਉਸ ਦਾ ਜ਼ਿੰਮੇਵਾਰ ਖ਼ੁਦ ਮਨੁੱਖ ਹੈ। ਰੱਬ ਨੇ ਇਕ ਵਾਰ ਸਿਸਟਮ ਬਣਾ ਦਿਤਾ ਹੈ, ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਮਨੁੱਖ ਦੀ ਬਣਦੀ ਹੈ। ਜਿਸ ਦ੍ਰਿੜਤਾ ਨਾਲ ਭਾਈ ਰਣਜੀਤ ਸਿੰਘ ਪੁਜਾਰੀ ਸ਼੍ਰੇਣੀ ਨਾਲ ਪੰਗਾ ਲੈ ਕੇ ਪੂਰੇ ਧਾਰਮਕ ਢਾਂਚੇ ਨੂੰ ਬਦਲਣ ਲਈ ਤੁਰੇ ਹਨ, ਉਨ੍ਹਾਂ ਦੀ ਤਾਰੀਫ਼ ਕਰਨੀ ਬਣਦੀ ਹੈ। ਆਉ ਸੱਚ ਦਾ ਸਾਥ ਦਈਏ।