
ਪੰਜਾਬ ਵਿਚ ਪੰਚਾਇਤੀ ਚੋਣਾਂ ਹੋਣ ਵਿਚ ਬਹੁਤ ਥੋੜਾ ਸਮਾਂ ਬਾਕੀ ਹੈ। ਸਰਪੰਚੀ ਅਤੇ ਮੈਂਬਰੀ ਲਈ ਬਹੁਤ ਸਾਰੇ ਪਿੰਡਾਂ ਵਿਚ ਉਮੀਦਵਾਰ ਪੱਬਾਂ ਭਾਰ ਹੋ ...
ਪੰਜਾਬ ਵਿਚ ਪੰਚਾਇਤੀ ਚੋਣਾਂ ਹੋਣ ਵਿਚ ਬਹੁਤ ਥੋੜਾ ਸਮਾਂ ਬਾਕੀ ਹੈ। ਸਰਪੰਚੀ ਅਤੇ ਮੈਂਬਰੀ ਲਈ ਬਹੁਤ ਸਾਰੇ ਪਿੰਡਾਂ ਵਿਚ ਉਮੀਦਵਾਰ ਪੱਬਾਂ ਭਾਰ ਹੋ ਚੁੱਕੇ ਹਨ। ਇਨ੍ਹਾਂ ਚੋਣਾਂ ਵਿਚ ਪੈਸਾ ਤੇ ਸ਼ਰਾਬ ਦੂਜੀਆਂ ਵੱਡੇ ਪੱਧਰ ਦੀਆਂ ਚੋਣਾਂ ਵਾਂਗ ਚਲਦਾ ਹੈ। ਇਥੇ ਸਥਾਨਕ ਮੁੱਦੇ ਗਲੀਆਂ, ਨਾਲੀਆਂ ਦਾ ਵਿਕਾਸ, ਪਿੰਡ ਵਿਚਲੀਆਂ ਸਹੂਲਤਾਂ, ਪਿੰਡ ਵਿਚਲੇ ਲੋਕਾਂ ਨੂੰ ਵਰਗ ਅਨੁਸਾਰ ਸਕੀਮਾਂ ਆਦਿ ਮੁੱਖ ਮੁੱਦੇ ਹਨ ਪਰ ਬਹੁਤੀਆਂ ਥਾਵਾਂ ਤੇ ਮੁੱਦੇ ਗ਼ਾਇਬ ਹੁੰਦੇ ਹਨ। ਇਥੇ ਭਾਰੂ ਹੁੰਦੀ ਹੈ ਸ਼ਰਾਬ, ਜਾਤੀਵਾਦ ਤੇ ਗੋਤ ਆਦਿ। ਜਿਥੇ ਸ਼ਰਾਬ, ਜਾਤੀਵਾਦ ਭਾਰੂ ਹੋਵੇ, ਉਥੇ ਸਰਪੰਚ ਤਾਂ ਸ਼ਰਾਬੀਆਂ, ਜਾਤੀਵਾਦੀਆਂ ਦੇ ਬਣ ਜਾਂਦੇ ਹਨ ਪਰ ਉਨ੍ਹਾਂ ਪਿੰਡਾਂ ਦਾ ਵਿਕਾਸ ਜ਼ੀਰੋ ਹੁੰਦਾ ਹੈ।
Panchayati Election
ਮੈਂ ਅਪਣੇ ਜ਼ਿਲ੍ਹੇ ਮਾਨਸਾ ਦੇ ਬਹੁਤ ਸਾਰੇ ਪਿੰਡਾਂ ਵਿਚ ਘੁਮਿਆਂ ਹਾਂ। ਜਿਥੇ-ਜਿਥੇ ਸਰਪੰਚ ਪੜ੍ਹਿਆ ਲਿਖਿਆ, ਸਰਬ ਸੰਮਤੀ ਨਾਲ ਜਾਂ ਬਿਨਾਂ ਜਾਤ-ਪਾਤ ਦੇ ਵਿਤਕਰੇ ਤੋਂ ਬਣਿਆ, ਉਥੇ ਵਿਕਾਸ ਬਹੁਤ ਵਧੀਆ ਹੋਇਆ ਹੈ। ਮੇਰੇ ਜ਼ਿਲ੍ਹੇ ਦੇ ਕੁੱਝ ਪਿੰਡ ਜਿਥੇ ਸਰਪੰਚ ਸੂਝਵਾਨ ਤੇ ਪੜ੍ਹੇ ਲਿਖੇ ਹਨ, ਵਿਕਾਸ ਹੋਇਆ ਹੈ। ਜਿਵੇਂ ਤਾਮਕੋਟ, ਭਾਈਦੇਸਾ, ਦਰਿਆਪੁਰ ਖ਼ੁਰਦ, ਮੂਲਾ ਸਿੰਘ ਵਾਲਾ ਆਦਿ ਪਿੰਡਾਂ ਵਿਚ ਕੰਮ ਚੰਗੇ ਹੋਏ ਹਨ। ਬਹੁਤ ਸਾਰੇ ਪਿੰਡ ਅਜਿਹੇ ਹਨ ਜਿਨ੍ਹਾਂ ਦੀਆਂ ਗਲੀਆਂ ਨਾਲੀਆਂ ਪੱਖੋਂ ਇਹ ਪਿੰਡ ਬਾਹਰਲੇ ਦੇਸ਼ਾਂ ਦੇ ਪਿੰਡਾਂ ਨੂੰ ਵੀ ਪਿੱਛੇ ਛੱਡ ਜਾਣ। ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਪਿੰਡ ਵਿਚ ਸਰਪੰਚ ਤੇ ਮੈਂਬਰ ਉਹ ਚੁਣੇ ਜਾਣ ਜਿਨ੍ਹਾਂ ਦਾ ਚਰਿੱਤਰ ਸਹੀ ਹੋਵੇ ਤੇ ਉਨ੍ਹਾਂ ਦਾ ਜਜ਼ਬਾ ਸਮਾਜ ਸੇਵੀਆਂ ਵਾਲਾ ਹੋਵੇ ਤਾਕਿ ਪਿੰਡ ਦੇ ਕੰਮਾਂ ਵਿਚ ਅਪਣਾ ਹੱਥ ਵਟਾ ਸਕਣ ਤੇ ਪੈਸਾ ਅਪਣੇ ਕੋਲੋਂ ਵੀ ਖ਼ਰਚ ਸਕਣ ਤੇ ਸਰਕਾਰ ਤੋਂ ਵੀ ਅਪਣਾ ਬਣਦਾ ਹੱਕ ਲੈ ਸਕਣ ਤਾਕਿ ਸਮੁੱਚੇ ਪਿੰਡ ਦਾ ਵਿਕਾਸ ਹੋ ਸਕੇ।