
ਜੇ ਬੱਚਾ ਜੰਮ ਕੇ ਨਹੀਂ ਦੇ ਸਕਦੀ ਤਾਂ 5 ਕਰੋੜ ਹਰਜਾਨਾ ਦੇ
ਬਜ਼ੁਰਗ ਜੋੜੇ ਵਲੋਂ ਅਪਣੇ ਬੇਟੇ ਅਤੇ ਨੂੰਹ ਤੋਂ 5 ਕਰੋੜ ਦਾ ਹਰਜਾਨਾ ਮੰਗਣ ਵਾਲੇ ਕੇਸ ਦੀ ਖ਼ਬਰ ਤੇ ਹੈਰਾਨੀ ਵੀ ਹੋਈ ਪਰ ਇਹ ਸਮਝ ਨਾ ਆਵੇ ਕਿ ਇਹ ਖ਼ਬਰ ਹੱਸਣ ਵਾਲੀ ਹੈ ਜਾਂ ਚਿੰਤਾ ਕਰਨ ਵਾਲੀ। ਇਸ ਜੋੜੇ ਨੇ ਅਪਣੇ ਬੇਟੇ ਤੇ ਨੂੰਹ ਵਲੋਂ ਬੱਚੇ ਨੂੰ ਜਨਮ ਨਾ ਦੇਣ ਕਾਰਨ ਬੇਟੇ ਦੀ ਪੜ੍ਹਾਈ ਅਤੇ ਵਿਆਹ ਉਤੇ ਅਤੇ ਹੋਰ ਖ਼ਰਚਿਆਂ ਦਾ ਹਿਸਾਬ ਲਗਾ ਕੇ ਉਨ੍ਹਾਂ ਤੋਂ ਪੰਜ ਕਰੋੜ ਦੀ ਰਕਮ ਜਾਂ ਇਕ ਸਾਲ ਵਿਚ ਬੱਚਾ ਮੰਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਸੋਚਿਆ ਸੀ ਕਿ ਉਨ੍ਹਾਂ ਦੇ ਬੁਢਾਪੇ ਵਿਚ ਇਕ ਬੱਚਾ ਉਨ੍ਹਾਂ ਨੂੰ ਖ਼ੁਸ਼ ਰਖੇਗਾ।
ਅਜੀਬ ਸੋਚ ਹੈ ਪਰ ਹਕੀਕਤ ਵੀ ਇਹੀ ਹੈ। ਮਾਂ-ਬਾਪ ਬੱਚੇ ਦੇ ਜਨਮ ਨੂੰ ਇਕ ਰੋਬੋਟ ਰੱਖਣ ਵਾਂਗ ਵੇਖਦੇ ਹਨ ਜੋ ਉਨ੍ਹਾਂ ਦੇ ਬੁਢਾਪੇ ਵਿਚ ਉਨ੍ਹਾਂ ਦੀ ਸਾਰ ਵੀ ਲਵੇਗਾ ਤੇ ਉਨ੍ਹਾਂ ਨੂੰ ਮਸਰੂਫ਼ ਰੱਖਣ ਵਾਸਤੇ ਬੱਚੇ ਵੀ ਪੈਦਾ ਕਰੇਗਾ। ਇਸ ਬਜ਼ੁਰਗ ਜੋੜੇ ਨੂੰ ਅਪਣੀ ਨੂੰਹ ਦੇ ਕੰਮ ਕਾਰ ਤੇ ਅਪਣੇ ਕਰੀਅਰ ਵਿਚ ਮਸਰੂਫ਼ ਰਹਿਣ ’ਤੇ ਇਤਰਾਜ਼ ਹੈ। ਉਨ੍ਹਾਂ ਦੀ ਸੋਚ ਉਹੀ ਹੋਵੇਗੀ ਜੋ ਬਾਕੀ ਦੁਨੀਆਂ ਦੀ ਹੈ ਕਿ ਔਰਤ ਤਾਂ ਬੱਚਾ ਜੰਮਣ ਦੀ ਮਸ਼ੀਨ ਹੈ ਤੇ ਉਸ ਦੇ ਬਾਕੀ ਸੱਭ ਕੰਮ ਬਸ ਐਵੇਂ ਜਹੇ ਹੀ ਹੁੰਦੇ ਹਨ।
ਜਿਸ ਤਰ੍ਹਾਂ ਇਹ ਜੋੜਾ ਸੋਚ ਰਿਹਾ ਹੈ, ਉਸੇ ਤਰ੍ਹਾਂ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਤੰਤਰ ਵੀ ਸੋਚ ਰਿਹਾ ਹੈ। ਅਮਰੀਕਾ ਵਿਚ ਰਿਪਬਲੀਕਨਜ਼ ਦਾ ਸੁਪਰੀਮ ਕੋਰਟ ਵਿਚ ਬੋਲਬਾਲਾ ਹੋਣ ਸਦਕਾ ਅਮਰੀਕਾ ਦੀ ਵੱਡੀ ਅਦਾਲਤ ਔਰਤ ਦੇ ਅਪਣੇ ਜਿਸਮ ਉਤੇ ਉਸ ਦੀ ਮਰਜ਼ੀ ਚਲਣ ਦੇ ਹੱਕ ਵਿਰੁਧ ਫ਼ੈਸਲਾ ਸੁਣਾਉਣ ਜਾ ਰਹੀ ਹੈ। ਹੁਣ ਅਮਰੀਕਾ ਵਿਚ ਕਾਨੂੰਨ ਔਰਤ ਨੂੰ ਹਮਲ ਡੇਗਣ ਦੀ ਇਜਾਜ਼ਤ ਨਹੀਂ ਦੇਵੇਗਾ। ਯਾਨੀ ਜੇ ਇਕ ਔਰਤ ਗਰਭਵਤੀ ਹੈ ਤਾਂ ਉਸ ਨੂੰ ਚਾਹੁੰਦੇ ਨਾ ਚਾਹੁੰਦੇ ਉਹ ਬੱਚਾ ਪੈਦਾ ਕਰਨਾ ਹੀ ਪਵੇਗਾ, ਭਾਵੇਂ ਉਹ ਔਰਤ ਬੱਚਾ ਪਾਲਣ ਲਈ ਤਿਆਰ ਵੀ ਹੈ ਜਾਂ ਨਹੀਂ। ਕਈ ਵਾਰ ਔਰਤ ਬਲਾਤਕਾਰ ਦੌਰਾਨ ਗਰਭਵਤੀ ਹੋ ਸਕਦੀ ਹੈ ਜਾਂ ਕਦੇ ਬੱਚਾ ਗਲਤੀ ਨਾਲ ਹੋ ਸਕਦਾ ਹੈ ਜਾਂ ਮਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਪਰ ਅਮਰੀਕਾ ਦਾ ਇਕ ਹਿੱਸਾ ਔਰਤ ਨੂੰ ਅਪਣੀ ਮਰਜ਼ੀ ਤੋਂ ਵਾਂਝੀ ਰੱਖਣ ਵਾਸਤੇ ਤਿਆਰ ਹੈ।
ਇਸ ਨਾਲ ਔਰਤਾਂ ਅਪਣੀ ਜ਼ਿੰਦਗੀ ਖ਼ਤਰੇ ਵਿਚ ਪਾ ਕੇ ਗ਼ਲਤ ਢੰਗ ਨਾਲ ਅਪਣਾ ਅਣਜੰਮਿਆ ਬੱਚਾ ਡੇਗ ਦੇਣਗੀਆਂ ਪਰ ਇਸ ਨਾਲ ਸੱਜੇ ਪੱਖੀ ਰਿਪਬਲੀਕਨਾਂ ਤੇ ਕੋਈ ਅਸਰ ਨਹੀਂ। ਉਹ ਔਰਤ ਦੇ ਜਿਸਮ ਨੂੰ ਸਮਾਜ ਵਾਸਤੇ ਇਕ ਬੱਚਾ ਪੈਦਾ ਕਰਨ ਦੀ ਮਸ਼ੀਨ ਹੀ ਸਮਝਦੇ ਹਨ। ਇਸੇ ਤਰ੍ਹਾਂ ਦੀ ਸੋਚ ਪੰਜਾਬ ਦੇ ਇਕ ਪਿੰਡ ਵਿਚ ਮਿਲੀ ਜਿਥੇ ਸਰਪੰਚ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਕੁਰਸੀ ਔਰਤਾਂ ਵਾਸਤੇ ਰਿਜ਼ਰਵ ਕੀਤੀ ਗਈ ਸੀ। ਇਕ ਸਪੋਕਸਮੈਨ ਸੱਥ ਦੌਰਾਨ ਦੋਹਾਂ ਨਾਲ ਗੱਲ ਕਰਦੇ ਹੋਏ ਪਤਾ ਲੱਗਾ ਕਿ ਦੋਹਾਂ ਕੁਰਸੀਆਂ ਤੇ ਬੈਠੀਆਂ ਔਰਤਾਂ ਘਰ ਰਹਿੰਦੀਆਂ ਹਨ ਤੇ ਉਨ੍ਹਾਂ ਦੇ ਘਰਵਾਲੇ ਉਨ੍ਹਾਂ ਦੇ ਨਾਂ ਤੇ ਸਾਰੀ ਕਾਰਵਾਈ ਆਪੇ ਕਰ ਕੇ, ਲੀਡਰ ਬਣੇ ਹੋਏ ਹਨ। ਜਦ ਸਰਪੰਚ ਦੇ ਪਤੀ ਨੂੰ ਪੁਛਿਆ ਤਾਂ ਉਨ੍ਹਾਂ ਝੱਟ ਜਵਾਬ ਦਿਤਾ ਕਿ ਔਰਤ ਘਰੋਂ ਬਾਹਰ ਨਿਕਲ ਤੁਰੀ ਤਾਂ ਬੱਚੇ ਕੌਣ ਸੰਭਾਲੇਗਾ?
ਇਕ ਪਾਸੇ ਅਮਰੀਕਾ ਦੇ ਅਮੀਰ ਨਾਗਰਿਕ ਤੇ ਸਿਆਸਤਦਾਨ, ਦੂਜੇ ਪਾਸੇ ਭਾਰਤ ਵਿਚ ਪੜ੍ਹੇ ਲਿਖੇ ਅਮੀਰ ਅਫ਼ਸਰ ਤੇ ਤੀਜੇ ਪਾਸੇ ਇਕ ਪਿੰਡ ਵਿਚ ਰਹਿਣ ਵਾਲੇ ਆਮ ਸਧਾਰਣ ਲੋਕ, ਤਿੰਨੇ ਇਸ ਗੱਲ ਤੇ ਸਹਿਮਤ ਹਨ ਕਿ ਔਰਤ ਬੱਚੇ ਪੈਦਾ ਕਰਨ ਵਾਸਤੇ ਹੀ ਬਣੀ ਹੈ। ਜਿੱਤ ਪ੍ਰਾਪਤ ਕਰਨ ਮਗਰੋਂ ਵੀ, ਉਸ ਦਾ ਕਿਸੇ ਕੁਰਸੀ ਤੇ ਬੈਠ ਕੇ ਕੰਮ ਕਰਨ ਦਾ ਕੋਈ ਹੱਕ ਨਹੀਂ ਬਣਦਾ। ਅਪਣੇ ਕੰਮ ਕਰ ਕੇ, ਅਪਣੇ ਸੁਪਨੇ ਪੂਰੇ ਕਰਨ ਦਾ ਉਸ ਨੂੰ ਕੋਈ ਹੱਕ ਨਹੀਂ ਤੇ ਪਹਿਲੀ ਜ਼ਿੰਮੇਦਾਰੀ ਪਰਵਾਰ ਦੇ ਮਨੋਰੰਜਨ ਵਾਸਤੇ ਬੱਚੇ ਪੈਦਾ ਕਰਨਾ ਹੈ। ਉਸ ਦਾ ਅਪਣੇ ਜਿਸਮ ਬਾਰੇ ਫ਼ੈਸਲੇ ਲੈਣ ਦਾ ਵੀ ਕੋਈ ਹੱਕ ਨਹੀਂ।
ਅੱਜ ਦੁਨੀਆਂ ਦੀ ਹਰ ਕੌਮ ਵਿਚ ਇਹ ਆਵਾਜ਼ ਭਾਰੂ ਹੈ। ਭਾਵੇਂ ਅਮਰੀਕਾ ਹੋਵੇ ਜਾਂ ਤਾਲਿਬਾਨ , ਅਫ਼ਗ਼ਾਨਿਸਤਾਨ ਹੋਵੇ ਜਾਂ ਪੰਜਾਬ ਦੇ ਪਿੰਡ, ਔਰਤ ਨੂੰ ਬਰਾਬਰੀ ਤੇ ਅਪਣੀ ਹੀ ਜ਼ਿੰਦਗੀ ਬਾਰੇ ਫ਼ੈਸਲੇ ਲੈਣ ਦੀ ਸੋਚ ਅਜੇ ਬਹੁਤ ਪਿੱਛੇ ਹੈ। ਪਰ ਫਿਰ ਵੀ ਕਈ ਲੋਕ ਇਸ ਤੋਂ ਵਖਰੇ ਵੀ ਹਨ ਤੇ ਹੌਲੀ ਹੌਲੀ ਕਾਫ਼ਲਾ ਜ਼ਰੂਰ ਵੱਡਾ ਹੋਵੇਗਾ।
-ਨਿਮਰਤ ਕੌਰ